ਗੁਰਮੀਤ ਸਿੰਘ*
ਜੰਗਲੀ ਲਟੋਰਾ ਏਸ਼ੀਆ ਵਿੱਚ ਪਾਏ ਜਾਣ ਵਾਲੇ ਪੰਛੀਆਂ ਦੀ ਇੱਕ ਪ੍ਰਜਾਤੀ ਹੈ। ਇਸ ਪੰਛੀ ਨੂੰ ਪੰਜਾਬੀ ਵਿੱਚ ਜੰਗਲੀ ਲਟੋਰਾ, ਅੰਗਰੇਜ਼ੀ ਵਿੱਚ ‘ਦਿ ਕਾਮਨ ਵੁੱਡਸ਼ਰਾਇਕ’ (The common woodshrike) ਅਤੇ ਹਿੰਦੀ ਵਿੱਚ ਕਿਰੋਲਾ ਤੇ ਦੇਸੀ ਲਟੋਰਾ ਕਹਿੰਦੇ ਹਨ। ਇਹ ਸਲੇਟੀ ਭੂਰੇ ਰੰਗ ਦਾ ਪੰਛੀ ਹੈ। ਇਸ ਦੀ ਚੁੰਝ ਹੁੱਕ ਦੀ ਤਰ੍ਹਾਂ ਹੁੰਦੀ ਹੈ ਅਤੇ ਪੂਛ ਛੋਟੀ ਅਤੇ ਚੌੜੀ ਹੁੰਦੀ ਹੈ। ਇਸ ਦੀ ਚੁੰਝ ਤੋਂ ਅੱਖ ਦੇ ਉੱਪਰ ਤੱਕ ਇੱਕ ਗੂੜ੍ਹੀ ਧਾਰੀ ਹੁੰਦੀ ਹੈ। ਇਹ ਦਰਮਿਆਨੇ ਆਕਾਰ ਦਾ ਛੋਟਾ ਪੰਛੀ ਹੈ, ਜਿਸ ਦੀ ਲੰਬਾਈ 15 ਤੋਂ 20 ਸੈਂਟੀਮੀਟਰ ਅਤੇ ਵਜ਼ਨ 20 ਤੋਂ 30 ਗ੍ਰਾਮ ਹੁੰਦਾ ਹੈ। ਜੰਗਲੀ ਲਟੋਰਾ ਪੂਰੇ ਏਸ਼ੀਆ ਵਿੱਚ ਮੁੱਖ ਤੌਰ ’ਤੇ ਛੋਟੇ ਵਣ ਰਕਬਿਆਂ ਅਤੇ ਝਾੜੀਆਂ ਵਿੱਚ ਪਾਇਆ ਜਾਂਦਾ ਹੈ। ਇਹ ਪੰਛੀ ਭਾਰਤ, ਬੰਗਲਾਦੇਸ਼, ਭੂਟਾਨ, ਕੰਬੋਡੀਆ, ਲਾਓਸ, ਮਿਆਂਮਾਰ, ਨੇਪਾਲ, ਥਾਈਲੈਂਡ, ਵੀਅਤਨਾਮ ਅਤੇ ਪਾਕਿਸਤਾਨ ਵਿੱਚ ਪਾਇਆ ਜਾਂਦਾ ਹੈ।
ਇਨ੍ਹਾਂ ਪੰਛੀਆਂ ਦੀ ਖੁਰਾਕ ਵਿੱਚ ਮੁੱਖ ਤੌਰ ’ਤੇ ਕੀੜੇ ਸ਼ਾਮਲ ਹੁੰਦੇ ਹਨ। ਰੀੜ੍ਹ ਰਹਿਤ ਕੀੜੇ, ਬੀਂਡੇ, ਟਿੱਡੀਆਂ, ਕੀੜੀਆਂ, ਭਰਿੰਡਾਂ, ਮੱਕੜੀਆਂ ਅਤੇ ਦੀਮਕ ਇਨ੍ਹਾਂ ਦਾ ਮੁੱਖ ਭੋਜਨ ਹਨ। ਇਹ ਪੰਛੀ ਹਵਾ ਵਿੱਚ ਉੱਡਦੇ ਹੋਏ ਵੀ ਇਨ੍ਹਾਂ ਦਾ ਸ਼ਿਕਾਰ ਕਰਦੇ ਹਨ। ਆਮ ਤੌਰ ’ਤੇ ਰੁੱਖਾਂ ਦੇ ਪੱਤਿਆਂ, ਟਾਹਣੀਆਂ ਅਤੇ ਤਣਿਆਂ ਤੋਂ ਕੀੜੇ ਇਕੱਠਾ ਕਰਕੇ ਰੁੱਖਾਂ ’ਤੇ ਬੈਠ ਕੇ ਖਾਂਦੇ ਹਨ। ਉਹ ਕਦੇ-ਕਦਾਈਂ ਜ਼ਮੀਨ ਤੋਂ ਫ਼ਲ ਤੇ ਹਰੇ ਪੱਤੇ ਵੀ ਖਾਂਦੇ ਹਨ।
ਜੰਗਲੀ ਲਟੋਰਾ ਉੱਤਰ-ਪੱਛਮੀ ਭਾਰਤ ਅਤੇ ਪਾਕਿਸਤਾਨ ਵਿੱਚ ਫਰਵਰੀ ਤੋਂ ਜੁਲਾਈ ਤੱਕ ਪ੍ਰਜਣਨ ਕਰਦਾ ਹੈ। ਭਾਰਤ ਵਿੱਚ ਬਿਜਾਈ ਦਾ ਮੌਸਮ ਜਨਵਰੀ ਤੋਂ ਸਤੰਬਰ ਤੱਕ ਹੁੰਦਾ ਹੈ ਜੋ ਅਪਰੈਲ ਅਤੇ ਮਈ ਵਿੱਚ ਸਿਖਰਾਂ ’ਤੇ ਹੁੰਦਾ ਹੈ। ਇਸ ਪੰਛੀ ਦੇ ਨਰ ਮਾਦਾ ਜੋੜੇ ਵਿੱਚ ਰਹਿੰਦੇ ਹਨ। ਇਹ ਪੰਛੀ ਆਮ ਤੌਰ ’ਤੇ ਕੰਡਿਆਲੇ ਰੁੱਖਾਂ ਦੀ ਟਾਹਣੀ ’ਤੇ ਆਲ੍ਹਣਾ ਬਣਾਉਂਦੇ ਹਨ। ਆਲ੍ਹਣਾ ਕੱਪ-ਆਕਾਰ ਦਾ ਹੁੰਦਾ ਹੈ ਅਤੇ ਪੌਦਿਆਂ ਦੇ ਰੇਸ਼ਿਆਂ, ਸੱਕਾਂ ਅਤੇ ਜੜ੍ਹਾਂ ਨਾਲ ਬਣਿਆ ਹੁੰਦਾ ਹੈ। ਮਾਦਾ ਆਮ ਤੌਰ ’ਤੇ ਤਿੰਨ ਤੋਂ ਪੰਜ ਆਂਡੇ ਦਿੰਦੀ ਹੈ ਜੋ ਕਿ ਹਰੇ ਰੰਗ ਦੇ ਹੁੰਦੇ ਹਨ। ਉਨ੍ਹਾਂ ’ਤੇ ਸਲੇਟੀ ਰੰਗੇ ਧੱਬੇ ਹੁੰਦੇ ਹਨ। ਨਰ ਮਾਦਾ ਦੋਵੇਂ ਵਾਰੀ-ਵਾਰੀ 14 ਦਿਨਾਂ ਲਈ ਚੂਜਿਆਂ ਦੀ ਦੇਖਭਾਲ ਕਰਦੇ ਹਨ। ਬੱਚੇ ਅੰਨ੍ਹੇ ਅਤੇ ਵਾਲਾਂ ਤੋਂ ਰਹਿਤ ਹੁੰਦੇ ਹੋਏ ਪੂਰੀ ਤਰ੍ਹਾਂ ਚੁਸਤ ਹੁੰਦੇ ਹਨ। ਬੱਚੇ ਵੱਡੇ ਹੋ ਕੇ ਸੀਮਾ ਦੇ ਅੰਦਰ ਨਵੀਆਂ ਥਾਵਾਂ ’ਤੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਉਹ ਆਪਣੀ ਸੀਮਾ ਦੇ ਅੰਦਰ ਆਪਣਾ ਰਹਿਣ ਬਸੇਰਾ ਬਣਾ ਲੈਂਦੇ ਹਨ।
ਇਹ ਗੈਰ-ਪਰਵਾਸੀ (ਨਾਨ ਮਾਈਗਰੇਟਰੀ) ਪੰਛੀ ਹਨ। ਇਹ ਸਰਦੀਆਂ ਦੌਰਾਨ ਉੱਚੀਆਂ ਥਾਵਾਂ ਤੋਂ ਪੰਛੀ ਹੇਠਲੇ ਪੱਧਰਾਂ ਅਤੇ ਮੈਦਾਨਾਂ ’ਤੇ ਆ ਜਾਂਦੇ ਹਨ। ਜੰਗਲੀ ਲਟੋਰੇ ਦੀ ਵਿਸ਼ਵਵਿਆਪੀ ਆਬਾਦੀ ਦੇ ਆਕਾਰ ਨੂੰ ਗਿਣਿਆ ਨਹੀਂ ਗਿਆ। ਇਨ੍ਹਾਂ ਪ੍ਰਜਾਤੀਆਂ ਦੀ ਸਮੁੱਚੀ ਆਬਾਦੀ ਦਾ ਰੁਝਾਨ ਸਥਿਰ ਦੱਸਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910