ਮਨਦੀਪ ਸਿੰਘ ਸਿੱਧੂ
ਰੂਪਲੇਖਾ ਦੀ ਪੈਦਾਇਸ਼ 1918 ਨੂੰ ਬੰਬਈ ਦੇ ਯਹੂਦੀ ਪਰਿਵਾਰ ਵਿੱਚ ਹੋਈ। ਉਸ ਦਾ ਅਸਲ ਨਾਮ ਮਿਸ ਹੈਲਨ ਤੇ ਫਿਲਮੀ ਨਾਮ ਰੂਪਲੇਖਾ ਸੀ। ਉਹ ਮਾਰੂਫ਼ ਅਦਾਕਾਰਾ ਰਮੋਲਾ (ਰਸ਼ੇਲ ਕੋਹੇਨ) ਦੀ ਸਕੀ ਛੋਟੀ ਭੈਣ ਸੀ। ਇਨ੍ਹਾਂ ਦਾ ਆਬਾਈ ਤਾਲੁਕ ਕਲਕੱਤਾ ਦੇ ਇਜ਼ਰਾਇਲੀ ਖ਼ਾਨਦਾਨ ਨਾਲ ਸੀ। ਉਸ ਦੇ ਪਿਤਾ ਹਾਇਮ ਕੋਹੇਨ ਸਕੂਲ ਅਧਿਆਪਕ ਸਨ। ਉਸ ਦਾ ਬਚਪਨ ਕਲਕੱਤੇ ਬੀਤਿਆ ਤੇ ਇੱਥੋਂ ਹੀ ਮੁੱਢਲੀ ਤਾਲੀਮ ਹਾਸਲ ਕੀਤੀ। ਫਿਲਮਾਂ ’ਚ ਕਦਮ ਰੱਖਣ ਤੋਂ ਪਹਿਲਾਂ ਰੂਪਲੇਖਾ ਆਪਣੀ ਵੱਡੀ ਭੈਣ ਨਾਲ ਕਲਕੱਤੇ ਵਿੱਚ ਥੀਏਟਰ ਕਰਦੀ ਸੀ। ਫਿਰ ਉਸ ਨੂੰ ਫਿਲਮਾਂ ਨਾਲ ਇਸ ਕਦਰ ਦਿਲਚਸਪੀ ਹੋਈ ਕਿ ਆਪਣੀ ਵੱਡੀ ਭੈਣ ਵਾਂਗ ਅਦਾਕਾਰਾ ਬਣ ਗਈ।
ਜਦੋਂ ਸੇਠ ਦਲਸੁਖ ਐੱਮ. ਪੰਚੋਲੀ ਨੇ ਆਪਣੇ ਫਿਲਮਸਾਜ਼ ਅਦਾਰੇ ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਮਜ਼ਾਹੀਆ ਪੰਜਾਬੀ ਫਿਲਮ ‘ਚੌਧਰੀ’ (1941) ਸ਼ੁਰੂ ਕੀਤੀ ਤਾਂ ਹਿਦਾਇਤਕਾਰ ਨਿਰੰਜਨ (ਸਹਾਇਕ ਨਾਜ਼ਿਮ ਪਾਣੀਪਤੀ ਗੀਤਕਾਰ) ਨੇ ਮਿਸ ਹੈਲਨ ਨੂੰ ਰੂਪਲੇਖਾ ਦੇ ਨਵੇਂ ਨਾਂ ਨਾਲ ਮੁਤਆਰਿਫ਼ ਕਰਵਾਇਆ। ਫਿਲਮ ’ਚ ਉਸ ਨੇ ਐਂਗਲੋ ਇੰਡੀਅਨ ਲੇਡੀ ‘ਮਿਸ ਹੈਲਨ’ ਦਾ ਪਾਰਟ ਅਦਾ ਕੀਤਾ। ਫਿਲਮ ਦੇ ਮਰਕਜ਼ੀ ਕਿਰਦਾਰ ’ਚ ਲਾਹੌਰ ਦਾ ਗੱਭਰੂ ਐੱਸ. ਪਾਲ ਪ੍ਰੀਤਨਗਰ ਦਾ ‘ਰਾਜਕੁਮਾਰ’ ਤੇ ਉਸ ਦੇ ਹਮਰਾਹ ਨੂਰਜਹਾਂ ‘ਚੰਦਾ’ ਦਾ ਰੋਲ ਕਰ ਰਹੀ ਸੀ। ਰਾਜੂ ‘ਚੌਧਰੀ’ ਦਾ ਟਾਈਟਲ ਕਿਰਦਾਰ ਗ਼ੁਲਾਮ ਮੁਹੰਮਦ ਅਦਾ ਕਰ ਰਿਹਾ ਸੀ ਤੇ ਦੀਗ਼ਰ ਫ਼ਨਕਾਰਾਂ ਵਿੱਚ ਦੁਰਗਾ ਮੋਟਾ, ਪ੍ਰਾਣ ਕ੍ਰਿਸ਼ਨ ਸਿਕੰਦ, ਰਾਮ ਲਾਲ, ਨਫ਼ੀਸ, ਭਾਈ ਦੇਸਾ, ਮਿੱਠੀ ਨੈਣ, ਮਾਸਟਰ ਚੰਨੀ ਅਤੇ ਦੇਵ ਦੱਤ ਨੁਮਾਇਆ ਸਨ। ਫ਼ਸਾਨਾ, ਮੰਜ਼ਰਨਾਮਾ ਨਿਰੰਜਨ (ਹਿਦਾਇਤਕਾਰ), ਮੁਕਾਲਮੇ ਤੇ 9 ਗੀਤ ਐੱਫ. ਡੀ. ਸ਼ਰਫ਼ (ਕਵੀ ਫ਼ਿਰੋਜ਼ਦੀਨ ਸ਼ਰਫ਼) ਅਤੇ ਸੰਗੀਤਕ ਤਰਜ਼ਾਂ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਤਾਮੀਰ ਕੀਤੀਆਂ। ਰੂਪਲੇਖਾ ਤੇ ਗ਼ੁਲਾਮ ਮੁਹੰਮਦ’ਤੇ ਫਿਲਮਾਇਆ ਗੀਤ ‘ਹਾਏ ਮੈਂ ਮਰਗੀ ਯੂ ਆਰ ਕਿੱਡੇ ਬਿਊਟੀਫੁਲ…ਹਲਾ ਓ ਬੇਲੀਆ ਹੋਂਟ ਗੁਲਾਬੀ ਪੱਤੀਆਂ ਕਲੀਆਂ ਵਰਗੇ ਦੰਦ ਬੇਲੀਆ’ (ਸ਼ਮਸ਼ਾਦ ਬੇਗ਼ਮ, ਗ਼ੁਲਾਮ ਹੈਦਾਰ ਜੇ. ਪੀ. 1017/1021) ਅਵਾਮ ਨੇ ਬੜਾ ਪਸੰਦ ਕੀਤਾ। ਬੇਸ਼ੱਕ ਇਸ ਫਿਲਮ ਦੀ ਮੁੱਖ ਹੀਰੋਇਨ ਨੂਰਜਹਾਂ ਸੀ, ਪਰ ਫਿਲਮ ਦੇ ਬੁੱਕਲੈੱਟ ਪੋਸਟਰ ਉੱਤੇ ਰੂਪਲੇਖਾ ਦੀ ਲੱਗੀ ਤਸਵੀਰ ਵਕਤ ਦੀ ਉਮਦਾ ਅਦਾਕਾਰਾ ਬਣਨ ਦਾ ਅਹਿਸਾਸ ਕਰਵਾ ਰਹੀ ਸੀ। ਇਹ ਫਿਲਮ 22 ਅਗਸਤ 1941 ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਕਰਾਰ ਪਾਈ।
ਇਸ ਪੰਜਾਬੀ ਫਿਲਮ ਦੀ ਜਬਰਦਸਤ ਕਾਮਯਾਬੀ ਤੋਂ ਬਾਅਦ ਰੂਪਲੇਖਾ ਤੋਂ ਚੰਗੀਆਂ ਫਿਲਮਾਂ ਦੀ ਉਮੀਦ ਬੱਝ ਗਈ ਸੀ। ਫਿਲਮਸਾਜ਼ ਆਰ. ਐੱਲ. ਸ਼ੋਰੀ (ਰੌਸ਼ਨ ਲਾਲ ਸ਼ੋਰੀ) ਨੇ ਆਪਣੇ ਫਿਲਮਸਾਜ਼ ਅਦਾਰੇ ਸ਼ੋਰੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਪੁੱਤਰ ਰੂਪ ਕੇ. ਸ਼ੋਰੀ ਦੀ ਹਿਦਾਇਤਕਾਰੀ (ਸਹਾਇਕ ਮਜਨੂੰ ਉਰਫ਼ ਹੈਰੋਲਡ ਲੂਈਸ) ਵਿੱਚ ਹਿੰਦੀ ਫਿਲਮ ‘ਨਿਸ਼ਾਨੀ’ (1942) ਸ਼ੁਰੂ ਕੀਤੀ। ਫਿਲਮ ’ਚ ਰੂਪਲੇਖਾ ਨੇ ਦੂਜੀ ਅਦਾਕਾਰਾ ਵਜੋਂ ‘ਲੀਲਾ’ ਦਾ ਕਿਰਦਾਰ, ਜਿਸ ਦੇ ਮੁਕਾਬਲੇ ਮਜਨੂੰ ‘ਅਜੀਤ ਕੁਮਾਰ’ ਦਾ ਪਾਰਟ ਨਿਭਾ ਰਿਹਾ ਸੀ। ਮਰਕਜ਼ੀ ਕਿਰਦਾਰ ਵਿੱਚ ਅਦਾਕਾਰਾ ਰਾਗਿਨੀ (ਇੰਦਰਾ) ਤੇ ਮਜਨੂੰ (ਡਬਲ ਰੋਲ/ਰਣਜੀਤ ਕੁਮਾਰ) ਮੌਜੂਦ ਸਨ। ਕਹਾਣੀ ਤੇ ਮੰਜ਼ਰਨਾਮਾ ਹੈਰੋਲਡ ਲੂਈਸ (ਮਜਨੂੰ), ਮੁਕਾਲਮੇ ਤੇ 10 ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਤ ਅਮਰਨਾਥ (ਨਾਲ ਐੱਚ.ਐੱਮ.ਵੀ. ਆਰਕੈਸਟਰਾ) ਨੇ ਮੁਰੱਤਬਿ ਕੀਤਾ। ਤਸਵੀਰ-ਕਸ਼ੀ ਹਰਚਰਨ ਸਿੰਘ ਕਵਾਤੜਾ (ਭਰਾ ਸਰਦੂਲ ਕਵਾਤੜਾ ਸੰਗੀਤਕਾਰ) ਅਤੇ ਆਰਟ ਡਾਇਰੈਕਟਰ ਇਫ਼ਤਿਖ਼ਾਰ ਅਹਿਮਦ ਸਨ। ਫਿਲਮ ਦੇ ਖ਼ੂਬਸੂਰਤ ਗੀਤ ਨਸੀਮ ਅਖ਼ਤਰ, ਜ਼ੀਨਤ ਬੇਗ਼ਮ ਤੇ ਸ਼ਮਸ਼ਾਦ ਬੇਗ਼ਮ ਨੇ ਗਾਏ। ਫਿਲਮ ਦੇ ਬੁੱਕਲੈੱਟ ਪੋਸਟਰ ਉੱਤੇ ਸਭ ਤੋਂ ਉੱਪਰ ਰੂਪਲੇਖਾ ਦੀ ਤਸਵੀਰ ਤੇ ਉਸ ਤੋਂ ਥੱਲੇ ਰਾਗਿਨੀ ਤੇ ਮਜਨੂੰ ਦੀਆਂ ਤਸਵੀਰਾਂ ਸਨ। ਇਹ ਫਿਲਮ 7 ਨਵੰਬਰ 1943 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ।
ਇਸ ਤੋਂ ਬਾਅਦ ਰੂਪਲੇਖਾ ਲਾਹੌਰ ਤੋਂ ਆਪਣੀ ਭੈਣ ਰਮੋਲਾ ਦੇ ਜ਼ਰੀਏ ਵਾਪਸ ਬੰਬਈ ਆ ਗਈ ਤੇ ਤਲਵਾਰ ਪ੍ਰੋਡਕਸ਼ਨਜ਼ ਵਿੱਚ ਸ਼ਾਮਲ ਹੋ ਗਈ। ਜਦੋਂ ਆਰ. ਸੀ. ਤਲਵਾਰ ਉਰਫ਼ ਰਘਬੀਰ ਚੰਦ ਤਲਵਾਰ ਨੇ ਆਪਣੇ ਫਿਲਮਸਾਜ਼ ਅਦਾਰੇ ਤਲਵਾਰ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਐੱਚ. ਐੱਸ. ਰਵੇਲ (ਹਰਨਾਮ ਸਿੰਘ ਰਵੇਲ) ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਸ਼ੁਕਰੀਆ’ (1944) ਸ਼ੁਰੂ ਕੀਤੀ ਤਾਂ ਰਵੇਲ ਨੇ ਰੂਪਲੇਖਾ ਨੂੰ ਸਾਥੀ ਅਦਾਕਾਰਾ ਦਾ ਪਾਰਟ ਦਿੱਤਾ। ਮੁੱਖ ਕਿਰਦਾਰ ਵਿੱਚ ਭੈਣ ਰਮੋਲਾ ਤੇ ਸੁੰਦਰ ਸਿੰਘ (ਕਾਮੇਡੀਅਨ) ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਫਿਲਮ ’ਚ ਲਾਹੌਰ ਦੀ ਪੰਜਾਬਣ ਮੁਟਿਆਰ ਮਨੋਰਮਾ ਵੀ ਅਹਿਮ ਕਿਰਦਾਰ ਵਿੱਚ ਮੌਜੂਦ ਸੀ। ਦੀਗ਼ਰ ਫ਼ਨਕਾਰਾਂ ਵਿੱਚ ਰਕਸ਼ਾ, ਜ਼ਹੂਰ ਸ਼ਾਹ, ਮਾਸਟਰ ਗਾਮਾ, ਏ. ਐੱਸ. ਗਿਆਨੀ, ਬ੍ਰਿਜ ਸ਼ਰਮਾ ਤੇ ਅਮਰ ਨੁਮਾਇਆ ਸਨ। ਕਹਾਣੀ ਤੇ ਮੁਕਾਲਮੇ ਹਕੀਮ ਅਹਿਮਦ ਸ਼ੁਜਾ, 10 ਗੀਤ ਜੀ. ਏ. ਚਿਸ਼ਤੀ (ਗ਼ੁਲਾਮ ਅਹਿਮਦ ਚਿਸ਼ਤੀ) ਤੇ ਸ਼ਾਂਤੀ ਸਰੂਪ ਅਤੇ ਸੁਰੀਲੀਆਂ ਧੁਨਾਂ ਦੇ ਸਿਰਜਕ ਵੀ ਜੀ. ਏ. ਚਿਸ਼ਤੀ ਸਨ। ਫਿਲਮ ਦੇ ਗੀਤ ਬਰਕਤ ਅਲੀ ਖ਼ਾਨ, ਜ਼ੀਨਤ ਬੇਗ਼ਮ, ਨਸੀਮ ਅਖ਼ਤਰ, ਸ਼ਮਸ਼ਾਦ ਬੇਗ਼ਮ, ਮੁਨੱਵਰ ਸੁਲਤਾਨਾ, ਸੁੰਦਰ ਸਿੰਘ ਤੇ ਅਮਰ ਨੇ ਗਾਏ ਸਨ। ਇਹ ਫਿਲਮ 28 ਅਪ੍ਰੈਲ 1944 ਨੂੰ ਪੈਲੇਸ ਥੀਏਟਰ, ਲਾਹੌਰ ਵਿਖੇ ਰਿਲੀਜ਼ ਹੋਈ।
ਆਰ. ਸੀ. ਤਲਵਾਰ ਨੇ ਆਪਣੇ ਫਿਲਮਸਾਜ਼ ਅਦਾਰੇ ਹੇਠ ਆਪਣੀ ਫਿਲਮਾਕਾਰੀ ਤੇ ਹਿਦਾਇਤਕਾਰੀ (ਸਹਾਇਕ ਸ਼ਾਂਤੀ ਸਰੂਪ, ਰੋਮੇਸ਼ ਜੋਸ਼ੀ) ਵਿੱਚ ਹਿੰਦੀ ਫਿਲਮ ‘ਅਲਬੇਲੀ’ (1945) ਬਣਾਈ। ਫਿਲਮ ’ਚ ‘ਅਲਬੇਲੀ’ ਦਾ ਟਾਈਟਲ ਰੋਲ ਰਮੋਲਾ ਤੇ ਉਸ ਮੁਕਾਬਲੇ ਸਤੀਸ਼ ਛਾਬੜਾ ‘ਗੁੱਲ’ ਦਾ ਪਾਰਟ ਅਦਾ ਕਰ ਰਿਹਾ ਸੀ। ਰੂਪਲੇਖਾ ਤੇ ਮਨੋਰਮਾ ਨੇ ਸਾਥੀ ਅਦਾਕਾਰਾ ਦਾ ਕਿਰਦਾਰ ਤੇ ਦੂਜੇ ਹੀਰੋ ਵਜੋਂ ਮਜ਼ਾਹੀਆ ਅਦਾਕਾਰ ਸੁੰਦਰ ਸਿੰਘ ‘ਸੁੰਦਰ’ ਦਾ ਪਾਤਰ ਨਿਭਾ ਰਿਹਾ ਸੀ। ਬਾਕੀ ਫ਼ਨਕਾਰਾਂ ਵਿੱਚ ਹੀਰਾ ਲਾਲ, ਮਿਸ ਊਸ਼ਾ, ਨਵਾਜ਼ਿਸ਼ ਅਲੀ ਸ਼ਾਮਲ ਸਨ। ਕਹਾਣੀ ਆਰ. ਸੀ. ਤਲਵਾਰ, ਮੰਜ਼ਰਨਾਮਾ ਤੇ ਮੁਕਾਲਮੇ ਜੇ. ਐੱਸ. ਕਸ਼ਯਪ, 12 ਗੀਤ ਸ਼ਾਂਤੀ ਸਰੂਪ ਤੇ ਜੀ. ਏ. ਚਿਸ਼ਤੀ ਅਤੇ ਸੰਗੀਤਕ ਧੁਨਾਂ ਜੀ. ਏ. ਚਿਸ਼ਤੀ ਨੇ ਤਰਤੀਬ ਦਿੱਤੀਆਂ। ਇਹ ਫਿਲਮ 22 ਦਸੰਬਰ 1945 ਨੂੰ ਸੈਂਟਰਲ ਸਿਨਮਾ, ਬੰਬੇ ਤੇ ਇੱਕ ਅਕਤੂਬਰ 1945 ਨੂੰ ’ਚ ਲਾਹੌਰ ਰਿਲੀਜ਼ ਹੋਈ।
ਜਦੋਂ ਐੱਚ. ਐੱਸ. ਰਵੇਲ ਨੇ ਆਪਣੇ ਫਿਲਮਸਾਜ਼ ਅਦਾਰੇ ਰਵੇਲ ਪ੍ਰੋਡਕਸ਼ਨਜ਼, ਕਲਕੱਤਾ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਝੂਠੀ ਕਸਮੇਂ’ (1948) ਸ਼ੁਰੂ ਕੀਤੀ ਤਾਂ ਰੂਪਲੇਖਾ ਤੇ ਰਮੋਲਾ ਨੂੰ ਬੰਬੇ ਤੋਂ ਕਲਕੱਤੇ ਸੱਦ ਲਿਆ। ਫਿਲਮ ’ਚ ਰਮੋਲਾ ਤੇ ਰਾਬਿਨ ਮਜੂਮਦਾਰ ਜੋੜੀਦਾਰ ਸਨ ਜਦੋਂਕਿ ਦੂਜੀ ਹੀਰੋਇਨ ਵਜੋਂ ਰੂਪਲੇਖਾ ਦੇ ਸਨਮੁੱਖ ਸੁੰਦਰ ਅਦਾਕਾਰੀ ਕਰ ਰਿਹਾ ਸੀ। ਬਾਕੀ ਫ਼ਨਕਾਰਾਂ ਵਿੱਚ ਮਨੋਰਮਾ, ਹੀਰਾ ਲਾਲ, ਰਿੜਕੂ, ਪ੍ਰੇਮ ਕੁਮਾਰੀ, ਇਫ਼ਤੇਖ਼ਾਰ ਨੁਮਾਇਆ ਸਨ। 11 ਗੀਤ ਜਮੀਲ ਮਜ਼ਹਰੀ ਤੇ ਜੀ. ਏ. ਚਿਸ਼ਤੀ ਅਤੇ ਸੰਗੀਤ ਹਿਦਾਇਤਕਾਰ ਵੀ ਜੀ. ਏ. ਚਿਸ਼ਤੀ ਸਨ। ਇਹ ਰੂਪਲੇਖਾ ਦੀ ਆਖ਼ਰੀ ਫਿਲਮ ਕਰਾਰ ਪਾਈ।
ਰੂਪਲੇਖਾ ਉਰਦੂ, ਹਿੰਦੀ ਤੇ ਪੰਜਾਬੀ ਜ਼ੁਬਾਨ ਬੋਲ ਤਾਂ ਲੈਂਦੀ ਸੀ, ਪਰ ਉਸ ਦਾ ਉਚਾਰਣ ਸਾਫ਼ ਨਹੀਂ ਸੀ। ਫਿਰ ਵੀ ਆਪਣੇ ਅੰਦਾਜ਼ ਨਾਲ ਉਹ ਦਰਸ਼ਕਾਂ ਦੀ ਪਸੰਦ ਬਣ ਚੁੱਕੀ ਸੀ। ਰੂਪਲੇਖਾ ਦਾ ਫਿਲਮ ਸਫ਼ਰ 1941 ਤੋਂ 1948 ਤੱਕ ਹੀ ਰਿਹਾ। ਜਦੋਂ ਉਹ ਆਪਣੀ ਅਦਾਕਾਰੀ ਦੇ ਉਰੂਜ਼ ਉੱਤੇ ਪਹੁੰਚ ਰਹੀ ਸੀ ਤਾਂ ਇਕਦਮ ਉਸ ਨੇ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ। ਇਸ ਤੋਂ ਬਾਅਦ ਉਹ ਕਿੱਥੇ ਚਲੀ ਗਈ, ਕੀਹਦੇ ਨਾਲ ਵਿਆਹੀ ਗਈ ਤੇ ਕਦੋਂ ਫੋਤ ਹੋਈ? ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਕੁਝ ਪਤਾ ਨਹੀਂ ਲੱਗ ਸਕਿਆ।
ਸੰਪਰਕ: 97805-09545