ਮੁੰਬਈ: ਫ਼ਿਲਮ ‘ਡਾਰਲਿੰਗਜ਼’ ਰਾਹੀਂ ਪ੍ਰੋਡਿਊਸਰ ਬਣਨ ਜਾ ਰਹੀ ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਅੱਜ ਸੋਸ਼ਲ ਮੀਡੀਆ ’ਤੇ ਫਿਲਮਸਾਜ਼ ਵਜੋਂ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ। ਇਸ ਫ਼ਿਲਮ ਵਿੱਚ ਆਲੀਆ ਅਭਿਨੈ ਵੀ ਕਰੇਗੀ। ਆਲੀਆ ਨੇ ਆਖਿਆ, ‘‘ਪ੍ਰੋਡਿਊਸਰ ਵਜੋਂ ‘ਡਾਰਲਿੰਗਜ਼’ ਦਾ ਪਹਿਲਾ ਦਿਨ! ਪਰ ਮੈਂ ਪਹਿਲਾਂ ਅਦਾਕਾਰਾ ਹਾਂ ਅਤੇ ਹਮੇਸ਼ਾ ਰਹਾਂਗੀ।’’ ਆਲੀਆ ਨੇ ਆਪਣੇ ਮੇਕਅੱਪ ਰੂੁਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਵਾਲੀ ਘਬਰਾਹਟ ਬਾਰੇ ਦੱਸਿਆ। ਉਸ ਨੇ ਲਿਖਿਆ, ‘ਮੈਨੂੰ ਨਹੀਂ ਪਤਾ ਇਹ ਕੀ ਹੈ… ਨਵੀਂ ਫਿਲਮ ਸ਼ੁਰੂ ਕਰਨ ਤੋਂ ਇੱਕ ਰਾਤ ਪਹਿਲਾਂ ਮੈਂ ਆਪਣੇ ਸਾਰੇ ਸਰੀਰ ਵਿੱਚ ਝਰਨਾਹਟ ਮਹਿਸੂਸ ਕੀਤੀ। ਮੈਂ ਸਾਰੀ ਰਾਤ ਕਹਾਣੀ ਦੀਆਂ ਉਲਝੀਆਂ ਲਾਈਨਾਂ ਬਾਰੇ ਸੁਫ਼ਨਾ ਲੈਂਦੀ ਰਹੀ। ਮੈਂ ਲੇਟ ਹੋਣ ਦੇ ਡਰੋਂ ਸੈੱਟ ’ਤੇ 15 ਮਿੰਟ ਪਹਿਲਾਂ ਪਹੁੰਚ ਗਈ।’ ਉਸ ਨੇ ਆਖਿਆ, ‘ਮੈਨੂੰ ਲੱਗਦਾ ਹੈ ਕਿ ਇਹ ਭਾਵਨਾ ਕਿਤੇ ਨਹੀਂ ਜਾਵੇਗੀ ਅਤੇ ਜਾਣੀ ਵੀ ਨਹੀਂ ਚਾਹੀਦੀ ਕਿਉਂਕਿ ਘਬਰਾਉਣ ਤੇ ਗੈਰਯਕੀਨੀ ਮਹਿਸੂਸ ਕਰਨ ਦਾ ਮਤਲਬ ਹੈ ਕਿ ਤੁਸੀਂ ਸੱਚਮੁਚ ਪ੍ਰਵਾਹ ਕਰਦੇ ਹੋ।’ -ਆਈਏਐੱਨਐੱਸ