ਅਜੀਤ ਸਿੰਘ ਚੰਦਨ
ਜ਼ਿੰਦਗੀ ਓਨਾ ਚਿਰ ਹੀ ਖੂ਼ਬਸੂਰਤ ਬਣੀ ਰਹਿੰਦੀ ਹੈ, ਜਿੰਨਾ ਚਿਰ ਤੁਸੀਂ ਆਪਣੀ ਜ਼ਿੰਦਗੀ ਵਿਚ ਦਿਲਚਸਪੀ ਲੈਂਦੇ ਹੋ। ਆਪਣੇ ਚਿਹਰੇ ਨੂੰ ਨਿਹਾਰਦੇ ਹੋ ਤੇ ਇਸ ਨੂੰ ਹੋਰ ਖੂ਼ਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਪਰ ਚਿਹਰਾ ਵੀ ਤਾਂ ਹੀ ਖੂ਼ਬਸੂਰਤ ਬਣ ਸਕਦਾ ਹੈ ਜੇ ਸਾਡੇ ਅੰਦਰਲੇ ਖੂ਼ਬਸੂਰਤ ਖਿਆਲ ਤੇ ਜਜ਼ਬਾਤ ਸਾਡੇ ਚਿਹਰੇ ’ਤੇ ਆ ਕੇ ਰੂਪਵਾਨ ਹੋਣ, ਸਾਡੀ ਉਦਾਸੀ ਤੇ ਨਿੰਮੋਝੂਣ ਹਾਲਤ ਬਦਲ ਕੇ, ਖਿੜੇ ਫੁੱਲਾਂ ਦੇ ਹਾਰ ਬਣਾ ਦੇਣ। ਸਾਡੀ ਪੁਸ਼ਾਕ ਤੇ ਸਾਡੀ ਚਾਲ-ਢਾਲ ਸਾਰਾ ਕੁਝ ਹੀ ਖੂ਼ਬਸੂਰਤ ਹੋਵੇ।
ਅੱਜ-ਕੱਲ੍ਹ ਦੇ ਯੁੱਗ ਵਿਚ ਭਾਵੇਂ ਔਰਤਾਂ ਆਪਣੇ ਚਿਹਰੇ ਨੂੰ ਹੋਰ ਆਕਰਸ਼ਕ ਤੇ ਖੂ਼ਬਸੂਰਤ ਬਣਾਉਣ ਲਈ ਚਿਹਰੇ ਦਾ ਮੇਕਅੱਪ ਕਰਨ ਲਈ ਘੰਟਾ-ਘੰਟਾ ਲੱਗੀਆਂ ਰਹਿੰਦੀਆਂ ਹਨ, ਪਰ ਇਹ ਸਾਰਾ ਕੁਝ ਤਾਂ ਹੀ ਖੂ਼ਬਸੂਰਤ ਲੱਗਦਾ ਹੈ ਜੇ ਸਾਡੀ ਸੋਚ ਅੰਬਰਾਂ ’ਤੇ ਉਡਾਰੀ ਲਾਉਂਦੀ ਹੋਵੇ ਤੇ ਸਾਡੀ ਜਿੰਦ ਵੀ ਉੱਡੂੰ-ਉੱਡੂੰ ਕਰੇ। ਸਾਡੇ ਵਿਚ ਉਤਸ਼ਾਹ, ਹਿੰਮਤ ਤੇ ਸ਼ਕਤੀ ਸਾਨੂੰ ਹੁਲਾਰੇ ਦੇਵੇ। ਸਾਡੇ ਖੂ਼ਬਸੂਰਤ ਖਿਆਲਾਂ ਦਾ ਆਭਾ ਸਾਡੇ ਚਿਹਰੇ ਨੂੰ ਚਾਰ ਚੰਨ ਲਗਾਈ ਰੱਖੇ।
ਆਪਣੇ ਆਪ ਨੂੰ ਖੂ਼ਬਸੂਰਤ ਅਸੀਂ ਤਾਂ ਹੀ ਬਣਾ ਸਕਦੇੇ ਹਾਂ ਜੇ ਸਾਡੀ ਸੋਚ ਦਰੁਸਤ ਹੋਵੇ। ਸਾਡੇ ਖਿਆਲਾਂ ’ਚ ਰੰਗੀਨੀ ਭਰੇ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਖੂ਼ਬਸੂਰਤੀ ਨਾਲ ਜਿਊਣ ਦਾ ਸੰਕਲਪ ਲੈ ਲਈਏ। ਢਹਿੰਦੇ ਵਿਚਾਰ ਤੇ ਉਦਾਸੀ, ਓਪਰਾਮਤਾ ਸਾਡੇ ਨਾਲੋਂ ਕਿਨਾਰਾ ਕਰ ਲੈਣ ਤੇ ਅਸੀਂ ਆਪਣੇ ਆਪ ਨੂੰ ਖੂ਼ਬਸੂਰਤੀ ਨਾਲ ਭਰੀ ਰੱਖੀਏ। ਸਾਡਾ ਦਿਲ ਖ਼ੂਬਸੂਰਤ ਜ਼ਿੰਦਗੀ ਦਾ ਸ਼ੁਦਾਈ ਬਣ ਜਾਵੇ।
ਪਰ ਆਪਣੇ ਆਪ ਨੂੰ ਇਕੱਲਾ ਖੂ਼ਬਸੂਰਤ ਬਣਾਈ ਰੱਖਣਾ ਹੀ ਕਾਫ਼ੀ ਨਹੀਂ, ਸਗੋਂ ਸਾਡੇ ਕੰਮ-ਕਾਰ ਤੇ ਸਾਡੀ ਜ਼ਿੰਦਗੀ ਆਪਣੇ ਕੰਮਾਂ ’ਚ ਇੰਜ ਮਸਰੂਫ਼ ਹੋਵੇ, ਜਿਵੇਂ ਕੀੜੀ ਆਪਣਾ ਭੋਜਨ ਇਕੱਠਾ ਕਰਨ ’ਚ ਸਾਰਾ ਦਿਨ ਲੱਗੀ ਰਹਿੰਦੀ ਹੈ ਜਾਂ ਸ਼ਹਿਦ ਦੀ ਮੱਖੀ, ਸ਼ਹਿਦ ਇਕੱਠਾ ਕਰਨ ’ਚ ਰੁੱਝੀ ਹੁੰਦੀ ਹੈ। ਸਾਡੀ ਸੁਰਤੀ ਆਪਣੇ ਕੰਮਾਂ ’ਚ ਲੱਗੀ ਹੋਵੇ ਤਾਂ ਸਾਨੂੰ ਇਹ ਜ਼ਿੰਦਗੀ ਆਪਣੇ ਕੰਮਾਂ ’ਚ ਲਗਾ ਕੇ ਖ਼ੁਸ਼ੀ ਮਿਲਦੀ ਰਹੇ।
ਸਾਡੇ ਸ਼ੁੱਧ ਤੇ ਚੰਗੇ ਵਿਚਾਰ ਸਾਡੀ ਤਰਜ਼ਮਾਨੀ ਕਰਨ ਤੇ ਸਾਨੂੰ ਵੀ ਚੰਗੇ ਵਿਚਾਰਾਂ ਦੀ ਆਭਾ ਤੇ ਖੂ਼ਬਸੂਰਤੀ ਪ੍ਰਦਾਨ ਕਰਕੇ ਜ਼ਿੰਦਗੀ ਨੂੰ ਹੁਸੀਨ ਬਣਾ ਦੇਵੇ। ਪਰ ਮੁਸ਼ਕਲ ਓਦੋਂ ਬਣ ਜਾਂਦੀ ਹੈ ਜਦੋਂ ਇਕ ਇਨਸਾਨ ਆਪਣੇ ਭੈੜੇ ਵਿਚਾਰਾਂ ਕਾਰਨ ਗ਼ਲਤ ਕੰਮਾਂ ਵਿਚ ਫਸ ਜਾਂਦਾ ਹੈ। ਭੈੜੇ ਕੰਮ ਕਰਕੇ, ਇਨ੍ਹਾਂ ਕੰਮਾਂ ਵਿਚੋਂ ਖ਼ੁਸ਼ੀਆਂ ਭਾਲਦਾ ਹੈ। ਬਲਾਤਕਾਰ ਵਰਗੇ ਕੰਮ ਕਰਕੇ ਇਨ੍ਹਾਂ ਵਿਚੋਂ ਖੁ਼ਸ਼ੀਆਂ ਭਾਲਦਾ ਹੈ। ਆਪਣੀ ਜ਼ਿੰਦਗੀ ਨੂੰ ਨਸ਼ੇ ਕਰਕੇ ਠੁੰਮ੍ਹਣਾ ਦੇਈਂ ਫਿਰਦਾ ਹੈ। ਨਸ਼ਾ ਇਨਸਾਨ ਨੂੰ ਅਜਿਹੇ ਨਿਘਾਰ ਵੱਲ ਲਿਜਾਂਦਾ ਹੈ ਕਿ ਫਿਰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਅਸੰਭਵ ਲੱਗਦਾ ਹੈ। ਨਸ਼ੇ ਦੀ ਦਲ-ਦਲ ਵਿਚ ਫਸ ਕੇ ਇਨਸਾਨ ਆਪਣੀ ਜ਼ਿੰਦਗੀ ਖ਼ਤਮ ਕਰ ਬੈਠਦਾ ਹੈ।
ਕੋਈ ਵੀ ਮਾੜਾ ਕੰਮ, ਗ਼ਲਤ ਸੋਚ ਨਾਲ ਹੀ ਵਾਪਰਦਾ ਹੈ। ਜਿੰਨਾ ਚਿਰ ਅਸੀਂ ਆਪਣੀ ਖਿਆਲ ਉਡਾਰੀ ਦਰੁਸਤ ਨਹੀਂ ਕਰਦੇ, ਅਸੀਂ ਅੰਬਰਾਂ ’ਤੇ ਪੀਂਘਾਂ ਨਹੀਂ ਪਾ ਸਕਦੇ। ਸਾਡੇ ਵਿਚਾਰ ਤੇ ਜ਼ਿੰਦਗੀ ਲਈ ਤੜਪ, ਸਾਨੂੰ ਉੱਚਾ ਚੁੱਕਦੀ ਹੈ। ਚੰਗੇ ਵਿਚਾਰ, ਉਤਸ਼ਾਹ ਤੇ ਹਿੰਮਤ ਸਾਨੂੰ ਉਚਾਈਆਂ ਵੱਲ ਲੈ ਤੁਰਦੀ ਹੈ।
ਅੱਜ ਦੇ ਚੰਗੇ ਵਿਦਿਆਰਥੀ ਉੱਚੀ ਪੜ੍ਹਾਈ ਕਰਕੇ ਚੰਗੀ ਨੌਕਰੀ ’ਤੇ ਲੱਗੇ ਹੋਏ ਹਨ ਤੇ ਸੋਹਣੀ ਜ਼ਿੰਦਗੀ ਜੀਅ ਰਹੇ ਹਨ। ਇਹ ਕ੍ਰਿਸ਼ਮਾ ਚੰਗੀ ਸੋਚ ਤੇ ਉੱਚੀ ਵਿੱਦਿਆ ਕਾਰਨ ਹੀ ਵਾਪਰਦਾ ਹੈ। ਜਦੋਂ ਕੋਈ ਵਿਦਿਆਰਥੀ ਉੱਚੀ ਸੋਚ ਰੱਖ ਕੇ ਚੱਲਦਾ ਹੈ ਤਾਂ ਉਸ ਨੂੰ ਕੋਈ ਵੀ ਵਿਰੋਧੀ ਤਾਕਤ ਪਛਾੜ ਨਹੀਂ ਸਕਦੀ।
ਜ਼ਿੰਦਗੀ ਨੂੰ ਖੂ਼ਬਸੂਰਤ ਬਣਾਉਣ ਦਾ ਢੰਗ ਇਹੀ ਹੈ ਕਿ ਕਿਤਾਬਾਂ ਪੜ੍ਹੋ, ਉੱਚੇ ਵਿਚਾਰਾਂ ਨੂੰ ਗ੍ਰਹਿਣ ਕਰੋ ਤੇ ਫਿਰ ਆਪਣੀ ਦਿਲਚਸਪੀ ਤੇ ਲਗਨ ਨਾਲ ਆਪਣੇ ਕੰਮ ਵਿਚ ਜੁਟੇ ਰਹੋ। ਕੰਮ ਨੂੰ ਦਿਲਚਸਪੀ ਤੇ ਲਗਨ ਨਾਲ ਕਰਨ ਕਾਰਨ ਹੀ ਸਾਨੂੰ ਸਫਲਤਾ ਮਿਲਦੀ ਹੈ। ਆਪਣੇ ਦ੍ਰਿੜ੍ਹ ਇਰਾਦੇ ’ਤੇ ਪੱਕੇ ਰਹੋ। ਰੱਬ ਵੀ ਤੁਹਾਨੂੰ ਤਰੱਕੀ ਕਰਨ ਤੋਂ ਰੋਕ ਨਹੀਂ ਸਕਦਾ। ਰੱਬ ਵੀ ਤੁਹਾਡੀ ਸਹਾਇਤਾ ਹੀ ਕਰ ਰਿਹਾ ਹੈ ਕਿਉਂਕਿ ਰੱਬ ਦੇ ਥਾਪੜੇ ਕਾਰਨ ਅਸੀਂ ਉਚਾਈ ਵੱਲ ਵਧਦੇ ਹਾਂ। ਜੇ ਰੱਬ ਸਾਡੇ ਨਾਲ ਹੋਵੇ ਤਾਂ ਪਹਾੜ ਉੱਪਰ ਚੜ੍ਹਨਾ ਵੀ ਆਸਾਨ ਲੱਗਦਾ ਹੈ। ਅਜਿਹਾ ਇਨਸਾਨ ਸਮੁੰਦਰ ਨੂੰ ਪਾਰ ਕਰ ਜਾਂਦਾ ਹੈ।