ਮੁੰਬਈ: ਫਰਾਹ ਖਾਨ ਨੂੰ ਕਰੋਨਾ ਹੋਣ ਕਾਰਨ ਗਾਇਕ ਮੀਕਾ ਸਿੰਘ 11 ਸਤੰਬਰ ਤੋਂ ਦੋ ਹਫਤਿਆਂ ਲਈ ‘ਜ਼ੀ ਕਾਮੇਡੀ ਸ਼ੋਅ’ ਵਿੱਚ ਜੱਜ ਦੀ ਭੂਮਿਕਾ ਅਦਾ ਕਰੇਗਾ। ਉਸ ਨੇ ਇਸ ਹਫਤੇ ਰਵੀਨਾ ਟੰਡਨ ਅਤੇ ਮਲਿਕਾ ਸ਼ੇਰਾਵਤ ਨਾਲ ਇਸ ਸ਼ੋਅ ਦੇ ਦੋ ਐਪੀਸੋਡ ਸ਼ੂਟ ਕਰ ਲਏ ਹਨ। ਮੀਕਾ ਨੇ ਕਿਹਾ, ‘‘ਵੈਕਸੀਨ ਦੀਆਂ ਦੋਹਾਂ ਖੁਰਾਕਾਂ ਦੇ ਬਾਵਜੂਦ ਫਰਾਹ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣੀ ਹੈਰਾਨ ਕਰਨ ਵਾਲੀ ਗੱਲ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਤੁੁਸੀਂ ਮੂਜੌਦਾ ਹਾਲਾਤ ਵਿੱਚ ਕਿਸੇ ਵੀ ਚੀਜ਼ ਦੀ ਭਵਿੱਖਬਾਣੀ ਨਹੀਂ ਕਰ ਸਕਦੇ। ਮੈਂ ਉਸ (ਫਰਾਹ) ਨਾਲ ਗੱਲ ਕੀਤੀ ਅਤੇ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਉਹ ਠੀਕ ਹੈ। ਉਮੀਦ ਹੈ ਕਿ ਉਹ ਜਲਦੀ ਹੀ ਪੂਰੀ ਤਰ੍ਹਾਂ ਸਿਹਤਯਾਬ ਹੋ ਜਾਵੇਗੀ। ਪਿਛਲੀ ਵਾਰ ਮੈਂ ਵਿਸ਼ੇਸ਼ ਮਹਿਮਾਨ ਵਜੋਂ ‘ਜ਼ੀ ਕਾਮੇਡੀ ਸ਼ੋਅ’ ਲਈ ਸ਼ੂਟ ਕੀਤਾ ਸੀ ਅਤੇ ਉਸ ਵੇਲੇ ਫਰਾਹ ਨਾਲ ਕੰਮ ਕਰਨ ਦਾ ਬਹੁਤ ਆਨੰਦ ਆਇਆ ਸੀ, ਇਸ ਲਈ ਹੁਣ ਮੈਨੂੰ ਉਸ ਦੀ ਯਾਦ ਆ ਰਹੀ ਹੈ।’’ ਇਸੇ ਤਰ੍ਹਾਂ ਅਦਾਕਾਰ ਤੇ ਕਾਮੇਡੀਅਨ ਰਾਜਪਾਲ ਯਾਦਵ ‘ਜ਼ੀ ਕਾਮੇਡੀ ਸ਼ੋਅ’ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਵੇਗਾ। ‘ਹੰਗਾਮਾ-2’ ਦਾ ਅਦਾਕਾਰ ਇਸ ਹਫ਼ਤੇ ਦੇ ਅਖੀਰ ਵਿੱਚ ਸ਼ੋਅ ’ਚ ਦਿਖਾਈ ਦੇਵੇਗਾ। ਇਸ ਸ਼ੋਅ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਰਾਜਪਾਲ ਨੇ ਕਿਹਾ, ‘ਜ਼ੀ ਕਾਮੇਡੀ ਸ਼ੋਅ ’ਤੇ ਜਾ ਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ। ਇਹ ਮੇਰੇ ਲਈ ਬਿਲਕੁਲ ਵੱਖਰਾ ਤਜਰਬਾ ਸੀ।’ -ਆਈਏਐੱਨਐੱਸ