ਮੁੰਬਈ, 6 ਜੁਲਾਈ
ਬੌਲੀਵੁੱਡ ਦੇ ਉੱਘੇ ਅਦਾਕਾਰ ਦਿਲੀਪ ਕੁਮਾਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ 98 ਸਾਲਾ ਅਦਾਕਾਰ ਦੀ ਪਤਨੀ ਅਦਾਕਾਰਾ ਸਾਇਰਾ ਬਾਨੋ ਨੇ ਇਹ ਜਾਣਕਾਰੀ ਦਿਲੀਪ ਦੇ ਟਵਿੱਟਰ ਖਾਤੇ ’ਤੇ ਸਾਂਝੀ ਕੀਤੀ ਹੈ। ਉਸ ਨੇ ਆਖਿਆ,‘‘ਅਸੀਂ ਅੱਲਾ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਦਿਲੀਪ ਸਾਹਿਬ ’ਤੇ ਅਪਾਰ ਕ੍ਰਿਪਾ ਕੀਤੀ ਹੈ ਤੇ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਫ਼ਿਲਹਾਲ ਅਸੀਂ ਹਸਪਤਾਲ ਵਿਚ ਹਾਂ ਅਤੇ ਤੁਹਾਨੂੰ ਦੁਆ ਕਰਨ ਦੀ ਬੇਨਤੀ ਕਰਦੇ ਹਾਂ। ਇੰਸ਼ਾ ਅੱਲ੍ਹਾ ਉਹ ਜਲਦ ਸਿਹਤਯਾਬ ਹੋਣ ਅਤੇ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਮਿਲੇ।’’ ਜਾਣਕਾਰੀ ਅਨੁਸਾਰ ਲੰਘੀ 29 ਜੂਨ ਨੂੰ ਸਾਹ ਲੈਣ ’ਚ ਦਿੱਕਤ ਹੋਣ ’ਤੇ ਦਿਲੀਪ ਕੁਮਾਰ ਨੂੰ ਹਿੰਦੂਜਾ ਹਸਪਤਾਲ ਦੇ ਆਈਸੀਯੂ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਸੀ। -ਆਈਏਐੱਨਐੱਸ