ਗੁਰਮੀਤ ਸਿੰਘ*
ਨੀਲੀ ਜਲ ਕੁੱਕੜੀ ਬਹੁਤ ਸ਼ਰਮੀਲਾ ਸਥਾਨਕ-ਪਰਵਾਸੀ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ‘Purple Moorhen’ ਅਤੇ ਹਿੰਦੀ ਵਿਚ ਖੀਮਾਜਲ ਮੁਰਗੀ ਕਹਿੰਦੇ ਹਨ। ਇਹ ਪੰਛੀ ਭਾਰਤ ਤੋਂ ਇਲਾਵਾ ਯੂਰੋਪ, ਅਫ਼ਰੀਕਾ, ਏਸ਼ੀਆ, ਆਸਟਰੇਲੀਆ, ਨਿਊਜ਼ੀਲੈਂਡ ਵਿਚ ਪਾਏ ਜਾਂਦੇ ਹਨ। ਇਸ ਦਾ ਆਕਾਰ ਮੁਰਗੀ ਜਿੱਡਾ 45 ਸੈਂਟੀਮੀਟਰ ਅਤੇ ਭਾਰ 740 ਗ੍ਰਾਮ ਦੇ ਕਰੀਬ ਹੁੰਦਾ ਹੈ। ਇਹ ਉੱਪਰੋਂ ਹਰਾ ਅਤੇ ਹੇਠੋਂ ਜਾਮਣੀ ਤੇ ਨੀਲੀ ਭਾਹ ਮਾਰਦਾ ਹੈ। ਇਨ੍ਹਾਂ ਦੀਆਂ ਟੰਗਾਂ ਅਤੇ ਪਹੁੰਚੇ ਲੰਮੇ ਹੁੰਦੇ ਹਨ, ਜਿਨ੍ਹਾਂ ਉੱਤੇ ਕੋਈ ਮਾਸ ਨਹੀਂ ਹੁੰਦਾ। ਇਸ ਦਾ ਨਿੱਕਾ ਪੂੰਝਾ ਕਾਲਾ ਹੁੰਦਾ ਹੈ ਜੋ ਨੀਲੇ ਖੰਭਾਂ ਥੱਲੇ ਦਿਖਾਈ ਨਹੀਂ ਦਿੰਦਾ, ਪਰ ਹੇਠਾਂ ਤੋਂ ਚਿੱਟਾ ਹੁੰਦਾ ਹੈ ਜੋ ਇਸ ਦੇ ਹਰ ਕਦਮ ਚੁੱਕਣ ਨਾਲ ਵਿਖਾਈ ਦਿੰਦਾ ਹੈ। ਨਰ ਦੀ ਚੁੰਝ ਉੱਪਰ ਲਾਲ ਚਟਾਕ ਮਾਦਾ ਨਾਲੋਂ ਵੱਡਾ ਹੁੰਦਾ ਹੈ। ਨੀਲੀ ਜਲ ਕੁੱਕੜੀ ਦੀ ਮਨਭਾਉਂਦੀ ਥਾਂ ਦਰਿਆ, ਛੰਭ, ਝੀਲਾਂ, ਨੜਿਆਂ ਅਤੇ ਦਲਦਲੀਆਂ ਥਾਵਾਂ ਹਨ। ਪੰਜਾਬ ਵਿਚ ਅਸੀਂ ਨੀਲੀ ਜਲ ਕੁੱਕੜੀ ਨੂੰ ਹਰੀਕੇ, ਕਾਂਜਲੀ (ਕਪੂਰਥਲਾ), ਕੇਸੋਪੁਰ (ਗੁਰਦਾਸਪੁਰ) ਅਤੇ ਹੋਰ ਕਈ ਥਾਵਾਂ ’ਤੇ ਦੇਖ ਸਕਦੇ ਹਾਂ। ਇਹ ਪਾਣੀ ਉੱਤੇ ਤਰਦੇ ਬੂਟਿਆਂ ਅਤੇ ਕਮਲ ਦੇ ਫੁੱਲ ਦੇ ਪੱਤਿਆਂ ’ਤੇ ਖਾਣ ਲਈ ਤੁਰਦੇ ਫਿਰਦੇ ਰਹਿੰਦੇ ਹਨ ਅਤੇ ਅਜਿਹਾ ਕਰਦੇ ਹੋਏ ਆਪਣਾ ਪੂੰਝਾ ਵਿਸ਼ੇਸ਼ ਅੰਦਾਜ਼ ਵਿਚ ਝਟਕਦੇ ਰਹਿੰਦੇ ਹਨ। ਇਨ੍ਹਾਂ ਦੀ ਉਡਾਰੀ ਮਾੜੀ ਹੁੰਦੀ ਹੈ। ਖ਼ਤਰਾ ਲੱਗਣ ’ਤੇ ਇਹ ਸੱਜੇ-ਖੱਬੇ ਓਹਲੇ ਹੋ ਜਾਂਦੇ ਹਨ। ਨੀਲੀ ਜਲ ਕੁੱਕੜੀ ਇਸ ਬਦਲਦੇ ਹੋਏ ਵਾਤਾਵਰਣ ਵਿਚ ਵੀ ਆਪਣੇ ਆਪ ਨੂੰ ਅਨੁਕੂਲ ਬਣਾ ਲੈਂਦੀ ਹੈ। ਇਹ ਪੰਛੀ ਦੌੜ ਸਕਦਾ ਹੈ, ਤੈਰ ਸਕਦਾ ਹੈ ਅਤੇ ਆਪਣੇ ਆਪ ਨੂੰ ਸ਼ਿਕਾਰੀ ਤੋਂ ਲੁਕਾ ਸਕਦਾ ਹੈ।
ਨੀਲੀ ਜਲ ਕੁੱਕੜੀ ਸਰਬ-ਭੋਜੀ ਪੰਛੀ ਹੈ। ਇਹ ਕਈ ਕਿਸਮਾਂ ਦੇ ਪੌਦੇ ਅਤੇ ਛੋਟੇ ਜਾਨਵਰ, ਬੀਜ, ਕੀੜੇ, ਡੱਡੂ ਅਤੇ ਜਲ-ਬਨਸਪਤੀ ਸਮੇਤ ਪਦਾਰਥਾਂ ਨੂੰ ਪਾਣੀ ਦੇ ਬੂਟਿਆਂ ਉੱਤੇ ਚਲ ਕੇ ਫੜਦੇ ਹਨ ਅਤੇ ਖਾਂਦੇ ਹਨ। ਇਹ ਨਰਮ ਤਣਿਆਂ ਨੂੰ ਖਾਣ ਲਈ ਕਾਨ੍ਹੇ ਪੁੱਟ ਕੇ ਕੀੜੇ-ਮਕੌੜੇ ਕੱਢ ਕੇ ਵੀ ਖਾ ਲੈਂਦੇ ਹਨ। ਇਹ ਵੱਡੇ ਪਰਿਵਾਰਕ ਸਮੂਹਾਂ ਵਿਚ ਰਹਿੰਦੇ ਹਨ। ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਜੂਨ ਤੋਂ ਸਤੰਬਰ ਦੇ ਮਹੀਨੇ ਵਿਚ ਹੁੰਦਾ ਹੈ। ਮਾਦਾ ਪ੍ਰਜਣਨ ਦੇ ਮੌਸਮ ਦੌਰਾਨ ਇਕ ਕਟੋਰੇ ਦੇ ਆਕਾਰ ਦਾ ਆਲ੍ਹਣਾ ਬਣਾਉਂਦੀ ਹੈ, ਇਸ ਨੂੰ ਨਰਮ ਕਾਨ੍ਹੇ ਅਤੇ ਘਾਹ ਨਾਲ ਜੋੜਿਆ ਜਾਂਦਾ ਹੈ। ਇਸ ਵਿਚ ਮਾਦਾ 5 ਤਕ ਆਂਡੇ ਦਿੰਦੀ ਹੈ। ਨਰ ਤੇ ਮਾਦਾ ਅੰਡਿਆਂ ’ਤੇ ਬੈਠਣ, ਚੂਜਿਆਂ ਨੂੰ ਖੁਆਉਣ ਅਤੇ ਸ਼ਿਕਾਰੀਆਂ ਦਾ ਪਿੱਛਾ ਕਰਨ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਝਾ ਕਰਦੇ ਹਨ। ਇਨ੍ਹਾਂ ਦੇ ਚੂਜਿਆਂ ਦੇ ਨੀਲੇ ਕਾਲੇ, ਨਰਮ ਅਤੇ ਕੋਮਲ ਵਾਲ ਹੁੰਦੇ ਹਨ। ਚੂਜੇ ਪਾਣੀ ਵਿਚ ਜਾਣ ਤੋਂ 2 ਤੋਂ 3 ਦਿਨ ਪਹਿਲਾਂ ਆਲ੍ਹਣੇ ਵਿਚ ਰਹਿੰਦੇ ਹਨ।
ਇਸ ਪੰਛੀ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ ਚਾਰ ਵਿਚ ਰੱਖਿਆ ਗਿਆ ਹੈ। ਆਈ.ਯੂ.ਸੀ.ਐੱਨ. ਅਨੁਸਾਰ ਇਸ ਪੰਛੀ ਦੀ ਸਥਿਤੀ ਖ਼ਤਰੇ ਵਿਚ ਨਹੀਂ ਹੈ, ਪਰ ਦਲ-ਦਲੀਆਂ ਥਾਵਾਂ, ਛੱਪੜਾਂ, ਨਮਧਰਤੀਆਂ, ਝੀਲਾਂ ਦਾ ਖ਼ਤਮ ਹੋਣਾ ਇਨ੍ਹਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਾਨੂੰ ਇਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਦੇਣ ਦੀ ਲੋੜ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910