ਮੁੰਬਈ, 12 ਅਪਰੈਲ
ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸੋਮਵਾਰ ਨੂੰ ਜੀਓ ਮਾਮੀ ਮੁੰਬਈ ਫਿਲਮ ਮੇਲੇ ਦੀ ਚੇਅਰਪਰਸਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਫੈਸਲੇ ਲਈ ਉਨ੍ਹਾਂ ਨੇ ਰੁਝੇਵਿਆਂ ਦਾ ਹਵਾਲਾ ਦਿੱਤਾ ਹੈ। ਫਿਲਮ ਨਿਰਮਾਤਾ ਕਿਰਨ ਰਾਓ ਦੀ ਥਾਂ ਸਾਲ 2019 ਵਿੱਚ ਪਾਦੂਕੋਨ ਨੂੰ ਫਿਲਮ ਮੇਲੇ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ ਕਿ ਉਨ੍ਹਾਂ ਨੇ ਜੀਓ ਮਾਮੀ ਮੁੰਬਈ ਮੇਲੇ ਦੀ ਚੇਅਰਪਰਸਨ ਦਾ ਅਹੁਣਾ ਛੱਡਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਰੁਝੇਵਿਆਂ ਕਾਰਨ ਫਿਲਮ ਮੇਲੇ ਵੱਲ ਪੂਰਾ ਧਿਆਨ ਨਹੀਂ ਦੇ ਪਾਵੇਗੀ। ਅਦਾਕਾਰਾ ਨੇ ਕਿਹਾ, ‘‘ਆਪਣੇ ਮੌਜੂਦਾ ਕੰਮਾਂ ਦੇ ਰੁਝੇਵਿਆਂ ਕਾਰਨ ਮੈਨੂੰ ਲੱਗਦਾ ਹੈ ਕਿ ਮੈਂ ਮਾਮੀ ਫਿਲਮ ਮੇਲੇ ’ਤੇ ਆਪਣਾ ਧਿਆਨ ਪੂਰੀ ਤਰ੍ਹਾਂ ਕੇਂਦਰਿਤ ਕਰਨ ਤੋਂ ਅਸਮਰੱਥ ਰਹਾਂਗੀ। ਇਸ ਲਈ ਮੈਂ ਇਹ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਹੈ।’’ ਦੀਪਿਕਾ ਪਾਦੂਕੋਨ ਇਨ੍ਹੀਂ ਦਿਨੀਂ ਫਿਲਮ ‘ਪਠਾਨ’ ਅਤੇ ‘ਫਾਈਟਰ’ ਵਿੱਚ ਕੰਮ ਕਰ ਰਹੀ ਹੈ। ਪਿਛਲੇ ਸਾਲ ਕਰੋਨਾ ਮਹਾਮਾਰੀ ਕਾਰਨ ਜੀਓ ਮਾਮੀ ਮੁੰਬਈ ਫਿਲਮ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਸੀ। -ਏਜੰਸੀ