ਮੁੰਬਈ, 9 ਫਰਵਰੀ
ਬੌਲੀਵੁੱਡ ਅਦਾਕਾਰਾ ਵਾਨੀ ਕਪੂਰ ਦਾ ਕਹਿਣਾ ਹੈ ਕਿ ਉਹ ਹੋਰ ਅਜਿਹੀਆਂ ਫਿਲਮਾਂ ’ਚ ਕੰਮ ਕਰਨਾ ਚਾਹੁੰਦੀ ਹੈ, ਜਿਨ੍ਹਾਂ ਵਿੱਚ ਔਰਤਾਂ ਦੇ ਜੀਵਨ ਅਤੇ ਉਸਦੇ ਫੈਸਲਿਆਂ ਦੀ ਗੱਲ ਕੀਤੀ ਜਾਵੇ। ਅਦਾਕਾਰਾ ਨੇ ਕਿਹਾ, ‘‘ਔਰਤ ਹੋਣ ਦੇ ਨਾਅਤੇ ਮੈਂ ਅਜਿਹੀਆਂ ਹੋਰ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹਾਂ ਜੋ ਔਰਤ ਦੀ ਜ਼ਿੰਦਗੀ ਤੇ ਉਸ ਦੇ ਫੈਸਲਿਆਂ ਦੀ ਗੱਲ ਕਰਨ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਆਪਣੇ ਕਰੀਅਰ ਦੇ ਬਹੁਤ ਘੱਟ ਸਮੇਂ ਵਿੱਚ ‘ਸ਼ੁੱਧ ਦੇਸੀ ਰੋਮਾਂਸ’, ‘ਬੇਫਿਕਰੇ’ ਅਤੇ ‘ਵਾਰ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ’ਚ ਔਰਤ ਦੇ ਜੀਵਨ ਦੇ ਸ਼ਾਨਦਾਰ ਪੱਖਾਂ ਨੂੰ ਉਭਾਰਿਆ ਗਿਆ ਹੈ। ਇਨ੍ਹਾਂ ਫਿਲਮਾਂ ’ਚ ਦਿਖਾਇਆ ਗਿਆ ਹੈ ਕਿ ਔਰਤਾਂ ਕਿੰਨੀਆਂ ਆਜ਼ਾਦ, ਉਤਸ਼ਾਹ ਭਰਪੂਰ ਤੇ ਮਜ਼ਬੂਤ ਹੁੰਦੀਆਂ ਹਨ।’’ ਵਾਨੀ ਨੇ ਇਹ ਵੀ ਕਿਹਾ ਕਿ ਉਹ ਅਜਿਹੀਆਂ ਫਿਲਮਾਂ ’ਚ ਕੰਮ ਕਰਨਾ ਚਾਹੁੰਦੀ ਹੈ ਜਿਨ੍ਹਾਂ ਵਿੱਚ ਔਰਤਾਂ ਦੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਅਤੇ ਔਰਤ ਤੇ ਮਰਦ ਵਿਚਲੇ ਅਜਿਹੇ ਪਾੜੇ ਨੂੰ ਖਤਮ ਕਰੇ ਕਿ ਔਰਤ ਕੀ ਕਰ ਸਕਦੀ ਹੈ ਤੇ ਕੀ ਨਹੀਂ ਕਰ ਸਕਦੀ। ਖੁਸ਼ਕਿਸਮਤੀ ਨਾਲ ਅਸੀਂ ਅਜਿਹੀ ਪੀੜ੍ਹੀ ਵਿੱਚ ਵਿਚਰ ਰਹੇ ਹਾਂ ਜੋ ਕਿ ਅਗਾਂਹਵਧੂ ਸੋਚ ਵਾਲੀ ਹੈ ਤੇ ਉਹ ਅਜਿਹੀ ਫਿਲਮਾਂ ਹੀ ਦੇਖਣਾ ਪਸੰਦ ਕਰਦੀ ਹੈ, ਜਿਨ੍ਹਾਂ ਵਿੱਚ ਔਰਤ ਨੂੰ ਫੁੱਲਦਾਨ ਨਹੀਂ ਸਮਝਿਆ ਜਾਂਦਾ। ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲੇ ਮਹੀਨਿਆਂ ਵਿੱਚ ਵਾਨੀ ਕਪੂਰ ਅਕਸ਼ੈ ਕੁਮਾਰ ਨਾਲ ‘ਬੈੱਲ ਬੋਟਮ’, ਰਣਬੀਰ ਕਪੂਰ ਨਾਲ ‘ਸ਼ਮਸ਼ੇਰਾ’ ਤੇ ਆਯੂਸ਼ਮਾਨ ਖੁਰਾਨਾ ਨਾਲ ‘ਚੰਡੀਗੜ੍ਹ ਕਰੇ ਆਸ਼ਕੀ’ ਵਿੱਚ ਨਜ਼ਰ ਆਏਗੀ। -ਆਈਏਐੱਨਐੱਸ