ਅਵਤਾਰ ਸਿੰਘ ਬਿਲਿੰਗ
ਜੱਗੀ ਭੰਗੂ ਫ਼ਿਲਮਾਂ ਅਤੇ ਗੀਤਾਂ ਦਾ ਉੱਭਰਦਾ ਅਦਾਕਾਰ ਹੈ। ਉਹ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੇਹ ਦਾ ਜੰਮਪਲ ਹੈ। ਉਸ ਨੇ ਸਰਕਾਰੀ ਹਾਈ ਸਕੂਲ ਸੇਹ ਤੋਂ ਮੈਟ੍ਰਿਕ ਪਾਸ ਕਰਨ ਮਗਰੋਂ ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਤੋਂ ਬਾਰ੍ਹਵੀਂ ਕੀਤੀ। ਉਹ ਜਿੱਥੇ ਹੁਣ ਇਲਾਕੇ ਵਿੱਚ ਡਾਕਟਰੀ ਸੇਵਾਵਾਂ ਨਿਭਾ ਰਿਹਾ ਹੈ, ਉੱਥੇ ਅੰਮ੍ਰਿਤ ਮੋਸ਼ਨ ਪਿਕਚਰ ਦੇ ਨਾਮ ਹੇਠ ਅਗਾਂਹਵਧੂ ਗੀਤਾਂ ਤੇ ਨਿੱਗਰ ਸਮਾਜਿਕ ਸੁਨੇਹਾ ਦਿੰਦੀਆਂ ਲਘੂ ਫ਼ਿਲਮਾਂ ਵਿੱਚ ਅਦਾਕਾਰੀ ਕਰਦਾ ਸਫਲ ਅਦਾਕਾਰ ਸਿੱਧ ਹੋਇਆ ਹੈ।
ਅਦਾਕਾਰੀ ਦਾ ਆਰੰਭ ਉਸ ਨੇ 2014 ਵਿੱਚ ਕੀਤਾ। ਉਹ ਹੁਣ ਤੱਕ 60 ਤੋਂ ਵੱਧ ਗੀਤਾਂ ਵਿੱਚ ਅਤੇ 6 ਲਘੂ ਫ਼ਿਲਮਾਂ ਜਿਨ੍ਹਾਂ ਵਿੱਚ-ਇਨਕਲਾਬ ਦੀ ਦਸਤਕ, ਬਾਜ਼ੀ, ਜ਼ਰੂਰਤ, ਨੀਅਤ ਆਦਿ ਵਿੱਚ ਸਲਾਹੁਣਯੋਗ ਅਦਾਕਾਰੀ ਕਰ ਚੁੱਕਾ ਹੈ। ਇੱਕ ਵੈੱਬ ਸੀਰੀਜ਼ ‘ਤਖ਼ਤਗੜ੍ਹ’ ਵਿੱਚ ਵੀ ਉਸ ਨੇ ਅਦਾਕਾਰੀ ਕੀਤੀ ਹੈ। ਡੀਡੀ ਕਿਸਾਨ ਚੈਨਲ ਉੱਤੇ ਸੀਰੀਅਲ ‘ਬਟਵਾਰਾ’ ਉਸ ਵੱਲੋਂ ਹੀ ਬਣਾਇਆ ਗਿਆ। ਹੁਣ ਉਹ ਨਿਰਮਾਤਾ ਵਜੋਂ ਫ਼ਿਲਮ ‘ਪੌਣੇ ਨੌਂ’ ਕਰ ਰਿਹਾ ਹੈ। ਉਸ ਵੱਲੋਂ ਜਿਨ੍ਹਾਂ ਗੀਤਾਂ ਵਿੱਚ ਅਦਾਕਾਰੀ ਕੀਤੀ ਗਈ, ਉਨ੍ਹਾਂ ਵਿੱਚ:
* ਮੈਂ ਜ਼ਿਮੀਂਦਾਰ ਦਾ ਪੁੱਤ ਹਾਂ,
ਮੈਨੂੰ ਪਤਾ ਗਰੀਬੀ ਕੀ ਹੁੰਦੀ।
* ਮੈਂ ਬਾਲ਼ ਬਾਲ਼ ਦੀਵੇ ਥੱਕ ਗਈ- (ਨੂਰਾਂ ਸਿਸਟਰ)
* ਦੁੱਗ ਦੁੱਗ (ਨਛੱਤਰ ਗਿੱਲ)
* ਯਾਰੀਆਂ (ਹੀਰਾਪੁਰੀਆ) * ਹਥਿਆਰ (ਹ. ਭੰਬਰਾ)
‘ਬਾਲ਼ ਬਾਲ਼ ਦੀਵੇ ਥੱਕ ਗਈ’ ਗੀਤ ਵਿੱਚ ਉਸ ਨੇ ਅੱਬਾ ਦਾ ਰੋਲ ਕੀਤਾ। ਦੋ ਪਾਤਰੀ ਫ਼ਿਲਮ ‘ਜ਼ਰੂਰਤ’ ਵਿੱਚ ਜੱਗੀ ਨੇ ਅੰਧਵਿਸ਼ਵਾਸੀ ਪੇਂਡੂ ਸਰਦਾਰ ਦਾ ਕਿਰਦਾਰ ਨਿਭਾਇਆ ਹੈ। ‘ਨੀਅਤ’ ਵਿੱਚ ਉਸ ਦਾ ਕਿਰਦਾਰ ਈਮਾਨਦਾਰ ਕਬਾੜੀਏ ਦਾ ਹੈ। ਲਘੂ ਫ਼ਿਲਮ ‘ਮਾਇਆ’ ਵਿੱਚ ਜੱਗੀ ਇੱਕ ਮਿਹਨਤੀ ਤੇ ਸੰਤੋਖੀ ਜੱਟ ਦਾ ਰੋਲ ਬਾਖ਼ੂਬੀ ਨਿਭਾਉਂਦਾ ਹੈ। ਉਸ ਵੱਲੋਂ ਕੀਤੀਆਂ ਗਈਆਂ ਲਘੂ ਫ਼ਿਲਮਾਂ ਅਗਾਂਹਵਧੂ ਸੋਚ ਤੇ ਮਨਾਂ ਨੂੰ ਝੰਜੋੜਨ ਦੀ ਸਮਰੱਥਾ ਰੱਖਦੀਆਂ ਹਨ। ਮੈਨੂੰ ਮਾਣ ਅਤੇ ਖ਼ੁਸ਼ੀ ਹੈ ਕਿ ਅੱਜ ਅਦਾਕਾਰੀ ਵਿੱਚ ਨਵੀਆਂ ਬੁਲੰਦੀਆਂ ਛੂਹਣ ਦਾ ਸਮਰੱਥ ਇਹ ਅਦਾਕਾਰ ਆਪਣੇ ਸਕੂਲੀ ਸਾਲਾਂ ਦੌਰਾਨ ਮੇਰਾ ਵਿਦਿਆਰਥੀ ਰਿਹਾ ਹੈ। ਇਸ ਉੱਭਰਦੇ ਅਦਾਕਾਰ ਤੋਂ ਹੋਰ ਉੱਚੀਆਂ ਪੁਲਾਘਾਂ ਪੁੱਟਣ ਦੀ ਉਮੀਦ ਹੈ।
ਸੰਪਰਕ: 82849-09596