ਸੁਰਜੀਤ ਜੱਸਲ
ਸਾਹਿਤ ਤੇ ਸੱਭਿਆਚਾਰ ਵਿੱਚ ਨੂੰਹ-ਸੱਸ ਦੇ ਰਿਸ਼ਤੇ ਨੂੰ ਲੈ ਕੇ ਅਨੇਕਾਂ ਲੋਕ ਬੋਲੀਆਂ ਤੇ ਕਹਾਣੀਆਂ ਪ੍ਰਚੱਲਤ ਹਨ। ਨੂੰਹ-ਸੱਸ ਵਿੱਚ ਭਾਵੇਂ ਕਿੰਨਾ ਵੀ ਪਿਆਰ ਕਿਉਂ ਨਾ ਹੋਵੇ, ਪਰ ਵਿਆਹ-ਸ਼ਾਦੀ ਜਾਂ ਹੋਰ ਸਮਾਗਮਾਂ ਸਮੇਂ ਨੂੰਹ ਸੱਸ ਨਾਲ ਸਬੰਧਤ ਲੋਕ-ਬੋਲੀ ‘ਨੀਂ ਮੈਂ ਸੱਸ ਕੁੱਟਣੀ-ਕੁੱਟਣੀ ਸੰਦੂਕਾਂ ਓਹਲੇ’ ਬਿਨਾਂ ਗਿੱਧੇ ਦਾ ਪਿੜ ਅਧੂਰਾ ਜਾਪਦਾ ਹੈ। ਇਹ ਬੋਲੀ ਚਿਰਾਂ ਤੋਂ ਸਾਡੇ ਸਮਾਜ ਦਾ ਇੱਕ ਹਿੱਸਾ ਹੈ। ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ ‘ਨੀਂ ਮੈਂ ਸੱਸ ਕੁੱਟਣੀ’ ਨੂੰਹ ਸੱਸ ਦੇ ਰਿਸ਼ਤੇ ਦੇ ਕੌੜੇ-ਮਿੱਠੇ ਪਲਾਂ ਨੂੰ ਪਰਦੇ ’ਤੇ ਪੇਸ਼ ਕਰਦੀ ਵੱਡਿਆਂ ਦਾ ਮਾਣ ਸਤਿਕਾਰ ਕਰਨ ਦਾ ਸੋਹਣਾ ਸੁਨੇਹਾ ਦਿੰਦੀ ਹੈ।
ਬਨਵੈਤ ਫਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਹ ਫਿਲਮ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਫਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦਿੰਦੀ ਹੈ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਫਿਲਮ ਵਿੱਚ ਹਾਲਾਤ ਮੁਤਾਬਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ। ਪੀੜ੍ਹੀ ਦਰ ਪੀੜ੍ਹੀ ਰਿਸ਼ਤਿਆਂ ਵਿੱਚ ਆ ਰਹੇ ਬਦਲਾਅ ਇਸ ਫ਼ਿਲਮ ਦਾ ਅਹਿਮ ਧੁਰਾ ਹਨ। ਅਨੀਤਾ ਦੇਵਗਣ ਨੇ ਸੱਸ ਦਾ ਮੁੱਖ ਕਿਰਦਾਰ ਨਿਭਾਇਆ ਹੈ। ਨਿਰਮਲ ਰਿਸ਼ੀ ਅੱਗੇ ਉਸ ਦੀ ਸੱਸ ਹੈ। ਇਸ ਤਰ੍ਹਾਂ ਇਹ ਤਿੰਨ ਪੀੜ੍ਹੀਆਂ ਦੀ ਨੋਕ ਝੋਕ ਭਰੀ ਕਹਾਣੀ ਹੈ। ਇਸ ਫਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਸ਼ਿਤਾ ਸ਼ਰਮਾ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਪੰਜਾਬੀ ਗਾਇਕ ਮਹਿਤਾਬ ਵਿਰਕ ਬਤੌਰ ਹੀਰੋ ਪਹਿਲੀ ਵਾਰ ਨਾਮਵਰ ਮਾਡਲ ਤਨਵੀ ਨਾਗੀ ਨਾਲ ਵੱਡੇ ਪਰਦੇ ’ਤੇ ਨਜ਼ਰ ਆਇਆ ਹੈ। ਬਤੌਰ ਹੀਰੋਇਨ ਇਹ ਉਸ ਦੀ ਪਹਿਲੀ ਫਿਲਮ ਹੈ ਜਿਸ ਵਿੱਚ ਉਸ ਨੇ ਸੀਰਤ ਨਾਂ ਦੀ ਮੈਡੀਕਲ ਦੀ ਪੜ੍ਹਾਈ ਕਰਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਆਪਣੇ ਨਾਲ ਪੜ੍ਹਦੇ ਮੁੁੰਡੇ ਮਹਿਤਾਬ ਵਿਰਕ ਨਾਲ ਪਿਆਰ ਹੋ ਜਾਂਦਾ ਹੈ। ਜਦੋਂ ਇਹ ਪਿਆਰ ਵਿਆਹੁਤਾ ਜ਼ਿੰਦਗੀ ਵਿੱਚ ਤਬਦੀਲ ਹੁੰਦਾ ਹੈ ਤਾਂ ਨੂੰਹ-ਸੱਸ ਦਾ ਤਕਰਾਰ ਸ਼ੁਰੂ ਹੁੰਦਾ ਹੈ। ਫਿਲਮ ਰਾਹੀਂ ਪੁਰਾਣੀਆਂ ਸੱਸਾਂ ਤੇ ਮਾਡਰਨ ਨੂੰਹਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਅਨੀਤਾ ਦੇਵਗਣ, ਨਿਰਮਲ ਰਿਸ਼ੀ ਨੇ ਸੱਸਾਂ ਦਾ ਕਿਰਦਾਰ ਬਾਖੂਬੀ ਨਿਭਾਇਆ ਹੈ। ਰੰਗਕਰਮੀ ਮਾਤਾ ਮਨਜੀਤ ਔਲਖ ਦਾ ਕਿਰਦਾਰ ਵੀ ਬਹੁਤ ਵਧੀਆ ਹੈ।
ਇਸ ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇਸ ਦਾ ਸਕਰੀਨਪਲੇ ਮੋਹਿਤ ਬਨਵੈਤ, ਰਾਜੂ ਵਰਮਾ ਤੇ ਪ੍ਰਵੀਨ ਕੁਮਾਰ ਨੇ ਸਾਂਝੇ ਤੌਰ ’ਤੇ ਲਿਖਿਆ ਹੈ।
ਸੰਪਰਕ: 98146-07737