ਪਰਮਜੀਤ ਕੌਰ ਸਰਹਿੰਦ
ਵਾਸਤੂ ਸ਼ਾਸਤਰ ਅਜੋਕੇ ਸਮੇਂ ਦੀ ਕੋਈ ਨਵੀਂ ਕਾਢ ਨਹੀਂ ਹੈ। ਇਹ ਪ੍ਰਾਚੀਨ ਕਾਲ ਤੋਂ ਪ੍ਰਚੱਲਿਤ ਹੈ। ਵਿਚ ਵਿਚਾਲੇ ਲੰਮਾ ਅਰਸਾ ਲੋਕਾਂ ਦਾ ਇਸ ਵੱਲ ਬਹੁਤ ਧਿਆਨ ਹੀ ਨਹੀਂ ਗਿਆ, ਪਰ ਕੁਝ ਸਮੇਂ ਤੋਂ ਫਿਰ ਵਾਸਤੂ ਸ਼ਾਸਤਰ ਦਾ ਬਹੁਤ ਬੋਲ-ਬਾਲਾ ਹੋ ਗਿਆ। ਸਮਾਜ ਵਿਚ ਆਈ ਜਾਗਰੂਕਤਾ ਕਾਰਨ ਅੱਜ ਬਹੁਤ ਸਾਰੇ ਲੋਕ ਵਹਿਮ-ਭਰਮਾਂ ਅਤੇ ਜੋਤਸ਼ੀਆਂ-ਪੰਡਿਤਾਂ ਦੇ ਜਾਲ ਵਿਚੋਂ ਨਿਕਲ ਚੁੱਕੇ ਹਨ। ਪਰ ਇਸ ਗੱਲੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਅਜੋਕੇ ਸਮੇਂ ਤੇਜ਼ ਰਫ਼ਤਾਰ ਜ਼ਿੰਦਗੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਦਿਖਾਵੇ ਦੀ ਭਾਵਨਾ ਅਧੀਨ ਬਹੁਤੀਆਂ ਸੁਖ-ਸਹੂਲਤਾਂ ਦੀ ਲੋਚਾ ਕਾਰਨ ਮਨੁੱਖ ਮਾਨਸਿਕ ਦਵੰਧ ਦਾ ਸ਼ਿਕਾਰ ਹੈ। ਉਹ ਨਾ ਚਾਹੁੰਦਾ ਹੋਇਆ ਵੀ ਕਈ ਵਾਰ ਇਸ ਮੱਕੜਜਾਲ ਵਿਚ ਫਸ ਜਾਂਦਾ ਹੈ, ਮਨੁੱਖ ਦੀ ਇਸ ਅੰਦਰਲੀ ਕਮਜ਼ੋਰੀ ਜਾਂ ਟੁੱਟ-ਭੱਜ ਦਾ ਫ਼ਾਇਦਾ ਅਖੌਤੀ ਜੋਤਸ਼ੀ ਉਠਾਉਂਦੇ ਹਨ। ਇਹ ਕਮਜ਼ੋਰੀ ਕਿਸੇ ਇਨਸਾਨ ਵਿਚ ਜਨਮ ਤੋਂ ਨਹੀਂ ਹੁੰਦੀ, ਇਸ ਦਾ ਗਹਿਰ-ਗੰਭੀਰ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਮਾਜਿਕ ਨਾ ਬਰਾਬਰੀ ਨੂੰ ਦੇਖਦਿਆਂ ਮਨੁੱਖੀ ਮਨ ’ਚ ਈਰਖਾ ਵੀ ਪੈਦਾ ਹੋ ਜਾਂਦੀ ਹੈ ਤੇ ਉਹ ਹਰ ਹੀਲੇ ਆਪ ਵੀ ਉੱਚਾ ਉੱਠਣਾ ਚਾਹੁੰਦਾ ਹੈ, ਅੱਗੇ ਆਉਣਾ ਚਾਹੁੰਦਾ ਹੈ। ਅੱਜਕੱਲ੍ਹ ਲੋਕ ਜੋਤਸ਼ੀਆਂ ਤੋਂ ਬਿਨਾਂ ਅਖੌਤੀ ਵਾਸਤੂ ਸ਼ਾਸਤਰੀਆਂ ਦੇ ਪਿੱਛੇ ਵੀ ਲੱਗ ਗਏ ਹਨ। ਸਾਡੇ ਅਖੌਤੀ ਪੜ੍ਹੇ ਲਿਖੇ ਲੋਕ ਇਨ੍ਹਾਂ ਦੇ ਝਾਂਸੇ ਵਿਚ ਜਲਦੀ ਆ ਜਾਂਦੇ ਹਨ ਤੇ ਇਹ ਗੁੰਮਰਾਹ ਵੀ ਹੁੰਦੇ ਹਨ। ਇਹ ਗੱਲ ਸਪੱਸ਼ਟ ਕਰਨੀ ਵੀ ਜ਼ਰੂਰੀ ਹੈ ਕਿ ਸਾਰੇ ‘ਸ਼ਾਸਤਰੀ’ ਨੀਮ ਹਕੀਮ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਹੀ ਨਹੀਂ ਹੁੰਦੇ, ਪਰ ਮੈਂ ਗੱਲ ਆਪਣੇ ਤਜਰਬੇ ਦੇ ਆਧਾਰ ’ਤੇ ਹੀ ਕਰਾਂਗੀ ਕਿ ਕਿਵੇਂ ਸਾਡੇ ਵਰਗੇ ਲੋਕ ਧੋਖਾ ਖਾਂਦੇ ਹਨ।
ਵਾਸਤੂ ਸ਼ਾਸਤਰ ਕੀ ਹੈ? ਇਹ ਮੇਰਾ ਵਿਸ਼ਾ ਨਹੀਂ ਕਿਉਂ ਕਿ ਮੈਂ ਕੋਈ ਵਾਸਤੂ ਮਾਹਿਰ ਨਹੀਂ ਹਾਂ। ਪਰ ਇਹ ਜ਼ਰੂਰ ਕਹਾਂਗੀ ਕਿ ਵਾਸਤੂ ਸ਼ਾਸਤਰ ਮੁੱਢਲੇ ਤੌਰ ’ਤੇ ਇਮਾਰਤਸਾਜ਼ੀ ਦੀ ਉੱਤਮ ਕਲਾ ਹੈ, ਪਰ ਅੱਜ ਕੁਝ ਲੋਕਾਂ ਨੇ ਇਸ ਨੂੰ ਕਿਸੇ ਦੀਆਂ ਸਮਾਜਿਕ, ਘਰੇਲੂ ਸਰੀਰਿਕ ਤੇ ਮਾਨਸਿਕ ਸਮੱਸਿਆਵਾਂ ਹੱਲ ਜਾਂ ਖ਼ਤਮ ਕਰਨ ਦਾ ਜ਼ਰੀਆ ਦੱਸ ਕੇ ਇਸ ਦਾ ਪਸਾਰਾ ਕੀਤਾ ਹੋਇਆ ਹੈ। ਇਮਾਰਤਾਂ ਦਾ ਨਿਰਮਾਣ ਵੀ ਹਰ ਦੇਸ਼ ਜਾਂ ਦੇਸ਼ ਦੇ ਕਿਸੇ ਖਿੱਤੇ ਵਿਚ ਵੱਖੋ-ਵੱਖ ਹੁੰਦਾ ਹੈ। ਮਿਸਾਲ ਦੇ ਤੌਰ ’ਤੇ ਹਿਮਾਚਲ ਵਿਚ ਢਾਲਵੀਆਂ ਛੱਤਾਂ ਵਾਲੇ ਮਕਾਨ ਬਣਾਏ ਜਾਂਦੇ ਹਨ। ਇਹ ਹਰ ਥਾਂ ਆਪਣੀ ਸੁਖ-ਸਹੂਲਤ ਨੂੰ ਮੁੱਖ ਰੱਖ ਕੇ ਬਣਾਏ ਜਾਂਦੇ ਹਨ। ਢਾਲਵੀਆਂ ਛੱਤਾਂ ’ਤੇ ਮੀਂਹ ਦਾ ਪਾਣੀ ਨਹੀਂ ਠਹਿਰਦਾ ਤੇ ਬਰਫ਼ਬਾਰੀ ਦੇ ਮੌਸਮ ’ਚ ਬਰਫ਼ ਵੀ ਸੌਖੀ ਤਿਲ੍ਹਕ ਜਾਂਦੀ ਹੈ। ਵਾਸਤੂ ਸ਼ਾਸਤਰ ਵਿਚ ਵੀ ਸਮੇਂ ਦੇ ਨਾਲ-ਨਾਲ ਤਰੱਕੀ ਹੁੰਦੀ ਗਈ, ਉਂਜ ਤਾਂ ਕੋਈ ਵੀ ਇਮਾਰਤਸ਼ਾਜ (ਆਰਕੀਟੈਕਚਰ) ਇਮਾਰਤ ਬਣਾਉਣ ਸਮੇਂ ਹਵਾ ਤੇ ਰੌਸ਼ਨੀ ਦਾ ਧਿਆਨ ਰੱਖਦਾ ਹੈ, ਪਰ ਅੱਜ ਵਾਸਤੂ ਦੇ ਚੱਕਰ ਵਿਚ ਹੋਰ ਕਈ ਗੱਲਾਂ ਦਾ ਧਿਆਨ ਵੀ ਰੱਖਣ ਲੱਗੇ ਹਨ। ਵਾਸਤੂ ਵਾਲੇ ਮਕਾਨ ਦੀ ਉਸਾਰੀ ਸਮੇਂ ਅੱਗ ਭਾਵ ਰਸੋਈ ਅਤੇ ਪਾਣੀ ਵਾਲੀ ਮੋਟਰ ਜਾਂ ਨਲਕੇ ਵਗੈਰਾ ਲਈ ਥਾਂ ਨਿਸਚਿਤ ਕਰਦੇ ਹਨ। ਇੱਥੇ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਪੁਰਾਣੇ ਸਮੇਂ ਸਾਡੀਆਂ ਦਾਦੀਆਂ-ਨਾਨੀਆਂ ਚੁੱਲ੍ਹਾ-ਚੌਂਕਾ ਇਕ ਖ਼ਾਸ ਦਿਸ਼ਾ ਵਿਚ ਹੀ ਬਣਾਉਂਦੀਆ ਸਨ। ਘਰ ਵਿਚ ਨਲਕਾ ਵੀ ਸਾਡੇ ਬਜ਼ੁਰਗ ਚੜ੍ਹਦੀ (ਪੂਰਬ) ਦਿਸ਼ਾ ਵੱਲ ਲਵਾਉਂਦੇ ਸਨ। ਆਮ ਲੋਕ ਚੜ੍ਹਦੀ ਲਹਿੰਦੀ ਦਿਸ਼ਾ ਦਾ ਵਿਸ਼ੇਸ਼ ਤੌਰ ’ਤੇ ਧੁੱਪ ਦਾ ਹਿਸਾਬ ਲਾ ਕੇ ਘਰ ਬਣਾਉਂਦੇ, ਪਰ ਇਸ ਵਿਚ ਕੋਈ ਵਹਿਮ-ਭਰਮ ਨਹੀਂ ਸੀ ਹੁੰਦਾ। ਅੱਜ ਅਸੀਂ ਲੋਕ ਆਪਣੇ ਆਪ ਨੂੰ ਪੜ੍ਹੇ ਲਿਖੇ ਤੇ ਅਗਾਂਹ ਵਧੂ ਕਹਾਉਂਦੇ ਹੋਏ ਵੀ ਅਗਿਆਨਤਾ-ਵਸ ਵਾਸਤੂ ਸ਼ਾਸਤਰ ਨੂੰ ਜਾਦੂ ਦੀ ਛੜੀ ਸਮਝ ਲੈਂਦੇ ਹਾਂ, ਜੋ ਚਾਰ ਇੱਟਾਂ ਏਧਰੋਂ ਪੁੱਟ ਕੇ ਉੱਧਰ ਲਾਉਣ ਨਾਲ ਜਾਂ ਘਰ ਦੇ ਬੂਹੇ-ਬਾਰੀਆਂ ਦੀ ਦਿਸ਼ਾ ਬਦਲਣ ਨਾਲ ਹੀ ਸਾਡੇ ਸਾਰੇ ਦੁਖ ਦਲਿੱਦਰ ਦੂਰ ਕਰ ਦੇਵੇਗੀ।
ਇਹ ਜਾਦੂ ਦੀ ਛੜੀ ਕੁਝ ਵਰ੍ਹੇ ਪਹਿਲਾਂ ਮੈਂ ਵੀ ਆਪਣੇ ਘਰ ਵਿਚ ਘੁਮਾਈ, ਮੇਰੇ ਪਤੀ ਨੇ ਨਾ ਚਾਹੁੰਦਿਆਂ ਹੋਇਆਂ ਵੀ ਮੇਰੇ ਅਤੇ ਸਾਡੇ ਕਿਸੇ ਬਹੁਤ ਹਮਦਰਦ ਤੇ ਗੂੜ੍ਹੀ ਸਾਂਝ ਵਾਲੇ ਨਜ਼ਦੀਕੀ ਰਿਸ਼ਤੇਦਾਰ ’ਤੇ ਭਰੋਸਾ ਕਰਕੇ ਚੰਗੇ ਭਲੇ ਖ਼ੂਬਸੂਰਤ ਮਕਾਨ ਦੀ ਤੋੜ-ਫੋੜ ਕਰਾਉਣ ਲਈ ਮਨਜ਼ੂਰੀ ਦੇ ਦਿੱਤੀ। ਇਸ ਦਾ ਸਬੱਬ ਸਾਡੇ ਘਰ ਹੋਈ ਚੋਰੀ ਬਣੀ। ਚੋਰ, ਗੈਸਟ ਰੂਮ ਦੀ ਖਿੜਕੀ ਦੀ ਮਜ਼ਬੂਤ ਗਰਿੱਲ ਤੋੜ ਕੇ ਅੰਦਰ ਵੜੇ। ਸਾਡੇ ਰਿਸ਼ਤੇਦਾਰ ਹਮਦਰਦੀ ਵੱਜੋਂ ਸਾਡੇ ਘਰ ਆਏ ਤੇ ਕਹਿਣ ਲੱਗੇ ਕਿ ਘਰ ਦੀ ਬਣਤਰ ਵਿਚ ਵਾਸਤੂ ਸ਼ਾਸਤਰ ਅਨੁਸਾਰ ਕਈ ਨੁਕਸ ਹਨ। ਉਨ੍ਹਾਂ ਦੇ ਕਹਿਣ ਅਨੁਸਾਰ ਸਾਡੀ ਪਾਣੀ ਵਾਲੀ ਮੋਟਰ ਵੀ ਗ਼ਲਤ ਥਾਂ ’ਤੇ ਲੱਗੀ ਹੋਈ ਸੀ। ਖੈਰ! ਉਹ ਸਾਡੇ ਨਾਲ ਸਲਾਹ ਕਰਕੇ ਕਿਸੇ ਵਾਸਤੂ ਮਾਹਿਰ ਨੂੰ ਸਾਡੇ ਘਰ ਲਿਆਏ। ਜੋ ਕਿ ਉਨ੍ਹਾਂ ਦਾ ਦੋਸਤ ਸੀ। ਮੇਰੇ ਜ਼ਿਹਨ ਵਿਚ ਮਾਂ ਦਾਦੀ ਦੇ ਬਣਾਏ ਚੁੱਲ੍ਹੇ ਅਤੇ ਦਾਦੇ ਪੜਦਾਦੇ ਦੇ ਖ਼ਾਸ ਦਿਸ਼ਾ ਵਿਚ ਲਵਾਏ ਨਲਕੇ ਵਾਲੀ ਸੋਚ ਜਾਗ ਉੱਠੀ ਸੀ। ਦੋਸਤ ਦੇ ਰਿਸ਼ਤੇਦਾਰ ਦੀ ਲਿਹਾਜ਼ ਕਰਦਿਆਂ ਉਸ ਬੰਦੇ ਨੇ ਪੰਦਰਾਂ ਹਜ਼ਾਰ ਫੀਸ ਤੈਅ ਕੀਤੀ। ਸਭ ਤੋਂ ਪਹਿਲਾਂ ਉਸ ਨੇ ਮੁੱਖ ਸੜਕ ’ਤੇ ਬਣੀਆਂ ਸਾਡੀਆਂ ਦੋ ਦੁਕਾਨਾਂ ਢਾਹੁਣ ਦੀ ਸਲਾਹ ਦਿੱਤੀ ਜੋ ਛੇ ਕੁ ਮਹੀਨੇ ਪਹਿਲਾਂ ਹੀ ਅਸੀਂ ਕਿਰਾਏ ’ਤੇ ਦਿੱਤੀਆਂ ਸਨ। ਉਸ ਮਾਹਰ ਅਨੁਸਾਰ ਉਹ ਸਾਡੇ ਇਕਲੌਤੇ ਪੁੱਤਰ ਦੇ ਐਕਸੀਡੈਂਟ ਵਿਚ ਗੰਭੀਰ ‘ਹੈੱਡ ਇੰਜਰੀ’ ਦਾ ਸਬੱਬ ਬਣ ਸਕਦੀਆਂ ਸਨ।
ਬੜੀ ਮੁਸ਼ਕਿਲ ਨਾਲ ਸ਼ਰੀਫ਼ ਕਿਰਾਏਦਾਰਾਂ ਨੂੰ ਸੱਚਾਈ ਦੱਸ ਕੇ ਮਨਾਇਆ ਤੇ ਦੁਕਾਨਾਂ ਖਾਲੀ ਕਰਵਾਈਆਂ। ਉਨ੍ਹਾਂ ਦਾ ਕਹਿਣਾ ਸੀ ਦੁਕਾਨਾਂ ਵਿਚ ਬਹੁਤ ਕਮਾਈ ਹੋ ਰਹੀ ਹੈ, ਅਸੀਂ ਕਿਰਾਇਆ ਵਧਾ ਦਿੰਦੇ ਹਾਂ। ਇਕ ਨੇ ਤਾਂ ਦੁਕਾਨ ਖ਼ਰੀਦ ਲੈਣ ਤਕ ਦੀ ਗੱਲ ਵੀ ਕੀਤੀ। ਪਰ ਮੇਰੇ ਮਨ ਵਿਚ ਖੌਫ਼ ਪੈਦਾ ਹੋ ਗਿਆ ਸੀ ਸੋ ਹਜ਼ਾਰਾਂ ਰੁਪਏ ਲਾ ਕੇ ਬਣਾਈਆਂ ਦੁਕਾਨਾਂ ਢਾਹ-ਢੇਰੀ ਕਰ ਦਿੱਤੀਆਂ। ਤੋੜ-ਭੰਨ ਤੇ ਮਲਬਾ ਚੁਕਾਉਣ ਦੀ ਮਜ਼ਦੂਰੀ ਵੱਖਰੀ ਤੇ ਜੱਗ ਹਸਾਈ ਵੱਖਰੀ।
ਇਸੇ ਦੌਰਾਨ ਮੈਂ ਉਸ ਬੰਦੇ ਤੋਂ ਲੈ ਕੇ ਦੋ ਕੁ ਕਿਤਾਬਾਂ ਵੀ ਵਾਸਤੂ ਸ਼ਾਸਤਰ ਬਾਰੇ ਪੜ੍ਹੀਆਂ। ਉਨ੍ਹਾਂ ਕਿਤਾਬਾਂ ਅਨੁਸਾਰ ਵਾਕਿਆ ਹੀ ਸਾਡੇ ਘਰ ਦੀ ਬਣਤਰ ਵਿਚ ਦੋਸ਼ ਸੀ। ਸੋ ਮੈਂ ਹੋਰ ਦ੍ਰਿੜਤਾ ਨਾਲ ਇਸ ਮੁਹਿੰਮ ਨੂੰ ਚਲਾਉਣ ਲੱਗੀ। ਮੇਰੇ ਪਤੀ ਹਫ਼ਤੇ ’ਚ ਇਕ ਦੋ ਵਾਰ ਹੀ ਘਰ ਚੱਕਰ ਮਾਰਦੇ, ਉਹ ਆਪਣੀ ਡਿਊਟੀ ਪ੍ਰਤੀ ਬਹੁਤ ਸੁਚੇਤ ਰਹਿੰਦੇ ਸਨ। ਬੱਚੇ ਪੜ੍ਹ ਰਹੇ ਸਨ, ਮੈਂ ਨੌਕਰਾਂ ਨਾਲ ਸਾਰਾ ਦਿਨ ਇਸ ਖ਼ਲਜੋਗਣ ਵਿਚ ਉਲਝੀ ਰਹਿੰਦੀ ਮਿੱਟੀ-ਘੱਟਾ ਤੇ ਟੁੱਟ-ਭੰਨ ਦੀ ਹੁੰਦੀ ਠਾਹ-ਠਾਹ ਨੇ ਮੇਰੀ ਸਿਹਤ ਖ਼ਰਾਬ ਕਰ ਦਿੱਤੀ ਸੀ। ਪਤੀ ਦੇਵ ਬੇਲੋੜੇ ਖ਼ਰਚੇ ਅਤੇ ਖਿਲਾਰੇ ਤੋਂ ਕਈ ਵਾਰ ਬਹੁਤ ਤੰਗ ਆ ਜਾਂਦੇ, ਪਰ ਦੋ ਕੁ ਕਿਤਾਬਾਂ ਪੜ੍ਹ ਕੇ ਮੈਂ ਵੀ ਆਪਣੇ ਆਪ ਨੂੰ ਵਾਸਤੂ ਦੀ ਮਾਹਰ ਸਮਝਣ ਲੱਗ ਪਈ ਸਾਂ ਤੇ ਦਲੀਲਾਂ ਦੇ ਕੇ ਮੈਂ ਉਨ੍ਹਾਂ ਨੂੰ ਮਨਾ ਲੈਂਦੀ ਕਿ ਕੰਮ ਠੀਕ ਹੋ ਰਿਹਾ ਹੈ। ਉਸ ਬੰਦੇ ਦੇ ਕਹਿਣ ’ਤੇ ਰਸੋਈ ਨਵੀਂ ਬਣਵਾਈ ਕਿਉਂਕਿ ਉਸ ਅਨੁਸਾਰ ਪਹਿਲੀ ਰਸੋਈ ਠੀਕ ਦਿਸ਼ਾ ਵਿਚ ਨਹੀਂ ਸੀ ਤੇ ਘਰ ਦੀ ਸੁਆਣੀ ਨੂੰ ਭਾਵ ਮੈਨੂੰ ਕੈਂਸਰ ਹੋ ਸਕਦਾ ਸੀ।
ਮੁੱਕਦੀ ਗੱਲ ਥੋੜ੍ਹਾ ਬਹੁਤਾ ਜਮਾਂ ਕੀਤਾ ਪੈਸਾ ਖ਼ੁਰ ਗਿਆ। ਬੇਟਾ ਇੰਜਨੀਅਰਿੰਗ ਤੇ ਦੋਵੇਂ ਬੇਟੀਆਂ ਡਾਕਟਰੀ ਵਿਚ ਪੜ੍ਹ ਰਹੀਆਂ ਸਨ। ਆਮਦਨ ਦਾ ਇਕ ਜ਼ਰੀਆ ਦੁਕਾਨਾਂ ਢਹਿ ਗਈਆਂ ਸਨ। ਉਸ ਥਾਂ ਘਰ ਦਾ ਮੇਨ ਗੇਟ ਪਹਿਲੀ ਥਾਂ ਤੋਂ ਬਦਲ ਕੇ ਲਵਾਇਆ, ਉਸ ਦਾ ਡਿਜ਼ਾਇਨ ਵੀ ਵਾਸਤੂ ਅਨੁਸਾਰ ਬਣਾਇਆ। ਪਾਣੀ ਵਾਲੀ ਵੱਡੀ ਸਾਰੀ ਟੈਂਕੀ ਵੀ ਉਸ ਦੇ ਕਹਿਣ ’ਤੇ ਤੋੜ ਕੇ ਹੋਰ ਪਾਸੇ ਬਣਵਾਈ। ਧੂੜ ਨਾਲ ਭਰਿਆ ਘਰ ਰੋਗਨ ਕਰਵਾਇਆ। ਸੱਤ-ਅੱਠ ਮਹੀਨੇ ਵਿਚ ਰੱਬ-ਰੱਬ ਕਰਕੇ ਇਹ ਕੰਮ ਮੁਕਾਇਆ। ਮੈਂ ਇਹ ਵੀ ਨੋਟ ਕੀਤਾ ਕਿ ਕਿਤਾਬਾਂ ਕੁਝ ਹੋਰ ਕਹਿੰਦੀਆਂ ਸਨ ਤੇ ਕਈ ਵਾਰ ਉਹ ਕੁਝ ਹੋਰ ਕਰਵਾਉਂਦਾ ਸੀ। ਉਸ ਬੰਦੇ ਦੇ ਕਹਿਣ ਅਨੁਸਾਰ ਉਸ ਨੇ ਸਾਡੇ ਘਰ ਦੇ ਪੰਜਾਹ ਸਾਲ ਸੁਰੱਖਿਅਤ ਕਰ ਦਿੱਤੇ ਸਨ। ਬਣਾਇਆ ਨਕਸ਼ਾ ਉਹ ਲੈ ਗਿਆ ਸੀ, ਅਸੀਂ ਕਈ ਵਾਰ ਉਸ ਤੋਂ ਨਕਸ਼ਾ ਮੰਗਿਆ, ਪਰ ਟਾਲ-ਮਟੋਲ ਕਰਦਾ ਰਿਹਾ ਤੇ ਬਾਅਦ ’ਚ ਜਵਾਬ ਦੇ ਦਿੱਤਾ ਕਿ ਨਕਸ਼ਾ ਤਾਂ ਮੈਂ ਸਾੜ ਦਿੱਤਾ ਹੈ, ਹੁਣ ਉਸ ਦੀ ਕੋਈ ਲੋੜ ਨਹੀਂ ਸੀ। ਪੰਜਾਹ ਤਾਂ ਕੀ ਸਾਡੇ ਪੰਜ ਸਾਲ ਵੀ ਸੁਖ ਦੇ ਨਾ ਲੰਘੇ। ਕਈ ਅਣਕਿਆਸੀਆਂ ਮੁਸੀਬਤਾਂ ਝੱਲੀਆਂ। ਇਕ ਹੋਰ ਗੱਲ ਧਿਆਨ ਦੇਣ ਵਾਲੀ ਹੈ ਇਨ੍ਹਾਂ ਅਖੌਤੀ ਵਾਸਤੂ ਮਾਹਿਰਾਂ ਦੀ ਆਪਸੀ ਸੋਚ ਵੀ ਨਹੀਂ ਮਿਲਦੀ।
ਘਰ ਫੂਕ ਕੇ ਤਮਾਸ਼ਾ ਦੇਖਦਿਆਂ ਸਾਡੇ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਘਰੋਂ ਹੱਸਦਾ-ਖੇਡਦਾ ਗਿਆ ਸਾਡਾ ਇਕੱਤੀ ਸਾਲਾਂ ਦਾ ਇਕਲੌਤਾ ਜੁਆਨ ਪੁੱਤਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਸਾਨੂੰ ਸਦਾ ਲਈ ਵਿਛੋੜੇੇ ਦਾ ਸੱਲ ਲਾ ਗਿਆ ਅਤੇ ਸਾਰਾ ਪਰਿਵਾਰ ਗੰਭੀਰ ਜਖ਼ਮੀ ਹੋਇਆ। ਉਸ ਦੇ ਤੋੜ-ਫੋੜ ਕੇ ਬਣਾਏ ਘਰ ਵਿਚ ਜੋ ਉਸ ਨੇ ਸੁੱਖਾਂ ਦੀ ਖਾਣ ਬਣਾਈ ਸੀ, ਕੇਵਲ ਤਿੰਨ ਸਾਲਾਂ ਦੀ ਵਿਆਹੁਤਾ ਜ਼ਿੰਦਗੀ ਗੁਜ਼ਾਰ ਕੇ ਦੋ ਫੁੱਲਾਂ ਵਰਗੇ ਬੱਚਿਆਂ ਦੀ ਮਾਂ ਸਾਡੀ ਨੂੰਹ, ਭਰਾ ਵਾਹਰੀਆਂ ਹੋਈਆਂ ਦੋ ਪ੍ਰਦੇਸਣ ਭੈਣਾਂ ਤੇ ਢਲਦੀ ਉਮਰ ਵਾਲੇ ਅਸੀਂ ਮਾਪੇ ਜਿਉਂਦੀਆਂ ਲਾਸ਼ਾਂ ਬਣ ਕੇ ਰਹਿ ਗਏ। ਉਸ ‘ਮਾਹਿਰ’ ਦੇ ਲਵਾਏ ਨਵੇਂ ਗੇਟ ਵਿਚੋਂ ਜਿਸ ਨੂੰ ਉਸ ਨੇ ਸਹੀ ‘ਘਰ’ ਤੇ ਸਹੀ ਦਿਸ਼ਾ ਵਿਚ ਬਣਵਾਇਆ ਸੀ, ਸਾਡੇ ਕਾਲਜੇ ਦੇ ਟੁਕੜੇ ਜੁਆਨ ਪੁੱਤ ਦੀ ਅਰਥੀ ਨਿਕਲੀ।
ਮੇਰੇ ਪਤੀ ਦੀ ਰਿਟਾਇਰਮੈਂਟ ਹੋ ਚੁੱਕੀ ਸੀ ਤੇ ਪੁੱਤਰ ਦਾ ਸਾਰਾ ਕਾਰੋਬਾਰ ਤਬਾਹ ਹੋ ਗਿਆ ਸੀ। ਸਾਡੀਆਂ ਨੂੰਹ-ਸੱਸ ਦੀਆਂ ਟੁੱਟੀਆਂ ਬਾਹਵਾਂ ਤੇ ਹੋਰ ਸੱਟਾਂ ਦੇ ਮਹਿੰਗੇ ਇਲਾਜ ’ਤੇ ਬਹੁਤ ਖ਼ਰਚਾ ਹੋਇਆ। ਲੰਮੀ ਸੋਚਦਿਆਂ ਉਨ੍ਹਾਂ ਤੋੜੀਆਂ ਗਈਆਂ ਦੁਕਾਨਾਂ ਦੀ ਥਾਂ ’ਤੇ ਬਾਅਦ ਵਿਚ ਬੈਂਕ ਲਈ ਇਮਾਰਤ ਅਤੇ ਹੋਰ ਦੁਕਾਨਾਂ ਬਣਾਈਆਂ ਤਾਂ ਜੋ ਆਮਦਨ ਦਾ ਸਾਧਨ ਹੋ ਸਕੇ, ਬੱਚਿਆਂ ਨੂੰ ਚੰਗੀ ਵਿੱਦਿਆ ਮੁਹੱਈਆ ਕਰਾ ਸਕੀਏ ਤੇ ਉਨ੍ਹਾਂ ਦਾ ਚੰਗਾ ਪਾਲਣ ਪੋਸ਼ਣ ਕਰ ਸਕੀਏ। ਉਸੇ ਥਾਂ ’ਤੇ ਬਣੀ ਇਮਾਰਤ ਸਾਡੇ ਲਈ ਵਧੀਆ ਆਮਦਨ ਦਾ ਜ਼ਰੀਆ ਬਣੀ ਹੋਈ ਹੈ, ਆਸ ਕਰਦੀ ਹਾਂ ਜ਼ਹੀਨ ਪਾਠਕ ਇਸ ਲੇਖ ਤੋਂ ਫਾਇਦਾ ਉਠਾਉਣਗੇ।
ਸੰਪਰਕ: 98728-98599