ਹਰਦਿਆਲ ਸਿੰਘ ਥੂਹੀ
ਰਿਕਾਰਡ ਹੋਏ ਢਾਡੀਆਂ ਵਿੱਚ ਉਦੇ ਸਿੰਘ ਜਾਣਿਆ ਪਛਾਣਿਆ ਨਾਂ ਹੈ। ਉਦੇ ਸਿੰਘ ਤੇ ਸਾਥੀਆਂ ਦੀਆਂ ਆਵਾਜ਼ਾਂ ਨੂੰ ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ਐੱਚ.ਐੱਮ.ਵੀ. ਨੇ ‘ਦਿ ਟਵਿਨ’ ਲੇਬਲ ਅਧੀਨ ਲਗਭਗ 1955 ਵਿੱਚ ਰਿਕਾਰਡ ਕੀਤਾ। ਲੋਕ ਗਾਥਾ ‘ਮਿਰਜ਼ਾ’ ਵਾਲੇ ਇਸ ਤਵੇ ਦਾ ਨੰਬਰ ਐੱਫ.ਟੀ.10453 ਹੈ।
ਉਦੇ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੁੰਡੀਆਂ ਕਲਾਂ ਵਿਖੇ ਪਿਤਾ ਉਜਾਗਰ ਸਿੰਘ ਤੇ ਮਾਤਾ ਕਰਮ ਕੌਰ ਦੇ ਘਰ 1911 ਵਿੱਚ ਹੋਇਆ। ਅਮਰੀਕਾ ਰਹਿੰਦੀ ਉਦੇ ਸਿੰਘ ਦੀ ਸਪੁੱਤਰੀ ਜੋਗਿੰਦਰ ਕੌਰ ਨੇ ਦੱਸਿਆ ਕਿ ਪਿਤਾ ਜੀ ਨੂੰ ਸਕੂਲ ਸਮੇਂ ਤੋਂ ਹੀ ਸੰਗੀਤ ਨਾਲ ਲਗਾਓ ਹੋ ਗਿਆ। ਚੜ੍ਹਦੀ ਜਵਾਨੀ ਵਿੱਚ ਢਾਡੀਆਂ ਦੇ ਅਖਾੜਿਆਂ ਅਤੇ ਲਾਊਡ ਸਪੀਕਰਾਂ ਤੋਂ ਵੱਜਦੀਆਂ ਢਾਡੀ ਕਲੀਆਂ ਨੂੰ ਸੁਣ ਸੁਣ ਕੇ ਉਸ ਨੂੰ ਢਾਡੀ ਗਾਇਕੀ ਦੀ ਚੇਟਕ ਲੱਗ ਗਈ। ਢਾਡੀ ਦੀਦਾਰ ਸਿੰਘ ਰਟੈਂਡਾ ਦੀ ਗਾਇਕੀ ਨੇ ਉਦੇ ਸਿੰਘ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਉਸ ਨੇ ਦੀਦਾਰ ਸਿੰਘ ਕੋਲੋਂ ਹੀ ਢਾਡੀ ਕਲਾ ਦੀਆਂ ਬਾਰੀਕੀਆਂ ਬਾਰੇ ਗਿਆਨ ਪ੍ਰਾਪਤ ਕੀਤਾ ਸੀ। ਬਾਅਦ ਵਿੱਚ ਉਸ ਨੇ ਦਲੀਪ ਸਿੰਘ ਮਸਤ ਸਮਰਾਏ, ਮਾਸਟਰ ਅਵਤਾਰ ਸਿੰਘ ਮਲਸੀਆਂ ਅਤੇ ਹਰਨਾਮ ਸਿੰਘ ਜੇਜੋਂ ਨੂੰ ਨਾਲ ਲਾ ਕੇ ਆਪਣਾ ਜਥਾ ਬਣਾ ਲਿਆ। ਇਸ ਜਥੇ ਨੇ ਗੁਰਦੁਆਰਿਆਂ ਦੇ ਧਾਰਮਿਕ ਪ੍ਰੋਗਰਾਮਾਂ ਦੇ ਨਾਲ ਨਾਲ ਲੋਕ ਅਖਾੜਿਆਂ ਵਿੱਚ ਵੀ ਗਾਉਣਾ ਸ਼ੁਰੂ ਕਰ ਦਿੱਤਾ। ਉਦੇ ਸਿੰਘ ਗਾਉਣ ਦੇ ਨਾਲ ਨਾਲ ਲੋੜ ਅਨੁਸਾਰ ਕਵਿਤਾ ਦੀ ਰਚਨਾ ਵੀ ਕਰਨ ਲੱਗ ਪਿਆ। ਉਸ ਨੇ ਆਪਣੀ ਰਚਨਾ ਹੀ ਗਾਈ ਅਤੇ ਰਿਕਾਰਡ ਕਰਵਾਈ।
ਕਈ ਸਾਲ ਲੋਕ ਅਖਾੜਿਆਂ ਅਤੇ ਧਾਰਮਿਕ ਸਟੇਜਾਂ ’ਤੇ ਗਾ ਕੇ ਇਨ੍ਹਾਂ ਨੇ ਕਾਲੇ ਤਵਿਆਂ ਵਿੱਚ ਆਪਣੀ ਆਵਾਜ਼ ਭਰਾਉਣ ਦਾ ਮਨ ਬਣਾਇਆ। 1955 ਦੇ ਲਗਭਗ ਇਨ੍ਹਾਂ ਦੀ ਰਿਕਾਰਡਿੰਗ ਹੋਈ। ਐੱਚ.ਐੱਮ.ਵੀ. ਕੰਪਨੀ ਨੇ ‘ਦਿ ਟਵਿਨ’ ਕੰਪਨੀ ਦੇ ਲੇਬਲ ਅਧੀਨ ‘ਉਦੇ ਸਿੰਘ ਐਂਡ ਪਾਰਟੀ’ ਦੇ ਨਾਂ ਹੇਠ ਪਹਿਲਾ ਤਵਾ ਰਿਲੀਜ਼ ਕੀਤਾ। ਇਸੇ ਕੰਪਨੀ ਵੱਲੋਂ ਰਿਲੀਜ਼ ਕੀਤੇ ਗਏ ਤਿੰਨ ਤਵਿਆਂ ਦੇ ਮੁੱਖੜੇ ਹਨ, ਜੋ ਲੋਕ ਗਾਥਾ ਮਿਰਜ਼ਾ, ਹੀਰ ਅਤੇ ਸੱਸੀ ਨਾਲ ਸਬੰਧਤ ਹਨ:
* ਸਾਹਿਬਾਂ ਸੁੱਤੇ ਆਪਣੇ ਯਾਰ ਨੂੰ,
ਰਹੀ ’ਵਾਜ਼ਾਂ ਮਾਰ ਜਗਾ।
ਵੇ ਤੂੰ ਉੱਠ ਖੜ੍ਹ ਮੇਰਿਆ ਲਾੜਿਆ
ਕਹਿੰਦੀ ਮੇਰੀ ਮੰਨ ਦੁਆ।
* ਮਿਰਜ਼ਾ ਬੋਲਿਆ ਅੱਖ ਉਘੇੜ ਕੇ
ਸਾਹਿਬਾਂ ਸੁਣ ਲੈ ਮੇਰੀ ਨਜ਼ੀਰ।
ਜਿਹੜੇ ਚੰਧੜ ਚੰਧੜ ਆਖਦੀ
ਨਾਲੇ ਤੇਰੇ ਵਾਲੇ ਵੀਰ।
* ਸੱਸੀ ਸੁੱਤੀ ਉੱਠ ਕੇ ਸੇਜ਼ ਤੋਂ,
ਉਹ ਲੱਭਦੀ ਪੁੰਨੂੰ ਯਾਰ।
ਉਹਨੇ ਚਾਰ ਚੁਫ਼ੇਰਾ ਵੇਖਿਆ,
ਕਿਤੇ ਦਿਸਦਾ ਨਹੀਂ ਦਿਲਦਾਰ।
ਇਨ੍ਹਾਂ ਰਚਨਾਵਾਂ ਵਿੱਚੋਂ ‘ਮਿਰਜ਼ਾ’ ਤੇ ‘ਸੱਸੀ’ ਉਦੇ ਸਿੰਘ ਦੀਆਂ ਖ਼ੁਦ ਦੀਆਂ ਲਿਖਤਾਂ ਹਨ ਤੇ ‘ਹੀਰ’ ਪ੍ਰਸਿੱਧ ਕਵੀ ਹਜ਼ੂਰਾ ਸਿੰਘ ਬੁਟਾਹਰੀ ਦੀ ਰਚਨਾ ਹੈ। ਇਨ੍ਹਾਂ ਤੋਂ ਇਲਾਵਾ ‘ਪੂਰਨ’, ‘ਛੋਟੇ ਸਾਹਿਬਜ਼ਾਦੇ’ ਅਤੇ ‘ਬੰਦਾ ਬਹਾਦਰ’ ਦੀਆਂ ਰਚਨਾਵਾਂ ਨਾਲ ਸਬੰਧਤ ਤਿੰਨ ਤਵੇ ਵੀ ‘ਦਿ ਟਵਿਨ’ ਕੰਪਨੀ ਵੱਲੋਂ ਹੀ ਰਿਕਾਰਡ ਕੀਤੇ ਗਏ:
ਸੀਸ ਦੇਣ ਤੋਂ ਉਜਰ ਨਾ ਕਰਦੇ,
ਜਿਨ੍ਹਾਂ ਨੂੰ ਪੈ ਗਏ ਪਿਆਰ ਪਾਲਣੇ।
ਹੱਥੀਂ ਵੱਢ ਕੇ ਤਲੀ ’ਤੇ ਸਿਰ ਧਰਦੇ
ਜਿਨ੍ਹਾਂ ਨੂੰ ਪੈ ਗਏ ਪਿਆਰ ਪਾਲਣੇ।
ਉਪਰੋਕਤ ਤਵਿਆਂ ਵਿੱਚੋਂ ਕੁਝ ਤਵਿਆਂ ਵਿੱਚ ਧਰਮ ਸਿੰਘ ਰਮਤਾ ਨੇ ਉਦੇ ਸਿੰਘ ਦਾ ਸਾਥ ਦਿੱਤਾ ਹੋਇਆ ਹੈ। ਸਾਧੂ ਸਿੰਘ ਕੂਨਰ ਵੀ ਇਸ ਜਥੇ ਦਾ ਮੈਂਬਰ ਰਿਹਾ ਹੈ। ਅੱਠਵੇਂ ਦਹਾਕੇ ਵਿੱਚ ਉਦੇ ਸਿੰਘ ਦੇ ਜਥੇ ਵਿੱਚ ਤਿੰਨ ਨਵੇਂ ਸਾਥੀ ਤਰਲੋਚਨ ਸਿੰਘ ਸਗਲੇਵਾਲ, ਕੁਲਦੀਪ ਸਿੰਘ ਭੁੱਲੇਵਾਲ ਤੇ ਕਰਮ ਸਿੰਘ ਲੰਗੜੋਆ (ਸਾਰੰਗੀ ਮਾਸਟਰ) ਸ਼ਾਮਲ ਹੋ ਗਏ। ਇਸ ਸਮੇਂ ਦੌਰਾਨ ਇਨ੍ਹਾਂ ਨੇ ਇੰਗਲੈਂਡ ਦੇ ਤਿੰਨ ਟੂਰ ਲਾਏ। ਪਹਿਲਾ 1977 ਵਿੱਚ, ਦੂਜਾ 1979 ਅਤੇ ਤੀਜਾ 1981 ਵਿੱਚ। ਇੰਗਲੈਂਡ ਵਿੱਚ ਇਨ੍ਹਾਂ ਦੀ ਰਿਕਾਰਡਿੰਗ ਵੀ ਹੋਈ ਜੋ ਦੋ ਐੱਲ.ਪੀ. ਸਨ। ਇਹ ਰਿਕਾਰਡਿੰਗ ਢੱਡ ਸਾਰੰਗੀ ਵੌਲਿਊਮ ਤਿੰਨ ਅਤੇ ਵੌਲਿਊਮ ਚਾਰ ਵਿੱਚ ਨੈੱਟ ’ਤੇ ਉਪਲੱਬਧ ਹੈ। ਇੱਕ ਐੱਲ.ਪੀ. ਵਿੱਚ ਧਾਰਮਿਕ ਰਚਨਾਵਾਂ ਹਨ ਜਿਨ੍ਹਾਂ ਵਿੱਚ ਬੋਲੀ ਲੱਗੀ ਸਿੰਘ ਨੂੰ, ਦਰਿਆ ਅਟਕ ਤੇ, ਧੰਨ ਤੂੰ ਖਾਲਸਾ, ਦੁਨੀਆ, ਜਹਾਂਗੀਰ ਦੇ ਕਿਲ੍ਹੇ ’ਤੇ, ਖ਼ਾਤਰ ਦੇਸ ਦੀ, ਫੂਲਾ ਸਿੰਘ ਅਤੇ ਪੱਬ ਤੇ ਰੱਬ ਸ਼ਾਮਲ ਹਨ। ਦੂਜੇ ਐੱਲ.ਪੀ. ਵਿੱਚ ਅੱਠ ਲੋਕ ਗਥਾਵਾਂ ਹਨ ਜੋ ਪੂਰਨ, ਸੋਹਣੀ, ਮਿਰਜ਼ਾ ਅਤੇ ਹੀਰ ਨਾਲ ਸਬੰਧਤ ਹਨ। ਤਵਿਆਂ ਵਿੱਚ ਉਦੇ ਸਿੰਘ ਨੇ ਪ੍ਰਸੰਗ ਦੀ ਪੇਸ਼ਕਾਰੀ ਬੜੀ ਸੰਖੇਪ, ਪਰ ਪ੍ਰਭਾਵਸ਼ਾਲੀ ਕੀਤੀ ਹੋਈ ਹੈ।
ਉਦੇ ਸਿੰਘ ਨੇ ਢਾਡੀ ਗਾਇਕੀ ਦੇ ਨਾਲ ਨਾਲ ਆਪਣਾ ਜੱਦੀ ਪੁਸ਼ਤੀ ਕਿੱਤਾ ਖੇਤੀਬਾੜੀ ਕੀਤਾ। ਬਾਅਦ ਵਿੱਚ ਲੁਧਿਆਣਾ ਵਿਖੇ ਟਰਾਂਸਪੋਰਟ ਦਾ ਕੰਮ ਸ਼ੁਰੂ ਕਰ ਦਿੱਤਾ। ਸੱਤਵੇਂ ਦਹਾਕੇ ਦੇ ਸ਼ੁਰੂ ਵਿੱਚ ਪਰਿਵਾਰ ਪਿੰਡ ਛੱਡ ਕੇ ਲੁਧਿਆਣਾ ਸੈੱਟ ਹੋ ਗਿਆ। 1940 ਵਿੱਚ ਉਦੇ ਸਿੰਘ ਦਾ ਵਿਆਹ ਪਿੰਡ ਭੋਆ ਫਤਿਹਗੜ੍ਹ ਜ਼ਿਲ੍ਹਾ ਅੰਮ੍ਰਿਤਸਰ ਦੀ ਬੀਬੀ ਪ੍ਰੀਤਮ ਕੌਰ ਨਾਲ ਹੋਇਆ। ਇਸ ਜੋੜੇ ਦੇ ਘਰ ਇੱਕ ਪੁੱਤਰੀ ਬੀਬੀ ਜੋਗਿੰਦਰ ਕੌਰ ਨੇ ਜਨਮ ਲਿਆ ਜੋ ਅੱਜਕੱਲ੍ਹ ਅਮਰੀਕਾ ਵਿਖੇ ਰਹਿ ਰਹੀ ਹੈ। ਅੰਤ 14 ਅਪਰੈਲ 1987 ਨੂੰ ਢਾਡੀ ਉਦੇ ਸਿੰਘ ਉਸ ਵੇਲੇ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ, ਜਦੋਂ ਉਹ ਫਗਵਾੜਾ ਦੇ ਨੇੜੇ ਪਿੰਡ ਪਾਂਛਟਾ ਦੇ ਗੁਰਦੁਆਰੇ ਵਿਖੇ ਕੀਰਤਨ ਕਰ ਰਿਹਾ ਸੀ। ਉਦੇ ਸਿੰਘ ਦੀ ਆਵਾਜ਼ ਅੱਜ ਵੀ ਕਾਲੇ ਤਵਿਆਂ ਵਿੱਚ ਗੂੰਜਦੀ ਹੈ, ਜੋ ਅਮਰ ਰਹੇਗੀ।
ਸੰਪਰਕ: 84271-00341