ਗੁਰਮੀਤ ਸਿੰਘ*
ਚਿੱਟਗੱਲ੍ਹੀ ਬੁਲਬੁਲ, ਬੁਲਬੁਲ ਪਰਿਵਾਰ ਦੀ ਹੀ ਇੱਕ ਕਿਸਮ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਦਿ ਵ੍ਹਾਈਟ ਈਅਰਡ ਬੁਲਬੁਲ ਜਾਂ ਵ੍ਹਾਈਟ ਚੀਕਡ ਬੁਲਬੁਲ’ (The white-eared bulbul or white-cheeked bulbul) ਅਤੇ ਹਿੰਦੀ ਵਿੱਚ ਹਿਮਾਲਿਆਈ ਬੁਲਬੁਲ ਕਹਿੰਦੇ ਹਨ। ਈਰਾਨ ਵਿੱਚ ਇਸ ਨੂੰ ‘ਤੇਹਰਾਨ ਦੀ ਬੁਲਬੁਲ’ ਵੀ ਕਿਹਾ ਜਾਂਦਾ ਹੈ। ਇਹ ਕੁਵੈਤ, ਬਹਿਰੀਨ, ਮੱਧ ਅਤੇ ਦੱਖਣੀ ਇਰਾਕ, ਦੱਖਣੀ ਈਰਾਨ, ਅਫ਼ਗਾਨਿਸਤਾਨ, ਪਾਕਿਸਤਾਨ, ਉੱਤਰ-ਪੱਛਮੀ ਭਾਰਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਅਰਬ ਪ੍ਰਾਇਦੀਪ ਦੇ ਕੁਝ ਹਿੱਸਿਆਂ ਵਿੱਚ ਮਿਲਦੀ ਹੈ।
ਇਸ ਦੇ ਸਰੀਰ ਦੀ ਲੰਬਾਈ 18 ਤੋਂ 20 ਸੈਂਟੀਮੀਟਰ ਹੁੰਦੀ ਹੈ। ਇਸ ਪੰਛੀ ਦੇ ਸਿਰ ’ਤੇ ਉੱਚੀ ਭੂਰੇ ਰੰਗ ਦੀ ਬੋਦੀ ਹੁੰਦੀ ਹੈ। ਬੋਦੀ ਦਾ ਝੁਕਾਓ ਅੱਗੇ ਨੂੰ ਵੇਖਣ ਵੇਲੇ ਨਜ਼ਰ ਆਉਂਦਾ ਹੈ। ਇਸ ਦੀ ਚੂੰਜ, ਅੱਖਾਂ ਦੇ ਆਲੇ ਦੁਆਲੇ ਦਾ ਹਿੱਸਾ ਕਾਲੇ ਰੰਗ ਦੀ ਭਾਹ ਮਾਰਦਾ ਹੈ। ਇਸ ਦੀਆਂ ਗੱਲ੍ਹਾਂ ਚਿੱਟੀਆਂ ਹੋਣ ਕਰਕੇ ਇਸ ਨੂੰ ‘ਚਿੱਟਗੱਲ੍ਹੀ ਬੁਲਬੁਲ’ ਨਾਂ ਦਿੱਤਾ ਗਿਆ ਹੈ। ਇਸ ਦੇ ਨਰ-ਮਾਦਾ ਇੱਕੋ ਜਿਹੇ ਲੱਗਦੇ ਹਨ, ਪਰ ਨਰ ਦੇ ਸਿਰ ਦਾ ਆਕਾਰ ਮਾਦਾ ਦੇ ਸਿਰ ਨਾਲੋਂ ਵੱਡਾ ਹੁੰਦਾ ਹੈ। ਇਸ ਨੂੰ ਮਨਮੋਹਕ, ਸੁੰਦਰ ਸ਼ਕਲ ਅਤੇ ਆਵਾਜ਼ ਨਾਲ ਮਨੁੱਖ ਨੂੰ ਆਕਰਸ਼ਿਤ ਕਰਨ ਵਾਲਾ ਪੰਛੀ ਮੰਨਿਆ ਗਿਆ ਹੈ। ਇਸ ਦੀ ਆਵਾਜ਼ ਨੂੰ ਕੁਦਰਤ ਦੀਆਂ ਸਭ ਤੋਂ ਖੂਬਸੂਰਤ ਆਵਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਚਿੱਟਗੱਲ੍ਹੀ ਬੁਲਬੁਲ ਫ਼ਲਾਂ ਵਾਲੇ ਪੌਦਿਆਂ ਨੂੰ ਖਾਣ ਲਈ ਝੁੰਡਾਂ ਵਿੱਚ ਘੁੰਮਦੀ ਹੈ। ਇਹ ਹਵਾ ਵਿੱਚੋਂ ਕੀੜੇ-ਮਕੌੜਿਆਂ ਨੂੰ ਫੜਨ ਲਈ ਉੱਡਦੀ ਹੈ, ਉਨ੍ਹਾਂ ਨੂੰ ਦਰਖੱਤਾਂ ਦੀ ਛਾਲ ਵਿੱਚੋਂ ਚੁੱਕਣ ਲਈ ਇੱਕ ਜਗ੍ਹਾ ’ਤੇ ਉੱਡਦੀ ਹੈ ਅਤੇ ਉਨ੍ਹਾਂ ਨੂੰ ਪੱਤਿਆਂ ਵਿੱਚੋਂ ਖੋਜਦੀ ਹੈ। ਇਹ ਫ਼ਲਾਂ ਅਤੇ ਕੀੜਿਆਂ ਨੂੰ ਖਾਂਦੀ ਹੈ। ਆਪਣੀ ਛੋਟੀ ਜਿਹੀ ਚੁੰਝ ਨਾਲ, ਇਹ ਪੰਛੀ ਵੱਡੇ-ਵੱਡੇ ਫ਼ਲਾਂ ਨੂੰ ਉਦੋਂ ਹੀ ਖਾਂਦਾ ਹੈ ਜਦੋਂ ਉਹ ਬਹੁਤ ਪੱਕ ਜਾਂਦੇ ਹਨ ਜਾਂ ਜਦੋਂ ਉਨ੍ਹਾਂ ਨੂੰ ਹੋਰ ਪੰਛੀਆਂ ਦੁਆਰਾ ਵਿੰਨ੍ਹਿਆ ਜਾਂਦਾ ਹੈ।
ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਵੱਖੋ ਵੱਖੋ ਥਾਵਾਂ ’ਤੇ ਵੱਖਰਾ ਹੁੰਦਾ ਹੈ। ਇਹ ਆਪਣੇ ਆਲ੍ਹਣੇ ਦਰੱਖਤਾਂ ਦੀਆਂ ਹੇਠਲੀਆਂ ਟਾਹਣੀਆਂ ਵਿੱਚ ਬਣਾਉਂਦੇ ਹਨ। ਆਲ੍ਹਣੇ ਕੱਪ ਦੇ ਆਕਾਰ ਦੇ ਹੁੰਦੇ ਹਨ ਅਤੇ ਮੁੱਖ ਤੌਰ ’ਤੇ ਟਾਹਣੀਆਂ ਅਤੇ ਤੂੜੀ ਦੇ ਬਣੇ ਹੁੰਦੇ ਹਨ। ਇਸ ਵਿੱਚ ਮਾਦਾ ਆਮ ਤੌਰ ’ਤੇ 2-4 ਆਂਡੇ ਦਿੰਦੀ ਹੈ। ਜਿਨ੍ਹਾਂ ਵਿੱਚੋਂ ਚੂਚੇ ਨਿਕਲਣ ਲਈ ਲਗਭਗ ਦੋ ਹਫ਼ਤੇ ਲੱਗਦੇ ਹਨ। ਚੂਚੇ ਲਗਭਗ 10-12 ਦਿਨਾਂ ਵਿੱਚ ਉੱਡ ਜਾਂਦੇ ਹਨ। ਮਾਦਾ ਜਦੋਂ ਛੋਟੇ ਚੂਚਿਆਂ ਲਈ ਜੋ ਭੋਜਨ ਲੈ ਕੇ ਆਉਂਦੀ ਹੈ, ਉਸ ਵਿੱਚ ਆਮ ਤੌਰ ’ਤੇ ਛੋਟੇ ਕੀੜੇ-ਮਕੌੜੇ ਅਤੇ ਉਨ੍ਹਾਂ ਦੇ ਲਾਰਵੇ ਹੁੰਦੇ ਹਨ ਜੋ ਨਾਲ ਲੱਗਦੇ ਬਾਗ਼ਾਂ ਤੋਂ ਚੁੱਕੇ ਜਾਂਦੇ ਹਨ। ਨਰ ਆਲ੍ਹਣੇ ਅਤੇ ਬੱਚਿਆਂ ਦੀ ਰਾਖੀ ਵਿੱਚ ਪੂਰੀ ਦਿਲਚਸਪੀ ਲੈਂਦਾ ਹੈ।
ਇਸ ਪੰਛੀ ਨੂੰ ਆਈਯੂਸੀਐੱਨ ਦੀਆਂ ਖ਼ਤਰੇ ਵਾਲੀਆਂ ਨਸਲਾਂ ਦੀ ਲਾਲ ਸੂਚੀ ਤਹਿਤ ਘੱਟ ਤੋਂ ਘੱਟ ਚਿੰਤਾ ਦੀ ਸ਼੍ਰੇਣੀ ਵਿੱਚ ਸੂਚੀਬੱਧ ਕੀਤਾ ਗਿਆ ਹੈ। ਸਾਡੇ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਨੁਸਾਰ ਇਨ੍ਹਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910