ਮਨਜੀਤ ਕੌਰ ਸੱਪਲ
ਮਾਂ ਦਿਵਸ ’ਤੇ ਰਿਲੀਜ਼ ਹੋਈ ਹੰਬਲ ਮੋਸ਼ਨ ਪਿਕਚਰਜ਼ ਦੀ ਫ਼ਿਲਮ ‘ਮਾਂ’ ਆਪਣੇ ਬੱਚਿਆਂ, ਪਰਿਵਾਰ ਪ੍ਰਤੀ ਸਿਦਕ, ਕੁਰਬਾਨੀ ਅਤੇ ਨਸ਼ਿਆਂ ਨਾਲ ਤਬਾਹ ਹੋ ਰਹੀਆਂ ਜਵਾਨੀਆਂ ਵਰਗੇ ਸਮਾਜਿਕ ਮੁੱਦਿਆਂ ’ਤੇ ਆਧਾਰਿਤ ਕਹਾਣੀ ਹੈ। ਰਾਣਾ ਰਣਬੀਰ ਦੀ ਲਿਖੀ ਇਸ ਫਿਲਮ ਵਿੱਚ ਦਿੱਵਿਆ ਦੱਤਾ ਨੇ ‘ਮਾਂ’ (ਮਨਜੀਤ ਕੌਰ) ਦੀ ਕੇਂਦਰੀ ਭੂਮਿਕਾ ਨਿਭਾਈ ਹੈ। ਗੁਰਪ੍ਰੀਤ ਘੁੱਗੀ ਨੇ ਉਸ ਦੇ ਪਤੀ (ਪਰਗਟ) ਦਾ ਕਿਰਦਾਰ ਨਿਭਾਇਆ ਹੈ।
ਫਿਲਮ ਦੀ ਕਹਾਣੀ ਜੱਗ ਜਣਨੀਂ ‘ਮਾਂ’ ਤੇ ਉਸ ਦੇ ਪੁੱਤਰਾਂ ’ਤੇ ਆਧਾਰਿਤ ਹੈ ਜੋ ਧਰਤੀ ਮਾਂ ਦੀਆਂ ਵੰਡੀਆਂ ਵਾਂਗ ਅਜੋਕੇ ਸਮਾਜ ਦੀ ਗੱਲ ਕਰਦੀ ਹੈ। ਇੱਕ ਪੁੱਤ ਬੱਬਲ ਰਾਏ ਹੈ ਤੇ ਦੂਜਾ ਗਿੱਪੀ ਗਰੇਵਾਲ। ਦੋਵਾਂ ਪੁੱਤਰਾਂ ਦੀ ਸੋਚ, ਕਹਿਣੀ ਤੇ ਕਰਨੀ ਵਿੱਚ ਫ਼ਰਕ ਹੈ। ਬੱਬਲ ਰਾਏ ਗੁਰਪ੍ਰੀਤ ਘੁੱਗੀ ਦਾ ਪੁੱਤਰ ਹੈ ਜਦੋਂ ਕਿ ਗਿੱਪੀ ਗਰੇਵਾਲ ਜੋਗੇ ਸੀਰੀ ਦਾ। ਜਦੋਂ ਗਿੱਪੀ ਦੀ ਮਾਂ ਉਸ ਨੂੰ ਜਨਮ ਦਿੰਦਿਆਂ ਹੀ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਤਾਂ ਮਨਜੀਤ ਤੇ ਪਰਗਟ ‘ਮਾਸੂਮ ਗਿੱਪੀ’ ਨੂੰ ਆਪਣਾ ਪੁੱਤ ਬਣਾ ਕੇ ਪਾਲਦੇ ਹਨ। ਬੱਬਲ ਰਾਏ ਤੇ ਗਿੱਪੀ ਦੋਵੇਂ ਇੱਕ ਮਾਂ ਦਾ ਦੁੱਧ ਪੀ ਕੇ ਵੱਡੇ ਹੁੰਦੇ ਹਨ। ਅੱਗੇ ਚੱਲ ਕੇ ਫਿਲਮ ਦੀ ਕਹਾਣੀ ਵਿੱਚ ਕਈ ਅਹਿਮ ਮੋੜ ਆਉਂਦੇ ਹਨ।
ਜਦੋਂ ਪਰਗਟ ਦਾ ਕਤਲ ਹੋ ਜਾਂਦਾ ਹੈ ਤਾਂ ਸ਼ਰੀਕਾਂ ਦੀ ਅੱਖ ਉਨ੍ਹਾਂ ਦੀ ਜ਼ਮੀਨ ’ਤੇ ਹੁੰਦੀ ਹੈ। ਮਨਜੀਤ ਕੌਰ ‘ਬੰਦਿਆਂ ਵਾਂਗ’ ਖੇਤਾਂ ਵਿੱਚ ਕੰਮ ਕਰਦੀ ਆਪਣੇ ਖੇਤਾਂ ਅਤੇ ਪੁੱਤਾਂ ਨੂੰ ਪਾਲਦੀ ਹੈ। ਸਮਾਜ ਦੇ ਤਾਅਨੇ ਮਿਹਣਿਆਂ ਦੀ ਪਰਵਾਹ ਕੀਤਿਆਂ ਵਗੈਰ ਉਹ ਹੱਕ, ਸੱਚ ਤੇ ਮਿਹਨਤ ਦਾ ਪੱਲਾ ਫੜੀ ਰੱਖਦੀ ਹੈ। ਫਿਲਮ ਦਾ ਕਲਾਈਮੈਕਸ ਬਹੁਤ ਭਾਵੁਕਤਾ ਭਰਿਆ ਹੈ। ਕੁੱਲ ਮਿਲਾ ਕੇ ਇਹ ਫਿਲਮ ਮਾਂ ਦੀ ਆਪਣੇ ਬੱਚਿਆਂ, ਪਰਿਵਾਰ ਪ੍ਰਤੀ ਸਿਦਕ, ਕੁਰਬਾਨੀ ਤੇ ਸਮਰਪਣ ਦੀ ਕਹਾਣੀ ਹੈ। ਇਸ ਫਿਲਮ ਰਾਹੀਂ ਨਸ਼ਿਆਂ ਦੇ ਡੰਗੇ ਨੌਜਵਾਨਾਂ ’ਤੇ ਵੀ ਚਿੰਤਾ ਪ੍ਰਗਟਾਈ ਗਈ ਹੈ। ਦਿੱਵਿਆ ਦੱਤਾ ਪੰਜਾਬੀ ਤੇ ਹਿੰਦੀ ਸਿਨਮਾ ਦੀ ਨਾਮੀਂ ਅਦਾਕਾਰਾ ਹੈ। ਫਿਲਮ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ ਦੇ ਲੰਮੇ ਵਕਫ਼ੇ ਤੋਂ ਬਾਅਦ ਇਸ ਫਿਲਮ ਰਾਹੀਂ ਉਹ ਮਾਂ ਦੇ ਪ੍ਰਭਾਵਸ਼ਾਲੀ ਕਿਰਦਾਰ ਵਿੱਚ ਨਜ਼ਰ ਆਈ ਹੈ। ਉਸ ਦਾ ਇਹ ਕਿਰਦਾਰ ਦਰਸ਼ਕਾਂ ਨੂੰ ਪ੍ਰਭਾਵਿਤ ਕਰਦਾ ਹੈ। ਗੁਰਪ੍ਰੀਤ ਘੁੱਗੀ ਦੀ ਗੱਲ ਕਰੀਏ ਤਾਂ ‘ਅਰਦਾਸ’ ਵਾਂਗ ਇਸ ਫਿਲਮ ਵਿੱਚ ਵੀ ਉਸ ਦਾ ਕਿਰਦਾਰ ਕਾਮੇਡੀ ਕਿਰਦਾਰਾਂ ਤੋਂ ਹਟਕੇ ਭਾਵੁਕਤਾ ਭਰਿਆ ਹੈ। ਉਸ ਦੀਆਂ ਨਸੀਹਤ ਭਰੀਆਂ ਗੱਲਾਂ ਸਭ ਨੂੰ ਚੰਗੀਆਂ ਲੱਗਦੀਆਂ ਹਨ। ਆਸ਼ੀਸ਼ ਦੁੱਗਲ, ਰਾਣਾ ਰਣਬੀਰ, ਨਿਰਮਲ ਰਿਸ਼ੀ, ਪ੍ਰਕਾਸ਼ ਗਾਧੂ, ਪ੍ਰਿੰਸ ਕੰਵਲਜੀਤ ਸਿੰਘ ਅਤੇ ਰਘਬੀਰ ਬੋਲੀ ਦੀ ਅਦਾਕਾਰੀ ਵੀ ਕਾਬਲੇਗੌਰ ਹੈ। ਗਿੱਪੀ ਗਰੇਵਾਲ ਦੀ ਬਤੌਰ ਨਿਰਮਾਤਾ ਸਿਫ਼ਤ ਕਰਨੀ ਬਣਦੀ ਹੈ ਕਿ ਉਹ ਕਾਮੇਡੀ ਤੇ ਸੰਗੀਤਕ ਫਿਲਮਾਂ ਦੇ ਨਾਲ ਨਾਲ ਇੱਕ ਫਿਲਮ ਸਮਾਜ ਪ੍ਰਤੀ ਗੰਭੀਰਤਾ ਭਰੀ ਵੀ ਜ਼ਰੂਰ ਦਿੰਦਾ ਹੈ। ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਦਿੱਵਿਆ ਦੱਤਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਰਾਣਾ ਰਣਬੀਰ, ਪ੍ਰਿੰਸ ਕੰਵਲਜੀਤ, ਰਘਬੀਰ ਬੋਲੀ, ਵੱਡਾ ਗਰੇਵਾਲ, ਆਸ਼ੀਸ ਦੁੱਗਲ, ਅਰੁਸ਼ੀ ਸ਼ਰਮਾ ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਤਰਸੇਮ ਪਾਲ ਅਤੇ ਪ੍ਰਕਾਸ਼ ਗਾਧੂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਡਾਇਰੈਕਟਰ ਬਲਜੀਤ ਸਿੰਘ ਦਿਓ ਹੈ। ਸਰਦੂਲ ਸਿਕੰਦਰ, ਅਮਰ ਨੂਰੀ, ਹਰਭਜਨ ਮਾਨ, ਫ਼ਿਰੋਜ ਖਾਨ, ਕਮਲ ਖਾਨ, ਕਰਮਜੀਤ ਅਨਮੋਲ, ਰਿੱਕੀ ਖਾਨ ਨੇ ਇਸ ਫਿਲਮ ਲਈ ਪਲੇਅ ਬੈਕ ਗਾਇਆ ਹੈ। ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਰੰਗਮੰਚ ਕਲਾਕਾਰਾਂ ਦੀ ਕਦਰ ਕਰਦਿਆਂ ਬਰਨਾਲੇ ਦੀ ਰੰਗਮੰਚ ਕਲਾਕਾਰ ਰੇਸ਼ਮ ਚੌਹਾਨ ਨੂੰ ਵੀ ਇੱਕ ਚੰਗੇ ਕਿਰਦਾਰ ਵਿੱਚ ਵੱਡੇ ਪਰਦੇ ’ਤੇ ਲਿਆਂਦਾ ਹੈ।