ਅਨੀਤਾ ਸ਼ਰਮਾ
ਅਨਿਲ ਦਾ ਪਿਤਾ ਕੇਸਰ ਰੱਦੀ ਵੇਚਣ ਦਾ ਕੰਮ ਕਰਦਾ ਸੀ। ਉਸ ਨੇ ਤੜਕੇ ਉੱਠਦਿਆਂ ਸਾਈਕਲ ’ਤੇ ਸਵਾਰ ਹੋਣਾ ਤੇ ਪਿੰਡਾਂ ਦੇ ਪਿੰਡ ਰੱਦੀ ਇਕੱਠੀ ਕਰਨ ਲਈ ਫੇਰੀ ਲਾਉਣੀ। ਅਨਿਲ ਦੀ ਮਾਂ ਬਚਪਨ ਵਿਚ ਹੀ ਗੁਜ਼ਰ ਗਈ ਸੀ। ਘਰ ਦਾ ਸਾਰਾ ਕੰਮ ਉਸ ਨੇ ਹੀ ਕਰਨਾ ਹੁੰਦਾ ਸੀ। ਜਿਸ ਕਰਕੇ ਉਸ ਨੂੰ ਕਦੇ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ।
ਸ਼ਾਮ ਨੂੰ ਉਹਦੇ ਪਿਤਾ ਨੇ ਰੱਦੀ ਇਕੱਠੀ ਕਰਕੇ ਲਿਆਉਣੀ, ਛਾਂਟਣੀ। ਕਦੇ-ਕਦੇ ਰੱਦੀ ਵਿਚ ਕਿਤਾਬਾਂ ਵੀ ਆ ਜਾਂਦੀਆਂ ਸਨ। ਅਨਿਲ ਪੜ੍ਹ ਨਹੀਂ ਸਕਦਾ ਸੀ, ਪਰ ਉਸ ਨੂੰ ਰੱਦੀ ਵਿਚੋਂ ਸਾਫ਼-ਸੁਥਰੀਆਂ ਪੁਰਾਣੀਆਂ ਕਿਤਾਬਾਂ ਕੱਢਣ ਦਾ ਤੇ ਸਾਂਭਣ ਦਾ ਸ਼ੌਕ ਸੀ। ਉਹ ਇਨ੍ਹਾਂ ਕਿਤਾਬਾਂ ਨੂੰ ਲੁਕੋੋ ਕੇ ਰੱਖ ਦਿੰਦਾ। ਰੱਦੀ ਵਿਚ ਪੁਰਾਣਾ ਟੀਨ, ਲੋਹਾ, ਪਲਾਸਟਿਕ ਦਾ ਟੁੱਟਿਆ-ਭੱਜਿਆ ਸਾਮਾਨ ਵੀ ਹੁੰਦਾ, ਪਰ ਅਨਿਲ ਨੂੰ ਸਾਰੇ ਸਾਮਾਨ ਵਿਚੋਂ ਕਿਤਾਬਾਂ ਅੱਡ ਕੱਢ ਕੇ ਕੁਝ ਲੁਕੋ ਕੇ ਰੱਖ ਦੇਣ ਦਾ ਵੱਖਰਾ ਹੀ ਆਨੰਦ ਆਉਂਦਾ ਸੀ। ਉਸ ਨੂੰ ਜਿੱਥੇ ਵੀ ਨਵੀਂ-ਪੁਰਾਣੀ ਕਿਤਾਬ ਦਿਸਦੀ, ਚੁੱਕ ਲਿਆਉਂਦਾ ਤੇ ਛੁਪਾ ਕੇ ਰੱਖ ਦਿੰਦਾ। ਇਸ ਲਈ ਉਸ ਨੇ ਆਪਣੇ ਪਿਤਾ ਤੋਂ ਬਹੁਤ ਵਾਰ ਕੁੱਟ ਵੀ ਖਾਧੀ, ਪਰ ਉਸ ਦਾ ਕਿਤਾਬਾਂ ਨੂੰ ਸਾਂਭਣ ਦਾ ਚਾਅ ਵਧਦਾ ਹੀ ਗਿਆ।
ਅਨਿਲ ਦਾ ਗੁਆਂਢ ’ਚ ਇਕੋ ਇਕ ਮਿੱਤਰ ਅਰੁਣ ਸੀ। ਉਹ ਪੜ੍ਹਨਾ ਤਾਂ ਜਾਣਦਾ ਸੀ, ਪਰ ਕੁਝ ਜਮਾਤਾਂ ਕਰਕੇ ਉਸ ਨੇ ਪੜ੍ਹਾਈ ਛੱਡ ਦਿੱਤੀ ਸੀ। ਅਨਿਲ ਉਸ ਨੂੰ ਬੁਲਾ ਕੇ ਕਦੇ-ਕਦੇ ਕਿਤਾਬ ਪੜ੍ਹਨ ਨੂੰ ਕਹਿੰਦਾ ਤੇ ਆਸ ਰੱਖਦਾ ਕਿ ਇਸ ਵਿਚੋਂ ਕੁਝ ਪੜ੍ਹ ਕੇ ਉਸ ਨੂੰ ਸੁਣਾਵੇ।
ਘਰ ਛੋਟਾ ਹੋਣ ਕਰਕੇ ਕਿਤਾਬਾਂ ਨੂੰ ਲੁਕੋ ਕੇ ਰੱਖਣ ਦੀ ਜਗ੍ਹਾ ਵੀ ਨਹੀਂ ਸੀ ਬਚੀ ਤਾਂ ਇਕ ਦਿਨ ਅਨਿਲ ਸਿਖਰ ਦੁਪਹਿਰ ਨਵੀਂ ਆਈ ਰੱਦੀ ਦੀਆਂ ਕਿਤਾਬਾਂ ਸਿਰ ’ਤੇ ਚੁੱਕ ਕੇ ਬਾਹਰ ਲੈ ਜਾ ਰਿਹਾ ਸੀ ਤਾਂ ਅਰੁਣ ਨੇ ਉਸ ਨੂੰ ਦੇਖ ਲਿਆ। ਅਰੁਣ ਉਹਦਾ ਪਿੱਛਾ ਕਰਨ ਲੱਗਾ। ਇਕ ਸੁੰਨੀ ਜਗ੍ਹਾ ਪੁੱਜ ਕੇ ਅਰੁਣ ਨੇ ਅਨਿਲ ਨੂੰ ਰੋਕ ਕੇ ਪੁੱਛਿਆ, ‘ਜੇ ਤੈਨੂੰ ਕੁਝ ਪੜ੍ਹਨਾ ਨਹੀਂ ਆਉਂਦਾ ਤਾਂ ਕਿਤਾਬਾਂ ਦੀ ਚੋਰੀ ਵੀ ਕਿਉਂ ਕਰਦਾ ਹੈਂ?’ ਅਨਿਲ ਘਬਰਾ ਕੇ ਰੋਣ ਲੱਗ ਪਿਆ। ਅਰੁਣ ਨੂੰ ਉਹਦੀ ਇਹ ਮਜਬੂਰੀ ਸਮਝ ਆ ਗਈ। ਦੋਵੇਂ ਦਰੱਖਤ ਹੇਠ ਰੁਕੇ, ਥੋੜ੍ਹਾ ਆਰਾਮ ਕੀਤਾ ਤੇ ਅਰੁਣ ਉਸ ਦੀ ਕਿਤਾਬਾਂ ਨੂੰ ਲੁਕਾਉਣ ’ਚ ਮਦਦ ਕਰਨ ਲਈ ਤੁਰ ਪਿਆ। ਦੋਵੇਂ ਇਹ ਕੰਮ ਕੁਝ ਕੁ ਦਿਨਾਂ ਬਾਅਦ ਕਰਨ ਚਲੇ ਜਾਂਦੇ ਅਤੇ ਕਿਤਾਬਾਂ ਨੂੰ ਇਕ ਸੰਘਣੇ ਦਰੱਖਤ ਦੇ ਉੱਤੇ ਧਰ ਆਉਂਦੇ। ਅਰੁਣ ਜਿੰਨਾ ਹੋ ਸਕਦਾ ਸੀ, ਕਿਸੇ ਕਿਤਾਬ ਵਿਚੋਂ ਕਦੇ ਕਹਾਣੀ ਸੁਣਾਉਂਦਾ, ਕਦੇ ਪੜ੍ਹਾਉਣ ਦੀ ਕੋਸ਼ਿਸ਼ ਕਰਦਾ, ਜਿਸ ਨਾਲ ਅਨਿਲ ਨੂੰ ਕਾਫ਼ੀ ਖ਼ੁਸ਼ੀ ਮਿਲਦੀ।
ਇਕ ਦਿਨ ਦੋਵੇਂ ਕੁਝ ਕਿਤਾਬਾਂ ਲੈ ਕੇ ਨਵੀਂ ਜਗ੍ਹਾ ਲੱਭਣ ਲਈ ਚੱਲ ਪਏ ਕਿ ਰਸਤੇ ’ਚ ਪਿੰਡ ਦੇ ਇਕ ਬਜ਼ੁਰਗ ਜੋ ਪੰਚਾਇਤ ਦਾ ਮੈਂਬਰ ਸੀ, ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਰੋਕ ਕੇ ਪੁੱਛਿਆ, ‘ਪੁੱਤਰੋ, ਕਿੱਧਰ ਮੋਰਚਾ ਗੱਡਣ ਚੱਲੇ ਓ, ਇੰਨੀਆਂ ਕਿਤਾਬਾਂ ਚੁੱਕ ਕੇ?’ ‘ਅਸੀਂ ਸਕੂਲ ਖੋਲ੍ਹਾਂਗੇ, ਤਾਇਆ।’ ਇੰਜ ਕਹਿ ਕੇ ਉਹ ਉੱਥੋਂ ਖਿਸਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਬੰਦਾ ਸਿਆਣਪ ਨਾਲ ਦੋਹਾਂ ਨੂੰ ਪੂਰੀ ਗੱਲ ਜਾਣਨ ਲਈ ਪਿਆਰ ਨਾਲ ਪੁੱਛਦਾ ਹੈ। ਅਨਿਲ ਭੋਲੇਪਣ ’ਚ ਡਰ ਗਿਆ ਤੇ ਸਭ ਕੁਝ ਸੱਚ ਦੱਸ ਦਿੱਤਾ, ‘ਮੇਰੇ ਘਰ ਜਗ੍ਹਾ ਨਹੀਂ ਤੇ ਕਿਤਾਬਾਂ ਵੇਚਣੀਆਂ ਵੀ ਨਹੀਂ, ਇਸ ਲਈ ਕਿਸੇ ਟਿਕਾਣੇ ’ਤੇ ਸਾਂਭਣ ਜਾ ਰਹੇ ਹਾਂ।’ ਪੰਚਾਇਤ ਮੈਂਬਰ ਬੱਚਿਆਂ ਦੇ ਇਸ ਭੋਲੇਪਣ ’ਤੇ ਖੁਸ਼ ਹੋਇਆ ਤੇ ਬੱਚਿਆਂ ਨੂੰ ਸਲਾਹ ਦਿੱਤੀ, ‘ਥੋਡਾ ਇਨ੍ਹਾਂ ਕਿਤਾਬਾਂ ਨੂੰ ਸਹੀ ਜਗ੍ਹਾ ਰੱਖਣ ਦਾ ਪ੍ਰਬੰਧ ਮੈਂ ਕਰਦਾ ਹਾਂ।’ ਦੋਵੇਂ ਬੱਚੇ ਖ਼ੁਸ਼ ਹੋ ਗਏ।
ਉਹ ਪੰਚ ਦੋਵੇਂ ਬੱਚਿਆਂ ਨੂੰ ਕਿਤਾਬਾਂ ਸਮੇਤ ਪੰਚਾਇਤ ਕੋਲ ਲੈ ਗਿਆ ਤੇ ਸਭ ਨਾਲ ਸਾਰੀ ਗੱਲ ਸਾਂਝੀ ਕੀਤੀ। ਪੰਚਾਇਤ ਵੱਲੋਂ ਸਕੂਲ ਦੇ ਮਾਸਟਰ ਨੂੰ ਸਲਾਹ ਲੈਣ ਲਈ ਸੱਦਿਆ ਗਿਆ। ਸਾਰੀ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਪਿੰਡ ਦੀ ਥਾਈ ਵਾਲੀ ਜਗ੍ਹਾ, ਜਿੱਥੇ ਦੋ ਕਮਰੇ ਪਏ ਹੋਏ ਹਨ, ਉਸ ਜਗ੍ਹਾ ਨੂੰ ਪਿੰਡ ਦੀ ਲਾਇਬ੍ਰੇਰੀ ਵਿਚ ਤਬਦੀਲ ਕੀਤਾ ਜਾਵੇ। ਮਾਸਟਰ ਜੀ ਨੇ ਸੁਝਾਅ ਦਿੱਤਾ, ‘ਪਿੰਡ ਦਾ ਹਰ ਨੌਜਵਾਨ, ਬਜ਼ੁਰਗ ਇਸ ਲਾਇਬ੍ਰੇਰੀ ਦਾ ਫਾਇਦਾ ਲਵੇ ਤੇ ਇਸ ਨਾਲ ਨਵੀਂ ਪੀੜ੍ਹੀ ਦੀ ਵੀ ਸੋਚ ਬਦਲੇਗੀ, ਕਿਤਾਬਾਂ ਲਈ ਲਾਇਬ੍ਰੇਰੀ ਤੋਂ ਉੱਪਰ ਕੋਈ ਢੁਕਵਾਂ ਸਥਾਨ ਨਹੀਂ।’
ਬਾਅਦ ਵਿਚ ਅਨਿਲ ਦੇ ਪਿਤਾ ਨੂੰ ਪੰਚਾਇਤ ਵਿਚ ਬੁਲਾਇਆ ਗਿਆ। ਮਾਸਟਰ ਜੀ ਦਾ ਕਿਹਾ ਸਿਰ ਮੱਥੇ ਮੰਨ ਕੇ ਸਭ ਖ਼ੁਸ਼ ਹੋ ਗਏ। ਅਗਲੇ ਦਿਨ ਥਾਈ ਵਾਲੀ ਜਗਾ ਦੀ ਸਫ਼ਾਈ ਕਰਵਾਈ ਗਈ। ਇਕ ਵੱਡਾ ਰੈਕ ਵੀ ਬਣਵਾਇਆ ਗਿਆ, ਉੱਥੇ ਅਨਿਲ ਦੁਆਰਾ ਇਕੱਠੀਆਂ ਕੀਤੀਆਂ ਸਾਰੀਆਂ ਕਿਤਾਬਾਂ ਨੂੰ ਤਰਤੀਬਵਾਰ ਸਾਂਭਿਆ ਗਿਆ। ਇਨ੍ਹਾਂ ਕਿਤਾਬਾਂ ਵਿਚ ਬੱਚਿਆਂ ਲਈ ਰੰਗ ਬਿਰੰਗੀਆਂ ਚਿੱਤਰਾਂ ਵਾਲੀਆਂ ਕਹਾਣੀਆਂ ਤੇ ਕਵਿਤਾਵਾਂ ਦੀਆਂ ਕਿਤਾਬਾਂ ਵੀ ਸਨ।
ਅਨਿਲ ਤੇ ਅਰੁਣ ਇਹ ਸਭ ਦੇਖ ਕੇ ਬਹੁਤ ਹੈਰਾਨ ਤੇ ਖ਼ੁਸ਼ ਹੋਏ। ਹੁਣ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ, ਬਜ਼ੁਰਗ, ਬੱਚੇ ਸਭ ਉੱਥੇ ਆਉਂਦੇ ਤੇ ਵਿਹਲੇ ਸਮੇਂ ਵਿਚ ਕਿਤਾਬਾਂ ਪੜ੍ਹਦੇ। ਹੌਲੀ-ਹੌਲੀ ਮਾਸਟਰ ਜੀ ਨੇ ਪਿੰਡ ਦੀ ਲਾਇਬ੍ਰੇਰੀ ਵਿਚ ਅਖ਼ਬਾਰ ਵੀ ਲਗਵਾ ਦਿੱਤਾ। ਅਨਿਲ ਤੇ ਅਰੁਣ ਨੂੰ ਮਾਸਟਰ ਜੀ ਨੇ ਸਕੂਲ ਪੜ੍ਹਨ ਲਈ ਦਾਖਲ ਕਰ ਲਿਆ। ਉਨ੍ਹਾਂ ਨੂੰ ਹੋਰ ਨਵੀਆਂ ਕਿਤਾਬਾਂ ਨੇ ਚਾਅ ਵਿਚ ਰੰਗ ਦਿੱਤਾ।
ਹੁਣ ਪਿੰਡ ਦੀ ਨੁਹਾਰ ਹੀ ਬਦਲ ਗਈ ਸੀ। ਅਨਿਲ ਦੀ ਚੋਰੀ ਕਰਨ ਦੀ ਅਤੇ ਪੁਰਾਣੀਆਂ ਕਿਤਾਬਾਂ ਸਾਂਭਣ ਦੀ ਆਦਤ ਪੜ੍ਹਨ ਵਿਚ ਤਬਦੀਲ ਹੋ ਗਈ। ਇਸ ਤਰ੍ਹਾਂ ਕਿਤਾਬਾਂ ਨੇ ਉਸ ਦੀਆਂ ਸੱਚੀਆਂ ਦੋਸਤ ਬਣ ਕੇ ਉਸ ਦੀ ਜ਼ਿੰਦਗੀ ਨੂੰ ਰੁਸ਼ਨਾ ਦਿੱਤਾ।