ਮੁੰਬਈ: ਅਦਾਕਾਰ ਬੋਮਨ ਇਰਾਨੀ ਨੇ ਫਿਲਮ ‘ਉਂਚਾਈ’ ਵਿੱਚ ਅਦਾਕਾਰ ਅਮਿਤਾਭ ਬੱਚਨ ਅਤੇ ਅਨੂਪਮ ਖੇਰ ਵਰਗੇ ਸੀਨੀਅਰ ਅਦਾਕਾਰਾਂ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਫਿਲਮ ਤਿੰਨ ਦੋਸਤਾਂ ਦੀ ਕਹਾਣੀ ਹੈ, ਜੋ ਐਵਰੈਸਟ ਦੇ ਬੇਸ ਕੈਂਪ ਤੱਕ ਪਹੁੰਚਣ ਲਈ ਕਈ ਭਾਵੁਕ ਅਤੇ ਜੋਖਮ ਭਰੇ ਹਾਲਾਤ ’ਚੋਂ ਲੰਘਦੇ ਹਨ। ਫਿਲਮ ਬਾਰੇ ਗੱਲ ਕਰਦਿਆਂ ਬੋਮਨ ਨੇ ਕਿਹਾ, ‘‘ਉਂਚਾਈ’ ਵਿੱਚ ਕੰਮ ਕਰਨਾ ਮੇਰੇ ਲਈ ਫਿਲਮ ਜਗਤ ਦੇ ਸਫ਼ਰ ਦਾ ਸਭ ਤੋਂ ਮਹੱਤਵਪੂਰਨ ਪੜਾਅ ਸਾਬਤ ਹੋਇਆ ਹੈ। ਇਸ ਫਿਲਮ ਵਿੱਚ ਮੇਰੇ ਸਹਿ-ਕਲਾਕਾਰ ਸਭ ਤੋਂ ਬਿਹਤਰੀਨ ਤੇ ਸਭ ਤੋਂ ਵੱਧ ਹਲੀਮੀ ਨਾਲ ਪੇਸ਼ ਆਉਣ ਵਾਲੇ ਸਨ। ਇਸ ਫਿਲਮ ਵਿੱਚ ਤਿੰਨੇ ਦੋਸਤਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਕਈ ਤਜਰਬੇ, ਖੁਸ਼ੀ, ਪਿਆਰ, ਰਿਸ਼ਤੇ ਸਭ ਰੂਹਾਨੀ ਪੱਧਰ ’ਤੇ ਸਨ।’ ਅਦਾਕਾਰ ਨੇ ਕਿਹਾ, ‘ਅਮਿਤਾਭ ਬੱਚਨ, ਅਨੂਪਮ ਖੇਰ, ਨੀਨਾ ਜੀ, ਸਾਰਿਕਾ ਜੀ, ਪਰਿਨੀਤੀ ਅਤੇ ਡੈਨੀ ਸਰ ਵਰਗੇ ਕਲਾਕਾਰਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਇਸ ਫਿਲਮ ਤੋਂ ਮਿਲਣ ਵਾਲਾ ਤਜਰਬਾ ਮੈਂ ਸ਼ਬਦਾਂ ਵਿੱਚ ਨਹੀਂ ਬਿਆਨ ਸਕਦਾ। -ਆਈਏਐੱਨਐੱਸ