ਨਿੰਦਰ ਘੁਗਿਆਣਵੀ
ਫੋਟੋ ਵਿਚਲੀ ਝੱਜਰ ਮੇਰੇ ਪਿਤਾ ਜੀ ਆਪਣੀ ਹੱਟੀ ਵਿੱਚ ਰੱਖਦੇ ਹੁੰਦੇ ਸਨ। ਇਹ ਝੱਜਰ ਉਨ੍ਹਾਂ ਨੇ ਸਾਡੇ ਪਿੰਡ ਦੇ ਘੁਮਿਆਰਾਂ ਤੋਂ ਦਸ ਰੁਪਏ ਵਿੱਚ ਖਰੀਦੀ ਸੀ ਤੇ ਮੈਂ ਉਦੋਂ ਉਨ੍ਹਾਂ ਦੇ ਕੋਲ ਹੱਟੀ ’ਤੇ ਬੈਠਾ ਸੀ। ਸਵੇਰੇ ਹੱਟੀ ਨੇੜਿਓਂ ਟੂਟੀ ਉਤੋਂ ਪਾਣੀ ਭਰ ਲੈਂਦੇ ਤੇ ਆਥਣ ਤੀਕ ਘੁੱਟਾਂ-ਬਾਟੀ ਪੀਂਦੇ ਰਹਿੰਦੇ। ਜਦੋਂ ਮੈਂ ਹੱਟੀ ’ਤੇ ਬਹਿੰਦਾ ਤਾਂ ਏਸੇ ਝੱਜਰ ’ਚੋਂ ਠੰਢਾ ਠਾਰ ਪਾਣੀ ਪੀਂਦਾ। ਪਿਤਾ ਜੀ ਬੋਰੀ ਦਾ ਟੋਟਾ ਗਿੱਲਾ ਕਰਕੇ ਇਹਦੇ ਦੁਆਲੇ ਵਲ ਲੈਂਦੇ ਜਿਸ ਕਾਰਨ ਪਾਣੀ ਹਮੇਸ਼ਾਂ ਠੰਢਾ ਰਹਿੰਦਾ।
2012 ਦੀਆਂ ਗਰਮੀਆਂ ਸਨ। ਪਿਤਾ ਜੀ ਸੰਸਾਰੋਂ ਚਲੇ ਗਏ ਸਨ। ਹੱਟੀ ਨੂੰ ਤਾਲਾ ਵੱਜ ਗਿਆ ਸੀ। ਭੋਗ ਦੀਆਂ ਰਸਮਾਂ ਤੋਂ ਕੁਝ ਦਿਨ ਬਾਅਦ ਮੈਂ ਤੇ ਮੇਰਾ ਭਰਾ ਪਿਤਾ ਜੀ ਵਾਲਾ ਰੇਹੜਾ ਬਲਦ ਜੋੜ ਕੇ ਹੱਟੀ ਨੂੰ ਗਏ। ਮੈਂ ਮਹਿਸੂਸ ਕੀਤਾ ਕਿ ਪਿਤਾ ਜੀ ਬਿਨਾਂ ਰੇਹੜਾ ਤੇ ਬਲਦ ਵੀ ਬੜੇ ਉਦਾਸ ਹੋ ਗਏ ਸਨ। ਉਸੇ ਰੇਹੜੇ ’ਤੇ ਪਿਤਾ ਜੀ ਸਵੇਰੇ ਸਵੇਰੇ ਖੇਤੋਂ ਪੱਠੇ ਲੈ ਆਉਂਦੇ ਤੇ ਫਿਰ ਹੱਟੀ ’ਤੇ ਆ ਜਾਂਦੇ।
ਖੈਰ! ਮੈਂ ਹੱਟੀ ਦਾ ਬੂਹਾ ਖੋਲ੍ਹਿਆ ਤਾਂ ਹੱਟੀ ਜਿਵੇਂ ਖਾਣ ਨੂੰ ਪਈ। ਹੱਟੀ ਬੇਹੱਦ ਉਦਾਸ ਸੀ। ਹੱਟੀ ਦਾ ਮਾਲਕ ਚਲਾ ਗਿਆ ਸੀ। ਲੱਕੜ ਦਾ ਗੱਲਾ (ਸੰਦੂਕੜੀ) ਵੇਖ ਮੇਰਾ ਮਨ ਭਰ ਆਇਆ ਤੇ ਉਹਦੇ ਨਾਲ ਹੀ ਪਾਣੀ ਵਾਲੀ ਝੱਜਰ ਪਈ ਸੀ, ਮੈਂ ਇਸ ਨੂੰ ਚੁੱਕ ਕੇ ਘੁੱਟ ਕੇ ਆਪਣੇ ਕਾਲਜੇ ਨਾਲ ਲਾ ਲਿਆ। ਪਿਤਾ ਜੀ ਦੀ ਤੱਕੜੀ ਟੇਢੀ ਹੋਈ ਪਈ ਸੀ ਤੇ ਜਿਹੜੇ ਵੱਟੇ-ਵੱਟੀਆਂ ਨੂੰ ਸਵੇਰੇ ਸਵੇਰੇ ਧੋ ਕੇ ਧੂਫ਼ ਦਿੱਤੀ ਜਾਂਦੀ, ਉਹ ਗਰਦੇ ਨਾਲ ਭਰੇ ਪਏ ਸਨ। ਹੋਰ ਜ਼ਰੂਰੀ ਸਾਮਾਨ, ਪੀਪੇ, ਪੀਪੀਆਂ, ਲਿਫ਼ਾਫ਼ੇ, ਡੱਬੇ, ਡੱਬੀਆਂ, ਅਚਾਰ ਵਾਲਾ ਮਰਤਵਾਨ, ਦਾਣਿਆਂ ਦਾ ਗੱਟਾ, ਬੋਰੀਆਂ, ਬੁਲਬਲਿਆਂ ਤੇ ਕਿਸਮਤ-ਪੁੜੀਆਂ ਦੇ ਲਿਫ਼ਾਫ਼ੇ ਆਦਿ ਨਿੱਕ ਸੁੱਕ ਨੂੰ ਸਮੇਟਣ ਲਈ ਅਸੀਂ ਖੋਲ੍ਹ ਖੋਲ੍ਹ ਕੇ ਦੇਖਣ ਲੱਗੇ। ਸੋਇਆਬੀਨ ਦੀਆਂ ਵੜੀਆਂ ਵਾਲੀ ਪੀਪੀ ਖੋਲ੍ਹੀ ਤਾਂ ਇਸ ਵਿੱਚ ਸੁੱਸਰੀ ਪੈ ਚੁੱਕੀ ਸੀ ਤੇ ਇਹੋ ਈ ਹਾਲ ਵੇਸਣ ਵਾਲੀ ਪੀਪੀ ਦਾ ਸੀ। ਇਹ ਦੇਖ ਕੇ ਮੈਂ ਸੋਚਣ ਲੱਗਿਆ ਕਿ ਵੇਸਣ ਤੇ ਵੜੀਆਂ ਨੂੰ ਕਾਹਨੂੰ, ਏਹ ਸੁੱਸਰੀ ਤਾਂ ਸਾਡੇ ਘਰ ਦੀ ਰੋਟੀ ਨੂੰ ਪੈ ਗਈ ਹੈ, ਪਿਤਾ ਜੀ ਦੀ ਛਾਂ ਸਿਰ ਤੋਂ ਉੱਠ ਗਈ ਹੈ। ਮਿੱਠੀਆਂ ਪਕੌੜੀਆਂ ਵਾਲੇ ਲਿਫ਼ਾਫ਼ੇ ਚੂਹਿਆਂ ਨੇ ਟੁੱਕ ਲਏ ਸਨ। ਅਸੀਂ ਸਾਮਾਨ ਰੇਹੜੇ ’ਤੇ ਲੱਦਣ ਲੱਗੇ ਤਾਂ ਪਿਤਾ ਜੀ ਦੇ ਨਾਲ ਦੀ ਹੱਟੀ ਵਾਲਾ ਤਾਇਆ ਸੰਤਾ ਕੋਲ ਆ ਖੜ੍ਹਿਆ ਤੇ ਉਹਦਾ ਵੀ ਮਨ ਭਰ ਗਿਆ। ਕਹਿੰਦਾ, ‘‘ਤੁਹਾਡਾ ਪਿਓ ਤੁਰ ਗਿਆ, ਮੇਰੇ ਗੁਆਂਢ ਸੁੰਨ ਪੈ ਗਈ, ਮੇਰੇ ਬੇਲੀ ਦੀ ਹੱਟੀ ਬੰਦ ਹੋਗੀ, ਮੇਰਾ ਜੀਅ ਨ੍ਹੀਂ ਲੱਗਦਾ ’ਕੱਲੇ ਦਾ।’’ ਅਸੀਂ ਦੋਵੇਂ ਭਰਾ ਅੱਖਾਂ ਭਰੀ ਖੜ੍ਹੇ ਰਹੇ। ਆਖਿਰ, ਮੈਂ ਸਾਰੇ ਸਾਮਾਨ ਦੇ ਨਾਲ ਝੱਜਰ ਵੀ ਰੇਹੜੇ ’ਤੇ ਰੱਖ ਲਈ। ਜਦੋਂ ਘਰ ਆ ਕੇ ਸਾਮਾਨ ਲਾਹ ਰਹੇ ਸਾਂ ਮਾਂ ਗੱਲੇ ਵੱਲ ਵੇਖ ਵੇਖ ਰੋਈ ਜਾਵੇ, ਤੇ ਆਖੇ ਕਿ ਏਹੋ ਕਮਾਈ ਸੀ, ਬੂਹਾ ਵੱਜ ਗਿਆ ਆਪਣਾ ਕੀ ਬਣੂੰ? ਗੱਲਾ ਘਰ ਆ ਗਿਆ ਐ। ਕਰ ਕਰਾ ਕੇ ਮਾਹੌਲ ਸੈੱਟ ਕੀਤਾ। ਮਾਂ ਨੇ ਝੱਜਰ ਧੋ ਕੇ ਤੇ ਭਰ ਕੇ ਆਪਣੇ ਕੋਲ ਰੱਖ ਲਈ।
ਇਹ ਮਾਰਚ 2018 ਸੀ। ਮੇਰੀ ਚੰਡੀਗੜ੍ਹ ਪੋਸਟਿੰਗ ਹੋਈ। ਜਦੋਂ ਮੈਂ ਬੈਗ ਵਿੱਚ ਆਪਣਾ ਸਾਮਾਨ ਪਾਇਆ ਤਾਂ ਆਪਣੇ ਨਾਲ ਪਿਤਾ ਜੀ ਵਾਲੀ ਝੱਜਰ ਵੀ ਚੁੱਕ ਲਈ। ਮਾਂ ਬੋਲੀ, ‘‘ਵੇ ਸੰਭਾਲ ਕੇ ਰੱਖੀਂ ਆਪਦੇ ਪਿਓ ਦੀ ਨਿਸ਼ਾਨੀ ਨੂੰ।’’ ਮੈਂ ਮਸਾਂ ਹੀ ਆਖ ਸਕਿਆ, ‘‘ਚੰਗਾ ਬੀਬੀ।’’ ਪਿਤਾ ਜੀ ਦੀ ਝੱਜਰ ਚੰਡੀਗੜ੍ਹ ਆ ਪੁੱਜੀ। ਸਵੇਰੇ ਹੀ ਇਸ ਵਿੱਚ ਪਾਣੀ ਭਰ ਲੈਂਦਾ ਹਾਂ, ਫਿਰ ਸਾਰਾ ਦਿਨ ਠੰਢਾ ਠਾਰ ਪਾਣੀ ਪੀਂਦਾ ਹਾਂ। ਹੁਣ ਫਰਿੱਜ ਦੀ ਕੀ ਲੋੜ? ਵੱਖਰਾ ਸਕੂਨ ਇਹ ਵੀ ਕਿ ਇਹ ਮੇਰੇ ਪਿਤਾ ਜੀ ਦੀ ਝੱਜਰ ਦਾ ਪਾਣੀ ਹੈ। ਇੱਕ ਦਿਨ ਮਾਂ ਨੇ ਸੁਭਾਵਿਕ ਹੀ ਪੁੱਛ ਲਿਆ, ‘‘ਵੇ ਤੇਰੇ ਪਿਤਾ ਜੀ ਵਾਲੀ ਝੱਜਰ ਹੈਗੀ ਐ? ਸੰਭਾਲ ਕੇ ਰੱਖੀਂ ਉਹਨੂੰ ਪੁੱਤ।’’ ‘‘ਮਾਂ ਪਿਤਾ ਦੀ ਝੱਜਰ ਕਿਤੇ ਨ੍ਹੀਂ ਜਾਣੀ, ਇਹ ਹਮੇਸ਼ਾਂ ਮੇਰੇ ਨਾਲ ਨਾਲ ਰਹਿਣੀ ਐਂ, ਮੈਂ ਭਾਵੇਂ ਕਿਤੇ ਵੀ ਹੋਵਾਂ।’’
‘‘ਪੁੱਤ ਜਿਊਂਦਾ ਰਹਿ, ਮੇਰਾ ਸ਼ੇਰ ਤੇ ਜੀਂਦੀ ਰਹੇ ਤੇਰੇ ਪਿਤਾ ਦੀ ਝੱਜਰ।’’ ਮਾਂ ਨੇ ਇਹ ਆਖ ਚੁੰਨੀ ਨਾਲ ਅੱਖਾਂ ਪੂੰਝੀਆਂ।
ਸੰਪਰਕ: 94174-21700