ਸੁਖਮੰਦਰ ਸਿੰਘ ਤੂਰ
ਲੋਕ ਗੀਤ ਲੋਕ ਜਜ਼ਬਿਆਂ ਦੀ ਸਹੀ ਤਰਜ਼ਮਾਨੀ ਕਰਦੇ ਹਨ। ਪੰਜਾਬੀ ਲੋਕ ਗੀਤਾਂ ਵਿੱਚ ਘੋੜੀਆਂ, ਸੁਹਾਗ, ਸਿੱਠਣੀਆਂ, ਬੋਲੀਆਂ ਆਦਿ ਆ ਜਾਂਦੀਆਂ ਹਨ। ਲੋਕ ਗੀਤ ਨਾ ਪੁਰਾਣੇ ਹੁੰਦੇ ਹਨ ਅਤੇ ਨਾ ਹੀ ਨਵੇਂ। ਇਹ ਜੰਗਲ ਦੇ ਰੁੱਖਾਂ ਵਾਂਗ ਹਨ, ਜਿਨ੍ਹਾਂ ਦੀਆਂ ਜੜ੍ਹਾਂ ਦੂਰ ਧਰਤੀ (ਭੂਤਕਾਲ) ਵਿੱਚ ਧਸੀਆਂ ਹੋਈਆਂ ਹਨ, ਜਿਨ੍ਹਾਂ ’ਤੇ ਲਗਾਤਾਰ ਨਵੀਆਂ ਡਾਲੀਆਂ, ਕਰੂੰਬਲਾਂ ਤੇ ਫ਼ਲ ਫੁਟਦੇ ਰਹਿੰਦੇ ਹਨ। ਇਸ ਭਾਵ ਨੂੰ ਇੱਕ ਲੋਕ ਗੀਤ ਵਿੱਚ ਇਉਂ ਦਰਸਾਇਆ ਗਿਆ ਹੈ :
ਪਿੱਪਲ ਦਿਆ ਪੱਤਿਆ ਵੇ
ਕੇਹੀ ਖੜ ਖੜ ਲਾਈ ਆ।
ਪੱਤ ਝੜੇ ਪੁਰਾਣੇ ਵੇ
ਰੁੱਤ ਨਵਿਆਂ ਦੀ ਆਈ ਆ।
ਜਦੋਂ ਅਸੀਂ ਲੋਕ ਗੀਤਾਂ ਅਤੇ ਗਿੱਧੇ ਦੀਆਂ ਬੋਲੀਆਂ ਵਿੱਚ ਪ੍ਰਗਟਾਏ ਸੱਸ-ਨੂੰਹ ਦੇ ਰਿਸ਼ਤੇ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਾਡੇ ਸੱਭਿਆਚਾਰ ਵਿੱਚ ਸੱਸ- ਨੂੰਹ ਦਾ ਰਿਸ਼ਤਾ ਪੂਰਵ – ਨਿਰਧਾਰਤ ਸੋਚ ’ਤੇ ਉਸਰਿਆ ਹੋਇਆ ਹੈ। ਕੁਆਰੀ ਮੁਟਿਆਰ ਦੇ ਮਨ ਵਿੱਚ ਇਹ ਭਾਵਨਾ ਪਰੰਪਰਾਗਤ ਰੂਪ ਵਿੱਚ ਚਲੀ ਆਉਂਦੀ ਹੈ ਕਿ ਸੱਸ ਲੜਾਕੀ, ਜ਼ਾਲਮ ਤੇ ਰੋਅਬ ਵਾਲੀ ਹੁੰਦੀ ਹੈ। ਨਿਰਸੰਦੇਹ ਸੱਸ ਦਾ ਚਰਿੱਤਰ ਨੂੰਹ ਲਈ ਪੂਰਵ ਨਿਰਧਾਰਤ ਮਾਪਦੰਡਾਂ ’ਤੇ ਆਧਾਰਿਤ ਹੁੰਦਾ ਹੈ। ਇਸੇ ਲਈ ਉਸ ਨੂੰ ਸੱਸ ਦਾ ਹਰ ਬੋਲ, ਕਾਰਜ, ਹਰ ਸੁਝਾਅ ਪੂਰਵ ਨਿਰਧਾਰਤ ਮਾਪਦੰਡਾਂ ਅਧੀਨ ਕੌੜਾ ਪ੍ਰਤੀਤ ਹੁੰਦਾ ਹੈ। ਇਹੋ ਭਾਵਨਾ ਸੱਸ-ਨੂੰਹ ਦੇ ਰਿਸ਼ਤੇ ਵਿੱਚ ਕੁੜੱਤਣ ਭਰਦੀ ਹੈ।
ਲੋਕ ਗੀਤਾਂ ਅਤੇ ਲੋਕ ਬੋਲੀਆਂ ਦੀਆਂ ਰਚੇਤਾ ਆਮ ਤੌਰ ’ਤੇ ਮੁਟਿਆਰਾਂ ਹੀ ਹਨ, ਉਹ ਆਪਣੀਆਂ ਸੱਧਰਾਂ, ਉਮੰਗਾਂ, ਇੱਛਾਵਾਂ, ਜਜ਼ਬਿਆਂ, ਭਾਵਨਾਵਾਂ ਅਤੇ ਸੁਪਨਿਆਂ ਨੂੰ ਪਰੰਪਰਾਗਤ, ਸੰਕੋਚ ਕਾਰਨ ਸਿੱਧੇ ਤੌਰ ’ਤੇ ਪ੍ਰਗਟ ਨਹੀਂ ਕਰ ਸਕਦੀਆਂ ਕਿਉਂਕਿ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੈ। ਇਸ ਲਈ ਉਹ ਲੋਕ ਗੀਤਾਂ ਤੇ ਲੋਕ ਬੋਲੀਆਂ ਦਾ ਸਹਾਰਾ ਲੈਂਦੀਆਂ ਹਨ। ਇਨ੍ਹਾਂ ਵਿੱਚ ਉਨ੍ਹਾਂ ਦੇ ਜਜ਼ਬੇ ਨਿੱਜੀ ਨਾ ਹੋ ਕੇ ਸਮੂਹਿਕ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸਮੁੱਚੀ ਜਾਤੀ ਦੀਆਂ ਸਮੱਸਿਆਵਾਂ ਹੋ ਨਿੱਬੜਦੀਆਂ ਹਨ।
ਲੋਕ ਗੀਤਾਂ ਤੇ ਲੋਕ ਬੋਲੀਆਂ ਵਿੱਚ ਅਨੇਕਾਂ ਅਜਿਹੇ ਪ੍ਰਸੰਗ ਮਿਲਦੇ ਹਨ, ਜਿਹੜੇ ਅਜਿਹੀ ਸਥਿਤੀ ਨੂੰ ਸਿਰਜਦੇ ਹੋਏ ਨੂੰਹ- ਸੱਸ ਦੇ ਅੰਦਰੂਨੀ, ਪਰ ਪੂਰਵ ਨਿਰਧਾਰਿਤ ਪੱਖਾਂ ’ਤੇ ਉਸਰੇ ਹੋਏ ਰਿਸ਼ਤੇ ਦਾ ਸਪੱਸ਼ਟੀਕਰਨ ਕਰਦੇ ਹਨ। ਗਿੱਧੇ ਦੀ ਪਿੜ ਵਿੱਚ ਸੱਸ ਦੀ ਸਤਾਈ ਅੱਲੜ੍ਹ ਤੇ ਨਵਵਿਆਹੀ ਮੁਟਿਆਰ ਸੱਸ ਦੀ ਚਰਚਾ ਲੋਕ ਗੀਤਾਂ ਦਾ ਸਹਾਰਾ ਲੈ ਕੇ ਇਉਂ ਕਰਦੀ ਹੈ:
ਮੇਰੀ ਸੱਸ ਨੇ ਬਾਣੀਆਂ ਕੀਤਾ
ਲੱਡੂਆਂ ਦੀ ਮੌਜ ਬਣਗੀ।
***
ਸੱਸ ਮੇਰੀ ਦੇ ਐਡਾ ਜੂੜਾ
ਵਿੱਚੋਂ ਨਿਕਲੀ ਜੂੰ
ਨੀਂ ਸੱਸੇ ਚੰਦਰੀਏ
ਮੈਂ ਨ੍ਹੀਂ ਤੇਰੀ ਨੂੰਹ।
***
ਸੱਸ ਮਰਗੀ ਸਹੁਰੇ ਦਾ ਹੋਇਆ ਮੰਗਣਾ
ਚਿੱਟਾ ਗੁੜ ਪੈ ਗਿਆ ਵੰਡਣਾ।
ਸੱਸ ਆਪਣੀ ਨੂੰਹ ਨਾਲ ਹਮੇਸ਼ਾਂ ਆਢਾ ਲਾਈ ਰੱਖਦੀ ਹੈ, ਨੂੰਹ ਭਾਵੇਂ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ। ਜਿਸ ਦਿਨ ਨੂੰਹ ਦੇਹਲੀ ਅੰਦਰ ਪੈਰ ਧਰਦੀ ਹੈ, ਸੱਸ ਘਰ ਦਾ ਕੰਮ ਕਾਜ ਛੱਡ ਦਿੰਦੀ ਹੈ ਅਤੇ ਮੰਜੇ ’ਤੇ ਬੈਠੀ ਨੂੰਹ ਨੂੰ ਕੋਈ ਨਾ ਕੋਈ ਕੰਮ ਕਹਿੰਦੀ ਰਹਿੰਦੀ ਹੈ :
ਸੱਸ ਕਹੇ ਨੂੰਹ ਨੂੰ
ਮੈਂ ਪੀੜ੍ਹਾ ਨਹੀਂ ਡਾਹੁਣਾ
ਸੱਸ ਦੀ ਦੁਖਦੀ ਵੱਖੀ
ਨੂੰਹ ਦੀ ਘੁੰਮ-ਘੁੰਮ ਚੱਲਦੀ ਚੱਕੀ।
***
ਸੱਸ ਕਹੇ ਨੂੰਹ ਨੂੰ
ਮੈਨੂੰ ਛੜਨਾ ਨਹੀਂ ਆਉਂਦਾ
ਸੱਸ ਦਾ ਦੁਖਦਾ ਚੂਲਾ
ਨੂੰਹ ਦਾ ਘੁੰਮ-ਘੁੰਮ ਚੱਲਦਾ ਮੂਹਲਾ।
ਸੱਸਾਂ ਹਮੇਸ਼ਾਂ ਨੂੰਹਾਂ ਨਾਲ ਕਾਣੀ ਵੰਡ ਕਰਦੀਆਂ ਆਈਆਂ ਹਨ। ਘਰ ਵਿੱਚ ਭਾਵੇਂ ਖੀਰ ਬਣਾਈ ਹੋਵੇ ਜਾਂ ਕੋਈ ਹੋਰ ਚੀਜ਼, ਪਰ ਨੂੰਹ ਦੀ ਵਾਰੀ ਪਤੀਲਾ ਖੜਕਣ ਲੱਗ ਪੈਂਦਾ ਹੈ। ਇਸ ਲਈ ਸੱਸ ਨੂੰ ਨੂੰਹ ਭੰਡਦੀ ਕਹਿ ਹੀ ਦਿੰਦੀ ਹੈ:
ਸੱਸ ਮੇਰੀ ਨੇ ਰਿੱਧੀ ਖੀਰ
ਹੋਰਨਾਂ ਨੂੰ ਦਿੰਦੀ ਥਾਲੀ ਭਰ ਕੇ
ਮੈਨੂੰ ਦਿੰਦੀ ਪੋਚ- ਪੋਚ
ਨੀਂ ਮੈਂ ਵੇਖੋ ਹੋ ਗਈ ਲੋਟ ਪੋਟ।
ਜਦੋਂ ਨਵਵਿਆਹੀ ਮੁਟਿਆਰ ਦੀ ਲੋਭਣ ਸੱਸ ਕਮਾਈ ਲਈ ਆਪਣੇ ਪੁੱਤ ਨੂੰ ਨੌਕਰੀ ’ਤੇ ਭੇਜ ਦਿੰਦੀ ਹੈ ਤਾਂ ਦੁਖੀ ਹੋਈ ਮੁਟਿਆਰ ਗਿੱਧੇ ਵਿੱਚ ਬੋਲੀਆਂ ਪਾਉਂਦੀ ਆਪਣੇ ਮਨ ਅੰਦਰਲੀ ਵੇਦਨਾ ਇਉਂ ਪ੍ਰਗਟ ਕਰਦੀ ਹੈ :
ਸੱਸੇ ਵੇਖ ਲੈ ਜਵਾਨੀ ਮੇਰੀ
ਡਰਾਈਵਰੀ ਤੋਂ ਰੋਕ ਪੁੱਤ ਨੂੰ।
ਜੇਕਰ ਘਰ ਵਿੱਚ ਨਣਦਾਂ ਦੀ ਭਰਮਾਰ ਲੱਗੀ ਹੋਵੇ, ਪਰ ਸਾਗ ਲੈਣ ਨੂੰਹ ਨੂੰ ਇਕੱਲੀ ਨੂੰ ਜਾਣਾ ਪਵੇ ਅਤੇ ਇਕੱਲੀ ਨੂੰਹ ਨੂੰ ਹੀ ਸਾਰੇ ਟੱਬਰ ਦੀ ਰੋਟੀ ਪਕਾਉਣੀ ਪਵੇ ਤਾਂ ਨੂੰਹ- ਸੱਸ ਵਿੱਚ ਤਲਖੀ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ। ਭਾਵੇਂ ਦੁਖੀ ਮਨ ਨਾਲ ਨੂੰਹ ਸਾਰਾ ਕੰਮ ਕਰਦੀ ਹੈ, ਪਰ ਦਿਲ ਦੇ ਉਬਾਲ ਗਿੱਧੇ ਵਿੱਚ ਇੰਜ ਕੱਢਦੀ ਹੈ :
ਨੀਂ ਮੈਂ ਇਕੱਲੀ ਸਾਗ ਨੂੰ ਜਾਵਾਂ
ਰੁੱਗ ਸਾਰਾ ਨਣਦਾਂ ਦਾ।
ਇੱਥੇ ਇੱਕ ਗੱਲ ਸਪੱਸ਼ਟ ਹੈ ਕਿ ਨੂੰਹ ਦੀਆਂ ਬੋਲੀਆਂ ਦੇ ਜਵਾਬ ਵਿੱਚ ਸੱਸ ਵੱਲੋਂ ਬੋਲੀਆਂ ਰਾਹੀਂ ਕੋਈ ਢੁਕਵਾਂ ਉੱਤਰ ਨਹੀਂ ਦਿੱਤਾ ਜਾਂਦਾ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਸਮਾਜਿਕ ਪ੍ਰਸੰਗ ਵਿੱਚ ਸੱਸ ਹਮੇਸ਼ਾਂ ਨੂੰਹ ਪ੍ਰਤੀ ਸਨੇਹ, ਪਿਆਰ ਅਤੇ ਚੰਗੀ ਭਾਵਨਾ ਹੀ ਵਿਅਕਤ ਕਰਦੀ ਹੈ।
ਪਰ ਹੁਣ ਸਮਾਂ ਬਦਲ ਗਿਆ ਹੈ। ਸਾਡੀਆਂ ਕਦਰਾਂ-ਕੀਮਤਾਂ ਅਤੇ ਸਮਾਜਿਕ ਢਾਂਚੇ ਵਿੱਚ ਬਦਲਾਅ ਆਇਆ ਹੈ। ਅੱਜ ਨੂੰਹਾਂ ਪੜ੍ਹੀਆਂ- ਲਿਖੀਆਂ ਅਤੇ ਨੌਕਰੀ ਪੇਸ਼ਾ ਆਰਥਿਕ ਤੌਰ ’ਤੇ ਸੁਤੰਤਰ ਹੋ ਗਈਆਂ ਹਨ। ਸੰਯੁਕਤ ਪਰਿਵਾਰ ਟੁੱਟ ਗਏ ਹਨ। ਇਨ੍ਹਾਂ ਕਾਰਨਾਂ ਕਰਕੇ ਅੱਜ ਨੂੰਹ- ਸੱਸ ਦਾ ਰਿਸ਼ਤਾ ਪਹਿਲਾਂ ਵਰਗਾ ਕੁੜੱਤਣ ਵਾਲਾ ਨਹੀਂ ਰਿਹਾ, ਸਗੋਂ ਇਹ ਰਿਸ਼ਤਾ ਪਿਆਰ ਭਰਿਆ ਅਤੇ ਮਧੁਰ ਬਣਦਾ ਜਾ ਰਿਹਾ ਹੈ। ਆਉਂਦੇ ਸਮੇਂ ਵਿੱਚ ਲੋਕ ਗੀਤਾਂ ਵਿੱਚ ਵਰਜਿਤ ਸੱਸ- ਨੂੰਹ ਦਾ ਰਿਸ਼ਤਾ ਸ਼ਾਇਦ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਰਹਿ ਜਾਵੇ।