ਜੈਕਬ ਤੇਜਾ
ਪੁਰਾਣੇ ਸਮਿਆਂ ਵਿਚ ਫ਼ਸਲ ਨੂੰ ਵੱਢਣ ਤੇ ਗਾਹੁਣ ਪਿੱਛੋਂ ਸਾਫ਼-ਸੁਥਰੀ ਕਰਨ ਲਈ ਛੱਜ ਦੀ ਵਰਤੋਂ ਕੀਤੀ ਜਾਂਦੀ ਸੀ। ਪੰਜਾਬ ਖੇਤੀਬਾੜੀ ਨਾਲ ਮੋਹ ਰੱਖਣ ਵਾਲਾ ਸੂਬਾ ਹੋਣ ਕਰਕੇ ਘਰਾਂ ਵਿੱਚ ਖੇਤੀਬਾੜੀ ਨਾਲ ਸਬੰਧਿਤ ਔਜ਼ਾਰ/ਸੰਦ ਬਹੁਤ ਪਿਆਰ ਨਾਲ ਸਾਂਭੇ ਤੇ ਵਰਤੇ ਜਾਂਦੇ ਜਿਨ੍ਹਾਂ ਵਿਚੋਂ ਇਕ ਸੀ ਛੱਜ। ਘਰ ਵਿੱਚ ਛੱਜ ਦੀ ਪੂਰੀ ਚੌਧਰ ਹੁੰਦੀ। ਛੱਜ ਦੀ ਵਰਤੋਂ ਅੱਜ ਵੀ ਕੀਤੀ ਜਾਂਦੀ ਹੈ, ਪਰ ਤੀਲ੍ਹਾਂ ਵਾਲੇ ਛੱਜ ਬਹੁਤ ਘੱਟ ਮਿਲਦੇ ਅਤੇ ਉਨ੍ਹਾਂ ਦੀ ਜਗ੍ਹਾ ਲੋਹੇ ਦੇ ਛੱਜ ਨੇ ਲੈ ਲਈ ਹੈ।
ਛੱਜ ਕਾਨਿਆਂ ਦੀਆਂ ਤੀਲ੍ਹਾਂ ਅਤੇ ਚਮੜੇ ਦੀ ਡੋਰੀ/ਧਾਗੇ ਦੀ ਵਰਤੋਂ ਨਾਲ ਗੰਢ ਕੇ ਬਣਾਇਆ ਜਾਂਦਾ ਹੈ। ਖੇਤੀ ਵਿੱਚ ਛੱਜ ਦੀ ਮਹੱਤਵਪੂਰਨ ਥਾਂ ਰਹੀ ਹੈ। ਛੱਜ ਬਣਾਉਣ ਵਾਲਿਆਂ ਨੂੰ ਛੱਜ ਘਾੜੇ/ਢਹਾ ਕਿਹਾ ਜਾਂਦਾ ਹੈ। ਛੱਜ ਬਣਾਉਣ ਲਈ ਹਰੇ ਤੇ ਨਰਮ ਕਾਨਿਆਂ ਨੂੰ ਵੱਢ ਕੇ ਘਰ ਦੀ ਛੱਤ, ਖੁੱਲ੍ਹੇ ਵਿਹੜੇ ਜਾਂ ਖੇਤ ਵਿੱਚ ਸੁਕਾਉਂਦੇ ਹਨ। ਕੁਝ ਦਿਨ ਸੁਕਾ ਕੇ ਕਾਨਿਆਂ ਨੂੰ ਛਿੱਲੜ ਲਾਹ ਕੇ ਪੂਲੇ ਬੰਨ੍ਹ ਖੜ੍ਹੇ ਰੋਕ ਰੱਖ ਲਏ ਜਾਂਦੇ ਹਨ। ਛੱਜ ਦਾ ਤਲਾਂ ਬਣਾਉਣ ਲਈ ਕਾਨਿਆਂ ਦੇ ਉਤਲੇ ਸਿਰੇ ਵਾਲੇ ਪਾਸਿਓਂ ਢਾਈ ਤੋਂ ਤਿੰਨ ਫੁੱਟ ਲੰਮੀਆਂ ਨਰਮ ਪਤਲੀਆਂ ਤੀਲ੍ਹਾਂ ਵੱਢ ਲਈਆਂ ਜਾਂਦੀਆਂ ਹਨ। ਛੱਜ ਬਣਾਉਣ ਵਿੱਚ ਜ਼ਿਆਦਾ ਪਤਲੀਆਂ ਤੀਲ੍ਹਾਂ ਦੀ ਵਰਤੋਂ ਹੁੰਦੀ ਹੈ ਤੇ ਤਲੇ ਦੇ ਹੇਠਲੇ ਪਾਸੇ ਮੂੰਹ ਅੱਗੇ ਪੋਟਾ ਪੋਟਾ ਬਾਂਸ ਦੀਆਂ ਬਾਰੀਕ ਫੱਟੀਆਂ ਰੱਖ ਕੇ ਬੰਨ੍ਹੀਆਂ ਜਾਂਦੀਆਂ ਹਨ। ਬਾਂਸ ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ ਕਿ ਛੱਜ ਦੇ ਤਲੇ/ਤਲ ਨੂੰ ਆਸਰਾ ਮਿਲ ਸਕੇ ਅਤੇ ਤੀਲ੍ਹਾਂ ਸਿੱਧੀਆਂ ਤੇ ਆਪਸ ਵਿੱਚ ਜੁੜੀਆਂ ਰਹਿਣ। ਤਲੇਂ/ਤਲ ਦੇ ਪਿੱਛੋਂ ਤੀਲ੍ਹਾਂ ਉੱਤੇ ਵਾਲੇ ਪਾਸੇ ਨੂੰ ਚੱਪਾ ਕੇ ਮੋੜਨ/ਭੰਨਣ ਲੱਗੇ ਤੀਲ੍ਹਾਂ ਨੂੰ ਪਾਣੀ ਵਿਚ ਗਿੱਲੀਆਂ ਕਰਨੀਆਂ ਪੈਂਦੀਆਂ ਤਾਂ ਕਿ ਨਰਮ ਹੋ ਕੇ ਦੂਹਰੀਆਂ ਕਰਨੀਆਂ ਸੌਖੀਆਂ ਹੋ ਜਾਣ। ਭੰਨਣ ਨੂੰ ਨੀਵਾਂ/ਨਿਮਾਣਾ ਆਖਦੇ ਹਨ। ਇਹ ਭੰਨੀਆਂ ਇਸ ਲਈ ਜਾਂਦੀਆਂ ਹਨ ਕਿ ਇਹ ਪਿੱਛੋਂ ਅਨਾਜ ਨੂੰ ਡਿੱਗਣ ਤੋਂ ਰੋਕਦੀਆਂ ਹਨ। ਇਸ ਦੇ ਉਤਲੇ ਸਿਰੇ ਤੇ ਮੁੱਠੇ ਵਿਚ ਸੱਤ ਮੋਟੇ ਕਾਨੇ ਬੰਨ੍ਹੇ ਜਾਂਦੇ ਅਤੇ ਇਸ ਦੇ ਦੋਨੋਂ ਸੱਜੇ-ਖੱਬੇ ਸਿਰਿਆਂ ਨੂੰ ਕੱਸ ਕੇ ਧਾਗੇ ਨਾਲ ਬੰਨ੍ਹਿਆ ਜਾਂਦਾ ਹੈ। ਪੂਰੇ ਛੱਜ ਵਿੱਚ ਨਮੂਨੇ (ਡਿਜ਼ਾਈਨ) ਪਾਉਣ ਨੂੰ ਫੜ ਕਰਨਾ ਆਖਦੇ ਤੇ ਬੰਨ੍ਹਣ ਲਈ ਕੱਕਰ/ਪੱਠਾ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਕੱਕਰ ਚਮੜੇ ਦਾ ਬਹੁਤ ਪੱਕਾ ਧਾਗਾ/ ਡੋਰੀ ਹੁੰਦੀ ਹੈ ਜੋ ਬੱਕਰੇ ਦੀਆਂ ਬਾਰੀਕ ਨਾੜਾਂ ਨੂੰ ਸੁੱਕਾ ਕੇ ਬਣਦੀ ਹੈ। ਛੱਜ ਦੇ ਦੋਨੇ ਪਾਸੇ ਸੱਜੇ -ਖੱਬੇ ਸਿਰੇ ਥੋੜ੍ਹੇ ਬਾਹਰ ਨੂੰ ਹੁੰਦੇ ਹਨ। ਇਹ ਦਾਣਿਆਂ ਨੂੰ ਬਾਹਰ ਡਿੱਗਣ ਤੋਂ ਬਚਾਉਂਦੇ ਹਨ। ਛੱਜ ਨੂੰ ਬਣਾਉਣ ਲਈ ਸੰਦ ਦਾਤਰੀ, ਪੜਛੀ (ਪਠੀ) ਅਤੇ ਕਰਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪੂਰੇ ਛੱਜ ਵਿਚ ਇਕ ਸੌ ਸੱਤਰ ਦੇ ਕਰੀਬ ਤੀਲ੍ਹਾਂ ਤੇ ਛੇ ਸੱਤ ਬਾਂਸ ਦੀਆਂ ਫੱਟੀਆਂ ਦੀ ਵਰਤੋਂ ਹੁੰਦੀ ਹੈ। ਕਾਨਿਆਂ ਦਾ ਬਣਿਆ ਹੋਣ ਕਰਕੇ ਇਹ ਬਹੁਤ ਹੌਲਾ ਹੁੰਦਾ ਹੈ। ਇਸ ਦਾ ਭਾਰ/ਵਜ਼ਨ ਚਾਰ ਸੌ ਤੀਹ ਗ੍ਰਾਮ ਦੇ ਲਾਗੇ- ਚਾਗੇ ਯਾਨੀ ਕਿ ਅੱਧਾ ਕਿਲੋ ਤੋਂ ਘੱਟ ਹੁੰਦਾ ਹੈ। ਇਸ ਦੀ ਚੌੜਾਈ ਦੋ ਫੁੱਟ ਅਤੇ ਲੰਬਾਈ ਡੇਢ ਫੁੱਟ ਹੁੰਦੀ ਹੈ। ਛੱਜ ਨੂੰ ਤਿਆਰ ਕਰਨ ਵਿਚ ਇੱਕ ਘੰਟੇ ਦਾ ਸਮਾਂ ਲੱਗਦਾ ਹੈ। ਮੇਰੀ ਛੱਜ ਬਣਾਉਣ ਵਾਲੇ ਇਕ ਬਜ਼ੁਰਗ ਨਾਲ ਗੱਲ ਹੋਈ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮੇਂ ਵਿਚ ਛੱਜ ਦੀ ਕੀਮਤ ਇਕ ਧੇਲੀ ਹੁੰਦੀ ਸੀ। ਕਾਨੇ ਮੁਫ਼ਤ ਮਿਲਦੇ ਸਨ, ਹੁਣ ਕਾਨੇ ਮੁੱਲ ਮਿਲਦੇ ਹਨ ਤੇ ਠੇਕੇਦਾਰਾਂ ਨੇ ਕਾਨਿਆਂ ਦੇ ਠੇਕੇ ਲਏ ਹੋਏ ਹਨ। ਅੱਜਕੱਲ੍ਹ ਇਹ ਸੱਠ ਤੋਂ ਲੈ ਕੇ ਅੱਸੀ ਰੁਪਏ ਤਕ ਵਿਕਦਾ ਹੈ। ਹੁਣ ਹੱਟੀਆਂ ਉੱਤੇ ਲੋਹੇ ਦੇ ਛੱਜ ਆ ਗਏ, ਜਿਸ ਕਾਰਨ ਤੀਲ੍ਹਾਂ ਵਾਲਿਆਂ ਦੀ ਵਿਕਰੀ ਘੱਟ ਹੋ ਗਈ ਹੈ।
ਵਿਆਹਾਂ ਵਿੱਚ ਛੱਜ ਦਾ ਅਹਿਮ ਸਥਾਨ ਹੈ। ਮੁੰਡੇ ਤੇ ਕੁੜੀ ਦੇ ਵਿਆਹ ਵਿਚ ਰਾਤ ਨੂੰ ਜਾਗੋ ਕੱਢਦੇ ਸਮੇਂ ਨਾਨਕਿਆਂ ਵੱਲੋਂ ਨੱਚ ਟੱਪ ਕੇ ਸੱਭਿਆਚਾਰਕ ਲੋਕ ਬੋਲੀਆਂ ਅਤੇ ਰੀਤਾਂ ਨਾਲ ਦਾਦਕਿਆਂ ਵੱਲੋਂ ਦਿੱਤਾ ਗਿਆ ਛੱਜ ਭੰਨਿਆ ਜਾਂਦਾ ਹੈ। ਇਹ ਵਿਆਹ ਦੀ ਅਹਿਮ ਰਸਮ ਹੈ। ਇਸ ਵਿਚ ਨਾਨਕਿਆਂ ਅਤੇ ਦਾਦਕਿਆਂ ਦੇ ਬੋਲੀਆਂ ਦੇ ਮੁਕਾਬਲੇ ਵਿਚ ਛੱਜ ਭੰਨਿਆ ਜਾਂਦਾ ਹੈ। ਜਾਗੋ ਕੱਢ ਕੇ ਵਿਆਹ ਵਾਲੇ ਘਰ ਜਾਂ ਪਿੰਡ ਦੀਆਂ ਹੱਟੀਆਂ-ਭੱਠੀਆਂ ਵਾਲੀਆਂ ਥਾਵਾਂ ’ਤੇ ਛੱਜ ਕੁੱਟਿਆ ਜਾਂਦਾ ਹੈ। ਜਨਾਨੀਆਂ ਪੁਰਾਣਾ ਛੱਜ ਲੈ ਕੇ ਉਸ ਨੂੰ ਘੁੰਗਰੂਆਂ ਵਾਲੇ ਸੋਟੇ ਨਾਲ ਕੁੱਟ-ਕੁੱਟ ਕੇ ਤੀਲ੍ਹਾ-ਤੀਲ੍ਹਾ ਕਰ ਦਿੰਦੀਆਂ ਹਨ। ਨਾਲੋਂ ਨਾਲ ਮਸਤੀ ਵਿਚ ਗਾ ਰਹੀਆਂ ਹੁੰਦੀਆਂ ਹਨ:
ਤੋੜ ਦਿਓ ਨੀਂ ਇਸ ਭਾਗਾਂ ਵਾਲੇ ਛੱਜ ਨੂੰ
ਆਮ ਤੌਰ ’ਤੇ ਛੱਜ ਘਰਾਂ ਵਿਚ ਦਾਣੇ ਛੱਟਣ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਕਣਕ ਦੇ ਦਾਣੇ ਛੱਟਣ, ਚੌਲ ਵਿਚੋਂ ਫੱਕ ਕੱਢਣ ਵਾਸਤੇ ਛੱਟਣ, ਅਤੇ ਇਨ੍ਹਾਂ ਵਿਚੋਂ ਵੰਡ ਕੱਢਣ ਲਈ ਵਰਤਿਆ ਜਾਂਦਾ ਹੈ। ਹੋਰ ਦਾਣੇਦਾਰ ਬੀਜ ਛੱਟਣ ਲਈ ਵੀ ਇਸ ਨੂੰ ਵਰਤਿਆ ਜਾਂਦਾ ਹੈ। ਪੁਰਾਣੇ ਸਮੇਂ ਫ਼ਸਲਾਂ ਵੱਢਣ ਤੋਂ ਬਾਅਦ ਬਲਦਾਂ, ਊਠਾਂ ਅਤੇ ਝੋਟਿਆਂ ਨਾਲ ਫ਼ਸਲ ਨੂੰ ਗਾਹਿਆ ਜਾਂਦਾ ਸੀ। ਅਨਾਜ ਵਿਚੋਂ ਕੱਖ/ਫੂਸ ਵੱਖ ਕਰਨ ਲਈ ਛੱਜ ਵਿੱਚ ਪਾ ਕੇ ਹਵਾ ਦੇ ਰੁਖ਼ ਨਾਲ ਉਚਾਈ ਤੋਂ ਉਡਾਇਆ ਜਾਂਦਾ ਸੀ। ਹਵਾ ਵਿਚ ਉਡਾਉਣ ਨਾਲ ਉੱਡ ਕੇ ਕੱਖ ਵੱਖ ਹੋ ਜਾਂਦੇ ਤੇ ਦਾਣੇ ਵਜ਼ਨ ਵਾਲੇ ਹੋਣ ਕਰਕੇ ਹੇਠਾਂ ਕਿਰਦੇ ਜਾਂਦੇ। ਜ਼ਿਆਦਾਤਰ ਅਨਾਜ ਛੱਜ ਦੇ ਮੂੰਹ ਵਿਚੋਂ ਹੋ ਕੇ ਘਰਾਂ ਤਕ ਪਹੁੰਚਦਾ। ਲੋਕ ਪੁਰਾਣੇ ਛੱਜ ਨੂੰ ਨਾ ਤਾਂ ਬਾਲਦੇ ਨਾਂ ਸੁੱਟਦੇ ਸਗੋਂ ਛੱਜ ਨੂੰ ਵਧਾਉਣ ਦੀ ਰਸਮ ਕਰਦੇ ਹਨ।
ਪੰਜਾਬੀ ਕਹਾਵਤਾਂ ਦੀ ਗੱਲ ਕੀਤੀ ਜਾਵੇ ਤਾਂ ਛੱਜ ਦਾ ਜ਼ਿਕਰ ਕਹਾਵਤਾਂ ਵਿੱਚ ਵੀ ਬਹੁਤ ਥਾਵਾਂ ’ਤੇ ਆਉਂਦਾ ਹੈ ਜਿਵੇਂ ਕਿ ਝੂਠੇ ਬੰਦੇ ਨੂੰ ਟੋਕਣ, ਚੁੱਪ ਕਰਾਉਣ ਲਈ ਇਹ ਬੋਲ ਬੋਲੇ ਜਾਂਦੇ ਹਨ:
ਛੱਜ ਤਾਂ ਬੋਲੇ ਛਾਨਣੀ ਵੀ ਬੋਲਦੀ
ਕਿਸੇ ਵਿਆਹ ਸ਼ਾਦੀ ’ਚ ਗਹਿਣੇ ਦਿੱਤੇ ਜਾਂਦੇ ਤਾਂ ਆਖਦੇ ਦੇਖੋ ਜੀ ਉਨ੍ਹਾਂ ਤਾਂ ਛੱਜ ਗਹਿਣਿਆਂ ਦਾ ਪਾ ਦਿੱਤਾ ਹੈ। ਕਿਸੇ ਇਕ ਗੱਲ ਨੂੰ ਜ਼ਿਆਦਾ ਲੋਕਾਂ ਵਿਚ ਬਾਰ-ਬਾਰ ਕਰਨ ਵਾਲੇ ਨੂੰ ‘ਛੱਜ ਵਿਚ ਪਾ ਕੇ ਛੱਟਣਾ’ ਕਹਾਵਤ ਵਰਤੀ ਜਾਂਦੀ ਸੀ।
ਛੱਜ ਬਣਾਉਣ ਦੀ ਪੰਜਾਬ ਵਿਚ ਅਨੋਖੀ ਤੇ ਪੁਰਾਤਨ ਲੋਕ-ਕਲਾ ਹੈ। ਹੁਣ ਇਹ ਕਲਾ ਲੋਕਾਂ ਦੇ ਹੱਥਾਂ ਵਿਚੋਂ ਕਿਰਦੀ ਤੇ ਵਿਸਰਦੀ ਜਾ ਰਹੀ ਹੈ। ਮਸ਼ੀਨੀ ਯੁੱਗ ਹੋਣ ਕਰਕੇ ਅੱਜਕੱਲ੍ਹ ਛੱਜ ਬਣਾਉਣ ਵਾਲਿਆਂ ਨੂੰ ਬਹੁਤਾ ਕੰਮ ਨਹੀਂ ਮਿਲਦਾ, ਇਸ ਲਈ ਛੱਜ ਬਣਾਉਣ ਵਾਲੇ ਇਸ ਕੰਮ ਤੋਂ ਮੁੱਖ ਮੋੜ ਰਹੇ ਹਨ ।
ਸੰਪਰਕ: 98881-12801