ਸੁਖਪਾਲ ਸਿੰਘ ਗਿੱਲ
ਕਿਸਾਨ, ਪੇਂਡੂ ਵਿਰਸਾ ਅਤੇ ਸਾਂਝੇ ਪਰਿਵਾਰ ਇਕ ਦੂਜੇ ਦੇ ਪੂਰਕ ਹੁੰਦੇ ਹਨ। ਪਰ ਅੱਜ ਇਨ੍ਹਾਂ ਵਿਚੋਂ ਖੁਸ਼ਬੂ ਮੱਧਮ ਪੈ ਗਈ ਹੈ। ਵਿਰਸੇ ਨਾਲ ਸਾਡਾ ਪਿਛੋਕੜ ਜਿਉਂਦਾ-ਜਾਗਦਾ ਰਹਿੰਦਾ ਹੈ, ਪਰ ਅਫ਼ਸੋਸ ਸਾਡੇ ਵਿਰਸੇ ਦੀਆਂ ਬਹੁਤੀਆਂ ਚੀਜ਼ਾਂ ਬੀਤੇ ਦੀ ਕਹਾਣੀ ਬਣ ਗਈਆਂ ਹਨ। ਜਿਨ੍ਹਾਂ ਵਿਚੋਂ ਸਾਂਝਾ ਪਰਿਵਾਰ ਵੀ ਇਕ ਹੈ। ਸਾਂਝਾ ਪਰਿਵਾਰ ਨਰੋਏ ਸਮਾਜ ਦੀ ਬੁਨਿਆਦ ਸੀ। ਸਾਂਝੇ ਪਰਿਵਾਰ ਵਿਚ ਇਕ ਬਜ਼ੁਰਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਾਰੇ ਕੰਮ ਕਾਰ ਹੁੰਦੇ ਸਨ। ਸਾਂਝਾ ਪਰਿਵਾਰ ਸਮਾਜਿਕ ਸੁਰੱਖਿਆ, ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ ਜਿਉਂਦੀ ਜਾਗਦੀ ਮਿਸਾਲ ਸੀ।
ਸਵੱਖਤੇ ਉੱਠ ਕੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਆਪਣੇ ਕੰਮਾਂ ਵਿਚ ਲੱਗ ਜਾਂਦੇ ਸਨ, ਜੋ ਆਥਣੇ ਬਾਣ ਵਾਲੇ ਮੰਜੇ ’ਤੇ ਸੌਣ ਤਕ ਜਾਰੀ ਰਹਿੰਦੇ ਸਨ। ਸਾਂਝੇ ਪਰਿਵਾਰ ਵਿਚੋਂ ਸੰਸਕਾਰਾਂ, ਪਹਿਰਾਵੇ ਅਤੇ ਬੋਲ ਚਾਲ ਦਾ ਮੁੱਢ ਬੱਝਦਾ ਸੀ। ਜਿਸ ਸਦਕੇ ਬੱਚਿਆਂ ਦੀ ਗੁਣਵੱਤਾ ਵਧਦੀ ਸੀ। ਸਾਂਝਾ ਪਰਿਵਾਰ ਦਾਦਾ-ਦਾਦੀ, ਚਾਚਾ-ਚਾਚੀ, ਤਾਇਆ-ਤਾਈ ਅਤੇ ਮਾਂ-ਪਿਉ ਤੋਂ ਮਿਲੀ ਗੁਣਾਂ ਦੀ ਗੁਥਲੀ ਧੀ ਨੂੰ ਸਹੁਰੇ ਘਰ ਵਿਚ ਵੀ ਮਾਣ ਦਿਵਾਉਂਦੀ ਸੀ।
ਘਰੋਂ ਮਿਲੇ ਵਿਰਸੇ ਦੇ ਨਿਯਮਾਂ ਦੀਆਂ ਉਦਾਹਰਣਾਂ ਜਿਵੇਂ ਖੇਤਾਂ ਵਿਚ ਭੱਤਾ ਲੈ ਕੇ ਜਾਣਾ, ਆਟਾ ਗੁੰਨ੍ਹ ਕੇ ਚੁੱਲ੍ਹੇ ਦਾ ਕੰਮ ਕਰਨਾ, ਰਾਤ ਨੂੰ ਚੁੱਲ੍ਹੇ ਵਿਚ ਦੱਬੀ ਅੱਗ ਸਵੇਰੇ ਬਾਲਣੀ ਵਗੈਰਾ ਘਰ ਦੀਆਂ ਔਰਤਾਂ ਦੇ ਹਿੱਸੇ ਸਨ। ਇਹ ਹੀ ਕੰਮ ਧੀ ਸਿੱਖਦੀ ਸੀ। ਇਸ ਨਾਲ ਉਸ ਦੇ ਸਮਾਜੀਕਰਨ ਦਾ ਮੁੱਢ ਬੱਝਦਾ ਸੀ। ਘਰ ਦੀਆਂ ਸੁਆਣੀਆਂ ਹਾਲੀ ਅਤੇ ਪਾਲੀ ਦੇ ਕੰਮ ਵਿਚ ਹੱਥ ਵਟਾਉਂਦੀਆਂ ਸਨ। ਸਾਂਝੇ ਪਰਿਵਾਰ ਦੇ ਕੰਮਾਂ ਬਾਰੇ ਵਾਰਿਸ਼ ਸ਼ਾਹ ਨੇ ਇਹ ਨਜ਼ਾਰਾ ਇਉਂ ਪੇਸ਼ ਕੀਤਾ ਹੈ:
“ਚਿੜੀ ਚੁਹਕਦੀ ਨਾਲ ਉਠ ਤੁਰੇ ਪਾਂਧੀ
ਪਾਈਆਂ ਦੁੱਧ ਵਿਚ ਮਧਾਣੀਆਂ ਨੀਂ।
ਸੁਬਾ ਸਾਦਕ ਹੋਈ ਜਦੋਂ ਆਣ ਰੋਸ਼ਨ
ਤਦੋਂ ਚਾਲੀਆਂ ਆਣ ਚਿਚਲਾਣੀਆਂ ਨੀਂ।
ਇਕਨਾਂ ਉਠ ਕੇ ਰਿੜਕਣਾ ਪਾ ਦਿੱਤਾ
ਕਿ ਇਕ ਧੋਂਦੀਆਂ ਫਿਰਨ ਮਧਾਣੀਆਂ ਨੀਂ।
ਇਕ ਉਠ ਕੇ ਹਲੀ ਤਿਆਰ ਹੋਏ
ਇਕ ਢੂੰਡਦੇ ਫਿਰਨ ਪਰਾਣੀਆਂ ਨੀਂ।
ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ
ਸੀਆਂ ਭੋਇ ਨੂੰ ਜਿਹਨਾਂ ਨੇ ਲਾਣੀਆਂ ਨੀਂ।
ਘਰ ਬਾਰ ਨਾ ਚੱਕੀਆਂ ਝੋਤੀਆਂ ਨੇ
ਜਿਹਨਾਂ ਤੌਣਾਂ ਗੁਨ੍ਹੇ ਪਕਾਣੀਆਂ ਨੀਂ।
ਕਾਰੋਬਾਰ ਵਿਚ ਹੋਇਆ ਜਹਾਨ
ਸਾਰਾ ਚਰਖੇ ਡਾਹੁੰਦੀਆਂ ਉਠਣ ਸੁਆਣੀਆਂ ਨੀਂ।
ਮਿੱਤਰ ਨੂੰ ਆਸ ਅਤੇ ਦੁਸ਼ਮਣ ਨੂੰ ਭੈਅ ਵੀ ਸਾਂਝੇ ਪਰਿਵਾਰ ਵਿਚ ਸੀ। ਖੂੰਡੇ ਵਾਲਾ ਸਰਦਾਰ ਜਿਸ ਦਾ ਘਰ ਵਿਚ ਸਤਿਕਾਰ ਹੁੰਦਾ ਸੀ, ਉਸ ਤੋਂ ਸਾਰਾ ਪਰਿਵਾਰ ਡਰਦਾ ਸੀ। ਖੰਘੂਰਾ ਮਾਰ ਕੇ ਉਸ ਨੂੰ ਘਰ ਵੜਨਾ ਪੈਂਦਾ ਸੀ। ਬਜ਼ੁਰਗ ਮੁਖੀ ਘਰ ਦਾ ਸ਼ਿੰਗਾਰ ਅਤੇ ਜਿੰਦਰਾ ਸਮਝਿਆ ਜਾਂਦਾ ਸੀ। ਇਸ ਦੀ ਮਿਸਾਲ ਕਾਵਿ ਸਤਰਾਂ ਵਿਚ ਜਿਉਂਦੀ :
ਵਿਹੜੇ ਵੜਦਾ ਖ਼ਬਰ ਨਹੀਂ ਕਰਦਾ
ਬਾਪੂ ਗਲ ਟੱਲ ਪਾ ਦਿਉ।
ਪਰ ਅੱਜ ਛੋਟੇ ਪਰਿਵਾਰ ਹੋਣ ਕਰਕੇ ਕਿਸੇ ਕੋਲ ਸਮਾਂ ਨਹੀਂ ਹੈ। ਇਸ ਲਈ ਸਮਾਜਿਕ ਝੰਜਟ ਵੀ ਖੜ੍ਹੇ ਹੋਏ ਹਨ। ਸਾਂਝਾ ਪਰਿਵਾਰ ਸਮੁੱਚੀ ਏਕਤਾ ਵਿਚ ਬਲ ਦਾ ਪ੍ਰਤੀਕ ਹੈ। ਸਾਂਝੇ ਪਰਿਵਾਰ ਵਿਚ ਦੋ ਚਾਰ ਮੈਂਬਰ ਘਰ ਰਹਿੰਦੇ ਸਨ। ਜਿਸ ਨਾਲ ਘਰ ਦੀ ਸੁਰੱਖਿਆ ਯਕੀਨੀ ਰਹਿੰਦੀ ਸੀ। ਘਰ ਦਾ ਇਕ ਮੈਂਬਰ ਬੱਚੇ ਸਾਂਭਦਾ, ਦੂਜੇ ਨੇ ਘਰ ਦੇ ਕੰਮ ਕਾਰ ਕਰ ਲੈਣੇ, ਤੀਜੇ ਨੇ ਪਸ਼ੂ ਸਾਂਭ ਲੈਣੇ। ਤਰਤੀਬ ਅਨੁਸਾਰ ਸਾਰਾ ਦਿਨ ਸੁੱਖੀਂ ਸਾਂਦੀ, ਖੁਸ਼ੀ-ਖੁਸ਼ੀ ਨਾਲ ਗੁਜ਼ਰ ਜਾਂਦਾ ਸੀ। ਘਰ ਵਿਚ ਬਰਕਤ ਹੁੰਦੀ ਰਹਿੰਦੀ ਸੀ। ਸਾਂਝੇ ਰੂਪ ਵਿਚ ਘਰ ਦੀ ਤਰੱਕੀ ਹੁੰਦੀ ਰਹਿੰਦੀ ਸੀ। ਕੋਈ ਵੀ ਕਿਸੇ ’ਤੇ ਬੋਝ ਨਹੀਂ ਬਣਦਾ ਸੀ। ਸਭ ਤੋਂ ਵੱਡਾ ਗੁਣ ਕਿਸੇ ਵਿਚ ਵੀ ਮੇਰ-ਤੇਰ ਦੀ ਭਾਵਨਾ ਨਹੀਂ ਹੁੰਦੀ ਸੀ।
ਕਿਸਾਨ ਨੇ ਵਿਰਸੇ ਨੂੰ ਪੱਛਮੀਕਰਨ ਅਤੇ ਸਾਂਝੇ ਪਰਿਵਾਰਾਂ ਨੂੰ ਸਮੇਂ ਦੀ ਚਾਲ ਦੇ ਹਾਣੀ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਨਾ ਇੱਧਰ ਦੇ ਨਾ ਉੱਧਰ ਦੇ ਰਹੇ। ਲਾਲਚ, ਈਰਖਾ ਅਤੇ ਸਮਾਜੀਕਰਨ ਦੀ ਘਾਟ ਨੇ ਸਾਂਝੇ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ। ਚੋਰ ਸੁਭਾਅ ਨੇ ਸਾਂਝੇ ਪਰਿਵਾਰਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਇਸ ਨਾਲ ਵਿਰਸੇ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗਣ ਦੇ ਨਾਲ ਕਿਸਾਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਸੁਰੱਖਿਆ ਅਤੇ ਤਣਾਅ ਵਧਿਆ ਹੈ। ਮੁੱਕਦੀ ਗੱਲ ਇਹ ਹੈ ਕਿ ਸਾਡੇ ਵਿਰਸੇ ਵਿਚੋਂ ਟੁੱਟੇ ਸਾਂਝੇ ਪਰਿਵਾਰਾਂ ਨੇ ਸ਼ਾਨਾਂਮਈ ਵਿਰਸੇ, ਸੱਭਿਆਚਾਰ, ਖੁਸ਼ਹਾਲੀ ਅਤੇ ਕਿਸਾਨੀ ਨੂੰ ਮੈਲਾ ਕੀਤਾ ਹੈ। ਅਗਲੀ ਪੀੜ੍ਹੀ ਸਾਂਝੇ ਪਰਿਵਾਰਾਂ ਪ੍ਰਤੀ, ਕਿਸਾਨੀ ਪਿਛੋਕੜ ਪ੍ਰਤੀ ਅਤੇ ਵਿਰਸੇ ਬਾਰੇ ਹੈਰਾਨੀ ਪ੍ਰਗਟ ਕਰਦੀ ਹੋਈ ਇਨ੍ਹਾਂ ਬਾਰੇ ਸਾਹਿਤ ਵਿਚ ਪੜ੍ਹਿਆ ਕਰੇਗੀ।
ਸੰਪਰਕ: 98781-11445