ਮੁੰਬਈ: ਅਦਾਕਾਰ ਆਮਿਰ ਖ਼ਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਹੁਣ ਅਗਲੇ ਸਾਲ ਵਿਸਾਖੀ ਵਾਲੇ ਦਿਨ 14 ਅਪਰੈਲ ਨੂੰ ਰਿਲੀਜ਼ ਹੋਵੇਗੀ ਹਾਲਾਂਕਿ ਪਹਿਲਾਂ ਇਹ ਫ਼ਿਲਮ ਵੈਲੇਨਟਾਈਨ ਡੇਅ ਮੌਕੇ ਰਿਲੀਜ਼ ਹੋਣੀ ਸੀ। ਇਹ ਫਿਲਮ 1994 ਵਿੱਚ ਆਈ ਅਕੈਡਮੀ ਐਵਾਰਡ ਜੇਤੂ ਹੌਲੀਵੁੱਡ ਫਿਲਮ ‘ਫੌਰੈਸਟ ਗੰਪ’ ’ਤੇ ਆਧਾਰਿਤ ਹੈ, ਜਿਸ ਨੂੰ ਐਰਿਕ ਰੌਥ ਨੇ ਲਿਖਿਆ ਸੀ ਤੇ ਅਦਾਕਾਰ ਟੌਮ ਹੈਂਕਸ ਨੇ ਉਸ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ‘ਲਾਲ ਸਿੰਘ ਚੱਢਾ’ ਦਾ ਨਿਰਦੇਸ਼ਨ ਅਦਵੈਤ ਚੰਦਨ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਨੇ ਇਸ ਤੋਂ ਪਹਿਲਾਂ ਆਮਿਰ ਖ਼ਾਨ ਨਾਲ ‘ਸੀਕਰੇਟ ਸੁਪਰਸਟਾਰ (2017) ਵਿੱਚ ਵੀ ਕੰਮ ਕੀਤਾ ਹੈ। ਇਹ ਫਿਲਮ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣ ਰਹੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ਟਵਿੱਟਰ ਰਾਹੀਂ ਫਿਲਮ ਦਾ ਨਵਾਂ ਪੋਸਟਰ ਸਾਂਝਾ ਕਰਦਿਆਂ ਫਿਲਮ ਰਿਲੀਜ਼ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਫਿਲਮ ਵਿੱਚ ਅਦਾਕਾਰਾ ਕਰੀਨਾ ਕਪੂਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਕਾਰਨ ਇਸ ਫਿਲਮ ਦੀ ਰਿਲੀਜ਼ ਕਈ ਵਾਰ ਟਾਲਣੀ ਪਈ ਹੈ। ਸਭ ਤੋਂ ਪਹਿਲਾਂ ਇਹ ਫਿਲਮ ਕ੍ਰਿਸਮਸ ਮੌਕੇ 25 ਦਸੰਬਰ 2021 ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਤਾਲਾਬੰਦੀ ਕਾਰਨ ਅਕਤੂਬਰ ਮਹੀਨੇ ਵਿੱਚ ਫਿਲਮ ਦੀ ਸ਼ੂਟਿੰਗ ਰੋਕੇ ਜਾਣ ਮਗਰੋਂ ਇਸ ਦੀ ਰਿਲੀਜ਼ ਅੱਗੇ ਪਾ ਦਿੱਤੀ ਗਈ। ਇਸ ਫਿਲਮ ਦੀ ਪਟਕਥਾ ਅਦਾਕਾਰ ਤੇ ਲੇਖਕ ਅਤੁਲ ਕੁਲਕਰਨੀ ਨੇ ਐਰਿਕ ਰੌਥ ਨਾਲ ਰਲ ਕੇ ਲਿਖੀ ਹੈ, ਜਿਸ ਨੇ ਨਾਵਲ ਵਿੰਸਟਨ ਗਰੂਮ ਦੇ ਨਾਵਲ ’ਤੇ ਆਧਾਰਿਤ ਫਿਲਮ ‘ਫੌਰੈਸਟ ਗੰਪ’ ਦੀ ਕਹਾਣੀ ਲਿਖੀ ਸੀ। ਫਿਲਮ ‘ਲਾਲ ਸਿੰਘ ਚੱਢਾ’ ਵਿੱਚ ਮੋਨਾ ਸਿੰਘ ਤੇ ਨਾਗ ਚੇਤੰਨਿਆ ਵੀ ਨਜ਼ਰ ਆਉਣਗੇ। -ਪੀਟੀਆਈ