ਮੁੰਬਈ: ਕੋਰੀਓਗ੍ਰਾਫਰ-ਨਿਰਦੇਸ਼ਕ ਫਰਾਹ ਖਾਨ ਨੇ ਹਾਲ ਹੀ ਵਿੱਚ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਐਡ (ਕਮਰਸ਼ੀਅਲ) ਦਾ ਨਿਰਦੇਸ਼ਨ ਕੀਤਾ ਹੈ। ਇਸ ਬਾਰੇ ਤਜਰਬਾ ਸਾਂਝਾ ਕਰਦਿਆਂ ਫਰਾਹ ਨੇ ਕਿਹਾ, ‘ਮੈਂ ਉਸ ਨੂੰ ਪਹਿਲੀ ਵਾਰ ਮਿਲੀ। ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਉਹ ਕਿੰਨੀ ਸ਼ਾਨਦਾਰ ਸ਼ਖ਼ਸੀਅਤ ਦਾ ਮਾਲਕ ਹੈ। ਉਹ ਬਿਲਕੁਲ ਜ਼ਮੀਨ ਨਾਲ ਜੁੜਿਆ ਇਨਸਾਨ ਹੈ। ਸਾਨੂੰ ਸ਼ੂਟਿੰਗ ਦੌਰਾਨ ਚਾਰ-ਪੰਜ ਵਾਰ ਉਸ ਦੇ ਕੱਪੜੇ ਬਦਲਣੇ ਪਏ ਅਤੇ ਉਸ ਨੇ ਇੱਕ ਵਾਰ ਵੀ ਸ਼ਿਕਾਇਤ ਨਹੀਂ ਕੀਤੀ।’ ਫਰਾਹ ਨੇ ਦੱਸਿਆ, ‘ਪੰਜ ਮਿੰਟਾਂ ਵਿੱਚ ਹੀ ਅਸੀਂ ਇਸ ਤਰ੍ਹਾਂ ਗੱਲਾਂ ਕਰਨ ਲੱਗ ਪਏ ਜਿਵੇਂ ਅਸੀਂ ਲੰਮੇ ਸਮੇਂ ਤੋਂ ਇੱਕ-ਦੂਜੇ ਨੂੰ ਜਾਣਦੇ ਹੋਈਏ। ਉਹ ਮੇਰੀ ਵੈਨ ਵਿੱਚ ਖਾਣਾ ਖਾਣ ਵੀ ਆਇਆ। ਉਸ ਨਾਲ ਕੰਮ ਕਰ ਕੇ ਬਹੁਤ ਖ਼ੁਸ਼ੀ ਹੋਈ। ਉਹ ਬਹੁਤ ਪਿਆਰਾ ਇਨਸਾਨ ਹੈ।’ -ਆਈਏਐੱਨਐੱਸ