ਡਾ. ਸਾਹਿਬ ਸਿੰਘ
ਜਦੋਂ ਆਦਿ ਮਨੁੱਖ ਦੇ ਕਬੀਲੇ ਬਣੇ, ਕਬੀਲਿਆਂ ਦੀ ਸਮਾਜਿਕ ਸੰਰਚਨਾ ਸਿਰੇ ਚੜ੍ਹੀ, ਪਰਿਵਾਰ ਬਣਿਆ, ਵੱਸੋਂ ਦੀ ਪਿੰਡ ਰੂਪੀ ਇਕਾਈ ਸਾਹਮਣੇ ਆਈ ਤਾਂ ਪਿੰਡ ਆਪਣੇ ਖਾਣ ਪੀਣ ਤੇ ਨਿਰਬਾਹ ਲਈ ਮੁਸ਼ੱਕਤਾਂ ਕਰਦਾ ਤਾਂ ਵਿਹਲੇ ਸਮੇਂ ਉਸ ਨੂੰ ਮਨੋਰੰਜਨ ਚਾਹੀਦਾ ਸੀ। ਜਿੱਥੇ ਆਰਥਿਕ ਵਸੀਲੇ ਪੈਦਾ ਹੋ ਰਹੇ ਸਨ, ਮਨੁੱਖ ਆਪਣੇ ਵਿੱਤ ਅਨੁਸਾਰ ਮਨੋਰੰਜਨ ਦੇ ਤਰੀਕੇ ਖੋਜਣ ਲੱਗਾ। ਟਕੋਰ ਕਰਨੀ, ਹੱਸਣਾ ਤੇ ਹਸਾਉਣਾ, ਉੱਚੀ ਬੋਲ ਕੇ ਵੱਡੇ ਸਮੂਹ ਨੂੰ ਕਥਾ ਸੁਣਾਉਣੀ, ਕੰਨ ’ਤੇ ਹੱਥ ਰੱਖ ਹੇਕ ਲਾ ਕੇ ਗਾਉਣਾ, ਹਵਾ ’ਚ ਛਾਲਾਂ ਮਾਰਨੀਆਂ, ਸਰੀਰ ਨੂੰ ਪੁੱਠੇ ਸਿੱਧੇ ਢੰਗ ਨਾਲ ਤੋੜਨਾ ਮਰੋੜਨਾ। ਇਹ ਸਭ ਕੁਝ ਕਲਾ ਰੂਪ ਦਾ ਮੁੱਢਲਾ ਅਭਿਆਸੀ ਤੇ ਅਪ੍ਰਭਾਸ਼ਿਤ ਦੌਰ ਸੀ। ਇਸ ਵਿਚੋਂ ਨਕਲਾਂ ਪੈਦਾ ਹੋ ਗਈਆਂ। ਉਹ ਵਿਅਕਤੀ ਲੱਭੇ ਗਏ ਜੋ ਦੂਜਿਆਂ ਦੀ ਨਕਲ ਉਤਾਰਦੇ ਤਾਂ ਚੰਗੇ ਲੱਗਦੇ। ਉਨ੍ਹਾਂ ਵਿਅਕਤੀਆਂ ਦੀ ਸ਼ਨਾਖਤ ਹੋਈ ਜੋ ਆਵਾਜ਼ ਦੇ ਉਤਰਾਅ ਚੜ੍ਹਾਅ ਰਾਹੀਂ ਗੱਲ ਦੂਰ ਤੱਕ ਪਹੁੰਚਾ ਸਕਦੇ ਸੀ, ਜੋ ਗਾ ਕੇ ਕਥਾ ਅੱਗੇ ਤੋਰ ਸਕਦੇ ਸਨ। ਜੋ ਨੱਚ ਸਕਦੇ ਸਨ। ਇਹ ਸਭ ਕਰਦਿਆਂ ਹੀ ਕਿਸੇ ਨੇ ਰੁੱਖ ਦੇ ਪੱਤੇ ਤੋੜ ਪੀਪਨੀ ਬਣਾ ਮੂੰਹ ਨੂੰ ਲਾਈ ਹੋਵੇਗੀ ਤੇ ਫੂਕ ਮਾਰਨ ’ਤੇ ਸੰਗੀਤ ਪੈਦਾ ਹੋਇਆ ਹੋਵੇਗਾ। ਇਹ ਪੀਪਨੀ ਅੱਗੇ ਕਿਸੇ ਬਾਂਸ ਦੀ ਪੋਰੀ ’ਚ ਤਬਦੀਲ ਹੋਈ ਹੋਵੇਗੀ। ਫਿਰ ਉਸ ਪੋਰੀ ’ਚ ਮੋਰੀਆਂ ਕਰਨ ਦਾ ਖਿਆਲ ਆਇਆ ਹੋਵੇਗਾ ਤੇ ਬੰਸਰੀ ਵਜਾਉਣ ਵਾਲਾ ਸਾਹਮਣੇ ਆਇਆ ਹੋਵੇਗਾ। ਕਿਸੇ ਨੇ ਲੱਕੜ ਦੀ ਤਖ਼ਤੀ ’ਤੇ ਅਚਾਨਕ ਹੱਥ ਦੀ ਥਾਪ ਦਿੱਤੀ ਹੋਏਗੀ ਤਾਂ ਜਿਹੜੀ ਆਵਾਜ਼ ਨਿਕਲੀ ਹੋਏਗੀ, ਉਹ ਆਮ ਆਵਾਜ਼ ਨਾਲੋਂ ਵਧੇਰੇ ਖਿੱਚ ਪਾਊ ਤੇ ਵੱਖਰੀ ਮਹਿਸੂਸ ਹੋਈ ਹੋਵੇਗੀ। ਫਿਰ ਇਸ ਹੱਥ ਨੇ ਅਭਿਆਸ ਕੀਤਾ ਹੋਵੇਗਾ, ਹੌਲੀ ਹੌਲੀ ਇਹ ਸੰਗੀਤ ਬਣਿਆ। ਸਰੀਰ ਨੂੰ ਤੋੜਨ ਮਰੋੜਨ ਦੀਆਂ ਅਦਾਵਾਂ ਨ੍ਰਿਤ ਬਣ ਗਈਆਂ। ਫਿਰ ਕਥਾਵਾਂ ਜੁੜੀਆਂ। ਕਹਿਣ ਦਾ ਢੰਗ ਦਿਲਚਸਪ ਹੁੰਦਾ ਗਿਆ। ਇਹ ਲੋਕ ਨਾਟਕ ਸੀ। ਜਗਿਆਸੂ ਮਨੁੱਖ ਦੁਆਰਾ ਸਿਰਜਿਆ ਤੇ ਤਰਾਸ਼ਿਆ ਲੋਕ ਰੰਗਮੰਚ।
ਜਿਵੇਂ ਜਿਵੇਂ ਮਨੁੱਖ ਵਿਕਾਸ ਦੇ ਰਾਹ ਪਿਆ, ਉਹਦੇ ਸਾਹਮਣੇ ਨਵੀਆਂ ਚੁਣੌਤੀਆਂ ਆ ਖੜ੍ਹੀਆਂ। ਜਿਸ ਕੁਦਰਤ ਦੀ ਗੋਦ ’ਚ ਉਹ ਪਲਿਆ ਪਨਪਿਆ ਸੀ, ਉਸੇ ਕੁਦਰਤ ਨਾਲ ਉਹਦਾ ਮੁਕਾਬਲਾ ਸ਼ੁਰੂ ਹੋ ਗਿਆ। ਜੰਗਲ ’ਚ ਫੈਲਦੀ ਅੱਗ ਉਸ ਦਾ ਨੁਕਸਾਨ ਕਰਦੀ, ਉਹ ਡਰਨ ਲੱਗਿਆ। ਪਾਣੀ ਜਦੋਂ ਹੜ੍ਹਾਂ ਦਾ ਰੂਪ ਲੈਂਦਾ, ਉਹ ਪਾਣੀ ਅੱਗੇ ਹੱਥ ਜੋੜ ਖੜ੍ਹ ਜਾਂਦਾ। ਤੇਜ਼ ਹਵਾ ਹਨੇਰੀਆਂ, ਤੂਫ਼ਾਨਾਂ ਵਿੱਚ ਬਦਲਦੀ ਤਾਂ ਉਹ ਤ੍ਰਹਿ ਜਾਂਦਾ। ਆਕਾਸ਼ ਉਸ ਨੂੰ ਪਹੁੰਚ ਤੋਂ ਬਾਹਰ ਲੱਗਦਾ। ਮਿੱਟੀ ਉਸ ਦਾ ਢਿੱਡ ਭਰਨ ਲਈ ਉਸ ਨੂੰ ਖਾਣ ਸਮੱਗਰੀ ਪ੍ਰਦਾਨ ਕਰ ਰਹੀ ਸੀ। ਉਸ ਨੂੰ ਕੋਈ ਵੀ ਵਰਤਾਰਾ ਸਮਝ ਨਾ ਆਉਂਦਾ। ਉਸ ਨੇ ਅਗਨੀ, ਆਕਾਸ਼, ਹਵਾ, ਮਿੱਟੀ, ਪਾਣੀ ਨੂੰ ਦੇਵਤਾ ਮਿੱਥ ਲਿਆ। ਦੇਵਤਿਆਂ ਦੀ ਅਰਾਧਨਾ ਕਰਨ ਦੀ ਲੋੜ ਮਹਿਸੂਸ ਹੋਈ। ਅਰਾਧਨਾ ਲਈ ਕੋਈ ਸਥਾਨ ਚਾਹੀਦਾ ਸੀ, ਅਰਾਧਨਾ ਦਾ ਕੋਈ ਰੂਪ ਚਾਹੀਦਾ ਸੀ। ਕੋਈ ਵੱਖਰਾ ਰੰਗ ਚਾਹੀਦਾ ਸੀ। ਵਿਸ਼ੇਸ਼ ਦਿਨ ਦੀ ਲੋੜ ਸੀ। ਇਹ ਪੂਜਾ ਅਰਾਧਨਾ ਡਰ ਤੇ ਸ਼ਰਧਾ ’ਚੋਂ ਪੈਦਾ ਹੋ ਕੇ ਹੌਲੀ ਹੌਲੀ ਰਸਮ ਬਣ ਗਈ। ਇਸ ਰਸਮ ’ਚ ਚਾਅ ਤੇ ਹੁਲਾਸ ਵੀ ਆ ਜੁੜਿਆ। ਮਨੁੱਖੀ ਸਮੂਹ ਲਈ ਰਸਮਾਂ ਸਮਾਗਮ ਦਾ ਰੂਪ ਧਾਰ ਗਈਆਂ। ਉਹ ਸਮਾਗਮ ਨੂੰ ਦਿਲਚਸਪ ਬਣਾਉਣ ਲਈ ਤੇ ਦੇਵਤੇ ਪ੍ਰਤੀ ਸ਼ਰਧਾ ਪ੍ਰਗਟ ਕਰਨ ਦੀ ਸ਼ਿੱਦਤ ਵਧਾਉਣ ਲਈ ਵਿਉਂਤਬੰਦੀ ਦੇ ਰਾਹ ਪੈ ਗਿਆ। ਲੋਕ ਨਾਟਕ ਦੀ ਡਿਜ਼ਾਈਨਿੰਗ ਦਾ ਖਾਕਾ ਤਿਆਰ ਹੋ ਰਿਹਾ ਸੀ। ਉਸ ਦਿਵਸ ਲਈ ਵੱਖਰੀ ਤਰ੍ਹਾਂ ਦੇ ਪਹਿਰਾਵੇ ਹੋਂਦ ਵਿੱਚ ਆਏ। ਗੀਤ ਸੰਗੀਤ ਸ਼ਾਮਲ ਹੋ ਗਿਆ, ਦੇਵਤੇ ਨੂੰ ਪ੍ਰਸੰਨ ਕਰਨ ਲਈ ਨਾਚ ਅਦਾਵਾਂ ਜ਼ਰੂਰੀ ਸਮਝੀਆਂ ਜਾਣ ਲੱਗੀਆਂ। ਦੇਵਤਿਆਂ ਨਾਲ ਸਬੰਧਤ ਕਥਾਵਾਂ ਸਿਰਜੀਆਂ ਗਈਆਂ। ਉਨ੍ਹਾਂ ਕਥਾਵਾਂ ਨੂੰ ਜਨ ਸਮੂਹ ਸੁਣਾਉਣ ਲੱਗ ਪਿਆ। ਨੱਚਣ ਗਾਉਣ ਲੱਗ ਪਿਆ। ਸੁਣਾਉਣ ਤੇ ਦਿਖਾਉਣ ਲੱਗ ਪਿਆ। ਪੰਜ ਤੱਤਾਂ ਦਾ ਪੁਤਲਾ ਪੰਜ ਤੱਤਾਂ ਦੀ ਉਸਤਤ ਕਰਦਾ ਰੰਗਮੰਚ ਕਰ ਰਿਹਾ ਸੀ, ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਰੰਗਮੰਚ ਹੈ। ਉਹ ਤਾਂ ਦੇਵਤਾ ਨੂੰ ਪ੍ਰਸੰਨ ਕਰ ਰਿਹਾ ਸੀ। ਅਛੋਪਲੇ ਹੀ ਇਸ ਖੇਡ ’ਚ ਕਲਾਕਾਰ ਦੀ ਪਛਾਣ ਹੋਣ ਲੱਗੀ। ਗਾਇਕ, ਅਦਾਕਾਰ, ਨਾਚੇ, ਸੰਗੀਤਕਾਰ, ਗੀਤਕਾਰ ਆਪਣੀ ਪਛਾਣ ਦੇ ਅਣਘੜੇ ਰੂਪ ਦਾ ਨਜ਼ਾਰਾ ਦੇਖ ਰਹੇ ਸੀ। ਇਹ ਕਲਾਕਾਰ ਬਿਨਾਂ ਕਲਾਕਾਰੀ ਦਾ ਰੁਤਬਾ ਹਾਸਲ ਕੀਤਿਆਂ ਕਲਾਤਮਕ ਜ਼ਿੰਮੇਵਾਰੀ ਨਿਭਾ ਰਹੇ ਸਨ।
ਮੁੱਢਲੇ ਦੌਰ ਦਾ ਲੋਕ ਨਾਟਕ/ ਰੰਗਮੰਚ ਆਪਣੀਆਂ ਅਨੇਕਾਂ ਵਿਸ਼ੇਸ਼ਤਾਵਾਂ ਕਰਕੇ ਮੌਲਿਕ ਸੀ। ਮਨੁੱਖ ਕੁਦਰਤ ਦੇ ਨਜ਼ਦੀਕ ਸੀ। ਉਹ ਕਿਰਦਾਰ ਘੜਨ ਲੱਗਿਆ ਆਪਣੀ ਕਲਪਨਾ ਦਾ ਸਹਾਰਾ ਲੈਂਦਾ, ਵੇਸਭੂਸ਼ਾ ਨੂੰ ਰੌਚਕ ਬਣਾਉਣ ਲਈ ਪੰਛੀਆਂ ਦੇ ਖੰਭ, ਜਾਨਵਰਾਂ ਦੀਆਂ ਹੱਡੀਆਂ, ਸ਼ੇਰ ਚੀਤੇ ਦੀ ਖੱਲ, ਬੋਰੀ, ਟਾਟ, ਪੱਤੇ ਆਦਿ ਦਾ ਇਸਤੇਮਾਲ ਕਰਦਾ। ਸੂਰਜ ਨੂੰ ਤਪਦਿਆਂ ਤੇ ਰੋਸ਼ਨੀ ਕਰਦਿਆਂ ਦੇਖਦਾ ਤਾਂ ਅਗਨ ਦੇਵਤਾ ਦੇ ਕਿਰਦਾਰ ਨੂੰ ਸਜਾਉਣ ਲੱਗਿਆ ਮੱਥੇ ’ਤੇ ਸੁਰਖ ਰੰਗ ਨਾਲ ਸੂਰਜ ਦੀ ਸ਼ਕਲ ਵਾਹ ਦਿੰਦਾ, ਜਿਸ ’ਚੋਂ ਚਿੱਟੇ ਰੰਗ ਨਾਲ ਕਿਰਨਾਂ ਨਿਕਲਦੀਆਂ ਦਿਖਾਉਂਦਾ। ਅੰਬਰ ਦੇਵਤਾ ਨੂੰ ਨੀਲੇ ਸਲੇਟੀ ਰੰਗ ’ਚ ਰੰਗ ਲੈਂਦਾ। ਉਸ ਦੀ ਕਲਪਨਾ ਮੌਲਿਕ ਸੀ। ਉਹਦਾ ਅੰਦਾਜ਼ ਮੌਲਿਕ ਸੀ। ਉਹਦੀ ਲੋੜ ਮੌਲਿਕ ਸੀ ਤੇ ਮਕਸਦ ਸਮਾਜਿਕ ਜ਼ਿੰਮੇਵਾਰੀ ਵਾਲਾ ਸੀ। ਆਪਣੇ ਕਬੀਲੇ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਦੀ ਪੂਜਾ ਅਰਾਧਨਾ ਕਰਨੀ ਤੇ ਦੇਵਤਿਆਂ ਨੂੰ ਵਡਿਆਉਣਾ ਸੀ ਤਾਂ ਕਿ ਉਹ ਖ਼ੁਸ਼ ਰਹਿਣ ਤੇ ਕਰੋਪੀ ਨਾ ਵਰਸਾਉਣ। ਲੋਕ ਰੰਗਮੰਚ ਪ੍ਰਤੀਬੱਧਤਾ ਦੀ ‘ਅਨੁਸ਼ਾਸਿਤ ਪਛਾਣ’ ਤੋਂ ਕੋਹਾਂ ਦੂਰ ਸੀ, ਪਰ ਪ੍ਰਤੀਬੱਧ ਸੀ। ਜੰਗਲੀ ਜਾਨਵਰ, ਸ਼ੇਰ, ਸੱਪ ਉਸ ਦੀ ਜਾਨ ਦਾ ਖੌਅ ਸਨ। ਉਹ ਇਨ੍ਹਾਂ ਦੇ ਸਥਲ ਸਿਰਜਣ ਲੱਗਾ, ਗੁਣਗਾਨ ਕਰਨ ਲੱਗਾ, ਆਪਣੀ ਵਿਸ਼ੇਸ਼ ਅੰਦਾਜ਼ ਵਾਲੀ ਕਲਾ ਰਾਹੀਂ ਇਨ੍ਹਾਂ ਡਾਢਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਸਥਾਨ ’ਤੇ ਰਹੋ, ਬਲੀ ਮਨੁੱਖ ਦੇਵੇਗਾ। ਮਾਸੂਮ ਮਨੁੱਖ ਮਾਸੂਮ ਰੰਗਮੰਚ ਸਿਰਜ ਰਿਹਾ ਸੀ।
ਹੌਲੀ ਹੌਲੀ ਵਿਕਾਸ ਅੱਗੇ ਵਧਿਆ। ਪਿੰਡ ਦਾ ਵਿਸਥਾਰ ਹੁੰਦਾ ਗਿਆ। ਸਮਝ ਮੋਕਲੀ ਹੋਣ ਲੱਗੀ। ਢੋਲ, ਨਗਾਰੇ, ਵਾਜੇ, ਚਿਮਟੇ, ਖੜਤਾਲਾਂ, ਘੁੰਗਰੂ ਬਣ ਗਏ। ਉਸਤਾਦ ਬਣਨ ਲੱਗੇ। ਸ਼ਾਗਿਰਦੀ ਦਾ ਦੌਰ ਆਰੰਭ ਹੋ ਗਿਆ। ਕਲਾਕਾਰਾਂ ਦੇ ਸਮੂਹ ਬਣਨ ਲੱਗੇ। ਉਹ ਇੱਕ ਪਿੰਡ ਤੋਂ ਦੂਜੇ ਪਿੰਡਾਂ ਤੱਕ ਯਾਤਰਾ ਕਰਨ ਲੱਗ ਪਏ। ਸਮਾਂ ਨੀਅਤ ਹੋ ਗਿਆ। ਕਾਲ ਮਿਥ ਲਏ ਗਏ। ਰੂਪ ਵਿਉਂਤੇ ਜਾਣ ਲੱਗੇ। ਵਿਆਹ ’ਚ ਭੰਡ ਜਾਣਗੇ ਤੇ ਬਰਾਤੀਆਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਨੂੰ ਦਿਨ ਤੇ ਰਾਤ ਦੀ ਖੁੱਲ੍ਹ ਦਿੱਤੀ ਗਈ, ਉਹ ਦੋਵੇਂ ਸਮੇਂ ਜਾ ਪਹੁੰਚਦੇ ਤੇ ਟਕੋਰਾਂ ਕਰਦੇ। ਪਿੰਡ ’ਚ ਰਾਸ ਪੈਂਦੀ, ਦਿਨ ਢਲਦਿਆਂ ਆਰੰਭ ਹੁੰਦੀ ਤੇ ਅਗਲੀ ਸਵੇਰ ਸੂਰਜ ਦੀ ਟਿੱਕੀ ਚੜ੍ਹਨ ਤਕ ਚਲਦੀ। ਉਸ ਰਾਸ ਵਿੱਚ ਇੱਕ ਕਥਾ ਹੁੰਦੀ-ਧਾਰਮਿਕ, ਭਗਤੀ ਭਾਵ ਵਾਲੀ। ਇੱਕ ਸਾਜ਼ਿੰਦਾ ਤੈਅਸ਼ੁਦਾ ਸਥਾਨ ’ਤੇ ਬੈਠਦਾ, ਢੋਲਕ ਵਾਲਾ ਨਾਲ ਬੈਠਦਾ, ਉਹ ਰਾਗ ਛੇੜਦੇ, ਲੋਕ ਛੱਤਾਂ, ਗਲੀਆਂ, ਚੌਂਤਰਿਆਂ ’ਤੇ ਆ ਬੈਠਦੇ। ਕੋਈ ਭੁੰਜੇ ਬਹਿੰਦਾ, ਕੋਈ ਲਾਗਲੇ ਘਰਵਾਲਾ ਮੰਜਾ ਵਿਹੜੇ ’ਚ ਧਰ ਲੈਂਦਾ। ਮੁੱਖ ਰਾਸਧਾਰੀ ਕਥਾ ਛੇੜਦਾ, ਬਾਬਾ ਬਾਲਕ ਨਾਥ, ਗੁਰੂ ਰਵਿਦਾਸ, ਗੁਰੂ ਬਾਲਮੀਕ, ਭਗਤ ਪ੍ਰਹਲਾਦ, ਪੂਰਨ ਭਗਤ। ਗਾਇਨ ਰੰਗ ਭਰਦਾ। ਮੰਡਲੀ ਦਾ ਕੋਈ ਗੱਭਰੂ ਕੁੜੀ ਦਾ ਰੂਪ ਧਾਰਨ ਕਰਦਾ, ਉਹ ਅਦਾਵਾਂ ਦਿਖਾਉਂਦਾ, ਲੋਕਾਂ ਵਿੱਚ ਘੁੰਮਦਾ, ਪੈਸੇ ਇਕੱਠੇ ਕਰਦਾ, ਕੋਈ ਮਨਚਲਾ ਸ਼ਰਾਰਤ ਕਰਦਾ, ਉਹ ਹੱਸ ਕੇ ਸ਼ਰਾਰਤ ਕਬੂਲ ਕਰਦਾ, ਪਰ ਲੋੜ ਪੈਣ ’ਤੇ ਚੂੰਡੀ ਵੱਢ ਦਿੰਦਾ ਤੇ ਅਨੁਸ਼ਾਸਨ ਵਿੱਚ ਰਹਿਣ ਦਾ ਸੰਦੇਸ਼ ਦਿੰਦਾ। ਲੋਕ ਖਿੜ ਉੱਠਦੇ। ਰਾਸਧਾਰੀ ਦਰਦ ਦਾ ਕਿੱਸਾ ਛੇੜਦਾ, ਲੋਕਾਂ ਦੀਆਂ ਅੱਖਾਂ ’ਚੋਂ ਅੱਥਰੂ ਵਹਿ ਤੁਰਦੇ। ਮੁੱਖ ਰਾਸਧਾਰੀ ਕਥਾ ਨੂੰ ਇਕ ਸਿਖਰ ’ਤੇ ਲਿਜਾ ਕੇ ਰੋਕ ਦਿੰਦਾ। ਉਸ ਨੂੰ ਪਤਾ ਹੈ ਕਿ ਦਰਸ਼ਕਾਂ ਦੇ ਸਾਹ ਸੂਤੇ ਹੋਏ ਹਨ, ਹੁਣ ਉੱਠ ਕੇ ਘਰਾਂ ਨੂੰ ਨਹੀਂ ਜਾਣਗੇ। ਉਹ ਹੰਢੇ ਹੋਏ ਵਪਾਰਕ ਕਲਾਕਾਰ ਵਾਂਗ ਹੁਣ ਲੋਕਾਂ ਦੀਆਂ ਜੇਬ੍ਹਾਂ ਹਲਕੀਆਂ ਕਰਨਾ ਚਾਹੁੰਦਾ ਹੈ। ਉਹ ਹਾਰਮੋਨੀਅਮ ਦਾ ਪੱਖਾ ਜ਼ੋਰ ਨਾਲ ਹਿਲਾਉਣ ਲੱਗਦਾ, ਢੋਲਕ ਵਾਲਾ ਢੋਲਕ ਘੁੱਟਦਾ, ਕੁੜੀ ਬਣਿਆ ਗੱਭਰੂ ਲੋਕਾਂ ਅੱਗੇ ਝੋਲੀ ਅੱਡ ਦਿੰਦਾ, ਲੋਕ ਦਾਣੇ, ਗੁੜ, ਦਾਲਾਂ ਚੌਂਤਰੇ ’ਤੇ ਪਏ ਖੇਸ ’ਚ ਉਲੱਦਣ ਲੱਗਦੇ। ਕੋਈ ਕੋਈ ਧੇਲੀ ਰੁਪਈਆ ਦਿੰਦਾ। ਰਾਸ ਫਿਰ ਆਪਣੇ ਉਸੇ ਮੋੜ ਤੋਂ ਸ਼ੁਰੂ ਹੋ ਜਾਂਦੀ ਤੇ ਕਥਾ ਅੱਗੇ ਰਿੜ੍ਹ ਪੈਂਦੀ। ਸਰਘੀ ਵੇਲੇ ਕਥਾ ਦਾ ਸਮਾਪਨ ਹੋਣਾ ਹੈ, ਇਸ ਗੱਲ ਦਾ ਰਾਸਧਾਰੀਆਂ ਨੂੰ ਵੀ ਪਤਾ ਹੈ ਤੇ ਦਰਸ਼ਕਾਂ ਨੂੰ ਵੀ। ਰਾਸਧਾਰੀ ਨੇ ਕਥਾ ਬੰਨ੍ਹੀ ਹੋਈ ਹੈ, ਇੱਕ ਛਿਣ ਪਲ ਇੱਧਰ ਉੱਧਰ ਨਹੀਂ ਹੋ ਸਕਦੀ। ਇਹ ਲੋਕ ਨਾਟਕ/ ਰੰਗਮੰਚ ਹੈ, ਖੁੱਲ੍ਹੇ ਅੰਬਰ ਹੇਠਾਂ, ਕੱਚੀ ਮਿੱਟੀ ਦੇ ਥੜ੍ਹੇ ’ਤੇ, ਬਿਨ ਸਜੇ ਪੰਡਾਲ ’ਚ ਤੇ ਆਲ਼ੇ ਦੁਆਲੇ ਬੈਠੀ ਦਰਸ਼ਕ ਮੰਡਲੀ ਸੰਗ। ਅਦਾਕਾਰੀ, ਗੀਤ, ਸੰਗੀਤ, ਨ੍ਰਿਤ ਦਾ ਸੁਮੇਲ ਸਿਰਜਣ ਦੀ ਕਲਾ ਸਾਰੀ ਰਾਤ ਲੋਕਾਂ ਨੂੰ ਬੰਨ੍ਹੀ ਰੱਖਦੀ। ਅੱਜ ਵੀ ਆਧੁਨਿਕ ਰੰਗਮੰਚ ਦੇ ਮਹਾਂਰਥੀ ਡਾ. ਨੀਲਮ ਮਾਨ ਸਿੰਘ ਚੌਧਰੀ ਤੇ ਕੇਵਲ ਧਾਲੀਵਾਲ ਵਰਗੇ ਨਿਰਦੇਸ਼ਕ ਲੋਕ ਰੰਗਮੰਚ ਦੇ ਰੰਗ/ ਤੱਤ ਨੂੰ ਆਧੁਨਿਕ ਰੰਗਮੰਚ ਦੀ ਛਾਣਨੀ ’ਚੋਂ ਛਾਣ ਕੇ ਖ਼ੂਬਸੂਰਤੀ ਨਾਲ ਪੇਸ਼ ਕਰਦੇ ਹਨ। ਇਹ ਲੋਕ ਰੰਗਮੰਚ ਦੀ ਤਾਕਤ ਹੈ।
ਸੰਪਰਕ: 98880-11096