ਮੁੰਬਈ, 7 ਅਕਤੂਬਰ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਕੇਸ ’ਚ ਬੰਬੇ ਹਾਈ ਕੋਰਟ ਨੇ ਅਦਾਕਾਰਾ ਰੀਆ ਚੱਕਰਵਰਤੀ ਨੂੰ ਅੱਜ ਕੁਝ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਹੈ। ਉਹ ਬਾਇਕੁਲਾ ਜੇਲ੍ਹ ’ਚ 28 ਦਿਨ ਰਹਿਣ ਮਗਰੋਂ ਬੁੱਧਵਾਰ ਸ਼ਾਮ ਸਾਢੇ 5 ਵਜੇ ਦੇ ਕਰੀਬ ਰਿਹਾਅ ਹੋ ਗਈ। ਜਸਟਿਸ ਸਾਰੰਗ ਕੋਤਵਾਲ ਦੇ ਬੈਂਚ ਨੇ ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਪਰ ਸੁਸ਼ਾਂਤ ਦੇ ਸਾਥੀਆਂ ਦੀਪੇਸ਼ ਸਾਵੰਤ ਅਤੇ ਸੈਮੁਅਲ ਮਿਰਾਂਡਾ ਨੂੰ ਰਾਹਤ ਦੇ ਦਿੱਤੀ। ਅਦਾਲਤ ਨੇ ਨਸ਼ਾ ਤਸਕਰ ਅਬਦੁਲ ਬਾਸਿਤ ਪਰਿਹਾਰ ਨੂੰ ਜ਼ਮਾਨਤ ਨਹੀਂ ਦਿੱਤੀ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਪਿਛਲੇ ਮਹੀਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਗ੍ਰਿਫ਼ਤਾਰ ਕੀਤਾ ਸੀ। ਹਾਈ ਕੋਰਟ ਨੇ ਰੀਆ ਨੂੰ ਜ਼ਮਾਨਤ ਦਿੰਦਿਆਂ ਨਿਰਦੇਸ਼ ਦਿੱਤੇ ਕਿ ਉਹ 10 ਦਿਨਾਂ ਲਈ ਰੋਜ਼ਾਨਾ ਸਵੇਰੇ 11 ਵਜੇ ਮੁੰਬਈ ਪੁਲੀਸ ਅੱਗੇ ਪੇਸ਼ ਹੋਵੇ। ਉਸ ਨੂੰ ਅਗਲੇ ਛੇ ਮਹੀਨਿਆਂ ਤੱਕ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐੱਨਸੀਬੀ ਅੱਗੇ ਪੇਸ਼ ਹੋਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਰੀਆ ਨੂੰ ਸਬੂਤ ਨਸ਼ਟ ਨਾ ਕਰਨ ਦੇ ਨਿਰਦੇਸ਼ ਦਿੰਦਿਆਂ ਅਦਾਲਤ ਨੇ ਇਕ ਲੱਖ ਰੁਪਏ ਦਾ ਨਿੱਜੀ ਬਾਂਡ ਵੀ ਜਮ੍ਹਾਂ ਕਰਾਊਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਕੇਂਦਰੀ ਏਜੰਸੀ ਵੱਲੋਂ ਲਾਏ ਗਏ ਦੋਸ਼ਾਂ ਮੁਤਾਬਕ ਰੀਆ ਚੱਕਰਵਰਤੀ ਨੇ ਗ਼ੈਰਕਾਨੂੰਨੀ ਨਸ਼ਾ ਤਸਕਰੀ ਜਾਂ ਪੈਸੇ ਨਹੀਂ ਦਿੱਤੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਰੀਆ ਦਾ ਪਹਿਲਾਂ ਕੋਈ ਅਪਰਾਧਕ ਰਿਕਾਰਡ ਲਹੀਂ ਹੈ ਅਤੇ ਇਸ ਦੀ ਸੰਭਾਵਨਾ ਨਹੀਂ ਹੈ ਕਿ ਜ਼ਮਾਨਤ ਮਿਲਣ ’ਤੇ ਉਹ ਜਾਂਚ ਜਾਂ ਸਬੂਤਾਂ ਨਾਲ ਛੇੜਖਾਨੀ ਕਰ ਸਕੇ। ਰੀਆ ਐੱਨਸੀਬੀ ਦੀ ਇਜਾਜ਼ਤ ਤੋਂ ਬਿਨਾਂ ਮੁੰਬਈ ਛੱਡ ਕੇ ਨਹੀਂ ਜਾ ਸਕਦੀ ਹੈ। ਮੁਲਕ ਤੋਂ ਬਾਹਰ ਜਾਣ ਲਈ ਵੀ ਉਸ ਨੂੰ ਐੱਨਡੀਪੀਐੱਸ ਅਦਾਲਤ ਦੇ ਵਿਸ਼ੇਸ਼ ਜੱਜ ਤੋਂ ਇਜਾਜ਼ਤ ਲੈਣ ਦੀ ਲੋੜ ਹੋਵੇਗੀ। ਐੱਨਸੀਬੀ ਨੇ ਰੀਆ ’ਤੇ ਐੱਨਡੀਪੀਐੱਸ ਐਕਟ ਦੀ ਧਾਰਾ 27-ਏ ਤਹਿਤ ਕੇਸ ਦਰਜ ਕੀਤਾ ਹੈ। ਜੇਕਰ ਉਹ ਅਦਾਲਤ ਵੱਲੋਂ ਦੋਸ਼ੀ ਠਹਿਰਾਈ ਜਾਂਦੀ ਹੈ ਤਾਂ ਰੀਆ ਨੂੰ 10 ਸਾਲ ਤੱਕ ਦੀ ਜੇਲ੍ਹ ਹੋਵੇਗੀ। ਰੀਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਹੁਕਮਾਂ ਤੋਂ ਖੁਸ਼ ਹਨ ਅਤੇ ਸੱਚ ਤੇ ਨਿਆਂ ਦੀ ਜਿੱਤ ਹੋਈ ਹੈ।
-ਪੀਟੀਆਈ