ਮੁੰਬਈ: ਅਦਾਕਾਰਾ ਦਿਵਿਆ ਖੋਸਲਾ ਦੀ ਨਵੀਂ ਫਿਲਮ ‘ਹੀਰੋ ਹੀਰੋਇਨ’ ਦੀ ਸ਼ੂਟਿੰਗ ਹੈਦਰਾਬਾਦ ਦੀ ਰਾਮੋਜੀ ਫਿਲਮ ਸਿਟੀ ’ਚ 35 ਥਾਵਾਂ ’ਤੇ ਕੀਤੀ ਜਾਵੇਗੀ। ਅਦਾਕਾਰਾ ਦੀ ਤੇਲਗੂ ਸਿਨੇਮਾ ’ਚ ਇਹ ਪਹਿਲੀ ਫਿਲਮ ਹੈ। ਸ਼ੂਟਿੰਗ ਦੀਆਂ ਇਨ੍ਹਾਂ ਥਾਵਾਂ ’ਚ ਇਨਡੋਰ-ਆਊਟਡੋਰ ਸੈਟਿੰਗਜ਼ ਦੇ ਨਾਲ ਨਾਲ ਅਸਲ ਥਾਵਾਂ ਵੀ ਸ਼ਾਮਲ ਹਨ। ਸੁਰੇਸ਼ ਕ੍ਰਿਸ਼ਨਾ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇਸ ਫਿਲਮ ’ਚ ਅਦਾਕਾਰ ਪਰੇਸ਼ ਰਾਵਲ ਵੀ ਹਨ ਤੇ ਉਹ ਨਿਰਦੇਸ਼ਕ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਨਿਰਮਾਤਾ ਪ੍ਰੇਰਨਾ ਅਰੋੜਾ ਨੇ ਕਿਹਾ, ‘‘ ‘ਹੀਰੋ ਹੀਰੋਇਨ’ ਨਾਲ ਸਾਡਾ ਮਕਸਦ ਸਾਡੀ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਕਰਨ ਦੀ ਸਾਡੀ ਪ੍ਰਤੀਬੱਧਤਾ ’ਤੇ ਦ੍ਰਿੜ੍ਹ ਰਹਿੰਦਿਆਂ ਕਹਾਣੀ ਬਿਆਨ ਕਰਨਾ ਹੈ। ਸੁਰੇਸ਼ ਕ੍ਰਿਸ਼ਨਾ ਤੇ ਮੈਂ ਕਈ ਘੰਟੇ ਵਿਚਾਰ ਚਰਚਾ ਤੋਂ ਬਾਅਦ ਇਹ ਯਕੀਨੀ ਬਣਾਇਆ ਕਿ ਹਰ ਸੱਭਿਆਚਾਰ ਦੀਆਂ ਬਾਰੀਕੀਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਮਨੋਰੰਜਨ ’ਚ ਥੋੜ੍ਹੀ ਜਿਹੀ ਵੀ ਕਮੀ ਕੀਤੇ ਬਿਨਾਂ ਇਹ ਫਿਲਮ ਤਿਆਰ ਕੀਤੀ ਜਾ ਰਹੀ ਹੈ।’ ਫਿਲਮ ‘ਹੀਰੋ ਹੀਰੋਇਨ’ ਦੀ ਸ਼ੂਟਿੰਗ 10 ਜੂਨ ਤੋਂ ਸ਼ੁਰੂ ਹੋਵੇਗੀ। -ਆਈਏਐੱਨਐੱਸ