ਮੁੰਬਈ, 30 ਜੂਨ
ਬੌਲੀਵੁੱਡ ਦੀ ਝੋਲੀ ‘ਸ਼ਾਦੀ ਕਾ ਲੱਡੂ’ ਅਤੇ ‘ਪਿਆਰ ਮੇਂ ਕਭੀ ਕਭੀ’ ਵਰਗੀਆਂ ਫਿਲਮਾਂ ਪਾਉਣ ਵਾਲੇ ਨਿਰਦੇਸ਼ਕ ਅਤੇ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ (50) ਦੀ ਅੱਜ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੌਸ਼ਲ ਦੇ ਪਰਿਵਾਰਕ ਦੋਸਤ ਅਤੇ ਅਦਾਕਾਰ ਰੋਹਿਤ ਰਾਏ ਨੇ ਇਹ ਜਾਣਕਾਰੀ ਦਿੱਤੀ। ਇਸ ਜੋੜੇ ਦੇ ਦੋ ਬੱਚੇ ਬੇਟਾ ਵੀਰ ਅਤੇ ਬੇਟੀ ਤਾਰਾ ਹਨ। ਰੋਹਿਤ ਰਾਏ ਨੇ ਦੱਸਿਆ ਕਿ ਰਾਜ ਕੌਸ਼ਲ ਦੀ ਅੱਜ ਸਵੇਰੇ ਸਾਢੇ ਚਾਰ ਵਜੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੌਸ਼ਲ ਦਾ ਅੰਤਿਮ ਸੰਸਕਾਰ ਦਾਦਰ ਸਥਿਤ ਸ਼ਿਵਾਜੀ ਪਾਰਕ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਅਦਾਕਾਰ ਰੋਨਿਤ ਰੌਏ, ਸਮੀਰ ਸੋਨੀ, ਆਸ਼ੀਸ਼ ਚੌਧਰੀ ਅਤੇ ‘ਪਿਆਰ ਮੇਂ ਕਭੀ ਕਭੀ’ ਦੇ ਅਦਾਕਾਰ ਡੀਨੋ ਮੌਰਿਆ ਸਮੇਤ ਫਿਲਮ ਇੰਡਸਟਰੀ ਦੇ ਕਈ ਕਰੀਬੀ ਦੋਸਤ ਹਾਜ਼ਰ ਸਨ। ਰਾਜ ਕੌਸ਼ਲ ਨੇ ਪਹਿਲੀ ਫਿਲਮ ‘ਪਿਆਰ ਮੇਂ ਕਭੀ ਕਭੀ’ 1999 ਵਿੱਚ ਅਤੇ ਇਸ ਮਗਰੋਂ ਫਿਲਮ ‘ਸ਼ਾਦੀ ਕਾ ਲੱਡੂ’ 2004 ਵਿੱਚ ਬਣਾਈ। ਕੌਸ਼ਲ ਦੇ ਨਿਰਦੇਸ਼ਨ ਹੇਠ ਆਖ਼ਰੀ ਫਿਲਮ 2006 ਵਿੱਚ ‘ਐਂਥਨੀ ਕੌਨ ਹੈ?’ ਬਣਾਈ ਸੀ, ਜਿਸ ਵਿੱਚ ਅਰਸ਼ਦ ਵਾਰਸੀ ਅਤੇ ਸੰਜੈ ਦੱਤ ਨੇ ਕੰਮ ਕੀਤਾ। ਫਿਲਮਸਾਜ਼ ਨੇ 2005 ਵਿੱਚ ਫਿਲਮ ‘ਮਾਈ ਬਰਦਰ…ਨਿਖਿਲ’ ਵੀ ਪ੍ਰੋਡਿਊਸ ਕੀਤੀ ਸੀ। -ਪੀਟੀਆਈ
ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ
ਫਿਲਮ ਇੰਡਸਟਰੀ ਨਾਲ ਜੁੜੇ ਕਈ ਕਲਾਕਾਰਾਂ ਨੇ ਫਿਲਮਸਾਜ਼ ਰਾਜ ਕੌਸ਼ਲ ਦੀ ਮੌਤ ਨੂੰ ਵੱਡਾ ਘਾਟਾ ਦੱਸਿਆ ਹੈ। ਅੰਗਦ ਬੇਦੀ ਨੇ ਸੋਸ਼ਲ ਮੀਡੀਆ ’ਤੇ ਦੁੱਖ ਸਾਂਝਾ ਕਰਦਿਆਂ ਲਿਖਿਆ, ‘ਏਦਾਂ ਲੱਗਦਾ ਹੈ ਕਿ ਕੁਦਰਤ ਨੇ ਸਾਨੂੰ ਆਖ਼ਰੀ ਸਾਹ ਤੱਕ ਤੇਰੇ ਨਾਲ ਰਹਿਣ ਲਈ ਚੁਣਿਆ ਸੀ।’’ ਕੌਸ਼ਲ ਨੇ ਐਤਵਾਰ ਨੂੰ ਅੰਗਦ ਬੇਦੀ, ਨੇਹਾ ਧੂਪੀਆ, ਚੌਧਰੀ, ਸਾਗਰਿਕਾ ਘਟਗੇ ਅਤੇ ਸਾਬਕਾ ਕ੍ਰਿਕਟਰ ਜ਼ਹੀਰ ਖ਼ਾਨ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ। ਅੰਗਦ ਦੀ ਪਤਨੀ ਨੇਹਾ ਧੂਪੀਆ ਨੇ ਇਹੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਯਕੀਨ ਨਹੀਂ ਹੋ ਰਿਹਾ ਕਿ ਉਹ ਹੁਣ ਸਾਡੇ ਨਾਲ ਨਹੀਂ ਹਨ।’ ਵਿਸ਼ਾਲ ਡਡਲਾਨੀ ਨੇ ਲਿਖਿਆ, ‘ਰਾਜ ਕੌਸ਼ਲ ਪਹਿਲਾ ਵਿਅਕਤੀ ਸੀ, ਜਿਸ ਨੇ ਫਿਲਮਾਂ ਲਈ ਮਿਊਜ਼ਿਕ ਬਣਾਉਣ ’ਚ ਮੇਰੇ ’ਤੇ ਭਰੋਸਾ ਕੀਤਾ।’