ਡਾ. ਰਣਜੀਤ ਸਿੰਘ
ਸੰਸਾਰ ਵਿੱਚ ਸਿੱਖ ਹੀ ਇੱਕ ਅਜਿਹੀ ਕੌਮ ਹੈ ਜਿਸ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਜਿੰਨੀ ਮਾਨਤਾ, ਸਤਿਕਾਰ ਸੇਵਾ ਸੰਭਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ, ਹੋਰ ਕਿਸੇ ਵੀ ਧਰਮ ਦੇ ਗ੍ਰੰਥ ਦੀ ਨਹੀਂ ਹੈ। ਗੁਰੂ ਸਾਹਿਬਾਨ ਨੇ ਇਨਸਾਨ ਦੇ ਵਿਕਾਸ, ਸੋਝੀ ਅਤੇ ਸੁਚੱਜੀ ਜੀਵਨ ਜਾਚ ਲਈ ਗਿਆਨ ਨੂੰ ਪ੍ਰਧਾਨਤਾ ਬਖ਼ਸ਼ੀ ਹੈ। ਗੁਰੂ ਸਾਹਿਬਾਨ ਵੇਲੇ ਲੋਕਾਂ ਦੀ ਬਹੁਗਿਣਤੀ ਅਨਪੜ੍ਹ ਸੀ। ਉਨ੍ਹਾਂ ਦੀ ਦੁਰਦਸ਼ਾ ਦਾ ਮੁੱਖ ਕਾਰਨ ਗਿਆਨਹੀਣਤਾ ਸੀ। ਉਦੋਂ ਆਪਣੇ ਆਪ ਨੂੰ ਕੁਲੀਨ ਵਰਗ ਅਤੇ ਸ਼ਾਸਕ ਟੋਲੇ ਨੇ ਆਮ ਲੋਕਾਂ ਲਈ ਗਿਆਨ ਦੇ ਦਰਵਾਜ਼ੇ ਬੰਦ ਕੀਤੇ ਹੋਏ ਸਨ। ਪੜ੍ਹਨਾ ਤਾਂ ਦੂਰ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਗਿਆਨ ਸੁਣਨ ਦੀ ਵੀ ਮਨਾਹੀ ਸੀ। ਲੋਕਾਈ ਨੂੰ ਆਪਣੇ ਹੱਕਾਂ ਦੀ ਸੋਝੀ ਕਰਵਾਉਣ ਤੇ ਗਿਆਨ ਨਾਲ ਜੋੜਨ ਲਈ ਗੁਰੂ ਸਾਹਿਬਾਨ ਨੂੰ ਦੋ ਸਦੀਆਂ ਤੋਂ ਵਧ ਸਮਾਂ ਲੱਗਿਆ, ਪਰ ਇਹ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਹੁਣ ਮੁੜ ਪੰਜਾਬੀ ਵਿਸ਼ੇਸ਼ ਕਰਕੇ ਸਿੱਖ ਗਿਆਨ ਵਿਹੂਣੇ ਹੋ ਰਹੇ ਹਨ। ਉਹ ਚੰਗੇ ਜੁਗਾੜੀ ਤਾਂ ਹੋ ਸਕਦੇ ਹਨ, ਪਰ ਉੱਚ-ਪੱਧਰ ਦੇ ਵਿਗਿਆਨੀ ਨਹੀਂ ਹੋ ਸਕਦੇ। ਬਹੁਤ ਘੱਟ ਪੰਜਾਬੀ ਤੇ ਸਿੱਖ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਪੁਸਤਕਾਂ ਖਰੀਦਣ ਤੇ ਪੜ੍ਹਨ ਦਾ ਸ਼ੌਕ ਹੈ। ਸਿੱਖਾਂ ਅਤੇ ਪੰਜਾਬੀਆਂ ਦੇ ਘਰਾਂ ਵਿੱਚ ਘਰੇਲੂ ਲਾਇਬ੍ਰੇਰੀ ਦਾ ਹੋਣਾ ਤਾਂ ਦੂਰ ਧਾਰਮਿਕ ਪੁਸਤਕਾਂ ਵੀ ਨਜ਼ਰ ਨਹੀਂ ਆਉਂਦੀਆਂ। ਕਈ ਸਿੱਖ ਘਰਾਂ ਵਿੱਚ ਤਾਂ ਗੁਰਬਾਣੀ ਦੇ ਗੁਟਕੇ ਵੀ ਨਹੀਂ ਹਨ ਤਾਂ ਜੋ ਥੋੜ੍ਹਾ ਬਹੁਤ ਪਾਠ ਕਰਕੇ ਆਪਣੇ ਗੁਰੂ ਦੇ ਹੁਕਮਾਂ ਬਾਰੇ ਸੋਝੀ ਹੋ ਸਕੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਇੱਕ ਕਰਮ ਕਾਂਡ ਬਣ ਕੇ ਰਹਿ ਗਿਆ ਹੈ। ਬਹੁਤੇ ਲੋਕੀਂ ਜੇਕਰ ਗੁਰੂ ਘਰਾਂ ਵਿੱਚ ਪਾਠ ਰਖਵਾਉਂਦੇ ਹਨ ਤਾਂ ਪਾਠ ਦੀ ਅਰੰਭਤਾ ਅਤੇ ਸਮਾਪਤੀ ਸਮੇਂ ਹੀ ਕੁਝ ਮਿੰਟਾਂ ਲਈ ਜਾਂਦੇ ਹਨ। ਪਾਠ ਸੁਣਨ ਦਾ ਕਦੇ ਵੀ ਉੱਦਮ ਨਹੀਂ ਕੀਤਾ ਜਾਂਦਾ। ਘਰਾਂ ਵਿੱਚ ਜੇਕਰ ਸ੍ਰੀ ਅਖੰਡ ਪਾਠ ਜਾਂ ਸਹਿਜ ਪਾਠ ਕਰਵਾਇਆ ਜਾਂਦਾ ਹੈ ਤਾਂ ਵੀ ਘਰ ਦੇ ਮੈਂਬਰ ਬੈਠ ਕੇ ਪਾਠ ਸੁਣਨ ਦਾ ਯਤਨ ਨਹੀਂ ਕਰਦੇ। ਇਸੇ ਕਰਕੇ ਜਿਹੜੇ ਖਾਲਸੇ ਦੀ ਸਿਰਜਣਾ ਗੁਰੂ ਸਾਹਬਾਨ ਨੇ ਕੀਤੀ ਸੀ, ਹੁਣ ਸਿੱਖ ਉਸ ਤੋਂ ਦੂਰ ਜਾ ਰਹੇ ਹਨ। ਗਿਆਨ ਤੋਂ ਬਗੈਰ ਮਨੁੱਖੀ ਵਿਕਾਸ ਸੰਭਵ ਨਹੀਂ ਹੈ ਅਤੇ ਮਨੁੱਖੀ ਵਿਕਾਸ ਤੋਂ ਬਗੈਰ ਸਰਬਪੱਖੀ ਵਿਕਾਸ ਨਹੀਂ ਹੋ ਸਕਦਾ। ਜਿਹੜੇ ਦੇਸ਼ਾਂ ਨੇ ਵੀ ਉਨਤੀ ਕੀਤੀ, ਉਨ੍ਹਾਂ ਮਨੁੱਖੀ ਵਿਕਾਸ ਨੂੰ ਪਹਿਲ ਦਿੱਤੀ ਹੈ।
ਕਈ ਆਖਦੇ ਹਨ ਕਿ ਪੰਜਾਬ ਤਾਂ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਹੈ। ਪੰਜਾਬੀਆਂ ਦੇ ਵਧੀਆ ਘਰ ਹਨ, ਚੰਗਾ ਖਾਂਦੇ ਪੀਂਦੇ ਪਹਿਨਦੇ ਹਨ। ਵਿਕਾਸ ਦੀ ਇਹ ਨਿਸ਼ਾਨੀ ਨਹੀਂ ਹੁੰਦੀ ਸਗੋਂ ਮਨੁੱਖੀ ਵਤੀਰਾ ਹੁੰਦਾ ਹੈ। ਪੰਜਾਬੀਆਂ ਵਿੱਚ ਸਭ ਤੋਂ ਵੱਧ ਹਊਮੈ, ਵਿਖਾਵਾ, ਈਰਖਾ ਤੇ ਫੁਕਰਾਪਣ ਵਧ ਰਿਹਾ ਹੈ। ਪੰਜਾਬ ਵਿੱਚ ਰਿਸ਼ਵਤਖੋਰੀ, ਹੇਰਾ ਫੇਰੀ, ਨਸ਼ੇ, ਮਿਲਾਵਟ ਤੇ ਗੰਦਗੀ ਨਜ਼ਰ ਆਉਂਦੀ ਹੈ। ਪੰਜਾਬੀਆਂ ਨੇ ਆਪਣੇ ਦਰਿਆਵਾਂ ਨੂੰ ਗੰਦੇ ਨਾਲੇ ਬਣਾ ਲਿਆ ਹੈ। ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਹੈ।
ਮੈਨੂੰ ਯਾਦ ਹੈ ਕਿ ਪੰਜਾਹ ਕੁ ਸਾਲ ਪਹਿਲਾਂ ਪੰਜਾਬ ਦੇ ਹਰ ਘਰ ਵਿੱਚ ਲਵੇਰਾ ਰੱਖਿਆ ਜਾਂਦਾ ਸੀ। ਦੁੱਧ ਪੁੱਤ ਦਾ ਹਰ ਘਰ ਵਿੱਚ ਹੋਣਾ ਜ਼ਰੂਰੀ ਮੰਨਿਆ ਜਾਂਦਾ ਸੀ। ਜਦੋਂ ਕੋਈ ਮਹਿਮਾਨ ਆਉਂਦਾ ਸੀ ਤਾਂ ਉਸ ਦਾ ਸਵਾਗਤ ਦੁੱਧ ਨਾਲ ਕੀਤਾ ਜਾਂਦਾ ਸੀ। ਦੁੱਧ ਦੀ ਗੜਵੀ ਭਰ ਕੇ ਨਾਲ ਗਿਲਾਸ ਜਾਂ ਕੌਲੀ ਰੱਖੀ ਜਾਂਦੀ ਸੀ। ਸੌਣ ਤੋਂ ਪਹਿਲਾਂ ਦੁੱਧ ਪੀਣਾ ਜ਼ਰੂਰੀ ਹੁੰਦਾ ਸੀ। ਹੁਣ ਅਜਿਹੇ ਘਰ ਬਹੁਤ ਘੱਟ ਹਨ। ਹੁਣ ਤਾਂ ਬੱਚੇ ਵੀ ਦੁੱਧ ਪੀਣ ਤੋਂ ਨਾਂਹ ਨੁੱਕਰ ਕਰਦੇ ਹਨ। ਸਵੇਰੇ ਘਰ ਦੀ ਲੱਸੀ ਤੇ ਰੋਟੀ ਉਤੇ ਤਾਜ਼ੇ ਮੱਖਣ ਨਾਲ ਨਾਸ਼ਤਾ ਹੁੰਦਾ ਸੀ। ਹੁਣ ਉੱਠਦੇ ਸਾਰ ਹੀ ਚਾਹ ਦੀ ਤਲਬ ਲੱਗਦੀ ਹੈ। ਲੋਕਾਂ ਵਿੱਚ ਸਾਦਗੀ ਸੀ, ਆਪਸ ਵਿੱਚ ਪ੍ਰੇਮ ਸੀ। ਖੁਸ਼ੀ ਗ਼ਮੀ ਦੇ ਸਾਰੇ ਕਾਰਜ ਭਾਈਚਾਰਾ ਰਲ ਮਿਲ ਕੇ ਕਰਦਾ ਸੀ। ਗੁਰੂ ਘਰਾਂ ਦੀਆਂ ਇਮਾਰਤਾਂ ਭਾਵੇਂ ਸਾਦੀਆਂ ਹੀ ਸਨ, ਪਰ ਲੋਕਾਂ ਵਿੱਚ ਸੱਚੀ ਸ਼ਰਧਾ ਸੀ ਤੇ ਗੁਰੂ ਦਾ ਭੈਅ ਸੀ। ਉਦੋਂ ਬਿਨਾਂ ਪਗੜੀ ਤੋਂ ਕੋਈ ਵਿਰਲਾ ਮੁੰਡਾ ਹੀ ਨਜ਼ਰ ਆਉਂਦਾ ਸੀ, ਪਰ ਹੁਣ ਪਗੜੀ ਵਾਲਾ ਵਿਰਲਾ ਹੀ ਨਜ਼ਰ ਆਉਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਗੁਰੂ ਘਰਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਦਗੀ ਦੀ ਥਾਂ ਸੰਗਮਰਮਰ ਲੱਗ ਗਏ ਹਨ। ਕੀਮਤੀ ਤੋਂ ਕੀਮਤੀ ਰੁਮਾਲੇ ਵਰਤੇ ਜਾਂਦੇ ਹਨ। ਬਹੁਤੇ ਥਾਵੀਂ ਏਸੀ ਵੀ ਲੱਗ ਗਏ ਹਨ। ਪ੍ਰਚਾਰਕਾਂ ਅਤੇ ਰਾਗੀ ਸਿੰਘਾਂ ਦੀ ਗਿਣਤੀ ਵਿੱਚ ਵੀ ਬਹੁਤ ਵਾਧਾ ਹੋਇਆ ਹੈ। ਲਗਭਗ ਹਰੇਕ ਪਿੰਡ ਵਿੱਚ ਕਿਸੇ ਸਾਧ ਦਾ ਡੇਰਾ ਹੈ, ਪਰ ਲੋਕੀਂ ਸਿੱਖੀ ਅਸੂਲਾਂ ਤੋਂ ਦੂਰ ਹੋ ਰਹੇ ਹਨ। ਗੁਰੂ ਘਰਾਂ ਵਿੱਚ ਵਧ ਰਹੇ ਵਿਖਾਵੇ ਦਾ ਅਸਰ ਸੰਗਤ ਉਤੇ ਵੀ ਪਿਆ ਹੈ। ਪੰਜਾਬੀ ਬਹੁਤ ਵਿਖਾਵਾ ਕਰਦੇ ਹਨ। ਇਸ ਲਈ ਭਾਵੇਂ ਉਨ੍ਹਾਂ ਨੂੰ ਕਰਜ਼ਾ ਹੀ ਕਿਉਂ ਨਾ ਲੈਣਾ ਪਏ। ਬਹੁਤ ਘੱਟ ਗੁਰਸਿੱਖ ਹਨ ਜਿਹੜੇ ਗੁਰੂ ਘਰ ਜਾ ਕੇ ਆਪ ਗੁਰੂ ਜੀ ਦੇ ਕੁਝ ਅੰਗਾਂ ਦਾ ਪਾਠ ਕਰਦੇ ਹਨ। ਕਦੇ ਸਮਾਂ ਸੀ ਜਦੋਂ ਬਹੁਤੇ ਲੋਕੀਂ ਅਨਪੜ੍ਹ ਸਨ, ਪਰ ਫਿਰ ਵੀ ਹਰੇਕ ਘਰ ਵਿੱਚ ਕੁਝ ਧਾਰਮਿਕ ਪੁਸਤਕਾਂ ਜ਼ਰੂਰ ਹੁੰਦੀਆਂ ਸਨ। ਜਿਹੜੇ ਮਰਦ ਜਾਂ ਔਰਤਾਂ ਪੰਜਾਬੀ ਪੜ੍ਹ ਲੈਂਦੇ ਸਨ, ਉਹ ਨਾਨਕ ਸਿੰਘ ਦੇ ਨਾਵਲ ਜ਼ਰੂਰ ਪੜ੍ਹਦੇ ਸਨ। ਉਦੋਂ ਉਨ੍ਹਾਂ ਦੀ ਛਪਣ ਗਿਣਤੀ ਹਜ਼ਾਰਾਂ ਵਿੱਚ ਹੁੰਦੀ ਸੀ। ਹੁਣ ਜਦੋਂ ਲੋਕਾਂ ਵਿੱਚ ਪੜ੍ਹਤਾ ਦਰ ਵਧ ਗਈ ਹੈ ਤਾਂ ਕਿਤਾਬਾਂ ਦੀ ਵਿਕਰੀ ਬਹੁਤ ਹੀ ਘੱਟ ਗਈ ਹੈ।
ਪੰਜਾਬੀਆਂ ਵਿੱਚ ਘਟ ਰਹੀ ਪੁਸਤਕਾਂ ਪੜ੍ਹਨ ਦੀ ਆਦਤ ਨੂੰ ਸੁਰਜੀਤ ਕਰਨ ਦੀ ਲੋੜ ਹੈ। ਹੁਣ ਤਾਂ ਵਿਦਿਆਰਥੀ ਵੀ ਕਿਤਾਬਾਂ ਨਹੀਂ ਪੜ੍ਹਦੇ। ਕੇਵਲ ਸਕੂਲਾਂ ਵਿੱਚ ਕਿਤਾਬਾਂ ਪੜ੍ਹੀਆਂ ਜਾਂਦੀਆਂ ਹਨ। ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਬਹੁਤੇ ਵਿਦਿਆਰਥੀ ਅਜਿਹੇ ਹਨ ਜਿਹੜੇ ਕਿਤਾਬ ਖਰੀਦਣੀ ਤਾਂ ਦੂਰ ਲਾਇਬ੍ਰੇਰੀ ਵਿੱਚੋਂ ਲੈ ਕੇ ਵੀ ਨਹੀਂ ਪੜ੍ਹਦੇ। ਕੇਵਲ ਪ੍ਰੋਫੈਸਰ ਵੱਲੋਂ ਦਿੱਤੇ ਨੋਟਸ ਨਾਲ ਹੀ ਬੁੱਤਾ ਸਾਰ ਲਿਆ ਜਾਂਦਾ ਹੈ। ਪੰਜਾਬੀਆਂ ਦੇ ਜੀਵਨ ਵਿੱਚੋਂ ਸੱਚ, ਸੰਤੋਖ ਤੇ ਗਿਆਨ ਮਨਫ਼ੀ ਹੋ ਰਿਹਾ ਹੈ। ਇਸ ਦਾ ਵੱਡਾ ਕਾਰਨ ਸ਼ਬਦ ਤੋਂ ਦੂਰ ਹੋਣਾ ਹੈ। ਸਰਕਾਰ ਨੂੰ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਵੱਲ ਧਿਆਨ ਦੇਣਾ ਚਾਹੀਦਾ ਹੈ। ਹਰੇਕ ਪਿੰਡ ਦੀ ਸਹਿਕਾਰੀ ਸਭਾ ਨੂੰ ਆਪਣੀ ਇਮਾਰਤ ਵਿੱਚ ਲਾਇਬ੍ਰੇਰੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਸਕੂਲਾਂ ਵਿੱਚ ਲਾਇਬ੍ਰੇਰੀ ਦਾ ਹੋਣਾ ਯਕੀਨੀ ਬਣਾਇਆ ਜਾਵੇ ਤੇ ਘੱਟੋ ਘੱਟ ਇੱਕ ਪੀਰੀਅਡ ਲਾਇਬ੍ਰੇਰੀ ਲਈ ਰੱਖਿਆ ਜਾਵੇ।
ਗੁਰੂ ਘਰਾਂ ਵਿੱਚ ਵੀ ਲਾਇਬ੍ਰੇਰੀ ਬਣਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਰੋਟੀ ਦੇ ਲੰਗਰ ਦੇ ਨਾਲੋ ਨਾਲ ਸ਼ਬਦ ਲੰਗਰ ਵੀ ਲਗਾਇਆ ਜਾਵੇ। ਧਾਰਮਕਿ ਸਾਹਿਤ ਸੰਗਤ ਨੂੂੰ ਬਹੁਤ ਹੀ ਘੱਟ ਕੀਮਤ ਉਤੇ ਵੇਚਿਆ ਜਾਵੇ। ਸਾਡੇ ਪ੍ਰਚਾਰਕਾਂ ਤੇ ਰਾਗੀ ਸਿੰਘਾਂ ਨੂੰ ਇਸ ਸਬੰਧੀ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਆਪਣੇ ਵਿਹਲੇ ਸਮੇਂ ਨੂੰ ਸ਼ਰਾਬ ਪੀ ਕੇ ਨਹੀਂ ਸਗੋਂ ਚੰਗੀ ਕਿਤਾਬ ਪੜ੍ਹ ਕੇ ਬਿਤਾਉਣ। ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਪਾਸੇ ਯਤਨ ਕਰਨੇ ਚਾਹੀਦੇ ਹਨ। ਹੁਣ ਪਿੰਡਾਂ ਵਿੱਚ ਤਾਂ ਕੀ ਬਹੁਤੇ ਸ਼ਹਿਰਾਂ ਵਿੱਚ ਵੀ ਸਾਹਿਤਕ ਤੇ ਧਾਰਮਿਕ ਕਿਤਾਬਾਂ ਦੀਆਂ ਦੁਕਾਨਾਂ ਨਹੀਂ ਹਨ। ਕਿਤਾਬਾਂ ਦੀ ਕੀਮਤ ਵੀ ਬਹੁਤ ਰੱਖੀ ਜਾਂਦੀ ਹੈ। ਸਾਡੇ ਬਚਪਨ ਵਿੱਚ ਦੋ ਰੁਪੈ ਵਿੱਚ ਵਧੀਆ ਕਿਤਾਬ ਮਿਲ ਜਾਂਦੀ ਸੀ। ਇਸ ਕਰਕੇ ਕਿਤਾਬਾਂ ਦੀ ਛਪਣ ਦੀ ਗਿਣਤੀ ਹਜ਼ਾਰਾਂ ਵਿੱਚ ਸੀ। ਹੁਣ ਉਹ ਹੀ ਕਿਤਾਬ 300/- ਰੁਪੈ ਵਿੱਚ ਮਿਲਦੀ ਹੈ, ਪਰ ਛਪਣ ਗਿਣਤੀ 300 ਤੋਂ ਵੱਧ ਨਹੀਂ ਹੁੁੰਦੀ। ਸਰਕਾਰ ਭਾਸ਼ਾ ਵਿਭਾਗ ਨੂੰ ਉਤਸ਼ਾਹਿਤ ਕਰੇ। ਵਧੀਆ ਕਿਤਾਬਾਂ ਸਸਤੇ ਮੁੱਲ ਉਤੇ ਛਾਪ ਕੇ ਵੰਡੀਆਂ ਜਾਣ। ਸਕੂਲਾਂ ਕਾਲਜਾਂ ਵਿੱਚ ਇਨਾਮ ਕਿਤਾਬਾਂ ਦੇ ਰੂਪ ਵਿੱਚ ਦਿੱਤੇ ਜਾਣ। ਸਾਡੇ ਵੇਲੇ ਅਜਿਹਾ ਹੀ ਹੁੰਦਾ ਸੀ। ਜਨਮ ਦਿਨ ਤੇ ਹੋਰ ਸ਼ੁਭ ਮੌਕਿਆਂ ’ਤੇ ਤੋਹਫ਼ੇ ਵਿੱਚ ਕਿਤਾਬਾਂ ਜ਼ਰੂਰ ਦਿੱਤੀਆਂ ਜਾਣ। ਇਸ ਦਾ ਅਸਰ ਜ਼ਰੂਰ ਪਵੇਗਾ। ਪੰਜਾਬ ਮੁੜ ਗੁਰੂਆਂ ਵੱਲੋਂ ਚਿਤਵਿਆ ਪੰਜਾਬ ਬਣ ਜਾਵੇਗਾ। ਕਾਲਜਾਂ ਵਿੱਚ ਮੁੰਡਿਆਂ ਦੀ ਪੜ੍ਹਨ ਰੁਚੀ ਘਟ ਰਹੀ ਹੈ। ਹਰੇਕ ਕਾਲਜ ਵਿੱਚ ਕੁੜੀਆਂ ਦੀ ਗਿਣਤੀ ਵਧ ਰਹੀ ਹੈ। ਉਹ ਹੀ ਪੜ੍ਹਾਈ ਵਿੱਚ ਮੱਲਾਂ ਮਾਰਦੀਆਂ ਹਨ ਤੇ ਚੰਗੀਆਂ ਨੌਕਰੀਆਂ ਪ੍ਰਾਪਤ ਕਰਦੀਆਂ ਹਨ। ਭਾਵੇਂ ਇਹ ਵਿਕਾਸ ਦੀ ਨਿਸ਼ਾਨੀ ਹੈ, ਪਰ ਮੁੰਡਿਆਂ ਦੇ ਪਿੱਛੇ ਰਹਿਣ ਕਰਕੇ ਕਈ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਲੋੜ ਨਵੀਂ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਦੀ ਹੈ। ਉਨ੍ਹਾਂ ਦੇ ਹੱਥਾਂ ਵਿੱਚ ਹਥਿਆਰਾਂ ਦੀ ਥਾਂ ਕਿਤਾਬਾਂ ਫੜਾਈਏ। ਇਸ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਧੇਰੇ ਜ਼ਿੰਮੇਵਾਰੀ ਬਣਦੀ ਹੈ। ਆਪਣੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਸਿੱਖ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰੀਏ ਤਾਂ ਜੋ ਉਹ ਉੱਚੀਆਂ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਣ। ਆਓ, ਆਪਣੀ ਨਵੀਂ ਪੀੜ੍ਹੀ ਨੂੰ ਸੰਭਾਲੀਏ, ਉਨ੍ਹਾਂ ਨੂੰ ਕਰਮ ਕਾਂਡਾਂ ਤੋਂ ਦੂਰ ਕਰਕੇ ਕਰਮ ਕਰਨ ਲਈ ਉਕਸਾਈਏ, ਪੰਜਾਬ ਪੰਜਾਬੀਅਤ ਅਤੇ ਸਿੱਖੀ ਨੂੰ ਬਚਾਈਏ।