ਹਰਦਿਆਲ ਸਿੰਘ ਥੂਹੀ
ਢਾਡੀ ਗਾਇਕੀ ਦੇ ਇਤਿਹਾਸ ਦਾ ਇਕ ਹੋਰ ਸੁਨਹਿਰੀ ਪੰਨਾ ਹੈ ਢਾਡੀ ਮੱਸਾ ਸਿੰਘ। ਮੱਸਾ ਸਿੰਘ ਉਨ੍ਹਾਂ ਢਾਡੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਦੀ ਆਵਾਜ਼ ਅੱਜ ਵੀ ਅਸੀਂ ਸੁਣ ਸਕਦੇ ਹਾਂ। ਭਾਵ ਇਨ੍ਹਾਂ ਦੀ ਆਵਾਜ਼ ਕਾਲੇ ਤਵਿਆਂ ਵਿਚ ਰਿਕਾਰਡ ਹੋਈ ਹੈ। ਇਹ ਤਵੇ ‘ਮੱਸਾ ਸਿੰਘ ਐਂਡ ਪਾਰਟੀ’ ਦੇ ਨਾਂ ਹੇਠ ਹਨ, ਜੋ ਕਈ ਸੰਗੀਤ ਪ੍ਰੇਮੀਆਂ ਕੋਲ ਸੰਭਾਲੇ ਪਏ ਹਨ।
ਮੱਸਾ ਸਿੰਘ ਦਾ ਜਨਮ 1915 ਵਿਚ ਜ਼ਿਲ੍ਹਾ ਜਲੰਧਰ ਦੇ ਪਿੰਡ ਭੋਜੋਵਾਲ ਵਿਖੇ ਪਿਤਾ ਆਤਮਾ ਸਿੰਘ ਤੇ ਮਾਤਾ ਹੁਕਮ ਦੇਵੀ ਦੇ ਘਰ ਮਹਿਰਾ ਪਰਿਵਾਰ ਵਿਚ ਹੋਇਆ। ਮੱਸਾ ਸਿੰਘ ਦੀ ਇਕ ਭੈਣ ਸੀ, ਜਿਸ ਦਾ ਨਾਂ ਸਵਰਨ ਕੌਰ ਸੀ। ਮੱਸਾ ਸਿੰਘ ਦਾ ਜਨਮ ਸਾਧਾਰਨ ਪੇਂਡੂ ਪਰਿਵਾਰ ਦੇ ਮੁੰਡਿਆਂ ਵਾਂਗ ਹੀ ਬੀਤਿਆ। ਪਿੰਡ ਦੇ ਗੁਰੂ ਘਰ ਤੋਂ ਉਸ ਨੇ ਗੁਰਮੁਖੀ ਪੜ੍ਹਨੀ ਲਿਖਣੀ ਸਿੱਖੀ। ਗੁਰਦੁਆਰੇ ਉਹ ਸਵੇਰੇ ਸ਼ਾਮ ਸ਼ਬਦ ਗਾਉਂਦਾ ਸੀ। ਗੁਰਦੁਆਰੇ ਦੇ ਗ੍ਰੰਥੀ ਭਾਈ ਭਗਤ ਸਿੰਘ ਜੋ ਕੀਰਤਨ ਵੀ ਕਰਦੇ ਸਨ, ਨੇ ਕਿਹਾ ਕਿ ਉਸ ਦੀ ਆਵਾਜ਼ ਬਹੁਤ ਬੁਲੰਦ ਹੈ ਤੇ ਉਹ ਕੀਰਤਨ ਸਿੱਖ ਲਵੇ। ਸੋ ਮੱਸਾ ਸਿੰਘ ਨੇ ਪਹਿਲਾਂ ਕੀਰਤਨ ਕਰਨਾ ਸਿੱਖਿਆ। ਗੁਰਦੁਆਰੇ ਗੁਰਪੁਰਬਾਂ ਅਤੇ ਹੋਰ ਸਮਾਗਮਾਂ ਸਮੇਂ ਢਾਡੀਆਂ ਨੂੰ ਵੀ ਬੁਲਾਇਆ ਜਾਂਦਾ ਸੀ। ਢਾਡੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਮੱਸਾ ਸਿੰਘ ਇਸ ਗਾਇਕੀ ਵੱਲ ਖਿੱਚਿਆ ਗਿਆ। ਪਿੰਡ ਦਾ ਹੀ ਢਾਡੀ ਕਾਲਾ ਸਿੰਘ, ਚੱਕ ਗੋਨੇ ਦਾ ਢਾਡੀ ਬਾਵਾ ਸਿੰਘ ਤੇ ਪੰਡੋਰੀ ਨਿੱਝਰਾਂ ਦਾ ਢਾਡੀ ਨਿਰਵੈਰ ਸਿੰਘ ਉਸ ਤੋਂ ਸੀਨੀਅਰ ਸਨ। ਮੱਸਾ ਸਿੰਘ ਉਨ੍ਹਾਂ ਨਾਲ ਰਲ ਗਿਆ। ਇਨ੍ਹਾਂ ਸਾਰਿਆਂ ਨੇ ਇਸ ਗਾਇਕੀ ਦੀ ਮੁੱਢਲੀ ਸਿੱਖਿਆ ਉਸਤਾਦ ਬੂਆ ਦਿੱਤਾ ਤੋਂ ਪ੍ਰਾਪਤ ਕੀਤੀ। ਬੂਆ ਦਿੱਤਾ ਪਠਾਣੀ ਸਲਵਾਰ ਕਮੀਜ਼ ਨਾਲ ਕੁੱਲੇ ਵਾਲੀ ਪਗੜੀ ਬੰਨ੍ਹਦਾ ਸੀ। ਬਾਅਦ ਵਿਚ ਢੱਡਿਆਂ (ਜਲੰਧਰ ਨੇੜੇ) ਵਾਲੇ ਮਰਾਸੀਆਂ ਸੰਤਾ ਤੇ ਅੰਮੀ ਕੋਲੋਂ ਇਨ੍ਹਾਂ ਨੇ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ। ਏਥੇ ਹੀ ਮੱਸਾ ਸਿੰਘ ਨੇ ਉਸਤਾਦਾਂ ਤੋਂ ਸਾਰੰਗੀ ਵਜਾਉਣ ਵਿਚ ਮੁਹਾਰਤ ਹਾਸਲ ਕੀਤੀ ਅਤੇ ਉਹ ਮੱਸਾ ਸਿੰਘ ਤੋਂ ਮੱਸਾ ਸਿੰਘ ‘ਮੌਜੀ’ ਬਣ ਗਿਆ।
ਸ਼ੁਰੂ ਵਿਚ ਮੱਸਾ ਸਿੰਘ ਨੇ ਬਾਵਾ ਸਿੰਘ ਚੱਕ ਗੋਨਾ ਦੀ ਅਗਵਾਈ ਹੇਠ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ। ਨਾਲ ਤੀਜਾ ਸਾਥੀ ਸੀ ਕਾਲਾ ਸਿੰਘ ਭੋਜੋਵਾਲ। ਕਦੇ ਕਦੇ ਮੱਸਾ ਸਿੰਘ ਸਾਰੰਗੀ ਵਾਦਕ ਵਜੋਂ ਪੰਡੋਰੀ ਨਿੱਝਰਾਂ ਵਾਲੇ ਨਿਰਵੈਰ ਸਿੰਘ ਨਾਲ ਵੀ ਚਲਾ ਜਾਂਦਾ। ਮੱਸਾ ਸਿੰਘ ਤੇ ਨਿਰਵੈਰ ਸਿੰਘ ਦੀਆਂ ਆਵਾਜ਼ਾਂ ਬੁਲੰਦ ਹੋਣ ਕਾਰਨ ਜਲਦੀ ਹੀ ਇਨ੍ਹਾਂ ਨੂੰ ਚੰਗੀ ਪ੍ਰਸਿੱਧੀ ਮਿਲ ਗਈ। ਦੂਜੇ ਢਾਡੀਆਂ ਦੀ ਦੇਖਾ ਦੇਖੀ ਇਨ੍ਹਾਂ ਨੇ ਵੀ ਤਵੇ ਰਿਕਾਰਡ ਕਰਵਾਉਣ ਦਾ ਫ਼ੈਸਲਾ ਕਰ ਲਿਆ। 1942 ਵਿਚ ‘ਰੀਗਲ’ ਰਿਕਾਰਡਿੰਗ ਕੰਪਨੀ ਵਿਚ ‘ਨਿਰਵੈਰ ਸਿੰਘ ਐਂਡ ਪਾਰਟੀ’ ਦੇ ਨਾਂ ਹੇਠ ਇਨ੍ਹਾਂ ਦੀ ਪਹਿਲੀ ਰਿਕਾਰਡਿੰਗ ਹੋਈ। ਨਾਲ ਤੀਜਾ ਸਾਥੀ ਸੀ ਪਾਖਰ ਸਿੰਘ ਬੁਲੰਦਪੁਰ। ਇਸ ਤਵੇ ਦੇ ਦੋਵੇਂ ਪਾਸੇ ਸਿੱਖ ਜਰਨੈਲ ਹਰੀ ਸਿੰਘ ਨਲੂਏ ਨਾਲ ਸਬੰਧਤ ਹਨ:
* ਹਰੀ ਸਿੰਘ ਸਰਦਾਰ ਫੇਰ ਗੱਜਿਆ,
ਕਹਿੰਦਾ ਮੁੜਾਂਗਾ ਮੈਂ ਰੇੜਕਾ ਮੁਕਾ ਕੇ।
ਜਾਂ ਤਾਂ ਆਪ ਵੀ ਸ਼ਹੀਦ ਅੱਜ ਹੋ ਗਿਆ,
ਨਹੀਂ ਤਾਂ ਵੈਰੀ ਤਾਈਂ ਛੱਡਾਂਗਾ ਭਜਾਕੇ।
* ਮੌਤ ਸੁਣਕੇ ਹਰੀ ਸਿੰਘ ਰਾਠ ਦੀ,
ਡਾਢ੍ਹਾ ਸੋਗ ਸਰਕਾਰ ਨੇ ਮਨਾਇਆ।
ਸਿੰਘ ਰਾਜ ਦਾ ਬੁਰਜ ਅੱਜ ਢਹਿ ਗਿਆ,
ਮੇਰਾ ਲੱਦਿਆ ਵੀਰ ਹਮਸਾਇਆ।
ਇਸ ਤਵੇ ਤੋਂ ਬਾਅਦ ਰਿਕਾਰਡਿੰਗ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਰੀਗਲ ਕੰਪਨੀ ਵਿਚ ਹੀ ਇਨ੍ਹਾਂ ਦੇ ਹੋਰ ਵੀ ਤਵੇ ਆਏ ਜੋ ਸਾਰੇ ਧਾਰਮਿਕ ਸਨ। ਰਿਕਾਰਡਿੰਗ ਤੋਂ ਬਾਅਦ ਇਨ੍ਹਾਂ ਦੇ ਪ੍ਰੋਗਰਾਮਾਂ ਵਿਚ ਹੋਰ ਵਾਧਾ ਹੋ ਗਿਆ। ਦੂਜੇ ਵਿਸ਼ਵ ਯੁੱਧ ਦੌਰਾਨ ਪੰਜਾਬੀ ਫ਼ੌਜੀਆਂ ਦੀ ਹੌਸਲਾ ਅਫ਼ਜਾਈ ਲਈ ਛਾਉਣੀਆਂ ਵਿਚ ਇਨ੍ਹਾਂ ਦੇ ਪ੍ਰੋਗਰਾਮ ਕਰਵਾਏ ਗਏ, ਜਿੱਥੇ ਇਹ ਜੋਸ਼ੀਲੀਆਂ ਵਾਰਾਂ ਗਾ ਕੇ ਉਨ੍ਹਾਂ ਦੇ ਹੌਸਲੇ ਬੁਲੰਦ ਕਰਦੇ। ਇਵਜ਼ ਵਜੋਂ ਇਨ੍ਹਾਂ ਨੂੰ ਵਿਸ਼ੇਸ਼ ਸਨਮਾਨ ਪੱਤਰ ਦਿੱਤੇ ਗਏ। ਇਸ ਜਥੇ ਵਿਚ ਮੱਸਾ ਸਿੰਘ ਨਾਲ ਪਾਖਰ ਸਿੰਘ ਬੁਲੰਦਪੁਰ ਵੀ ਸ਼ਾਮਲ ਸੀ।
‘ਮੱਸਾ ਸਿੰਘ ਐਂਡ ਪਾਰਟੀ’ ਦੇ ਨਾਂ ਹੇਠ ਜੋ ਰਿਕਾਰਡਿੰਗ ਮਿਲਦੀ ਹੈ, ਉਹ ‘ਦਿ ਨੈਸ਼ਨਲ ਗ੍ਰਾਮੋਫੋਨ ਮੈਨੂਫੈਕਚਰਿੰਗ ਕੰਪਨੀ ਲਿਮਟਿਡ, ਬੰਬੇ’ ਵੱਲੋਂ ‘ਯੰਗ ਇੰਡੀਆ’ ਲੇਬਲ ਅਤੇ ‘ਹਿਜ਼ ਮਾਸਟਰਜ਼ ਵਾਇਸ’ ਦੇ ‘ਕੋਲੰਬੀਆ’ ਲੇਬਲ ਅਧੀਨ ਹੈ। ਮੁਖੜੇ ਇਸ ਪ੍ਰਕਾਰ ਹਨ:
* ਜੱਟ ਨੇ ਕਿੱਲੀਆਂ ਦੋਸਤੋ ਠੋਕੀਆਂ,
ਪੰਜੇ ਅੱਜ ਪੀਰ ਲਏ ਸੀ ਮਨਾ।
ਤੋੜੀਂ ਅੱਜ ਪੌੜੀ ਓਏ ਸੱਜਣੋ ਚੜ੍ਹ ਗਿਆ,
ਸੱਭੇ ਅੱਜ ਦੀਵੇ ਗਿਆ ਸੀ ਬੁਝਾ।
* ਸਾਹਿਬਾਂ ਨਾ ਮੈਂ ਭੁੱਖਾ ਤਾਮ ਦਾ,
ਨੂੰ ਤੂੰ ਤਾਮ ਪਕਾ।
ਨਾ ਮੈਂ ਭੁੱਖਾ ਦੁੱਧ ਦਾ,
ਨਾ ਤੂੰ ਬੂਰੀ ਚੁਆ।
* ਕਰਕੇ ਦਰਸ਼ਨ ਰਾਂਝਾ ਹੀਰ ਜੱਟੀ ਨੂੰ ਕਹਿੰਦਾ ਹੈ,
ਤੇਰੀ ਖਾਤਰ ਹੀਰੇ ਹੋਈਆਂ ਬਹੁਤ ਲਚਾਰੀਆਂ।
* ਸਹਿਤੀ ਹੀਰ ਨੇ ਤਿਆਰੀ ਕਰ ਲਈ ਬਾਗ਼ ਦੀ,
ਰੇਸ਼ਮਦਾਰ ਪੁਸ਼ਾਕ ਤਨ ਨੂੰ ਖੂਬ ਸਜਾਰੀ।
* ਕਲਗੀਧਰ ਜੀ ਛੱਡ ਕੇ
ਤੁਰ ਪਏ ਕਿਲਾ ਅਨੰਦਪੁਰ ਦਾ,
ਖਾਲੀ ਕਰਕੇ ਚੱਲੇ
ਮਹਿਲ ਤੇ ਸਭ ਮਾੜੀਆਂ।
* ਸਭ ਸਰਸਾ ਵਿਚੋਂ ਪਾਰ ਹੋ,
ਗਏ ਸਿੰਘ ਬਈ ਅਗਾਂਹ ਨੂੰ ਧਾਹ।
ਪਿੱਛੇ ਰਹਿ ਕੇ ਬਾਬਾ ਅਜੀਤ ਸਿੰਘ,
ਲਿਆ ਦੁਸ਼ਮਣ ਦਲ ਅਟਕਾ।
* ਚੜ੍ਹਿਆ ਸ਼ੇਰ ਪੰਜਾਬ ਦਾ।
* ਸੂਰੇ ਸੋਧ ਖੜ੍ਹੇ ਅਰਦਾਸੇ।
ਇਸ ਤੋਂ ਇਲਾਵਾ ਮੱਸਾ ਸਿੰਘ ਹੋਰੀਂ ਆਕਾਸ਼ਬਾਣੀ ਕੇਂਦਰ ਜਲੰਧਰ ਦੇ ਪ੍ਰਵਾਨਤ ਕਲਾਕਾਰ ਸਨ। ਕੇਂਦਰ ਵੱਲੋਂ ਪੇਂਡੂ ਲੋਕਾਂ ਲਈ ਵਿਸ਼ੇਸ਼ ਤੌਰ ’ਤੇ ਪ੍ਰਸਾਰਿਤ ਕੀਤੇ ਜਾਂਦੇ ‘ਦਿਹਾਤੀ ਪ੍ਰੋਗਰਾਮ’ ਵਿਚ ਲੰਮਾ ਸਮਾਂ ਇਹ ਆਪਣਾ ਪ੍ਰੋਗਰਾਮ ਪੇਸ਼ ਕਰਦੇ ਰਹੇ। ਤਿੰਨ ਜਨਵਰੀ 1962 ਨੂੰ ਜਲੰਧਰ ਰੇਡੀਓ ਸਟੇਸ਼ਨ ’ਤੇ ਇਨ੍ਹਾਂ ਦਾ ਆਖ਼ਰੀ ਪ੍ਰੋਗਰਾਮ ਸੀ। ਜਿਸ ਦੀ ਫੀਸ 37 ਰੁਪਏ ਮਿਲੀ। ਇਹ ਸੱਦਾ ਪੱਤਰ ਉਨ੍ਹਾਂ ਦੇ ਪੁੱਤਰ ਅਜੀਤ ਸਿੰਘ ਕੋਲ ਸਾਂਭਿਆ ਪਿਆ ਹੈ। ਆਕਾਸ਼ਬਾਣੀ ਤੋਂ ਢੱਡ ਸਾਰੰਗੀ ਨਾਲ ਗਾਇਆ ਉਸ ਦਾ ਇਹ ਗੀਤ ਗਾਹੇ ਬਗਾਹੇ ਵੱਜਦਾ ਰਹਿੰਦਾ ਸੀ। ਇਸ ਵਿਚ ਉਸ ਦਾ ਸਾਥ ਸੋਹਣ ਸਿੰਘ ਜੱਲੋਵਾਲ ਨੇ ਦਿੱਤਾ ਹੋਇਆ ਹੈ:
* ਗੱਭਰੂ ਦੇਸ ਪੰਜਾਬ ਦਾ ਮੁੰਡਾ ਸੋਹਣਾ ਰੰਗ ਰੰਗੀਲਾ।
ਕੁੰਢੀਆਂ ਮੁੱਛਾਂ, ਚੌੜੀ ਛਾਤੀ ਬਾਂਕਾ ਛੈਲ ਛਬੀਲਾ।
ਮੱਸਾ ਸਿੰਘ ਦੇ ਜਥੇ ਵਿਚ ਸਮੇਂ ਸਮੇਂ ’ਤੇ ਕਈ ਸਾਥੀ ਸ਼ਾਮਲ ਹੁੰਦੇ ਤੇ ਨਿਖੜਦੇ ਰਹੇ। ਇਨ੍ਹਾਂ ਵਿਚ ਸੋਹਣ ਸਿੰਘ ਜੱਲੋਵਾਲ, ਫੁੰਮਣ ਸਿੰਘ ਕੁਲਪੁਰ, ਸਵਰਨ ਸਿੰਘ, ਪਾਲ ਸਿੰਘ, ਮਣਸਾ ਸਿੰਘ ਜੱਲੋਵਾਲ, ਨਾਜ਼ਰ ਸਿੰਘ ਪਤਾਰਾ ਆਦਿ ਸ਼ਾਮਲ ਸਨ।
ਸਾਲ 1962 ਵਿਚ ਮੱਸਾ ਸਿੰਘ ਆਪਣੇ ਸਾਥੀ ਪਾਖਰ ਸਿੰਘ ਬੁਲੰਦਪੁਰ ਸਮੇਤ ਇੰਗਲੈਂਡ ਚਲਾ ਗਿਆ। ਇੱਥੇ ਉਸ ਨੇ ਬਰਮਿੰਘਮ ਵਿਖੇ ਰਿਹਾਇਸ਼ ਕਰ ਲਈ। ਇੰਗਲੈਂਡ ਜਾਣ ਵਿਚ ਦੂਜੀ ਵਿਸ਼ਵ ਜੰਗ ਸਮੇਂ ਮਿਲੇ ਸਨਮਾਨ ਪੱਤਰ ਨੇ ਅਹਿਮ ਭੂਮਿਕਾ ਨਿਭਾਈ। ਇੱਥੇ ਵਸਦੇ ਪੰਜਾਬੀਆਂ ਨੇ ਇਸ ਜਥੇ ਨੂੰ ਭਰਵਾਂ ਮਾਣ ਸਨਮਾਨ ਦਿੱਤਾ। 1965 ਵਿਚ ਮੱਸਾ ਸਿੰਘ ਨੇ ਆਪਣੀ ਪਤਨੀ ਤੇ ਪੁੱਤਰ ਅਜੀਤ ਸਿੰਘ ਨੂੰ ਵੀ ਇੰਗਲੈਂਡ ਬੁਲਾ ਲਿਆ। ਇੱਥੇ ਮੱਸਾ ਸਿੰਘ ਨੇ ਕਈ ਸ਼ਾਗਿਰਦਾਂ ਨੂੰ ਵੀ ਢਾਡੀ ਗਾਇਕੀ ਦੀ ਸਿੱਖਿਆ ਦਿੱਤੀ। ਏਥੇ ਵੀ ਕਈ ਸਾਥੀ ਮਿਲਦੇ ਤੇ ਨਿਖੜਦੇ ਰਹੇ। ਇਨ੍ਹਾਂ ਸਾਥੀਆਂ ਵਿਚ ਪਾਖਰ ਵਿਚ ਬੁਲੰਦਪੁਰ, ਅਜੀਤ ਸਿੰਘ (ਪੁੱਤਰ), ਜਸਵੰਤ ਸਿੰਘ ਜੁਡੇਰਾ, ਪਿਆਰਾ ਸਿੰਘ ਭਾਖੜੀਆਲਾ, ਬਲਵਿੰਦਰ ਸਿੰਘ ਬਾਜਵਾ ਕਲਾਂ, ਇੰਦਰ ਸਿੰਘ ਆਦਿ ਸ਼ਾਮਲ ਸਨ। ਏਥੇ ਵੀ ਮੱਸਾ ਸਿੰਘ ਹੁਰਾਂ ਨੇ ਕੁਝ ਰਿਕਾਰਡਿੰਗ ਕਰਵਾਈ। ਏਥੇ ਉਹ ਕੀਰਤਨ ਵੀ ਕਰਦੇ ਰਹੇ ਅਤੇ ਢਾਡੀ ਪ੍ਰਸੰਗ ਵੀ ਗਾਉਂਦੇ ਰਹੇ। ਇੰਗਲੈਂਡ ਵਿਖੇ ਇਨ੍ਹਾਂ ਦੀ ਆਵਾਜ਼ ਵਿਚ ਇਕ ਈ.ਪੀ. ਤਵਾ ਰਿਲੀਜ਼ ਹੋਇਆ। ਇਸ ਵਿਚ ਮੱਸਾ ਸਿੰਘ ਦਾ ਸਾਥ ਉਸ ਦੇ ਪੁੱਤਰ ਅਜੀਤ ਸਿੰਘ ਤੇ ਸ਼ਾਗਿਰਦ ਇੰਦਰ ਸਿੰਘ ਨੇ ਦਿੱਤਾ ਹੋਇਆ ਹੈ। ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:
* ਬਾਂਦੀ ਨੇ ਧਾਹੀਂ ਮਾਰੀਆਂ, ਮਹਿਲਾਂ ਦੇ ਹੇਠ ਖਲੋ।
ਰੱਤੇ ਪੀਹੜੇ ਬੈਠੀਏ, ਕਾਹਨੂੰ ਲਾਈ ਐ ਮਹਿਲ ਨਾਲ ਢੋ।
* ਪਾਣੀ ਬਾਝ ਤਿਹਾਏ ਮਰ ਗਏ, ਪੁੱਤਰ ਸ਼ਾਹੂਕਾਰਾਂ ਦੇ।
* ਜਦ ਸੁਣਿਆ ਰਾਂਝੇ ਨੇ ਹੋ ਗਈ ਤਿਆਰ ਹੀਰ ਦੀ ਡੋਲੀ।
ਸੁਣ ਕਿਸੇ ਬਹਾਨੇ ਸੀ ਮਾਰੀ ਤਾਕ ਸੀਨੇ ਵਿਚ ਗੋਲੀ।
* ਕੀ ਸੈਦਾ ਕਾਰੇ ਕਰ ਗਿਆ ਸੀ।
ਉਹ ਜਿੱਤ ਗਿਆ, ਮੈਂ ਹਰ ਗਿਆ ਸੀ।
ਸਮੇਂ ਅਨੁਸਾਰ ਮੱਸਾ ਸਿੰਘ ਗ੍ਰਹਿਸਥ ਦੀ ਗੱਡੀ ਚੜ੍ਹਿਆ। ਉਸ ਦੀ ਜੀਵਨ ਸਾਥਨ ਬਣੀ ਕਰਤਾਰ ਕੌਰ। ਇਸ ਜੋੜੇ ਦਾ ਇਕਲੌਤਾ ਪੁੱਤਰ ਅਜੀਤ ਸਿੰਘ ਵੀ ਪੰਦਰਾਂ ਕੁ ਸਾਲ ਦੀ ਉਮਰ ਵਿਚ ਇੰਗਲੈਂਡ ਚਲਾ ਗਿਆ ਸੀ। ਉਸ ਨੇ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਜੀ ਪਾਸੋਂ ਹੀ ਲਈ। ਇਹ ਗੁਰੂ ਘਰਾਂ ਵਿਚ ਕੀਰਤਨ ਵੀ ਕਰਦੇ ਅਤੇ ਢਾਡੀ ਪ੍ਰਸੰਗ ਵੀ ਗਾਉਂਦੇ। ਮੱਸਾ ਸਿੰਘ ਨੇ ਲਗਭਗ ਤਿੰਨ ਦਹਾਕੇ ਇੰਗਲੈਂਡ ਦੀਆਂ ਵੱਖ ਵੱਖ ਥਾਵਾਂ ’ਤੇ ਪੰਜਾਬ ਦੇ ਢਾਡੀ ਸੰਗੀਤ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਅਖ਼ੀਰ 27 ਮਈ 1993 ਨੂੰ ਇਹ ‘ਮੌਜੀ’ ਢਾਡੀ ਰੁਖ਼ਸਤ ਹੋ ਗਿਆ। ਉੱਥੋਂ ਦੀਆਂ ਪੰਜਾਬੀ ਅਖ਼ਬਾਰਾਂ ਵਿਚ ਮੱਸਾ ਸਿੰਘ ਦੀ ਮੌਤ ਦੀਆਂ ਅਫ਼ਸੋਸਨਾਕ ਖ਼ਬਰਾਂ ਛਪੀਆਂ। ਉਸ ਬਾਰੇ ਇਕ ਅਖ਼ਬਾਰ ਦੀ ਟਿੱਪਣੀ ਪਾਠਕਾਂ ਲਈ ਦੇ ਰਿਹਾ ਹਾਂ,‘ਢਾਡੀ ਮੱਸਾ ਸਿੰਘ ਮੌਜੀ, ਪਿੰਡ ਭੋਜੋਵਾਲ (ਜਲੰਧਰ) ਅਕਾਲ ਚਲਾਣਾ ਕਰ ਗਏ ਹਨ। ਇਸ ਢਾਡੀ ਵਰਗੀ ਸਾਨਗੀ ਸ਼ਾਇਦ ਹੀ ਕੋਈ ਵਜਾ ਸਕਿਆ ਹੋਵੇ ਤੇ ਜਦੋਂ ਉਹ ਸਟੇਜ ਉੱਤੇ ਗੜ੍ਹਕਦਾ ਸੀ ਤਾਂ ਦੀਵਾਨ ਦੇ ਮੋਹਰੇ ਬੈਠੇ ਨਿਆਣੇ ਡਰ ਕੇ ਭੱਜ ਉੱਠਦੇ ਸਨ। ਸੱਚਮੁੱਚ ਹੀ ਹਾਲੀਆਂ ਦੇ ਹਲ ਛੁੱਟ ਜਾਂਦੇ ਸਨ। ਇਨਾਮ ਦਾ ਰੁਪਿਆ ਦੇਣ ਲਈ ਕਤਾਰਾਂ ਬੱਝ ਜਾਂਦੀਆਂ ਸਨ। ਪੰਜਾਬ ਦਾ ਇਹ ਮਹਾਨ ਕਲਾਕਾਰ ਆਖ਼ਰੀ ਫਤਿਹ 27 ਮਈ 1993 ਨੂੰ ਬੁਲਾ ਗਿਆ।’’ ਮੱਸਾ ਸਿੰਘ ਦੀ ਮੌਤ ਤੋਂ ਬਾਅਦ ਅਜੀਤ ਸਿੰਘ ਕੁਝ ਸਮਾਂ ਬਲਵਿੰਦਰ ਸਿੰਘ ਬਾਜਵਾ ਨਾਲ ਗਾਉਂਦਾ ਰਿਹਾ। ਫੇਰ ਆਪਣੇ ਕਾਰੋਬਾਰ ਵਿਚ ਰੁੱਝ ਗਿਆ। ਉਸ ਦੇ ਪੰਜ ਬੱਚਿਆਂ, ਤਿੰਨ ਧੀਆਂ ਤੇ ਦੋ ਪੁੱਤਰਾਂ ਵਿਚੋਂ ਕੋਈ ਵੀ ਸੰਗੀਤ ਨਾਲ ਨਾ ਜੁੜਿਆ। ਅਜੀਤ ਸਿੰਘ ਕੁਝ-ਕੁਝ ਸਮੇਂ ਬਾਅਦ ਆਪਣੇ ਪਿੰਡ ਭੋਜੋਵਾਲ ਗੇੜਾ ਮਾਰਦਾ ਰਹਿੰਦਾ ਹੈ।
ਸੰਪਰਕ: 84271-00341