ਮੁੰਬਈ: ਬੌਲੀਵੁੱਡ ਸਟੂਡੀਓ ਯਸ਼ ਰਾਜ ਫ਼ਿਲਮਜ਼ ਨੇ ਐਲਾਨ ਕੀਤਾ ਹੈ ਕਿ ਸ਼ਾਹਰੁਖ ਖਾਨ ਦੇ 57ਵੇਂ ਜਨਮ ਦਿਨ ਮੌਕੇ ਫ਼ਿਲਮ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਇੱਕ ਵਾਰ ਫਿਰ ਦੇਸ਼ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਪ੍ਰੋਡਕਸ਼ਨ ਹਾਊਸ ਨੇ ਇਸ ਦਾ ਖੁਲਾਸਾ ਇੰਸਟਾਗ੍ਰਾਮ ’ਤੇ ਕੀਤਾ ਹੈ। ਉਨ੍ਹਾਂ ਆਖਿਆ ਕਿ ਰੋਮਾਂਸ ਅਤੇ ਡਰਾਮਾ ਭਰਪੂਰ ਫ਼ਿਲਮ ਇੱਕ ਵਾਰ ਫਿਰ ਭਲਕੇ ਬੁੱਧਵਾਰ ਨੂੰ ਸਿਨੇਮਾ ਘਰਾਂ ਵਿੱਚ ਦਿਖਾਈ ਜਾਏਗੀ। ਪ੍ਰੋਡਕਸ਼ਨ ਹਾਊਸ ਨੇ ਆਖਿਆ, ‘‘ਪਲਟ… ਡੀਡੀਐੱਲਜੇ ਇੱਕ ਵਾਰ ਫਿਰ ਵੱਡੇ ਪਰਦੇ ’ਤੇ ਵਾਪਿਸ ਆ ਰਹੀ ਹੈ। 2 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਜਾਓ ਅਤੇ ਰਾਜ ਤੇ ਸਿਮਰਨ ਦੇ ਯਾਦਗਾਰੀ ਸਫ਼ਰ ਦਾ ਮੁੜ ਆਨੰਦ ਮਾਣੋ।’’ ਦੱਸਣਯੋਗ ਹੈ ਕਿ ਇਸ ਫ਼ਿਲਮ ਰਾਹੀਂ ਸਾਲ 1995 ਵਿੱਚ ਯਸ਼ ਚੋਪੜਾ ਦੇ ਪੁੱਤਰ ਅਦਿੱਤਿਆ ਚੋਪੜਾ ਨੇ ਨਿਰਦੇਸ਼ਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਰਾਹੀਂ ਸ਼ਾਹਰੁਖ ਖਾਨ ਤੇ ਕਾਜੋਲ ਬੌਲੀਵੁੱਡ ਵਿੱਚ ਰੋਮਾਂਟਿਕ ਜੋੜੇ ਵਜੋਂ ਮਸ਼ਹੂਰ ਵੀ ਹੋਏ ਸਨ। ਇਸ ਫ਼ਿਲਮ ਵਿੱਚ ਅਮਰੀਸ਼ ਪੁਰੀ, ਫਰੀਦਾ ਜਲਾਲ, ਅਨੁਪਮ ਖੇਰ, ਸਤੀਸ਼ ਸ਼ਾਹ ਅਤੇ ਹਿਮਾਨੀ ਸ਼ਿਵਪੁਰੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਇਸ ਫ਼ਿਲਮ ਵਿੱਚ ਲਤਾ ਮੰਗੇਸ਼ਕਰ ਵੱਲੋਂ ਗਾਏ ਗੀਤਾਂ ਦੇ ਵੀਡੀਓ ਵਿਚ ਯੂਰੋਪ ਦੀਆਂ ਗਲੀਆਂ ਅਤੇ ਪੰਜਾਬ ਦੇ ਸਰ੍ਹੋਂ ਦੇ ਖੇਤਾਂ ਦੀ ਝਲਕ ਦਿਖਾਈ ਦਿੰਦੀ ਹੈ। ਜਾਣਕਾਰੀ ਅਨੁਸਾਰ ਸ਼ਾਹਰੁਖ ਖਾਨ ਭਲਕੇ ਆਪਣਾ 57ਵਾਂ ਜਨਮ ਦਿਨ ਮਾਨਏਗਾ ਤੇ ਉਸ ਨੂੰ ਯਸ਼ ਰਾਜ ਫ਼ਿਲਮਜ਼ ਦੀ ਨਵੀਂ ਫ਼ਿਲਮ ‘ਪਠਾਣ’ ਵਿੱਚ ਵੀ ਦੇਖਿਆ ਜਾ ਸਕੇਗਾ। -ਪੀਟੀਆਈ