ਨਵੀਂ ਦਿੱਲੀ: ਦੀਨੋ ਮੋਰੀਆ ਨੂੰ ਹਾਲ ਹੀ ਵਿੱਚ ਆਈ ਸੀਰੀਜ਼ ‘ਦਿ ਐਂਪਾਇਰ’ ਵਿੱਚ ਸ਼ਬਾਨੀ ਖ਼ਾਨ ਦੀ ਭੂਮਿਕਾ ਬਦਲੇ ਅਤੇ ਉਸ ਦੀ ਪੇਸ਼ਕਸ਼ ‘ਹੈਲਮੇਟ’ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਅਦਾਕਾਰੀ ਨੂੰ ਪਿਆਰ ਕਰਦਾ ਹੈ ਪਰ ਉਸ ਨੂੰ ਇੱਕ ਨਿਰਮਾਤਾ ਵਜੋਂ ਕੁਝ ਨਵਾਂ ਸਿਰਜਣਾ ਵੀ ਬਹੁਤ ਸਕੂਨ ਦਿੰਦਾ ਹੈ। ਦੀਨੋ ਨੇ ਕਿਹਾ, ‘‘ਮੈਂ ਫਿਲਮ ਇੰਡਸਟਰੀ ਨਾਲ ਜੁੜਿਆ ਰਹਿਣਾ ਚਾਹੁੰਦਾ ਸੀ। ਮੈਂ ਕੁਝ ਅਜਿਹਾ ਬਣਾਉਣਾ ਚਾਹੁੰਦਾ ਸੀ, ਜੋ ਮੈਂ ਦੇਖਣਾ ਪਸੰਦ ਕਰਦਾ ਹਾਂ… ਮੇਰੀ ਪਹਿਲੀ ਫਿਲਮ ‘ਜਿਸਮ 2’ ਸੀ।’’ ਅਦਾਕਾਰ ਨੂੰ ਆਪਣੇ ਪ੍ਰੋਡਕਸ਼ਨ ਅਧੀਨ ‘ਹੈਲਮੇਟ’ ਬਣਾਉਣ ਲਈ ਕਰੀਬ ਨੌਂ ਸਾਲ ਲੱਗੇ, ਜਿਸ ਵਿੱਚ ਅਪਾਰਸ਼ਕਤੀ ਖੁਰਾਣਾ ਨੇ ਕੰਮ ਕੀਤਾ ਹੈ। ਉਸ ਨੇ ਖੁਲਾਸਾ ਕੀਤਾ, ‘‘ਉਸ ਤੋਂ ਬਾਅਦ ਮੈਂ ਕੁਝ ਸਮਾਂ ਲਿਆ ਕਿਉਂਕਿ ਮੈਂ ਅਦਾਕਾਰ ਅਤੇ ਨਿਰਮਾਤਾ ਵਜੋਂ ਉਲਝ ਗਿਆ ਸੀ। ਫਿਰ ਮੈਂ ਦੋਵੇਂ ਕੰਮ ਕਰਨ ਦਾ ਫ਼ੈਸਲਾ ਕੀਤਾ ਅਤੇ ਇਹ ਸੰਭਵ ਹੈ। ਮੈਂ ਯੋਗ ਹਾਂ, ਮੈਂ ਬਿਹਤਰੀਨ ਸਮੱਗਰੀ ਬਣਾ ਸਕਦਾ ਹਾਂ ਅਤੇ ਕੁਝ ਅਜਿਹਾ ਜਿਸ ’ਤੇ ਮੈਨੂੰ ਯਕੀਨ ਹੈ।’’ ਉਸ ਨੇ ਕਿਹਾ ਕਿ ਉਸ ਨੂੰ ਕਿਸਮਤ ਨਾਲ ‘ਦਿ ਐਂਪਾਇਰ’ ’ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅਦਾਕਾਰ ਨੇ ਕਿਹਾ, ‘‘ਸਾਰੀ ਮਿਹਨਤ ਤੋਂ ਬਾਅਦ ਅਤੇ ਲੰਮਾ ਸਮਾਂ ਨਾਂਹ ਕਰਨ ਮਗਰੋਂ ਮੈਨੂੰ ਲੱਗਿਆ ਕਿ ਲਾਲ ਬੱਤੀ ਹਰੀ ਵਿੱਚ ਬਦਲ ਗਈ ਹੈ। ਮੈਂ ਹਾਲੇ ਵੀ ਅਦਾਕਾਰੀ ਨੂੰ ਪਿਆਰ ਕਰਦਾ ਹਾਂ ਪਰ ਨਿਰਮਾਤਾ ਦਾ ਕੰਮ ਵੀ ਲਾਜਵਾਬ ਹੈ। ਮੈਂ ਕੁਝ ਹੋਰ ਨਵਾਂ ਬਣਾਉਣਾ ਚਾਹੁੰਦਾ ਹਾਂ, ਅਸੀਂ ਤਿੰਨ ਹੋਰ ਫਿਲਮਾਂ ’ਤੇ ਕੰਮ ਕਰ ਰਹੇ ਹਾਂ।’’ -ਆਈਏਐੱਨਐੱਸ