ਗੁਰਮੀਤ ਸਿੰਘ*
ਪੀਲਕ ਜਿਸ ਨੂੰ ਅੰਗਰੇਜ਼ੀ ਵਿਚ ਗੋਲਡਨ ਓਰੀਓਲ (Golden Oriole) ਅਤੇ ਹਿੰਦੀ ਵਿਚ ਸੁਨਹਿਰੀ ਪੀਲਕ ਜਾਂ ਪਿਉਰ ਕਹਿੰਦੇ ਹਨ, ਇਕ ਸੁੰਦਰ ਤੇ ਮਨ ਨੂੰ ਮੋਹਣ ਵਾਲਾ ਪੰਛੀ ਹੈ। ਪੰਜਾਬ ਵਿਚ ਪੀਲਕ ਗਰਮੀਆਂ ਦੀ ਰੁੱਤ ਵਿਚ ਪਰਵਾਸ ਕਰਦਾ ਹੈ। ਇਹ ਇਕੱਲਾ ਜਾਂ ਜੋੜਿਆਂ ਵਿਚ ਖੁੱਲ੍ਹੇ ਪਤਝੜੀ ਜੰਗਲਾਂ, ਅਰਧ ਸਦਾਬਹਾਰ ਜੰਗਲਾਂ, ਜੰਗਲਾਂ ਦੇ ਕਿਨਾਰੇ, ਸੰਘਣੇ ਵੱਡੇ ਪੱਤਿਆਂ ਵਾਲੇ ਦਰੱਖਤਾਂ, ਖਿੰਡੇ ਹੋਏ ਦਰੱਖਤਾਂ, ਪਾਰਕਾਂ ਅਤੇ ਬਗੀਚਿਆਂ ਵਿਚ ਲੁਕਿਆ ਬੈਠਾ ਮਿਲਦਾ ਹੈ।
ਇਹ ਸ਼ਰਮਾਕਲ ਪੰਛੀ ਹੈ। ਨਰ ਦੀਆਂ ਅੱਖਾਂ ਦੇ ਦੁਆਲੇ ਕਾਲੀ ਧਾਰੀ ਹੁੰਦੀ ਹੈ। ਇਸ ਦੇ ਪਰ ਅਤੇ ਪੂੰਝੇ ਦੇ ਵਿਚਲੇ ਖੰਭ ਗੂੜ੍ਹੇ ਕਾਲੇ ਹੁੰਦੇ ਹਨ, ਬਾਕੀ ਇਹ ਪੰਛੀ ਸਾਰਾ ਗੂੜ੍ਹਾ ਪੀਲਾ ਹੁੰਦਾ ਹੈ, ਅੱਖਾਂ ਗੂੜ੍ਹੇ ਲਾਲ ਰੰਗ ਦੀਆਂ ਹੁੰਦੀਆਂ ਹਨ। ਮਾਦਾ ਦਾ ਇਹ ਰੰਗ ਥੋੜ੍ਹੇ ਹਰੇ ਰੰਗ ’ਤੇ ਹੁੰਦਾ ਹੈ। ਪੀਲਕ ਜ਼ਮੀਨ ’ਤੇ ਅਤੇ ਰੁੱਖਾਂ ਦੇ ਉੱਪਰੋਂ ਆਪਣੀ ਚੁੰਝ ਦੀ ਵਰਤੋਂ ਕਰਕੇ ਕੀੜੇ-ਮਕੌੜਿਆਂ ਨੂੰ ਬਾਹਰ ਕੱਢਣ ਲਈ ਵਰਤਦੇ ਹਨ। ਉਹ ਮੁੱਖ ਤੌਰ ’ਤੇ ਛੋਟੇ ਕੀੜੇ-ਮਕੌੜੇ ਅਤੇ ਫ਼ਲਾਂ ਅਤੇ ਕਈ ਵਾਰ ਬੀਜ ਅਤੇ ਬੂਰ ਨੂੰ ਭੋਜਨ ਦੇ ਤੌਰ ’ਤੇ ਖਾਂਦੇ ਹਨ। ਬਹੁਤ ਘੱਟ ਮੌਕਿਆਂ ’ਤੇ ਉਹ ਛੋਟੇ ਥਣਧਾਰੀਆਂ, ਕਿਰਲੀਆਂ ਦੇ ਬੱਚੇ, ਆਂਡਿਆਂ ਨੂੰ ਅਤੇ ਆਲ੍ਹਣਿਆਂ ਨੂੰ ਫੜਦੇ ਹਨ।
ਇਹ ਪੰਛੀ ਵੱਖ ਵੱਖ ਸੰਗੀਤਕ ਆਵਾਜ਼ਾਂ ਦੀ ਸਹਾਇਤਾ ਨਾਲ ਸੰਚਾਰ ਕਰਦੇ ਹਨ। ਉਹ ਕਿਸੇ ਵੀ ਖ਼ਤਰੇ ਦੇ ਸਮੇਂ ਵਿਚ ਚੀਕ ਮਾਰਨ ਦੀ ਆਵਾਜ਼ ਕੱਢਦੇ ਹਨ, ਪਰ ਕਈ ਵਾਰ ਉੱਚੀ ਆਵਾਜ਼ ਵਿਚ ਗੀਤ ‘ਵੀਲਾ-ਵਹੀ-ਉਹ’ ਕਰਕੇ ਗਾਉਂਦੇ ਹਨ।
ਨਰ ਆਮ ਤੌਰ ’ਤੇ ਮਾਦਾ ਤੋਂ ਕਈ ਦਿਨ ਪਹਿਲਾਂ ਪ੍ਰਜਣਨ ਵਾਲੇ ਖੇਤਰਾਂ ’ਤੇ ਪੁੱਜ ਜਾਂਦੇ ਹਨ। ਇਨ੍ਹਾਂ ਦੇ ਪ੍ਰਜਣਨ ਦਾ ਸਮਾਂ ਅਪਰੈਲ ਤੋਂ ਅਗਸਤ ਤਕ ਹੁੰਦਾ ਹੈ। ਨਰ ਅਤੇ ਮਾਦਾ ਆਪਣਾ ਆਲ੍ਹਣਾ ਪੌਦੇ ਦੇ ਰੇਸ਼ਿਆਂ ਦੁਆਰਾ ਅਤੇ ਵਧੀਆ ਘਾਹ, ਖੰਭ ਅਤੇ ਉੱਨ ਨਾਲ ਕਤਾਰਬੱਧ ਕਰਕੇ ਬਣਾਉਂਦੇ ਹਨ। ਆਲ੍ਹਣਾ ਡੂੰਘੇ ਕੱਪ ਦੇ ਆਕਾਰ ਦਾ, ਪਤਲੀਆਂ ਸ਼ਾਖਾਵਾਂ ਦੇ ਨਾਲ ਜ਼ਮੀਨ ਤੋਂ 5-6 ਮੀਟਰ ਉੱਚਾ ਲਟਕਦਾ ਹੁੰਦਾ ਹੈ। ਇਸ ਵਿਚ ਮਾਦਾ 3 ਤੋਂ 5 ਆਂਡੇ ਦਿੰਦੀ ਹੈ। ਆਂਡੇ ਚਿੱਟੇ, ਕਰੀਮ ਜਾਂ ਬਹੁਤ ਫਿੱਕੇ ਗੁਲਾਬੀ ਰੰਗ ਦੇ ਹੁੰਦੇ ਹਨ। ਆਂਡਿਆਂ ਵਿਚੋਂ ਚੂਚੇ 16 ਤੋਂ 17 ਦਿਨਾਂ ਬਾਅਦ ਨਿਕਲਦੇ ਹਨ।
ਅੱਜ ਪੀਲਕ ਵਰਗੇ ਸੁੰਦਰ ਪੰਛੀਆਂ ਨੂੰ ਰਹਿਣ ਦੀ ਮੁਸ਼ਕਿਲ ਆਉਂਦੀ ਹੈ ਜਿਸ ਦਾ ਕਾਰਨ ਹੈ ਰਿਹਾਇਸ਼ੀ ਥਾਵਾਂ ਦੀ ਘਾਟ ਅਤੇ ਜੰਗਲਾਂ ਦੀ ਕਟਾਈ। ਕੁਝ ਥਾਵਾਂ ’ਤੇ ਗੰਭੀਰ ਮੌਸਮ ਵੀ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪੀਲਕ ਪ੍ਰਜਾਤੀ ਦੇ ਪੰਛੀਆਂ ਨੂੰ ਆਈ.ਯੂ.ਸੀ.ਐੱਨ. ਦੀ ਲਾਲ ਸੂਚੀ ਵਿਚ ਘੱਟੋ ਘੱਟ ਚਿੰਤਤ (ਲੀਸਟ ਕਨਸਰਨ) ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ IV ਵਿਚ ਰੱਖ ਕੇ ਮੁਕੰਮਲ ਸੁਰੱਖਿਆ ਦਿੱਤੀ ਹੋਈ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910