ਪ੍ਰੋਫੈਸਰ ਮਨਜੀਤ ਤਿਆਗੀ
ਮਾਨਸਿਕ ਤਣਾਅ ਆਧੁਨਿਕ ਯੁੱਗ ਦੀ ਦੇਣ ਹੈ। ਤਣਾਅ ਸਾਡੀਆਂ ਖ਼ੁਸ਼ੀਆਂ ਨੂੰ ਨਿਗਲ ਰਿਹਾ ਹੈ ਤੇ ਸਾਡੀਆਂ ਸਮੱਸਿਆਵਾਂ ਨੂੰ ਵਧਾ ਰਿਹਾ ਹੈ। ਅੱਜ ਦੇ ਜ਼ਿਆਦਾਤਰ ਲੋਕ ਬੇਚੈਨੀ ਦੇ ਸ਼ਿਕਾਰ ਹਨ। ਬੇਚੈਨ ਵਿਅਕਤੀ ਹਮੇਸ਼ਾਂ ਕਾਹਲੀ ’ਚ ਹੁੰਦਾ ਹੈ, ਉਹ ਛੇਤੀ ਖਿਝ ਜਾਂਦਾ ਹੈ, ਉਸ ਦੀ ਸੋਚ ਨਕਾਰਾਤਮਕ ਹੋ ਜਾਂਦੀ ਹੈ। ਉਹ ਸ਼ਾਂਤਚਿਤ ਹੋ ਕੇ ਨਹੀਂ ਬੈਠ ਸਕਦਾ, ਨਾ ਹੀ ਕਿਸੇ ਚੀਜ਼ ਜਾਂ ਕੰਮ ’ਤੇ ਧਿਆਨ ਕੇਂਦਰਿਤ ਕਰ ਸਕਦਾ ਹੈ। ਅੱਜ ਦਾ ਮਨੁੱਖ ਖਪਤ ਸੱਭਿਆਚਾਰ ’ਚ ਲੁਪਤ ਹੋ ਕੇ ਆਪਣੀ ਸਾਰੀ ਉਮਰ ਦੌਲਤ ਜਾਂ ਚੀਜ਼ਾਂ ਦਾ ਢੇਰ ਵਧਾਉਣ ਲਈ ਲਾ ਦਿੰਦਾ ਹੈ। ਅੰਤ ਉਸ ਨੂੰ ਨਿਰਾਸ਼ਾ ਹੀ ਝੱਲਣੀ ਪੈਂਦੀ ਹੈ ਕਿਉਂਕਿ ਖ਼ੁਸ਼ੀ ਦਾ ਸਬੰਧ ਧਨ ਨਾਲ ਨਹੀਂ ਮਨ ਨਾਲ ਹੈ।
ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਵੱਜੋਂ ਅਸੀਂ ਕਿਸ਼ਤਾਂ ’ਤੇ ਚੀਜ਼ਾਂ ਖ਼ਰੀਦਦੇ ਹਾਂ, ਪਰ ਜਦੋਂ ਕਿਸ਼ਤਾਂ ਨਾ ਦਿੱਤੀਆਂ ਜਾਣ, ਫਿਰ ਇਹ ਚੀਜ਼ਾਂ ਹੀ ਸਮੱਸਿਆਵਾਂ ਦਾ ਕਾਰਨ ਬਣ ਜਾਂਦੀਆਂ ਹਨ। ਅਜਿਹੀ ਸਥਿਤੀ ਚਿੰਤਾਜਨਕ ਹੋ ਜਾਂਦੀ ਹੈ। ਆਮ ਤੌਰ ’ਤੇ ਸਾਡੀਆਂ ਰੀਝਾਂ ਨੂੰ ਪੂਰਾ ਕਰਨ ਲਈ ਮਨ ਭੜਕਦਾ ਰਹਿੰਦਾ ਹੈ, ਪਰ ਸਾਧਨ ਸੀਮਤ ਹੋਣ ਕਾਰਨ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਇਸ ਲਈ ਆਪਣੀਆਂ ਆਸਾਂ ਵਿੱਚ ਕਮੀ ਲਿਆ ਕੇ ਜੋ ਤੁਹਾਡੇ ਕੋਲ ਹੈ, ਉਸ ਵਿੱਚ ਹੀ ਖੁਸ਼ ਰਹਿਣਾ ਸਿੱਖੋ। ਸਰੀਰ ਨੂੰ ਸਮਰੱਥਾ ਅਨੁਸਾਰ ਸਰਗਰਮ ਰੱਖਣ ਨਾਲ ਨਾ ਸਿਰਫ਼ ਸਮਾਂ ਹੀ ਚੰਗੇ ਤਰੀਕੇ ਨਾਲ ਬੀਤਦਾ ਹੈ, ਸਗੋਂ ਮਨ ਵਿੱਚ ਫਾਲਤੂ ਵਿਚਾਰ ਵੀ ਨਹੀਂ ਆਉਂਦੇ। ਜਦੋਂ ਮਨੁੱਖ ਪੈਸੇ ਦਾ ਪੁੱਤ ਬਣ ਜਾਂਦਾ ਹੈ ਤਾਂ ਉਹ ਸੋਚਦਾ ਹੈ ਕਿ ਪੈਸੇ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ, ਪਰ ਇਹ ਗ਼ਲਤ ਧਾਰਨਾ ਹੈ ਕਿਉਂਕਿ ਅਨੇਕਾਂ ਸਮੱਸਿਆਵਾਂ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਸੂਝ-ਬੂਝ ਨਾਲ ਨਿਪਟ ਸਕਦੇ ਹੋ। ਜਿਵੇਂ ਤਣਾਅ ਨਾਲ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਆਰਾਮ ਕਰਕੇ
ਹੀ ਕੀਤਾ ਜਾ ਸਕਦਾ ਹੈ। ਪੈਸੇ ਨਾਲ ਬੈੱਡ ਤਾਂ ਖ਼ਰੀਦਿਆ ਜਾ ਸਕਦਾ ਹੈ, ਪਰ ਨੀਂਦ ਜਾਂ ਆਰਾਮ ਨਹੀਂ ਖ਼ਰੀਦਿਆ ਜਾ ਸਕਦਾ।
ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਰੱਖ ਕੇ ਆਪਣੀਆਂ ਸਕਾਰਾਤਮਕ ਤੇ ਨਕਾਰਾਤਮਕ ਆਦਤਾਂ ਦਾ ਮੁਲਾਂਕਣ ਕਰੋ। ਸੁਪਨਿਆਂ ਨੂੰ ਅਸਲੀਅਤ ਵਿੱਚ ਬਦਲਣ ਲਈ ਲੋੜੀਂਦੀ ਯੋਗਤਾ ਹੋਣੀ ਜ਼ਰੂਰੀ ਹੈ। ਜੇੇ ਤੁਹਾਡੀ ਯੋਗਤਾ ਤੁਹਾਡੇ ਸੁਪਨਿਆਂ ਨਾਲ ਮੇਲ ਨਹੀਂ ਖਾਂਦੀ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਲਾਲਚ ਵਿੱਚ ਆ ਕੇ ਇੱਕੋ ਵੇਲੇ ਕਈ ਕੰਮ ਕਰਨ ਨਾਲ ਤੁਹਾਡਾ ਸਰੀਰ ਥਕਾਵਟ ਨਾਲ ਨਿਢਾਲ ਹੋ ਜਾਂਦਾ ਹੈ ਤਾਂ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਲੋੜਾਂ ਤੈਅ ਕਰਕੇ ਆਪਣੀਆਂ ਸਮਰੱਥਾਵਾਂ ਮੁਤਾਬਕ ਕੰਮ ਕਰਨ ਨਾਲ ਤੁਸੀਂ ਆਪਣੇ ਕੰਮ ਦਾ ਅਤੇ ਆਰਾਮ ਦਾ ਆਨੰਦ ਮਾਣ ਸਕਦੇ ਹੋ।
ਦੂਜਿਆਂ ਦੀ ਜੀਵਨਸ਼ੈਲੀ ਦੇਖ ਕੇ ਦੁਖੀ ਨਾ ਹੋਵੋ ਤੇ ਨਾ ਹੀ ਫੇਸਬੁੱਕ ’ਤੇ ਆਪਣੇ ਦੋਸਤਾਂ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਦੇਖ ਕੇ ਈਰਖਾ ਕਰੋ। ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਦੋਸਤ ਅਤੇ ਪਤੀ-ਪਤਨੀ ਵਿਚਾਲੇ ਕੀ ਹੁੰਦਾ ਹੈ? ਆਪਣੇ ਜੀਵਨ ਨੂੰ ਹੋਰਾਂ ਦੇ ਜਿਉਣ ਢੰਗ ਨਾਲ ਨਾ ਦੇਖੋ। ਹਰ ਕਿਸੇ ਦਾ ਆਪਣਾ ਇੱਕ ਤਰੀਕਾ ਹੁੰਦਾ ਹੈ, ਜੋ ਉਸ ਲਈ ਕੰਮ ਕਰਦਾ ਹੈ, ਤੁਹਾਨੂੰ ਆਪਣਾ ਤਰੀਕਾ ਆਪ ਲੱਭਣਾ ਪਵੇਗਾ। ਇਸ ਲਈ ਤੁਸੀਂ ਉਹ ਜੀਵਨ ਜੀਵੋ ਜਿਸ ਦੀ ਤੁਹਾਨੂੰ ਚਾਹਤ ਹੈ। ਇਹ ਤੁਹਾਡੀ ਆਪਣੀ ਜ਼ਿੰਦਗੀ ਹੈ, ਇਸ ਨੂੰ ਦੂਜਿਆਂ ਦੀਆਂ ਇੱਛਾਵਾਂ ਵਿੱਚ ਜਕੜਨਾ ਵੀ ਨਿਰਾਸ਼ਾ ਨੂੰ ਹੀ ਸੱਦਾ ਦਿੰਦਾ ਹੈ। ਦੂਜਿਆਂ ਤੋਂ ਵੀ ਜ਼ਿਆਦਾ ਉਮੀਦਾਂ ਨਾ ਰੱਖੋ ਕਿਉਂਕਿ ਜਦੋਂ ਕੋਈ ਤੁਹਾਡੀ ਉਮੀਦ ’ਤੇ ਖਰਾ ਨਹੀਂ ਉਤਰਦਾ ਤਾਂ ਮਨ ਨੂੰ ਠੇਸ ਪਹੁੰਚਦੀ ਹੈ। ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰੋ ਅਤੇ ਬਿਨਾਂ ਕਾਰਨ ਡਰ ਛੱਡ ਕੇ ਭਰਪੂਰ ਜ਼ਿੰਦਗੀ ਜੀਵੋ।
ਬੀਤੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਅਸੀਂ ਬਦਲ ਨਹੀਂ ਸਕਦੇ ਤੇ ਨਾ ਹੀ ਭਵਿੱਖ ਦੀ ਅਨਿਸ਼ਚਿਤਤਾ ਸਾਡੇ ਹੱਥ ਵਿੱਚ ਹੈ। ਇਸ ਲਈ ਅਤੀਤ ਦਾ ਪਛਤਾਵਾ ਤੇ ਭਵਿੱਖ ਦਾ ਫ਼ਿਕਰ ਛੱਡ ਕੇ ਵਰਤਮਾਨ ਸਮੇਂ ਵਿੱਚ ਖੁਸ਼ ਰਹਿਣ ਦੀ ਆਦਤ ਪਾਓ। ਜਿਹੜੇ ਡਰਾਈਵਰ ਗੱਡੀ ਦੇ ਪਿਛਲੇ ਦ੍ਰਿਸ਼ ਦੇਖਣ ਵਾਲੇ ਸ਼ੀਸ਼ੇ ਵਿੱਚ ਜ਼ਿਆਦਾ ਝਾਕਦੇ ਹਨ, ਉਨ੍ਹਾਂ ਦੇ ਐਕਸੀਡੈਂਟ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਸੀਂ ਅਜਿਹੀਆਂ ਘਟਨਾਵਾਂ ਬਾਰੇ ਅਕਸਰ ਚਿੰਤਤ ਰਹਿੰਦੇ ਹਾਂ ਜੋ ਕਦੇ ਵਾਪਰਨੀਆਂ ਹੀ ਨਹੀਂ ਹੁੰਦੀਆਂ।
ਭਾਵੇਂ ਚਿੰਤਾਵਾਂ ਮਨੁੱਖ ਲਈ ਸੁਭਾਵਿਕ ਵਰਤਾਰਾ ਹਨ ਕਿਉਂਕਿ ਉਹ ਮਨੁੱਖੀ ਜੀਵ ਹੈ, ਕੋਈ ਮਸ਼ੀਨ ਨਹੀਂ, ਪਰ ਜਿੱਥੋਂ ਤੱਕ ਹੋ ਸਕੇ ਡਰ ਅਤੇ ਚਿੰਤਾਵਾਂ ਉੱਪਰ ਕਾਬੂ ਪਾ ਕੇ ਖੁਸ਼ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ। ਆਪਣੇ ਨਜ਼ਰੀਏ ਨੂੰ ਬਦਲ ਕੇ ਤੁਸੀਂ ਖ਼ੁਸ਼ ਰਹਿ ਸਕਦੇ ਹੋ। ਜੇ ਬਾਹਰ ਮੀਂਹ ਪੈ ਰਿਹਾ ਹੈ ਤੇ ਤੁਸੀਂ ਬਾਹਰ ਕਿਸੇ ਜ਼ਰੂਰੀ ਕੰਮ ਜਾਣਾ ਹੈ, ਤਾਂ ਦੁਖੀ ਨਾ ਹੋਵੋਂ ਕਿਉਂਕਿ ਤੁਹਾਡੇ ਦੁਖੀ ਹੋਣ ਨਾਲ ਮੀਂਹ ਰੁਕਣ ਨਹੀਂ ਲੱਗਾ, ਪਰ ਤੁਹਾਡੇ ਕੋਲ ਇੱਕ ਹੋਰ ਬਦਲ ਹੈ ਕਿ ਤੁਸੀਂ ਛੱਤਰੀ ਲੈ ਕੇ ਆਪਣੇ ਕੰਮ ਲਈ ਬਾਹਰ ਜਾ ਸਕਦੇ ਹੋ।
ਜੇ ਤੁਸੀਂ ਜ਼ਿੰਦਗੀ ਤੋਂ ਪਰੇਸ਼ਾਨ ਹੋ ਗਏ ਹੋ ਤਾਂ ਤੁਹਾਨੂੰ ਜੀਵਨਸ਼ੈਲੀ ਵਿੱਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ। ਤੁਸੀਂ ਦੂਜਿਆਂ ਨੂੰ ਬਦਲ ਨਹੀਂ ਸਕਦੇ, ਸਿਰਫ਼ ਸਲਾਹ ਦੇ ਸਕਦੇ ਹੋ। ਪਰ ਸਹੀ ਦਿਸ਼ਾ ਵਿੱਚ ਊਰਜਾ ਲਾ ਕੇ ਤੁਸੀਂ ਦੂਜਿਆਂ ਲਈ ਉਦਾਹਰਨ ਬਣ ਸਕਦੇ ਹੋ। ਆਪਣੇ ਕੰਮ ਦੇ ਬੋਝ ਨੂੰ ਘਟਾ ਕੇ ਵਿਹਲੇ ਸਮੇਂ ਵਿੱਚ ਮਨ ਦੀ ਕੈਨਵਸ ’ਤੇ ਸੁਖਦਾਈ ਦ੍ਰਿਸ਼ ਸਿਰਜੋ। ਅਜਿਹੇ ਪਲਾਂ ਨੂੰ ਯਾਦ ਕਰੋ ਜਿਨ੍ਹਾਂ ਨਾਲ ਤੁਹਾਡੇ ਮਨ ਨੂੰ ਸਕੂਨ ਮਿਲੇ। ਇਹ ਪਲ ਤੁਹਾਡੇ ਸਕੂਲ, ਕਾਲਜ ’ਚੋਂ ਫਸਟ ਆਉਣ, ਤੁਹਾਡੇ ਵਿਆਹ ਨਾਲ, ਪ੍ਰੇਮਿਕਾ ਨਾਲ ਘੁੰਮਣ, ਪਹਿਲੀ ਵਾਰ ਮੁੱਖ ਮਹਿਮਾਨ ਬਣਨ, ਨੌਕਰੀ ਪ੍ਰਾਪਤ ਕਰਨ ਆਦਿ ਨਾਲ ਸਬੰਧਤ ਹੋ ਸਕਦੇ ਹਨ। ਜਦੋਂ ਤੁਸੀਂ ਇਕਾਗਰ ਮਨ ਨਾਲ ਕਿਸੇ ਰੋਮਾਂਚਿਤ ਘਟਨਾ ਨੂੰ ਯਾਦ ਕਰਦੇ ਹੋ ਤਾਂ ਕਾਲਪਨਿਕ ਸ਼ਕਤੀ ਨਾਲ ਫਿਰ ਉਸੇ ਮਾਹੌਲ ਵਿੱਚ ਰੰਗੇ ਜਾਂਦੇ ਹੋ ਤੇ ਤੁਹਾਡੀ ਜ਼ਿੰਦਗੀ ਵਿੱਚ ਰੰਗਤ ਆ ਜਾਂਦੀ ਹੈ।
ਇੱਕ ਦਿਨ ਮਨੋਵਿਗਿਆਨ ਦਾ ਪ੍ਰੋਫੈਸਰ ਵਿਦਿਆਰਥੀਆਂ ਨੂੰ ਲੈਕਚਰ ਦੇ ਰਿਹਾ ਸੀ। ਲੈਕਚਰ ਦਾ ਵਿਸ਼ਾ ਸੀ ਕਿ ਆਧੁਨਿਕ ਯੁੱਗ ਵਿੱਚ ਤਣਾਅ ਦਾ ਟਾਕਰਾ ਕਿਵੇਂ ਕਰੀਏ। ਲੈਕਚਰ ਦੌਰਾਨ ਉਸ ਨੇ ਅੱਧੇ
ਭਰੇ ਪਾਣੀ ਦੇ ਗਲਾਸ ਨੂੰ ਹੱਥ ਵਿੱਚ ਫੜ ਕੇ ਤੇ ਹੱਥ ਉੱਪਰ ਨੂੰ ਚੁੱਕ ਕੇ ਵਿਦਿਆਰਥੀਆਂ ਨੂੰ ਪੁੱਛਿਆ
ਕਿ ਜੇ ਮੈਂ ਇਹ ਗਲਾਸ ਪੰਜ ਮਿੰਟ ਇਸ ਤਰ੍ਹਾਂ ਹੀ ਰੱਖਾਂ ਤਾਂ ਕੀ ਹੋਵੇਗਾ ?
‘‘ਸਰ ਕੁਝ ਵੀ ਨਹੀਂ।’’ ਵਿਦਿਆਰਥੀਆਂ ਨੇ ਉੱਤਰ ਦਿੱਤਾ।
‘‘ਬਿਲਕੁਲ ਠੀਕ।’’ ਫਿਰ ਉਸ ਨੇ ਦੂਜਾ ਸਵਾਲ ਕੀਤਾ ਕਿ ਜੇ ਮੈਂ ਇੱਕ ਘੰਟਾ ਗਲਾਸ ਨੂੰ ਇਸੇ ਤਰ੍ਹਾਂ ਹੀ ਹੱਥ ਵਿੱਚ ਫੜੀ ਰੱਖਾਂ ਤਾਂ ਕੀ ਹੋਵੇਗਾ ?
‘‘ਸਰ ਤੁਹਾਡੇ ਹੱਥ ਅਤੇ ਬਾਂਹ ਵਿੱਚ ਦਰਦ ਹੋਣ ਲੱਗ ਪਵੇਗਾ।’’
ਦੂਜੇ ਵਿਦਿਆਰਥੀ ਨੇ ਕਿਹਾ, ‘‘ਸਰ ਤੁਹਾਡੀ ਬਾਹ ਸੁੰਨ ਹੋ ਜਾਵੇਗੀ। ਤੁਹਾਡੀ ਬਾਂਹ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਪੈ ਸਕਦੀ ਹੈ ਤੇ ਤੁਸੀਂ ਬੇਹੋਸ਼ ਵੀ ਹੋ ਸਕਦੇ ਹੋ।’’
ਪ੍ਰੋਫੈਸਰ ਸਾਹਿਬ ਨੇ ਵਿਦਿਆਰਥੀਆਂ ਨੂੰ ਸਵਾਲ ਕੀਤਾ, ‘‘ਤਾਂ ਮੈਨੂੰ ਬਾਂਹ ਦੇ ਦਰਦ ਤੋਂ ਬਚਣ ਲਈ ਕੀ ਕਰਨਾ ਪਵੇਗਾ?’’
‘‘ਸਰ ਗਲਾਸ ਨੂੰ ਹੇਠਾਂ ਰੱਖਣਾ ਪਵੇਗਾ।’’
‘‘ਬਿਲਕੁਲ ਠੀਕ, ਸਾਡੀ ਜ਼ਿੰਦਗੀ ਵਿੱਚ ਚਿੰਤਾਵਾਂ ਵੀ ਇਸ ਤਰ੍ਹਾਂ ਹੀ ਹੁੰਦੀਆਂ ਹਨ, ਭਾਵੇਂ ਉਹ ਕਿਸੇ ਵੀ ਖੇਤਰ ਨਾਲ ਜੁੜੀਆਂ ਹੋਈਆਂ ਹੋਣ। ਚਿੰਤਾਵਾਂ ਨੂੰ ਥੋੜ੍ਹੀ ਦੇਰ ਆਪਣੇ ਦਿਮਾਗ਼ ਦੀ ਗ੍ਰਿਫ਼ਤ ਵਿੱਚ ਰੱਖਣਾ ਤਾਂ ਠੀਕ ਹੈ, ਪਰ ਲੰਮੇ ਸਮੇਂ ਤੱਕ ਰੱਖਣ ਨਾਲ ਦਿਮਾਗ਼ ਚਿੰਤਾਵਾਂ ਦੀ ਗ੍ਰਿਫ਼ਤ ਵਿੱਚ ਆ ਜਾਂਦਾ ਹੈ।’’
ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਅਤੇ ਸਮੱਸਿਆਵਾਂ ਬਾਰੇ ਸੋਚਣਾ ਤਾਂ ਠੀਕ ਹੈ, ਪਰ ਬਹੁਤ ਜ਼ਿਆਦਾ ਸੋਚਣਾ ਠੀਕ ਨਹੀਂ ਕਿਉਂਕਿ ਹਰ ਸਮੇਂ ਸਮੱਸਿਆਵਾਂ ਨੂੰ ਦਿਮਾਗ਼ ਵਿੱਚ ਰੱਖ ਕੇ ਖ਼ੁਸ਼ ਰਹਿਣਾ ਸੰਭਵ ਨਹੀਂ। ਖੁਸ਼ ਰਹਿਣਾ ਇੱਕ ਮਾਨਸਿਕ ਅਵਸਥਾ ਹੀ ਹੈ। ਜੇ ਤੁਸੀਂ ਖ਼ੁਸ਼ ਰਹਿਣ ਦੀ ਅਵਸਥਾ ਮਨ ਵਿੱਚ ਧਾਰ ਲਵੋ ਤਾਂ ਤੁਹਾਨੂੰ ਕੋਈ ਵੀ ਬਾਹਰੀ ਤਾਕਤ ਦੁਖੀ ਨਹੀਂ ਕਰ ਸਕਦੀ।
ਸੰਪਰਕ: 98140-96108