ਇੰਜੀ. ਸਤਨਾਮ ਸਿੰਘ ਮੱਟੂ
ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ, ਮਹਾਨ ਕਵੀਆਂ ਅਤੇ ਅਮੀਰ ਵਿਰਸੇ ਨਾਲ ਵਰੋਸਾਈ ਧਰਤੀ ਹੈ। ਪੰਜਾਬ ਦੀ ਧਰਤੀ ਨੂੰ ਕੁਦਰਤ ਦੀ ਦੇਣ ਇਸ ਦੀਆਂ ਵੱਖ ਵੱਖ ਰੁੱਤਾਂ ਅਤੇ ਮੌਸਮ ਹਨ। ਪੰਜਾਬੀ ਬੋਲੀ ਦਾ ਦੁਨੀਆ ਦੀਆਂ ਬੋਲੀਆਂ ਵਿੱਚ ਵਿਲੱਖਣ ਅਤੇ ਅਹਿਮ ਸਥਾਨ ਹੈ। ਸਾਡਾ ਅਮੀਰ ਸੱਭਿਆਚਾਰਕ ਵਿਰਸਾ ਅਤੇ ਲੋਕ ਗੀਤ ਆਪਣੀ ਵੱਖਰੀ ਟੌਹਰ ਰੱਖਦੇ ਹਨ। ਸਾਡੇ ਸੱਭਿਆਚਾਰ ਦੀ ਹਰ ਵੰਨਗੀ-ਮੌਸਮ, ਰੁੱਤਾਂ, ਤਿਉਹਾਰ, ਪੰਜਾਬ ਦੀ ਸਮਾਜਿਕ, ਰਾਜਨੀਤਕ, ਧਾਰਮਿਕ ਸਥਿਤੀ, ਰਿਸ਼ਤੇ-ਨਾਤੇ, ਖੁਸ਼ੀ, ਗ਼ਮੀ ਆਦਿ ਨੂੰ ਦਰਸਾਉਂਦੇ ਲੇਖ, ਕਵਿਤਾਵਾਂ, ਗੀਤ, ਨਾਟਕ ਆਦਿ ਸਾਡੇ ਸਾਹਿਤਕਾਰਾਂ ਨੇ ਰਚੇ ਹਨ। ਅੱਜ ਇੱਥੇ ਸਿਰਫ਼ ਪੰਜਾਬੀ ਵਿਰਸੇ ਦੀ ਅਮੀਰੀ ਦਰਸਾਉਂਦੇ ਲੋਕ ਗੀਤਾਂ ਦਾ ਜ਼ਿਕਰ ਕਰਾਂਗੇ।
ਪੰਜਾਬ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਪਰੰਪਰਾਵਾਂ/ਕਿਰਿਆਵਾਂ ਗੀਤ ਸੰਗੀਤ ਨਾਲ ਹੀ ਨਿਭਾਈਆਂ ਜਾਂਦੀਆਂ ਹਨ। ਲੋਕ ਗੀਤਾਂ ਦੀ ਰਚਨਾ ਕਿਸੇ ਵਿਸ਼ੇਸ਼ ਨੇ ਨਹੀਂ ਕੀਤੀ, ਇਹ ਤਾਂ ਆਮ ਸਾਧਾਰਨ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਗੀਤਾਂ ਦੇ ਰੂਪ ਵਿੱਚ ਫੁੱਟ ਕੇ ਨਿਕਲੇ ਹਨ। ਲੋਕ ਗੀਤਾਂ ਵਿੱਚ ਲੇਖਕਾਂ ਦੀ ਸਾਦਗੀ, ਸਰਲਤਾ, ਅਲਬੇਲਾਪਣ ਅਤੇ ਗੂੜ੍ਹੀ ਸਾਂਝ ਛੁਪੀ ਹੁੰਦੀ ਹੈ। ਲੋਕ ਗੀਤ ਮਨੁੱਖੀ ਮਨ ’ਚੋਂ ਉੱਠਣ ਵਾਲੀਆਂ ਸੱਧਰਾਂ, ਤਾਂਘਾਂ, ਉਬਾਲਾਂ, ਪਿਆਰ ਦਾ ਇਜ਼ਹਾਰ, ਹਉਕੇ-ਹਾਵੇ ਦਾ ਆਪ ਮੁਹਾਰਾ ਪ੍ਰਗਟਾਅ ਹੁੰਦੇ ਹਨ। ਪੰਜਾਬੀ ਲੋਕ ਗੀਤ ਇਸ ਦ੍ਰਿਸ਼ਟੀ ਤੋਂ ਵਧੇਰੇ ਭਾਵਪੂਰਨ ਹਨ ਕਿਉਂਕਿ ਪੰਜਾਬੀਆਂ ਦਾ ਜੀਵਨ ਵਧੇਰੇ ਕਠਿਨਾਈਆਂ ਭਰਪੂਰ, ਘੋਲਾਂ, ਸੰਗਰਾਮਾਂ, ਪਿਆਰ ਅਤੇ ਕੁਰਬਾਨੀਆਂ ਦਾ ਜੀਵਨ ਹੈ।
ਲੋਕ ਗੀਤਾਂ ਦੇ ਅਨੇਕਾਂ ਰੂਪ ਹਨ; ਜਿਵੇਂ ਖੁਸ਼ੀ ਗ਼ਮੀ ਦੇ ਗੀਤ, ਝੂਮਰ, ਢੋਲਾ, ਟੱਪੇ, ਮਾਹੀਆ, ਬੋਲੀਆਂ ਆਦਿ। ਜੀਵਨ ਦੀ ਹਰ ਰਸਮ, ਹਰ ਰੀਤ, ਹਰ ਰਿਵਾਜ ਗੀਤਾਂ ਦੀ ਕੋਮਲ ਅਤੇ ਮਿੱਠੀ ਧੁਨ ਦੁਆਲੇ ਕੇਂਦਰਿਤ ਹੈ। ਲੋਕ ਗੀਤਾਂ ਦੀਆਂ ਵੱਖੋ ਵੱਖ ਵੰਨਗੀਆਂ ’ਤੇ ਸੰਖੇਪ ਝਾਤ ਪਾਉਂਦੇ ਹਾਂ।
ਬਚਪਨ ਦੇ ਗੀਤ: ਜਦੋਂ ਘਰ ਵਿੱਚ ਬੱਚਾ ਜੰਮਦਾ ਹੈ ਤਾਂ ਪਰਿਵਾਰਾਂ ਦੇ ਜੀਆਂ ਦੇ ਮਨਾਂ ਵਿੱਚ ਖੁਸ਼ੀ ਹੋਣਾ ਲਾਜ਼ਮੀ ਹੈ। ਬੱਚੇ ਦੀ ਮਾਂ, ਭੂਆ, ਦਾਦੀ, ਨਾਨੀ, ਚਾਚੀ, ਤਾਈ, ਮਾਸੀਆਂ ਉਸ ਨੂੰ ਲੋਰੀਆਂ ਦਿੰਦੀਆਂ ਨਹੀਂ ਥੱਕਦੀਆਂ। ਮਾਂ ਆਪਣੇ ਦਿਲ ਦੇ ਟੁਕੜੇ ਨੂੰ ਲੋਰੀਆਂ ਦਿੰਦੀ ਹੈ ਅਤੇ ਸੁਰ ਅਤੇ ਲੈਅ ਵਿੱਚ ਗਾਉਂਦੀ ਹੈ:
ਲੋਰੀ ਲੱਕੜੇ,..ਊਂ..ਊਂ…
ਤੇਰੀ ਮਾਂ ਸਦੱਕੜੇ,..ਊਂ…ਊਂ…
ਨਾਨਕੇ ਘਰ ਮਾਸੀ ਪਿੱਠ ਥਾਪੜਦੀ ਗਾਉਂਦੀ ਹੈ:
ਸੌਂ ਜਾ ਕਾਕਾ ਤੂੰ, ਤੇਰੇ ਬੋਦੇ ਵੜ ਗਈ ਜੂੰ।
ਕੱਢਣ ਵਾਲੀਆਂ ਮਾਸੀਆਂ, ਕਢਾਉਣ ਵਾਲਾ ਤੂੰ।
ਦਾਦਕੇ ਘਰ ਜੰਮੇ ਬੱਚੇ ਨੂੰ ਚਾਅ ਨਾਲ ਖੀਵੀ ਹੋਈ ਭੂਆ ਲੋਰੀਆਂ ਦਿੰਦੀ ਹੈ:
ਕਾਕੜੀਆਂ, ਬਲਾਕੜੀਆਂ, ਟਾਹਲੀਆਂ ਤੇਰੇ ਬੱਚੇ
ਨਾਨਾ ਤੇਰਾ ਢੋਲ ਵਜਾਵੇ, ਨਾਨੀ ਤੇਰੀ ਨੱਚੇ
ਕਿੱਕਲੀ ਪਾਉਂਦੀਆਂ ਕੁੜੀਆਂ ਆਪਣੇ ਵੀਰ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀਆਂ ਝੂਮਦੀਆਂ ਤੇ ਗਾਉਂਦੀਆਂ ਹਨ:
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ।
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
ਵਿਆਹ ਸਮੇਂ ਦੇ ਗੀਤ: ਵਿਆਹ ਸਮੇਂ ਦੀ ਖੁਸ਼ੀ ਦਾ ਮਾਹੌਲ ਚਾਵਾਂ ਮਲ੍ਹਾਰਾਂ ਵਾਲਾ ਹੁੰਦਾ ਹੈ। ਇਸ ਵੇਲੇ ਗੀਤਾਂ ਦਾ ਜਿਵੇਂ ਹੜ੍ਹ ਆ ਜਾਂਦਾ ਹੈ। ਵਿਆਹ ਤੋਂ ਕੁਝ ਕੁ ਦਿਨ ਪਹਿਲਾਂ ਘਰ ਵਿੱਚ ਗਾਉਣ ਬਿਠਾਇਆ ਜਾਂਦਾ ਹੈ। ਮੁੰਡੇ ਵਾਲੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਵਾਲੇ ਘਰ ਸੁਹਾਗ। ਸਾਡੀ ਸੱਭਿਆਚਾਰਕ ਵਿਰਾਸਤ ਵਿੱਚ ਸੁਹਾਗ ਸਬੰਧੀ ਲੋਕ ਗੀਤ ਹਨ:
* ਬਾਬਲ ਤੈਨੂੰ ਆਖ ਰਹੀ
ਮੇਰਾ ਅੱਸੂ ਦਾ ਕਾਜ ਰਚਾਵੀਂ।
ਤੇਰਾ ਅੰਨ ਨਾ ਤਰੱਕੇ ਕੋਠੜੀ
ਤੇਰਾ ਦਹੀਂ ਨਾ ਉਬਾਲਿਆ ਜਾਏ।
* ਦੇਈਂ ਵੇ ਬਾਬਲਾ ਓਸ ਘਰੇ
ਜਿੱਥੇ ਸੱਸ ਭਲੀ ਪ੍ਰਧਾਨ
ਸਹੁਰਾ ਸਰਦਾਰ ਹੋਵੇ।
* ਮਾਏ ਨੀਂ ਸੁਣ ਮੇਰੀਏ ਵਾਰੀ
ਮੇਰੇ ਬਾਬਲ ਨੂੰ ਸਮਝਾ।
ਸਾਡੇ ਤਾਂ ਹਾਣਦੀਆਂ ਸਹੁਰੇ ਵਾਰੀ
ਸਾਡੜੇ ਮਨ ਵਿੱਚ ਚਾਅ।
ਮੁੰਡੇ ਘਰ ਵਿੱਚ ਵੀ ਇਸ ਖੁਸ਼ੀਆਂ ਖੇੜੇ ਭਰੇ ਮਾਹੌਲ ਵਿੱਚ ਘੋੜੀਆਂ, ਗੀਤ ਗਾਏ ਜਾਂਦੇ ਹਨ। ਇਸ ਵਿੱਚ ਮੁੰਡੇ ਦੀ ਮਾਂ, ਭੈਣ, ਭਰਜਾਈ, ਚਾਚੀਆਂ, ਤਾਈਆਂ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਇਸਤਰੀਆਂ ਮੁੰਡੇ ਦੇ ਖਾਨਦਾਨ ਦੀ ਵਡਿਆਈ ਅਤੇ ਵਿਆਹ ਦੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ। ਲੋਕ ਗੀਤਾਂ ਵਿੱਚ ਦੁਹਰਾ, ਛੋਹਾਂ, ਲੋਅ ਅਤੇ ਬੋਲਾਂ ਵਿੱਚ ਰਵਾਨਗੀ ਹੁੰਦੀ ਹੈ:
* ਹਰਿਆ ਨੀਂ ਮਾਏ, ਹਰਿਆ ਨੀਂ ਭੈਣੇ।
ਹਰਿਆ ਤੇ ਭਾਗੀਂ ਭਰਿਆ।
ਜਿਸ ਦਿਹਾੜੇ ਮੇਰਾ ਹਰਿਆ ਨੀਂ ਜੰਮਿਆ।
ਸੋਈਓ ਦਿਹਾੜਾ ਭਾਗੀਂ ਭਰਿਆ।
* ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ
ਚਾਂਦੀ ਦੇ ਪੈਂਖੜ ਪਾਏ ਰਾਮਾ।
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ
ਲੱਠੇ ਨੇ ਖੜ ਖੜ ਲਾਈ ਰਾਮਾ।
ਸਾਡੇ ਸੱਭਿਆਚਾਰ ਵਿੱਚ ਵਟਣਾ ਮਲਣਾ ਵਿਆਹ ਵੇਲੇ ਦੀ ਇੱਕ ਅਹਿਮ ਰਸਮ ਹੁੰਦੀ ਹੈ। ਇਸ ਨੂੰ ਨਹਾਈ ਧੋਈ ਦੀ ਰਸਮ ਵੀ ਕਿਹਾ ਜਾਂਦਾ ਹੈ। ਇਸ ਸਮੇਂ ਮੁੰਡੇ ਅਤੇ ਕੁੜੀ ਦੇ ਘਰ ਦੀਆਂ ਇਸਤਰੀਆਂ ਵੱਲੋਂ ਗਾਏ ਜਾਂਦੇ ਲੋਕ ਗੀਤ ਹਨ:
* ਆਂਗਨ ਸਾਡੇ ਚੀਕਣਾ ਵੇ
ਕੀਹਨੇ ਡੋਲ੍ਹਿਆ ਪਾਣੀ।
ਬਾਬੇ ਦਾ ਪੋਤਾ ਨਾਤ੍ਵੜਾ ਵੇ
ਉਹਨੇ ਡੋਲ੍ਹਿਆ ਪਾਣੀ।
ਬਾਬਲ ਦਾ ਬੇਟਾ ਨਾਤ੍ਵੜਾ ਵੇ
ਉਹਨੇ ਡੋਲ੍ਹਿਆ ਪਾਣੀ।
* ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋੜੀਦਾ
ਜੀ ਐਸ ਵੇਲੇ ਜ਼ਰੂਰ ਮਾਮਾ ਲੋੜੀਦਾ।
* ਨ੍ਹਾਈ ਧੋਈ ਹੋਗੀ ਵੀਰਾ ਵੇ
ਭੈਣਾਂ ਨੇ ਗਾਏ ਗੀਤ।
ਮਾਮੇ ਨੇ ਪਟੜਿਓਂ ਲਾਹ ਲਿਆ
ਪੂਰੀ ਹੋ ਗਈ ਜੱਗ ਦੀ ਰੀਤ
ਵੇ ਵੀਰ ਪਿਆਰਿਆ ਵੇ।
ਬਰਾਤ ਵਾਲੇ ਦਿਨ ਲਾੜੇ ਦੀਆਂ ਭੈਣਾਂ ਵੱਲੋਂ ਲਾੜੇ ਦੇ ਸਿਹਰਾ ਸਜਾਇਆ ਜਾਂਦਾ ਹੈ ਅਤੇ ਲੋਕ ਗੀਤ ਗਾਇਆ ਜਾਂਦਾ ਹੈ:
* ਮੱਥੇ ’ਤੇ ਚਮਕਣ ਵਾਲ
ਮੇਰੇ ਬੰਨੜੇ ਦੇ
* ਲੈ ਮੇਰੀ ਮਾਲਣ, ਬੰਨ੍ਹ ਨੀਂ ਸਿਹਰਾ
ਬੰਨ੍ਹ ਨੀਂ ਲਾਲ ਜੀ ਦੇ ਮੱਥੇ।
ਹਰਿਆ ਨੀਂ ਮਾਲਣ, ਹਰਿਆ ਨੀਂ ਭੈਣੇ
ਹਰਿਆ ਤੇ ਭਾਗੀਂ ਭਰਿਆ।
ਲੜਕੀ ਵਾਲਿਆਂ ਦੇ ਘਰ ਜੰਝ ਢੁੱਕਣ ’ਤੇ ਲਾੜੀ ਦੀਆਂ ਸਹੇਲੀਆਂ ਇਉਂ ਸੁਨੇਹਾ ਦਿੰਦੀਆਂ ਹਨ:
ਆਇਆ ਲਾੜੀਏ ਨੀਂ
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ।
ਆਇਆ ਤੇ ਸਦਾ ਰੰਗ ਲਾਇਆ ਲਾੜੀਏ ਨੀਂ
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ।
ਸਿੱਠਣੀਆਂ: ਕੁੜੀ ਵਾਲਿਆਂ ਦੇ ਘਰ ਬਰਾਤੀਆਂ, ਵਿਚੋਲੇ, ਲਾੜੇ ਅਤੇ ਲਾੜੇ ਦੇ ਬਾਪ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ, ਜਿਵੇ:
ਮੱਕੀ ਦਾ ਦਾਣਾ ਟਿੰਡ ਵਿੱਚ ਨੀਂ
ਵਿਚੋਲਾ ਨੀਂ ਰੱਖਣਾ ਪਿੰਡ ਵਿੱਚ ਨੀਂ।
ਡੋਲੀ ਦੇ ਗੀਤ : ਸਾਡੇ ਲੋਕ ਗੀਤ ਡੋਲੀ ਤੋਰਨ ਵੇਲੇ ਵਿਆਹੀ ਜਾਣ ਵਾਲੀ ਕੁੜੀ ਦੇ ਦਿਲ ਦੀ ਹੂਕ ਅਤੇ ਭਾਵਨਾਵਾਂ ਨੂੰ ਵੀ ਪ੍ਰਗਟਾਉਂਦੇ ਹਨ।
ਮੇਰੀ ਡੋਲੀ ’ਤੇ ਪਾ ਦਿਉ ਲੋਈ
ਮੈਂ ਅੱਜ ਪ੍ਰਦੇਸਣ ਹੋਈ।
ਮੇਰੀ ਡੋਲੀ ’ਤੇ ਪਾ ਦਿਉ ਖੇਸ
ਮੈਂ ਜਾਣਾ ਬਿਗਾਨੇ ਦੇਸ।
ਭੈਣ ਭਰਾ ਦੇ ਰਿਸ਼ਤੇ ਦੇ ਗੀਤ: ਭੈਣ ਅਤੇ ਭਰਾ ਦੇ ਰਿਸ਼ਤੇ ਵਿੱਚ ਅੰਤਾਂ ਦਾ ਪਿਆਰ ਛੁਪਿਆ ਹੁੰਦਾ ਹੈ। ਲੋਕ ਗੀਤਾਂ ਵਿੱਚ ਇਸ ਰਿਸ਼ਤੇ ਨੂੰ ਵਿਸ਼ੇਸ਼ ਦਰਜਾ ਹਾਸਲ ਹੈ। ਛੋਟੀ ਉਮਰ ਤੋਂ ਹੀ ਭੈਣ ਗੀਤਾਂ ਵਿੱਚ ਭਰਾ ਦੀਆਂ ਸੁੱਖਾਂ ਮੰਗਦੀ ਹੈ:
ਇੱਕ ਵੀਰ ਦੇਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।
ਭੈਣਾਂ ਜਦੋਂ ਵਿਆਹੀਆਂ ਜਾਂਦੀਆਂ ਹਨ ਤਾਂ ਸਭਨਾਂ ਅੰਗਾਂ ਸਾਕਾਂ ਵਿੱਚੋਂ ਕੇਵਲ ਆਪਣੇ ਵੀਰ ਉੱਤੇ ਹੀ ਆਸ ਹੁੰਦੀ ਹੈ, ਜੋ ਉਸ ਦੇ ਦੁੱਖ ਦਰਦ ਵਿੱਚ ਬਹੁੜਦਾ ਹੈ:
ਉੱਡੀਂ-ਉੱਡੀਂ ਵੇ ਕਾਵਾਂ
ਜਾਈਂ ਬਾਬਲ ਦੇ ਦੇਸ।
ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ
ਰੋਊਗੀ ਗੁੱਡੀਆਂ ਫੋਲ ਕੇ।
ਇੱਕ ਨਾ ਦੱਸੀ ਮੇਰੇ ਰਾਜੇ ਬਾਬਲ ਨੂੰ
ਰੋਊਗਾ ਕਚਹਿਰੀ ਛੱਡ ਕੇ।
ਗਿੱਧੇ ਦੇ ਲੋਕ ਗੀਤ: ਪੰਜਾਬ ਦਾ ਗਿੱਧਾ, ਭੰਗੜਾ, ਲੋਕ-ਨਾਚ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੀ ਸ਼ਾਨ ਅਤੇ ਵਿਲੱਖਣਤਾ ਪੇਸ਼ ਕਰਦੇ ਹਨ। ਪੰਜਾਬ ਦੀਆਂ ਹੁਸਨ ਮੱਤੀਆਂ ਗਹਿਣਿਆਂ ਨਾਲ ਲੱਦੀਆਂ ਅੱਲ੍ਹੜ ਮੁਟਿਆਰਾਂ ਜਦੋਂ ਨੱਚਦੀਆਂ-ਟੱਪਦੀਆਂ ਅਤੇ ਦੂਹਰੀਆਂ ਹੋ ਹੋ ਕੇ ਬੋਲੀਆਂ ਪਾਉਂਦੀਆਂ ਹਨ ਤਾਂ ਧਰਤੀ ’ਤੇ ਭੂਚਾਲ ਲਿਆ ਦਿੰਦੀਆਂ ਹਨ:
’ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇੱਕੋ ਜਿਹੀਆਂ ਮੁਟਿਆਰਾਂ
ਚਾਨਣ ਦੇ ਵਿੱਚ ਏਦਾਂ ਚਮਕਣ
ਜਿਉਂ ਸੋਨੇ ਦੀਆਂ ਤਾਰਾਂ।
ਦੂਹਰੀਆਂ ਹੋ ਹੋ ਨੱਚਣ ਕੁੜੀਆਂ
ਜਿਉਂ ਹਰਨਾਂ ਦੀਆਂ ਡਾਰਾਂ
ਜੋਰ ਜਵਾਨੀ ਦਾ ਲੁੱਟ ਲੈ ਮੌਜ ਬਹਾਰਾਂ।
ਇਸੇ ਤਰ੍ਹਾਂ ਪੰਜਾਬੀ ਗੱਭਰੂਆਂ ਦੇ ਖੁੱਲ੍ਹੇ ਡੁੱਲ੍ਹੇ ਸੁਭਾਅ ਅਤੇ ਭਰਵੇਂ ਜੁੱਸੇ, ਪਹਿਰਾਵੇ ਆਦਿ ਨੂੰ ਵੀ ਲੋਕ ਗੀਤਾਂ ਵਿੱਚ ਬਿਆਨ ਕੀਤਾ ਗਿਆ ਹੈ:
ਸਾਡੇ ਪਿੰਡ ਦੇ ਮੁੰਡੇ ਦੇਖ ਲਓ, ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ, ਜਿਉਂ ਪਿੰਜਣੀ ਨਾਲ ਸੁਹਾਵੇ।
ਗਿੱਧਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ।
ਇਸ ਤੋਂ ਇਲਾਵਾ ਪੰਜਾਬ ਦੇ ਹੁਸਨ ਦੀ ਚਰਚਾ ਵੀ ਸਾਡੇ ਲੋਕ ਗੀਤਾਂ ਵਿੱਚ ਕੀਤੀ ਗਈ ਹੈ:
* ਹੁਸਨ ਕੁਆਰੀ ਦਾ
ਜਿਉਂ ਦਿਨ ਚੜ੍ਹਦੇ ਦੀ ਲਾਲੀ।
* ਦੁੱਧ ਰਿੜਕੇ ਝਾਂਜਰਾਂ ਵਾਲੀ
ਕੈਂਠੇ ਵਾਲਾ ਧਾਰ ਕੱਢਦਾ
ਆਰਥਿਕ ਮੰਦਹਾਲੀ ਦੇ ਗੀਤ: ਸਾਡੇ ਲੋਕ ਗੀਤ ਪੰਜਾਬੀ ਸਮਾਜਿਕ ਦਸ਼ਾ ਦੀ ਸੁਚੱਜੀ ਤਰਜਮਾਨੀ ਕਰਦੇ ਹਨ। ਲੋਕ ਗੀਤਾਂ ਵਿੱਚ ਆਰਥਿਕ ਦਸ਼ਾ ਦਾ ਜ਼ਿਕਰ ਵੀ ਮਿਲਦਾ ਹੈ:
ਜੱਟ ਜੱਟੀ ਨੂੰ ਲੈਣ ਨਾ ਜਾਵੇ
ਡਰਦਾ ਕਬੀਲਦਾਰੀਉਂ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਲੋਕ ਗੀਤ ਹਨ ਕਿਉਂਕਿ ਪੰਜਾਬੀ ਸਾਹਿਤ ਬਹੁਤ ਅਮੀਰ ਅਤੇ ਵਿਲੱਖਣਤਾ ਭਰਪੂਰ ਹੈ।
ਰੁੱਤਾਂ ਦੇ ਗੀਤ: ਪੰਜਾਬ ਦੀ ਹਰ ਰੁੱਤ ਵੰਨ ਸੁਵੰਨਤਾ ਅਤੇ ਸੁਹਾਵਣਾਪਣ ਲੈ ਕੇ ਆਉਂਦੀ ਹੈ:
ਚੇਤਰ ਨਾ ਜਾਈਂ ਚੰਨਾਂ
ਖਿੜੀ ਬਹਾਰ ਵੇ।
ਵਿਸਾਖ ਨਾ ਜਾਈਂ ਚੰਨਾਂ
ਕੰਮਾਂ ਦੀ ਮਾਰ ਵੇ।
ਤੀਆਂ ਦੇ ਗੀਤ: ਸਾਉਣ ਦੇ ਮਹੀਨੇ ਨੂੰ ਮੁਟਿਆਰਾਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਮੁਟਿਆਰਾਂ ਤੀਆਂ ’ਤੇ ਆਪਣੇ ਪੇਕੇ ਘਰ ਆਉਂਦੀਆਂ ਹਨ ਤੇ ਤੀਆਂ ਮਨਾਉਂਦੀਆਂ ਹਨ:
ਰਲ ਆਓ ਸਈਓਂ ਨੀਂ
ਸਭ ਤੀਆਂ ਖੇਡਣ ਜਾਈਏ।
ਚੜ੍ਹ ਆ ਗਿਆ ਸਾਵਣ ਨੀਂ
ਪੀਘਾਂ ਪਿੱਪਲੀਂ ਜਾ ਕੇ ਪਾਈਏ।
ਸੱਥਰ ਵੇਲੇ ਦੇ ਵੈਣ: ਪੰਜਾਬੀ ਸੁਆਣੀ ਦੁਖੀ ਦਿਲ ਦੀਆਂ ਅਸਹਿ ਸੱਟਾਂ ਨੂੰ ਮਰਨ ਸਮੇਂ ਵੈਣ ਪਾ ਕੇ ਮਰਨ ਵਾਲੇ ਦੀਆਂ ਸਿਫਤਾਂ ਮਿਲਵੀਂ ਹੇਕ ਵਿੱਚ ਦਰਸਾਉਂਦੀ ਹੈ:
ਤੈਨੂੰ ਮੌਤ ਪੁਛੇਂਦੀ ਆਈ, ਧੀਏ!
ਹਾਇਆ ਧੀਏ!
ਤੈਨੂੰ ਕੀ ਹੋਇਆ ਕੀ ਹੋਇਆ
ਬੀਬੋ ਮੋਰਨੀਏ!
ਹਾਇਆ ਧੀਏ ਮੋਰਨੀਏ!
ਨਸੀਹਤ ਵਾਲੇ ਗੀਤ: ਲੋਕਾਂ ਨੂੰ ਜ਼ਿੰਦਗੀ ਦੇ ਸਬਕ ਸਿਖਾਉਣ ਲਈ ਗੀਤਾਂ ਰਾਹੀਂ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ। ਇਹ ਬਜ਼ੁਰਗਾਂ ਦੇ ਤਜਰਬੇ ਦਾ ਨਿਚੋੜ ਹੁੰਦੇ ਹਨ:
ਢਾਈਏ ਢਾਈਏ ਢਾਈਏ
ਮਾਪੇ ਹੁੰਦੇ ਰੱਬ ਵਰਗੇ
ਸਦਾ ਰੱਬ ਦਾ ਨਾਮ ਧਿਆਈਏ।
ਉਪਰੋਕਤ ਤੋਂ ਇਲਾਵਾ ਸਾਡੀ ਆਸਥਾ, ਇਤਿਹਾਸ ਅਤੇ ਧਰਮ ਦੀ ਸਹੀ ਤਰਜਮਾਨੀ ਕਰਦੇ ਗੀਤ ਵੀ ਸਾਡਾ ਸਾਹਿਤ ਸਮੋਈ ਬੈਠਾ ਹੈ। ਪੰਜਾਬੀ ਲੋਕ ਗੀਤ ਪੰਜਾਬੀ ਸਾਹਿਤ, ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਜਿੰਦ ਜਾਨ ਹਨ। ਇਹ ਸਾਡੀ ਸੱਭਿਆਚਾਰਕ ਅਮੀਰੀ, ਸਮਾਜਿਕ ਕਦਰਾਂ ਕੀਮਤਾਂ, ਸਾਡੀ ਸ਼ਾਨ ਅਤੇ ਮਾਣ ਦਾ ਪ੍ਰਤੀਕ ਹਨ। ਇਨ੍ਹਾਂ ਨੂੰ ਸੰਭਾਲਣ ਦੀ ਬਹੁਤ ਲੋੜ ਹੈ।
ਸੰਪਰਕ: 97797-08257