ਗੁਰਮੀਤ ਸਿੰਘ*
ਭੂਰਾ ਸਿਰ ਡਮਰਾ ਸਰਦੀਆਂ ਦਾ ਪਰਵਾਸੀ ਪੰਛੀ ਹੈ ਜਿਸ ਨੂੰ ਅਸੀਂ ਝੁੰਡਾਂ ਵਿਚ ਦਰਿਆਵਾਂ, ਝੀਲਾਂ ਅਤੇ ਛੰਭਾਂ ਵਿਚ ਵੇਖ ਸਕਦੇ ਹਾਂ। ਅੰਗਰੇਜ਼ੀ ਵਿਚ ਇਸ ਨੂੰ ‘ਬਰਾਊਨ-ਹੈਡਿੱਡ ਗੱਲ’ (Brown-Headed Gull) ਅਤੇ ਹਿੰਦੀ ਵਿਚ ਭੂਰਾ ਸਿਰ ਡੋਮਰਾ ਕਹਿੰਦੇ ਹਨ। ਭੂਰੇ ਸਿਰ ਵਾਲਾ ਡਮਰਾ ਏਸ਼ੀਆ ਦਾ ਪੰਛੀ ਹੈ। ਇਸ ਦੀ ਪ੍ਰਜਣਨ ਰੇਂਜ ਪੱਛਮ ਵਿਚ ਤੁਰਕਿਸਤਾਨ ਤੋਂ ਦੱਖਣ-ਮੱਧ ਏਸ਼ੀਆ ਦੇ ਪਹਾੜ, ਦੱਖਣ-ਪੂਰਬ ਵਿਚ ਪੱਛਮ ਗਾਨਸੂ (ਚੀਨ) ਅਤੇ ਦੱਖਣ ਵਿਚ ਪਾਮਿਰਸ ਅਤੇ ਤਿੱਬਤ ਹਨ। ਸਾਡੇ ਦੇਸ਼ ਵਿਚ ਇਹ ਲੱਦਾਖ ਵਿਚ ਪ੍ਰਜਣਨ ਕਰਦਾ ਹੈ ਤੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਇੱਥੇ ਹੀ ਕਰਦਾ ਹੈ। ਇਹ ਸਰਦੀਆਂ ਵਿਚ ਭਾਰਤ ਦੇ ਸਮੁੰਦਰੀ ਤੱਟ ’ਤੇ ਵੱਖ-ਵੱਖ ਨਮ ਧਰਤੀਆਂ ਅਤੇ ਝੀਲਾਂ ਵਿਚ ਪਰਵਾਸ ਕਰਦਾ ਹੈ।
ਭੂਰੇ ਸਿਰ ਵਾਲਾ ਡਮਰਾ ਛੋਟਾ ਜਿਹਾ ਡਮਰਾ ਹੈ, ਜਿਸ ਦੀ ਲੰਬਾਈ 40 ਤੋਂ 45 ਸੈਂਟੀਮੀਟਰ ਅਤੇ ਭਾਰ 450 ਤੋਂ 700 ਗ੍ਰਾਮ ਹੁੰਦਾ ਹੈ। ਇਸ ਦਾ ਉੱਪਰਲਾ ਹਿੱਸਾ ਸਲੇਟੀ ਅਤੇ ਥੱਲੇ ਦਾ ਹਿੱਸਾ ਚਿੱਟਾ ਹੁੰਦਾ ਹੈ। ਇਸ ਦਾ ਸਿਰ ਗਰਮੀਆਂ ਵਿਚ ਭੂਰਾ/ਚੌਕਲੇਟ ਵਰਗਾ ਅਤੇ ਸਰਦੀਆਂ ਵਿਚ ਹਲਕਾ ਸਲੇਟੀ ਹੁੰਦਾ ਹੈ। ਲੱਤਾਂ ਅਤੇ ਪੈਰਾਂ ਦਾ ਰੰਗ ਲਾਲ ਹੁੰਦਾ ਹੈ। ਇਸ ਦੀ ਚੂੰਝ ਕਾਲੇ ਸਿਰੇ ਨਾਲ ਸੰਤਰੀ-ਲਾਲ ਹੁੰਦੀ ਹੈ। ਛੋਟੇ ਭੂਰੇ ਸਿਰ ਵਾਲੇ ਡਮਰਿਆਂ ਦੀਆਂ ਚੂੰਝਾਂ ਲਾਲ ਅਤੇ ਪੰਜੇ ਲਾਲ ਹੁੰਦੇ ਹਨ। ਪ੍ਰਜਣਨ ਵਾਲੇ ਪੰਛੀਆਂ ਦੀਆਂ ਚੂੰਝਾਂ ਅਤੇ ਪੰਜੇ ਬਹੁਤ ਗੂੜ੍ਹੇ ਲਾਲ ਹੁੰਦੇ ਹਨ। ਇਸ ਦੀਆਂ ਪੀਲੀਆਂ ਅੱਖਾਂ ਡਰਾਉਣੀ ਦਿੱਖ ਦਿੰਦੀਆਂ ਹਨ। ਅੱਖਾਂ ਦੇ ਉੱਪਰਲੇ ਅਤੇ ਹੇਠਲੇ ਪਾਸੇ ਚੰਦ ਦੀ ਤਰ੍ਹਾਂ ਚਿੱਟਾ ਜਿਹਾ ਨਿਸ਼ਾਨ ਹੁੰਦਾ ਹੈ।
ਨਰ ਡਮਰੇ ਦਾ ਸਿਰ ਪ੍ਰਜਣਨ ਦੇ ਮੌਸਮ ਦੌਰਾਨ ਗੂੜ੍ਹਾ ਭੂਰਾ ਹੁੰਦਾ ਹੈ ਅਤੇ ਗ਼ੈਰ-ਪ੍ਰਜਣਨ ਮੌਸਮ ਵਿਚ ਸਿਰ ਸਫ਼ੈਦ ਹੁੰਦਾ ਹੈ। ਇਸ ਦੇ ਨਰ ਤੇ ਮਾਦਾ ਵਿਚਕਾਰ ਅੰਤਰ ਬਹੁਤ ਘੱਟ ਹੈ। ਸਿਰਫ਼ ਇਕ ਮੁੱਖ ਅੰਤਰ ਇਹ ਹੈ ਕਿ ਨਰ ਭੂਰੇ ਸਿਰ ਵਾਲਾ ਡਮਰਾ ਆਪਣੇ ਸਾਥੀ ਕਾਲੇ ਸਿਰ ਵਾਲੇ ਡਮਰੇ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ। ਇਸ ਪੰਛੀ ਨੂੰ ਪਰਿਪੱਕਤਾ ਤਕ ਪਹੁੰਚਣ ਵਿਚ ਦੋ ਸਾਲ ਲੱਗਦੇ ਹਨ। ਇਹ ਜਿਸ ਵੇਲੇ ਇਕੱਠੇ ਆਪਣੀਆਂ ਕਾਲੋਨੀਆਂ ਵਿਚ ਹੁੰਦੇ ਹਨ ਤਾਂ ਇਹ ਕਾਫ਼ੀ ਸ਼ੋਰ ਸ਼ਰਾਬਾ ਕਰਦੇ ਹਨ। ਇਹ ਆਮਤੌਰ ’ਤੇ ਮੱਛੀਆਂ ਅਤੇ ਝੀਂਗਾ ਖਾਂਦਾ ਹੈ ਅਤੇ ਪ੍ਰਜਣਨ ਦੇ ਮੌਸਮ ਦੌਰਾਨ ਚੂਹੇ, ਕੀੜੇ-ਮਕੌੜੇ ਅਤੇ ਗੰਡੋਏ ਵੀ ਖਾ ਜਾਂਦਾ ਹੈ। ਇਹ ਪੰਛੀ ਅਕਸਰ ਹਵਾ ਵਿਚ ਉੱਡਦੇ ਕੀੜੇ ਵੀ ਫੜ ਕੇ ਖਾ ਲੈਂਦਾ ਹੈ।
ਇਨ੍ਹਾਂ ਦਾ ਪ੍ਰਜਣਨ ਦਾ ਮੌਸਮ ਜ਼ਿਆਦਾਤਰ ਮਈ ਤੋਂ ਜੁਲਾਈ ਤਕ ਹੁੰਦਾ ਹੈ। ਇਹ ਪੰਛੀ ਕਾਲੋਨੀਆਂ ਵਿਚ ਰਹਿ ਕੇ ਬੱਚੇ ਪੈਦਾ ਕਰਦੇ ਹਨ। ਪ੍ਰਜਣਨ ਵੇਲੇ ਇਹ ਛੋਟੀਆਂ-ਛੋਟੀਆਂ ਜੰਗਲੀ ਬੂਟੀਆਂ ਅਤੇ ਘਾਹ ਨਾਲ ਬਣੀਆਂ ਹੋਈਆਂ ਮੁਲਾਇਮ ਥਾਵਾਂ, ਦਲਦਲ ਜਾਂ ਝੀਲਾਂ ਵਿਚ ਟਾਪੂਆਂ ਨੂੰ ਚੁਣਦੇ ਹਨ। ਇਹ ਜ਼ਮੀਨ ’ਤੇ ਆਲ੍ਹਣਾ ਬਣਾਉਂਦੇ ਹਨ ਅਤੇ ਆਮ ਤੌਰ ’ਤੇ ਇਸ ਵਿਚ 2-3 ਅੰਡੇ ਦਿੰਦੇ ਹਨ।
ਆਈ.ਯੂ. ਸੀ.ਐੱਨ. (ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ) ਨੇ ਇਸ ਪੰਛੀ ਦੀ ਕਿਸਮ ਨੂੰ ਸ਼੍ਰੇਣੀਬੱਧ ਕਰਕੇ ‘ਘੱਟੋ ਘੱਟ ਚਿੰਤਾ’ ਵਾਲੀ ਸੂਚੀ ਵਿਚ ਰੱਖਿਆ ਹੈ। ਭਾਰਤ ਸਰਕਾਰ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-4 ਵਿਚ ਭੂਰੇ ਸਿਰ ਵਾਲੇ ਡਮਰੇ ਨੂੰ ਰੱਖ ਕੇ ਪੂਰਨ ਸੁਰੱਖਿਆ ਦਿੱਤੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910