ਨਵੀਂ ਦਿੱਲੀ, 25 ਅਗਸਤ
ਮਸ਼ਹੂਰ ਕਾਮੇਡੀਅਨ-ਅਦਾਕਾਰ ਦੀ ਪਤਨੀ ਸ਼ਿਖਾ ਸ੍ਰੀਵਾਸਤਵ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਹਾਲੇ ਵੀ ਵੈਂਟੀਲੇਟਰ ‘ਤੇ ਹਨ ਅਤੇ ਹੌਲੀ-ਹੌਲੀ ਠੀਕ ਹੋ ਰਹੇ ਹਨ। ਸ਼ਿਖਾ ਨੇ ਮੀਡੀਆ ਅਤੇ ਕਾਮੇਡੀਅਨ ਦੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਕਿ ਉਹ ਰਾਜੂ ਪਰਿਵਾਰ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜਾਂ ਅਤੇ ਹਸਪਤਾਲ ਵੱਲੋਂ ਜਾਰੀ ਬਿਆਨਾਂ ‘ਤੇ ਭਰੋਸਾ ਕਰਨ। ਇਨ੍ਹਾਂ ਦੇ ਬਿਆਨ ਭਰੋਸੇਮੰਦ ਅਤੇ ਸੱਚੇ ਹਨ। ਕੋਈ ਹੋਰ ਖ਼ਬਰ ਜਾਂ ਕਿਸੇ ਹੋਰ ਦੇ ਬਿਆਨ ਭਰੋਸੇਯੋਗ ਨਹੀਂ ਹਨ। ਇਸ ਤੋਂ ਪਹਿਲਾਂ ਬਿਆਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਅੱਜ 15 ਦਿਨਾਂ ਬਾਅਦ ਹੋਸ਼ ਆ ਗਿਆ। ਸ੍ਰੀਵਾਸਤਵ ਦੀ ਦਿੱਲੀ ਦੇ ਏਮਜ਼ ਦੇ ਡਾਕਟਰਾਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਨਿੱਜੀ ਸਕੱਤਰ ਗਰਵਿਤ ਨਾਰੰਗ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।