ਮੁੰਬਈ: ਟੈਲੀਵਿਜ਼ਨ ਅਦਾਕਾਰ ਆਸਿਫ ਸ਼ੇਖ ਨੇ ‘ਭਾਬੀਜੀ ਘਰ ਪਰ ਹੈਂ’ ਦੇ ਆਪਣੇ ਸਹਿਯੋਗੀ ਅਦਾਕਾਰ ਦੀਪੇਸ਼ ਭਾਨ ਦੀ ਮੌਤ ਦੇ ਕਾਰਨਾਂ ਬਾਰੇ ਖੁਲਾਸਾ ਕੀਤਾ ਹੈ, ਜਿਸ ਦੀ ਲੰਘੇ ਕੱਲ੍ਹ ਕ੍ਰਿਕਟ ਖੇਡਦਿਆਂ ਮੌਤ ਹੋ ਗਈ ਸੀ। ਆਸਿਫ ਨੇ ਕਿਹਾ ਕਿ 41 ਸਾਲਾ ਅਦਾਕਾਰ ਦੀ ਮੌਤ ਦਿਮਾਗ ਦੀ ਨਾੜੀ ਫਟਣ ਕਾਰਨ ਹੋਈ ਹੈ। ਜ਼ਿਕਰਯੋਗ ਹੈ ਕਿ ਲੜੀਵਾਰ ‘ਭਾਬੀਜੀ ਘਰ ਪਰ ਹੈਂ’ ਵਿੱਚ ਮਲਖਾਨ ਦਾ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਕੱਲ੍ਹ ਸਵੇਰੇ 7 ਵਜੇ ਦੇ ਕਰੀਬ ਜਿੰਮ ਗਿਆ ਸੀ ਤੇ ਬਾਅਦ ਵਿੱਚ ਦਹੀਸਰ ਸਥਿਤ ਆਪਣੀ ਰਿਹਾਇਸ਼ੀ ਇਮਾਰਤ ਵਿੱਚ ਕ੍ਰਿਕਟ ਖੇਡਣ ਲੱਗ ਗਿਆ। ਆਸਿਫ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੀਪੇਸ਼ ਨੇ ਕ੍ਰਿਕਟ ਖੇਡਦਿਆਂ ਇਕ ਓਵਰ ਗੇਂਦਬਾਜ਼ੀ ਕੀਤੀ। ਇਸ ਦੌਰਾਨ ਉਹ ਹੇਠਾਂ ਡਿੱਗ ਗਿਆ ਤੇ ਉਸ ਤੋਂ ਬਾਅਦ ਉੱਠ ਨਾ ਸਕਿਆ। ਅਦਾਕਾਰ ਨੇ ਕਿਹਾ ਕਿ ਉਥੇ ਉਸ ਦੀਆਂ ਅੱਖਾਂ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਗਿਆ, ਜੋ ਸਾਫ਼ ਤੌਰ ’ਤੇ ਦਿਮਾਗ ਦੀ ਨਾੜੀ ਫਟਣ ਦੇ ਸੰਕੇਤ ਸਨ। ਆਸਿਫ ਮੁਤਾਬਿਕ ਡਾਕਟਰ ਵੀ ਉਸ ਨਾਲ ਸਹਿਮਤ ਸਨ। -ਆਈਏਐੱਨਐੱਸ