ਹਰੀ ਮੋਹਣ ਲੜੋਈ
ਢਾਈ ਕੁ ਦਹਾਕੇ ਪਹਿਲਾਂ ਲੋਕ ਗਾਇਕ ਕੁਲਦੀਪ ਮਾਣਕ ਦੀ ਆਵਾਜ਼ ਵਿਚ ਰਿਕਾਰਡ ਹੋਏ ਧਾਰਮਿਕ ਗੀਤ ‘ਤੈਨੂੰ ਬਾਬਲਾ ਤਰਸ ਨਾ ਆਇਆ …’ ਨਾਲ ਸੰਗੀਤ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਗੀਤਕਾਰ ਹਰਵਿੰਦਰ ਉਹੜਪੁਰੀ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਸੰਗੀਤ ਪ੍ਰੇਮੀਆਂ ਨੂੰ ਅਨੇਕਾਂ ਸਦਾ ਬਹਾਰ ਸੱਭਿਆਚਾਰਕ, ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਗੀਤ ਦੇ ਕੇ ਨਿਵੇਕਲੀਆਂ ਪੈੜਾਂ ਪਾਈਆਂ ਹਨ। ਲੋਕ ਗਥਾਵਾਂ, ਬੋਲੀਆਂ, ਗੀਤ, ਧਾਰਮਿਕ ਗੀਤ ਆਦਿ ਹਰ ਵੰਨਗੀ ਨੂੰ ਉਹ ਬਾਖੂਬੀ ਨਿਭਾਉਂਦਾ ਹੈ। ਇਹੋ ਕਾਰਨ ਹੈ ਕਿ ਉਸ ਦੇ ਲਿਖੇ ਗੀਤਾਂ ਨੂੰ ਹਰ ਵਰਗ ਦੇ ਸਰੋਤਿਆਂ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ। ਜੇਕਰ ਉਸ ਦੇ ਲਿਖੇ ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਸ਼ਾਇਰ ਚਰਨ ਸਿੰਘ ਸਫਰੀ ਤੋਂ ਬਾਅਦ ਉਹੜਪੁਰੀ ਦੇ ਲਿਖੇ ਹੋਏ ਹੀ ਸਭ ਤੋਂ ਵੱਧ ਗੀਤ ਰਿਕਾਰਡ ਅਤੇ ਮਕਬੂਲ ਹੋਏ ਹਨ। ਉਸ ਦੇ ਗੀਤਾਂ ਨੂੰ ਹਰੇਕ ਗਾਇਕ ਆਪਣੀ ਆਵਾਜ਼ ਦੇ ਕੇ ਮਾਣ ਮਹਿਸੂਸ ਕਰਦਾ ਹੈ। ਪ੍ਰਸਿੱਧ ਗੀਤਕਾਰ ਅਤੇ ਪੇਸ਼ਕਾਰ ਸ਼ਮਸ਼ੇਰ ਸੰਧੂ ਦੇ ਇਸ ਸ਼ਾਗਿਰਦ ਦੇ ਹਿੱਟ ਗੀਤਾਂ ਵਿਚ ਸ਼ਾਮਲ ਹੈ:
* ਹਿਰਦੈ ਹਰਿ ਵਸਾ ਲਉ- ਹੰਸ ਰਾਜ ਹੰਸ
* ਸਿੰਘੋ ਸੇਵਾਦਾਰ ਬਣੋ- ਸੁਰਜੀਤ ਬਿੰਦਰਖੀਆ
* ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ
– ਸਤਵਿੰਦਰ ਬਿੱਟੀ
* ਅਰਦਾਸ ਕਰਾਂ- ਨਛੱਤਰ ਗਿੱਲ
* ਸੂਟ ਪੰਜਾਬੀ-ਲਹਿੰਬਰ ਹੁਸੈਨਪੁਰੀ
* ਪਿਆਰ ਦੀ ਡਿਗਰੀ-ਸਾਬਰਕੋਟੀ
ਉਹੜਪੁਰੀ ਦੇ ਗੀਤਾਂ ਨੂੰ ਉਪਰੋਕਤ ਤੋਂ ਇਲਾਵਾ ਦਲੇਰ ਮਹਿੰਦੀ, ਇੰਦਰਜੀਤ ਨਿੱਕੂ, ਸੁਰਿੰਦਰ ਲਾਡੀ, ਹਰਵਿੰਦਰ ਟਾਡੀ, ਅੰਮ੍ਰਿਤਾ ਵਿਰਕ, ਸੁਖਵਿੰਦਰ ਪੰਛੀ, ਸਰਬਜੀਤ ਚੀਮਾ, ਰਾਏ ਜੁਝਾਰ, ਬਲਵੀਰ ਕਮਲ, ਹਰਮਿੰਦਰ ਨੂਰਪੁਰੀ, ਦਲਵਿੰਦਰ ਦਿਆਲਪੁਰੀ, ਕੁਲਤਾਰ ਬਾਜਵਾ, ਸੁਦੇਸ਼ ਕੁਮਾਰੀ, ਭੁਪਿੰਦਰ ਗਿੱਲ, ਗੋਰਾ ਚੱਕ ਵਾਲਾ, ਸਲੀਮ, ਅਵਤਾਰ ਰੰਧਾਵਾ, ਪਰਵੀਨ ਭਾਰਟਾ ਆਦਿ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਦਿੱਤੀਆਂ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਦੇ ਪਿੰਡ ਉਹੜਪੁਰ ਦੀਆਂ ਗਲੀਆਂ ਵਿਚ ਖੇਡ ਕੇ ਪਲਿਆ ਤੇ ਜਵਾਨ ਹੋਇਆ ਹਰਵਿੰਦਰ ਅੱਜਕੱਲ੍ਹ ਟਾਂਡਾ ਦੇ ਸਰਕਾਰੀ ਕਾਲਜ ਵਿਚ ਬਤੌਰ ਲੈਕਚਰਾਰ ਸੇਵਾਵਾਂ ਨਿਭਾ ਰਿਹਾ ਹੈ। ਉਹ ਆਪਣੇ ਪਰਿਵਾਰ ਨਾਲ ਪਿੰਡ ਉਹੜਪੁਰ ਵਿਚ ਰਹਿੰਦਾ ਹੈ।