ਮਨਦੀਪ ਸਿੰਘ ਸਿੱਧੂ
ਇਕਬਾਲ ਨਾਥ ਉਰਫ਼ ਰਾਜਨ ਹਕਸਰ ਦੀ ਪੈਦਾਇਸ਼ 25 ਨਵੰਬਰ 1923 ਨੂੰ ਰਾਵਲਪਿੰਡੀ ਦੇ ਪੰਜਾਬੀ ਪੰਡਤ ਪਰਿਵਾਰ ਵਿਚ ਹੋਈ। ਉਂਜ ਇਨ੍ਹਾਂ ਦਾ ਆਬਾਈ ਤਾਲੁਕ ਕਸ਼ਮੀਰੀ ਪੰਡਤ ਪਰਿਵਾਰ ਨਾਲ ਸੀ ਜੋ ਅਫ਼ਗਾਨ ਸਾਸ਼ਨ ਦੇ ਕਾਲੇ ਦਿਨਾਂ ਦੌਰਾਨ ਕਸ਼ਮੀਰ ਘਾਟੀ ਤੋਂ ਪੰਜਾਬ ਆਣ ਵੱਸੇ ਸਨ। ਰਾਜਨ ਨੇ ਰਾਵਲਪਿੰਡੀ ਤੋਂ ਬੀ. ਏ. ਪਾਸ ਕੀਤੀ। ਉਨ੍ਹਾਂ ਦਾ ਵਿਆਹ ਲਾਹੌਰ ਦੀ ਪੰਜਾਬਣ ਮੁਟਿਆਰ ਅਤੇ ਮਸ਼ਹੂਰ ਅਦਾਕਾਰਾ ਮਨੋਰਮਾ ਉਰਫ਼ ਏਰਿਨ ਇਸਾਕ ਡੈਨੀਅਲ ਨਾਲ ਹੋਇਆ, ਜਿਸਨੂੰ 1940 ਵਿਚ ਰੂਪ ਕੇ. ਸ਼ੋਰੀ ਨੇ ਆਪਣੀ ਪੰਜਾਬੀ ਫ਼ਿਲਮ ‘ਇਕ ਮੁਸਾਫ਼ਰ’ (1940) ਵਿਚ ਮੁਤਆਰਿਫ਼ ਕਰਵਾਇਆ ਸੀ।
ਵੰਡ ਤੋਂ ਬਾਅਦ ਰਾਜਨ ਹਕਸਰ 1947 ਵਿਚ ਪਤਨੀ ਮਨੋਰਮਾ ਨਾਲ ਲਾਹੌਰ ਤੋਂ ਬੰਬੇ ਆਣ ਵੱਸਿਆ। ਇੱਥੇ ਉਹ ਸਭ ਤੋਂ ਪਹਿਲਾਂ ਫ਼ਿਲਮਸਤਾਨ ਕੰਪਨੀ ਨਾਲ ਜੁੜ ਗਏ। ਜਦੋਂ ਫ਼ਿਲਮਸਤਾਨ ਲਿਮਟਿਡ, ਬੰਬੇ ਨੇ ਮੁਣਸ਼ੀ ਦਿਲ ਦੀ ਹਿਦਾਇਤਕਾਰੀ ਵਿਚ ਹਿੰਦੀ ਫ਼ਿਲਮ ‘ਦੋ ਭਾਈ’ (1947) ਬਣਾਈ ਤਾਂ ਰਾਜਨ ਹਕਸਰ ਨੂੰ ਨਵੇਂ ਹੀਰੋ ਵਜੋਂ ਪੇਸ਼ ਕੀਤਾ, ਜਿਸਦੀ ਹਮਰਾਹ ਸੀ ਲਾਹੌਰ ਦੀ ਪੰਜਾਬਣ ਮੁਟਿਆਰ ਕਾਮਿਨੀ ਕੌਸ਼ਲ। ਗੀਤ ਰਾਜਾ ਮਹਿੰਦੀ ਅਲੀ ਖ਼ਾਨ ਅਤੇ ਸੰਗੀਤ ਸਚਿਨ ਦੇਵ ਬਰਮਨ ਨੇ ਮੁਰੱਤਬਿ ਕੀਤਾ ਸੀ। ਫ਼ਿਲਮ ’ਚ ਰਾਜਨ ਹਕਸਰ ਤੇ ਕਾਮਿਨੀ ’ਤੇ ਫ਼ਿਲਮਾਏ ‘ਯਾਦ ਰੱਖਣਾ ਮੁਝੇ ਯਾਦ ਰੱਖਣਾ’ (ਗੀਤਾ ਰਾਏ, ਕੇ. ਐੱਸ. ਰਾਗੀ), ‘ਆਜ ਪ੍ਰੀਤ ਕਾ ਨਾਤਾ ਟੂਟ ਗਯਾ’ (ਗੀਤਾ ਰਾਏ, ਜੀ. ਐੱਮ. ਦੁਰਾਨੀ), ‘ਦੁਨੀਆ ਮੇਂ ਮੇਰੀ ਆਜ ਅੰਧੇਰਾ ਹੀ ਅੰਧੇਰਾ ਹੈ’ (ਮੁਹੰਮਦ ਰਫ਼ੀ) ਆਦਿ ਗੀਤ ਬੜੇ ਮਕਬੂਲ ਹੋਏ। ਇਸ ਤੋਂ ਪਹਿਲਾਂ ਰਾਜਨ ਹਕਸਰ ਨੇ ਲਾਹੌਰ ਵਿਚ ਇਆਜ਼ ਪ੍ਰੋਡਕਸਨਜ਼, ਲਾਹੌਰ ਦੇ ਬੈਨਰ ਹੇਠ ਇਕ ਹਿੰਦੀ ਫ਼ਿਲਮ ‘ਅਨ-ਦੇਖੀ’ (1946) ਵਿਚ ਬਤੌਰ ਹੀਰੋ ਕੰਮ ਕੀਤਾ ਸੀ, ਪਰ ਇਹ ਫ਼ਿਲਮ ਕਿਸੇ ਕਾਰਨ ਰਿਲੀਜ਼ ਨਹੀਂ ਹੋ ਪਾਈ ਸੀ।
ਫ਼ਿਲਮ ਚਿੱਤਰ ਕਾਰਪੋਰੇਸ਼ਨ, ਬੰਬਈ ਦੀ ਰਵਿੰਦਰ ਜਯਕਰ ਨਿਰਦੇਸ਼ਿਤ ਫ਼ਿਲਮ ‘ਲਖਪਤੀ’ (1948) ਵਿਚ ਉਸਨੇ ਸੁਲੋਚਨਾ ਚੈਟਰਜੀ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਗੀਤ ਕਮਰ ਜਲਾਲਾਬਾਦੀ ਅਤੇ ਸੰਗੀਤਕਾਰ ਪੰਡਤ ਹੁਸਨਲਾਲ-ਭਗਤਰਾਮ ਸਨ। ਰਵਿੰਦਰ ਆਰਟ ਪ੍ਰੋਡਕਸ਼ਨ, ਬੰਬੇ ਦੀ ਆਈ. ਸੀ. ਕਪੂਰ ਨਿਰਦੇਸ਼ਿਤ ਫ਼ਿਲਮ ‘ਚਾਂਦ ਸਿਤਾਰੇ’ (1948) ਵਿਚ ਉਸਦੇ ਰੂਬਰੂ ਅਦਾਕਾਰਾ ਮਨੋਰਮਾ ਸੀ। ਫ਼ਿਲਮਸਾਜ਼ ਤੇ ਸੰਗੀਤਕਾਰ ਪ੍ਰੇਮ ਨਾਥ (ਅਦਾਕਾਰ ਪ੍ਰੇਮ ਨਾਥ ਨਹੀਂ) ਅਤੇ ਫ਼ਿਲਮ ਦਾ ਮੰਜ਼ਰਨਾਮਾ, ਗੀਤ ਤੇ ਹਿਦਾਇਤਕਾਰੀ ਦੇ ਫ਼ਰਜ਼ ਈਸ਼ਵਰ ਚੰਦਰ ਕਪੂਰ ਨੇ ਅੰਜਾਮ ਦਿੱਤੇ। ਫ਼ਿਲਮ ’ਚ ਰਾਜਨ ’ਤੇ ਫ਼ਿਲਮਾਇਆ ਗੁਲੂਕਾਰ ਮੁਕੇਸ਼ ਦਾ ਗੀਤ ‘ਕਾਲੀ ਘਟਾਏਂ ਹੈਂ, ਠੰਢੀ ਹਵਾਏਂ ਹੈਂ, ਮਸਤ ਫ਼ਿਜ਼ਾਏਂ ਹੈਂ’ ਵੀ ਬੜਾ ਮਕਬੂਲ ਹੋਇਆ। ਆਕਾਸ਼ ਚਿੱਤਰ, ਬੰਬਈ ਦੀ ਕੇ. ਬੀ. ਲਾਲ ਨਿਰਦੇਸ਼ਿਤ ਫ਼ਿਲਮ ‘ਲਾਲ ਦੁਪੱਟਾ’ (1948) ਮਧੂਬਾਲਾ ਨਾਲ ਕੀਤੀ। ਕੁਲਦੀਪ ਪਿਕਚਰਜ਼ ਲਿਮਟਿਡ, ਬੰਬਈ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਜਲ ਤਰੰਗ’ (1949) ਵਿਚ ਗੀਤਾ ਬਾਲੀ ਤੇ ਰਹਿਮਾਨ ਨਾਲ ਰਾਜਨ ਹਕਸਰ ਸਹਾਇਕ ਅਦਾਕਾਰ ਸਨ। ਭੁਪਿੰਦਰ ਪ੍ਰੋਡਕਸ਼ਨਜ਼, ਬੰਬਈ ਦੀ ਨਿਰੰਜਨ ਨਿਰਦੇਸ਼ਿਤ ਫ਼ਿਲਮ ‘ਸੱਚਾ ਪਯਾਰ’ ਉਰਫ਼ ‘ਆਂਚਲ’ (1950) ਵਿਚ ਇਕ ਵਾਰ ਫਿਰ ਰਾਜਨ ਹਕਸਰ ਤੇ ਮਨੋਰਮਾ ਜੋੜੀਦਾਰ ਸਨ। 50 ਦੇ ਦਹਾਕੇ ਵਿਚ ਫ਼ਿਲਮੀ ਹੀਰੋ ਵਜੋਂ ਬਹੁਤੀ ਸਫਲਤਾ ਨਾ ਮਿਲਣ ਕਾਰਨ ਉਸਨੇ ਖ਼ਲਨਾਇਕ ਤੇ ਚਰਿੱਤਰ ਕਿਰਦਾਰ ਨਿਭਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿਚ ਉਹ 80 ਦੇ ਦਹਾਕੇ ਤਕ ਛਾਏ ਰਹੇ।
ਰਾਜਨ ਹਕਸਰ ਦੀ ਪਹਿਲੀ ਪੰਜਾਬੀ ਫ਼ਿਲਮ ਅੰਮ੍ਰਿਤ ਆਰਟ ਪ੍ਰੋਡਕਸ਼ਨਜ਼ ਲਿਮਟਿਡ, ਬੰਬੇ ਦੀ ‘ਫੁੱਮਣ’ (1951) ਸੀ। ਕਹਾਣੀ, ਮੁਕਾਲਮੇ ਤੇ ਹਿਦਾਇਤਕਾਰੀ ਰਾਜਪਾਲ ਅਤੇ ਫ਼ਿਲਮਸਾਜ਼ ਰੌਸ਼ਨ ਲਾਲ ਜੈਨ ਸਨ। ਇਸ ਫ਼ਿਲਮ ਵਿਚ ਉਸਨੇ ਖ਼ਲ ਕਿਰਦਾਰ ਨਿਭਾਇਆ। ਇਹ ਫ਼ਿਲਮ 4 ਮਈ 1951 ਨੂੰ ਹਰੀ ਪੈਲੇਸ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਉਸਦੀ ਦੂਜੀ ਪੰਜਾਬੀ ਫ਼ਿਲਮ ਚਿੱਤਰ ਭੂਮੀ ਲਿਮਟਿਡ, ਬੰਬੇ ਦੀ ਰਾਜਿੰਦਰ ਸ਼ਰਮਾ ਨਿਰਦੇਸ਼ਿਤ ‘ਵਸਾਖੀ’ (1951) ਸੀ। ਵਾਸਤੀ ਤੇ ਪੁਸ਼ਪਾ ਹੰਸ ਦੇ ਮਰਕਜ਼ੀ ਕਿਰਦਾਰ ਵਾਲੀ ਇਸ ਫ਼ਿਲਮ ਵਿਚ ਰਾਜਨ ਨੇ ਨਕਾਰਾਤਮਕ ਭੂਮਿਕਾ ਅਦਾ ਕੀਤੀ।
ਜਦੋਂ ਫ਼ਿਲਮਿਸਤਾਨ ਪ੍ਰਾਈਵੇਟ ਲਿਮਟਿਡ, ਬੰਬੇ ਨੇ ਮਜਨੂੰ ਉਰਫ਼ ਹੈਰੋਲਡ ਲੂਈਸ ਦੀ ਹਿਦਾਇਤਕਾਰੀ ਵਿਚ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਮੁਕਲਾਵਾ’ (1957) ਬਣਾਈ, ਤਾਂ ਉਸਨੂੰ ਖ਼ਲ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਨਿਊ ਲਿੰਕ ਫ਼ਿਲਮਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ਫ਼ਿਲਮ ‘ਬਿੱਲੋ’ (1961) ਜਿਸ ਦੀ ਭੂਮਿਕਾ ਵਿਚ ਦਲਜੀਤ ਤੇ ਇੰਦਰਾ ਬਿੱਲੀ ਸਨ, ’ਚ ਰਾਜਨ ਨੇ ਖ਼ਲ ਕਿਰਦਾਰ ਨਿਭਾਇਆ। ਫ਼ਿਲਮਸਾਜ਼ ਐੱਨ. ਕੇ. ਖੰਨਾ, ਆਈ. ਐੱਸ. ਢੱਲ, ਸੰਗੀਤ ਸਰਦੂਲ ਕਵਾਤੜਾ ਅਤੇ ਗੀਤ ਅਜ਼ੀਜ਼ ਕਸ਼ਮੀਰੀ ਨੇ ਤਹਿਰੀਰ ਕੀਤੇ ਸਨ। ਇਹ ਫ਼ਿਲਮ 13 ਅਪਰੈਲ 1961 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਬੀ. ਡੀ. ਇੰਟਰਨੈਸ਼ਨਲ, ਬੰਬੇ ਦੀ ਸੁਖਦੇਵ ਆਹਲੂਵਾਲੀਆ ਨਿਰਦੇਸ਼ਿਤ ਫ਼ਿਲਮ ‘ਦੋ ਸ਼ੇਰ’ (1974) ਵਿਚ ਰਾਜਨ ਨੇ ‘ਚੌਧਰੀ ਜਗਤੇ’ ਦਾ ਨਕਾਰਾਤਮਕ ਪਾਰਟ ਅਦਾ ਕੀਤਾ। ਫ਼ਿਲਮਸਾਜ਼ ਸੋਹਣ ਸਿੰਘ ਬਿੱਲਾ (ਭਰਾ ਮੋਹਣ ਬੱਗੜ ਫਾਈਟ ਮਾਸਟਰ), ਅਮਰ ਤੇ ਉਮਕਾਰ ਵਰਮਾ, ਕਹਾਣੀ ਸੁਖਦੇਵ ਆਹਲੂਵਾਲੀਆ, ਗੀਤ ਵਰਮਾ ਮਲਿਕ ਅਤੇ ਮੌਸੀਕੀ ਸੋਨਿਕ-ਓਮੀ ਜੋੜੀ ਨੇ ਮੁਰੱਤਬਿ ਕੀਤੀ। ਹਿੰਦੀ ’ਚ ਇਹ ਫ਼ਿਲਮ ਤੋਲਾਨੇ ਇੰਟਰਪ੍ਰਾਈਸਜ, ਬੰਬੇ ਦੇ ਬੈਨਰ ‘ਦੋ ਸ਼ੋਅਲੇ’ (19 ਮਾਰਚ 1977) ਦੇ ਨਾਮ ਨਾਲ ਡੱਬ ਹੋਈ ਸੀ। ਰੂਪੇਸ਼ ਫ਼ਿਲਮਜ਼ ਕੰਬਾਇਨ, ਬੰਬੇ ਦੀ ਓਮੀ ਬੇਦੀ ਨਿਰਦੇਸ਼ਿਤ ਦੇਸ਼ ਭਗਤੀ ਫ਼ਿਲਮ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ’ (1974) ਵਿਚ ਉਸਨੇ ‘ਵਕੀਲ’ ਦਾ ਰੋਲ ਕੀਤਾ ਜਦੋਂ ਕਿ ਭਗਤ ਸਿੰਘ ਦੇ ਟਾਈਟਲ ਕਿਰਦਾਰ ਵਿਚ ਸੋਮ ਦੱਤ (ਭਰਾ ਸੁਨੀਲ ਦੱਤ) ਮੌਜੂਦ ਸੀ। ਇਹ ਫ਼ਿਲਮ 14 ਨਵੰਬਰ 1974 ਨੂੰ ਆਦਰਸ਼ ਸਿਨਮਾ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਬੂਟਾ ਸਿੰਘ ਸ਼ਾਦ ਦੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਬੂਟਾ ਸਿੰਘ ਸ਼ਾਦ ਦੀ ਹਿਦਾਇਤਕਾਰੀ ਵਿਚ ਬਣੀ ਧਾਰਮਿਕ ਫ਼ਿਲਮ ‘ਮਿੱਤਰ ਪਿਆਰੇ ਨੂੰ’ (1975) ਵਿਚ ਉਸਨੇ ਅਦਾਕਾਰਾ ਮੀਨਾ ਰਾਏ (ਸ਼ੀਤਲ) ਦੇ ਪਿਤਾ ਦਾ ਚਰਿੱਤਰ ਕਿਰਦਾਰ ਨਿਭਾਇਆ। ਵੇਦਪਾਲ ਵਰਮਾ ਦੇ ਸੰਗੀਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲਿਆ ਗਿਆ ਇਕ ਸ਼ਬਦ ਰਾਜਨ ਹਕਸਰ ਤੇ ਸਾਥੀ ਕਲਾਕਾਰਾਂ ’ਤੇ ਫ਼ਿਲਮਾਇਆ ਗਿਆ। ਇਹ ਫ਼ਿਲਮ 12 ਸਤੰਬਰ 1975 ਨੂੰ ਐਨਮ ਥੀਏਟਰ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਬਰਾੜ ਪ੍ਰੋਡਕਸ਼ਨਜ਼ ਦੀ ਹੀ ਬੂਟਾ ਸਿੰਘ ਸ਼ਾਦ ਤੇ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਸੱਚਾ ਮੇਰਾ ਰੂਪ ਹੈ’ (1976) ਵਿਚ ਰਾਜਨ ਨੇ ਅਦਾਕਾਰਾ ਸਰਿਤਾ ਦੇ ਪਿਓ ‘ਸਰਦਾਰ ਜੀ’ ਦਾ ਚਰਿੱਤਰ ਰੋਲ ਅਦਾ ਕੀਤਾ। ਇਹ ਫ਼ਿਲਮ 17 ਸਤੰਬਰ 1976 ਨੂੰ ਰਿਆਲਟੋ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਵਿਨਾਇਕ ਫ਼ਿਲਮਜ਼, ਬੰਬੇ ਦੀ ਸੋਮ ਹਕਸਰ ਨਿਰਦੇਸ਼ਿਤ ਫ਼ਿਲਮ ‘ਨੱਚਦੀ ਜਵਾਨੀ’ (1977) ਵਿਚ ਰਾਜਨ ਨੇ ਫ਼ਿਲਮ ਦੀ ਦੂਜੀ ਹੀਰੋਇਨ ਰੀਟਾ ਹਕਸਰ (ਰਾਜਨ ਹਕਸਰ ਦੀ ਧੀ) ਦੇ ਪਿਤਾ ‘ਰਿਟਾਇਰ ਸੂਬੇਦਾਰ’ ਦਾ ਰੋਲ ਅਦਾ ਕੀਤਾ। ਜੁਗਨੂੰ ਫ਼ਿਲਮਜ਼, ਬਠਿੰਡਾ ਦੀ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਮੁਟਿਆਰ’ (1979) ’ਚ ਉਸਨੇ ਪਿੰਡ ਦੇ ਸ਼ਾਹੂਕਾਰ ‘ਸੇਠ ਦੀਨ ਦਿਆਲ’ ਦਾ ਰੋਲ ਕੀਤਾ। ਸ਼ੀਤਲ ਮੂਵੀਜ਼, ਬੰਬੇ ਦੀ ਕੈਲਾਸ਼ ਭੰਡਾਰੀ ਨਿਰਦੇਸ਼ਿਤ ਫ਼ਿਲਮ ‘ਸਹਿਤੀ ਮੁਰਾਦ’ (1979) ’ਚ ‘ਸਹਿਤੀ’ (ਧੀ ਰੀਟਾ ਹਕਸਰ) ਦੇ ਪਿਓ ਦਾ ਕਿਰਦਾਰ ਨਿਭਾਇਆ।
1980ਵਿਆਂ ਦੇ ਦਹਾਕੇ ਵਿਚ ਰਾਜਨ ਹਕਸਰ ਨੇ ਰਮਨ ਇੰਟਰਪ੍ਰਾਈਸਜ, ਬੰਬੇ ਦੀ ਸੁਰਿੰਦਰ ਕਪਲ ਨਿਰਦੇਸ਼ਿਤ ਫ਼ਿਲਮ ‘ਜੋਸ਼ ਜਵਾਨੀ ਦਾ’ (1981/ਸੇਠ ਜੀ), ਕਲਾਦੀਪ ਮੂਵੀਜ਼ ਨਵੀਂ ਦਿੱਲੀ ਦੀ ਫ਼ਿਲਮ ‘ਵੇਹੜਾ ਲੰਬੜਾਂ ਦਾ’ (1982/ਕੌਡੇ ਸ਼ਾਹ), ਅਮਿਤ ਫ਼ਿਲਮਜ਼ ਇੰਟਰਨੈਸ਼ਨਲ, ਬੰਬਈ ਦੀ ‘ਸੁਹਾਗ ਚੂੜਾ’ (1988/ਪ੍ਰਤਾਪ) ਆਦਿ ’ਚ ਆਪਣੇ ਫ਼ਨ ਦੀ ਨੁਮਾਇਸ਼ ਕੀਤੀ।
ਬਤੌਰ ਫ਼ਿਲਮਸਾਜ਼ ਰਾਜਨ ਹਕਸਰ ਨੇ ਤਿੰਨ ਫ਼ਿਲਮਾਂ ਬਣਾਈਆਂ ਤੇ ਅਦਾਕਾਰੀ ਵੀ ਕੀਤੀ। ਪਹਿਲੀ ਆਜ਼ਾਦ ਫ਼ਿਲਮਸਾਜ਼ ਵਜੋਂ ਮੂਵੀਫੇਅਰ, ਬੰਬੇ ਦੀ ‘ਆਧੀ ਰਾਤ ਕੇ ਬਾਦ’ (1965)। ਦੂਜੀ ਮਾਡਰਨ ਪਿਕਚਰਜ਼, ਬੰਬੇ ਦੀ ‘ਪਿਆਰ ਕਾ ਸਪਨਾ’ (1969/ਸਹਿਯੋਗੀ ਫ਼ਿਲਮਸਾਜ਼) ਅਤੇ ਤੀਜੀ ਵੀ ਸਹਿਯੋਗੀ ਫ਼ਿਲਮਸਾਜ਼ ਵਜੋਂ ਇਸੇ ਬੈਨਰ ਦੀ ਫ਼ਿਲਮ ‘ਰੇਸ਼ਮ ਕੀ ਡੋਰੀ’ (1974) ਸੀ। ਇਨ੍ਹਾਂ ਫ਼ਿਲਮਾਂ ਤੋਂ ਬਾਅਦ ਰਾਜਨ ਹਕਸਰ ਨੇ ਕਿਸੇ ਫ਼ਿਲਮ ਦਾ ਨਿਰਮਾਣ ਨਹੀਂ ਕੀਤਾ ਅਤੇ ਅਦਾਕਾਰੀ ਨੂੰ ਹੀ ਪੂਰੀ ਤਰ੍ਹਾਂ ਸਮਰਪਿਤ ਰਹੇ। ਉਸਦੀ ਚਰਿੱਤਰ ਅਦਾਕਾਰ ਵਜੋਂ ਆਖ਼ਰੀ ਹਿੰਦੀ ਫ਼ਿਲਮ ‘ਆਖ਼ਰੀ ਸੰਘਰਸ਼’ (1997) ਸੀ।
200 ਤੋਂ ਮਜ਼ੀਦ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿਚ ਹੀਰੋ ਤੋਂ ਬਾਅਦ ਖ਼ਲਨਾਇਕ ਤੇ ਚਰਿੱਤਰ ਕਿਰਦਾਰ ਨਿਭਾਉਣ ਵਾਲੇ ਰਾਜਨ ਹਕਸਰ 18 ਅਗਸਤ 1999 ਨੂੰ 76 ਸਾਲਾਂ ਦੀ ਉਮਰੇ ਬੰਬਈ ਵਿਖੇ ਇੰਤਕਾਲ ਕਰ ਗਏ। 15 ਫਰਵਰੀ 2008 ਨੂੰ 82 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਅਦਾਕਾਰਾ ਪਤਨੀ ਮਨੋਰਮਾ ਵੀ ਫ਼ੌਤ ਹੋ ਗਈ। ਇਨ੍ਹਾਂ ਦੋਵਾਂ ਦੀ ਇਕ ਧੀ ਦਾ ਨਾਮ ਰੀਟਾ ਹਕਸਰ ਹੈ, ਜਿਸ ਨੇ 70 ਦੇ ਦਹਾਕੇ ਦੇ ਅੱਧ ਵਿਚ ਕੁਝ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿਚ ਹੀਰੋਇਨ ਦਾ ਕਿਰਦਾਰ ਨਿਭਾਇਆ, ਪਰ ਫ਼ਿਲਮਾਂ ਵਿਚ ਬਹੁਤੀ ਸਫਲਤਾ ਨਾ ਮਿਲਣ ਸਦਕਾ ਉਹ ਇੰਜੀਨੀਅਰ ਨਾਲ ਵਿਆਹ ਕਰਵਾ ਕੇ ਪੱਕੇ ਤੌਰ ’ਤੇ ਦੁਬਈ ਜਾ ਵੱਸੀ।
ਸੰਪਰਕ: 97805-09545