ਮਨਦੀਪ ਸਿੰਘ ਸਿੱਧੂ
ਇੰਦਰਾ ਬਾਂਸਲ ਦੀ ਪੈਦਾਇਸ਼ 3 ਦਸੰਬਰ 1932 ਨੂੰ ਰਾਵਲਪਿੰਡੀ ਦੇ ਪੰਜਾਬੀ ਬਾਣੀਆ ਪਰਿਵਾਰ ਵਿੱਚ ਹੋਈ। ਉਸ ਨੇ ਇਬਤਿਦਾਈ ਤਾਲੀਮ ਰਾਵਲਪਿੰਡੀ ਤੋਂ ਪ੍ਰਾਪਤ ਕੀਤੀ। ਹਾਲੇ ਉਹ 15 ਸਾਲਾਂ ਦੀ ਸੀ ਜਦੋਂ ਪੰਜਾਬ ਵੰਡ ਹੋ ਗਈ। ਇਨ੍ਹਾਂ ਦਾ ਪਰਿਵਾਰ ਕਾਰੋਬਾਰ ਦੇ ਸਿਲਸਿਲੇ ’ਚ ਬੰਬੇ ਆ ਗਿਆ। ਹੌਲੀ-ਹੌਲੀ ਉਸ ਦੀ ਦਿਲਚਸਪੀ ਫ਼ਿਲਮਾਂ ਵੱਲ ਹੋ ਗਈ। ਸੁਭਾਅ ਦੀ ਮਖੌਲੀਆ ਤੇ ਨ੍ਰਿਤ ਨੂੰ ਪਿਆਰ ਕਰਨ ਵਾਲੀ ਇੰਦਰਾ ਪੰਜਾਬੀ ਦੇ ਇਲਾਵਾ ਹਿੰਦੀ ਵੀ ਵਧੀਆ ਬੋਲ ਲੈਂਦੀ ਸੀ। ਅਦਾਕਾਰਾ ਟੁਨਟੁਨ ਤੇ ਮਨੋਰਮਾ ਵਾਂਗ ਸਰੀਰਕ ਪੱਖੋਂ ਮੋਟੀ ਹੋਣ ਕਰਕੇ ਉਸ ਨੂੰ ਫ਼ਿਲਮਾਂ ਵਿੱਚ ਅਸਾਨੀ ਨਾਲ ਕੰਮ ਮਿਲ ਗਿਆ। 20 ਸਾਲਾਂ ਦੀ ਉਮਰ ਵਿੱਚ ਉਹ ਫ਼ਿਲਮ ਜਗਤ ਵਿੱਚ ਸ਼ਾਮਲ ਹੋ ਗਈ। ਪਹਿਲਾਂ ਮਜ਼ਾਹੀਆ ਫਿਰ ਚਰਿੱਤਰ ਤੇ ਬਾਅਦ ਵਿੱਚ ਖ਼ਲ ਅਦਾਕਾਰਾ ਵਜੋਂ ਉਹ 1980ਵਿਆਂ ਦੇ ਦਹਾਕੇ ਤੱਕ ਫ਼ਿਲਮਾਂ ਵਿੱਚ ਕੰਮ ਕਰਦੀ ਰਹੀ।
ਜਦੋਂ ਫ਼ਿਲਮੀਸਤਾਨ ਲਿਮਟਿਡ, ਬੰਬੇ ਨੇ ਆਈ. ਐੱਸ. ਜੌਹਰ (ਲਾਹੌਰ) ਦੀ ਹਿਦਾਇਤਕਾਰੀ ਵਿੱਚ ਮਜ਼ਾਹੀਆ ਹਿੰਦੀ ਫ਼ਿਲਮ ‘ਸ੍ਰੀਮਤੀ ਜੀ’ (1952) ਬਣਾਈ ਤਾਂ ਇੰਦਰਾ ਬਾਂਸਲ ਨੂੰ ਨਵੀਂ ਅਦਾਕਾਰਾ ਵਜੋਂ ਮੁਤਅਤਾਰਿਫ਼ ਕਰਵਾਇਆ। ਇੰਦਰਾ ਨੇ ਇਸ ਫ਼ਿਲਮ ਵਿੱਚ ‘ਮੋਟੀ’ ਦਾ ਕਿਰਦਾਰ ਨਿਭਾਇਆ, ਜਿਸ ਦੇ ਰੂਬਰੂ ਰਾਮ ਅਵਤਾਰ ‘ਮੋਟੂ’ ਦਾ ਪਾਰਟ ਨਿਭਾ ਰਿਹਾ ਸੀ। ਸ਼ਮਸ ਲਖਨਵੀ (ਲੇਖਕ) ਤੇ ਵਾਸਤੀ (ਅਦਾਕਾਰ) ਦੇ ਫ਼ਿਲਮਸਾਜ਼ ਅਦਾਰੇ ਨਿਊੂ ਵੋਆਇਸ ਪਿਕਚਰਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫ਼ਿਲਮ ‘ਹੈਦਰਾਬਾਦ ਕੀ ਨਾਜ਼ਨੀਨ’ (1952) ’ਚ ਇੰਦਰਾ ਬਾਂਸਲ ਨੇ ‘ਦੁਰਗਾ ਪ੍ਰਸ਼ਾਦ’ ਦਾ ਕਿਰਦਾਰ ਨਿਭਾ ਰਹੇ ਕਾਮੇਡੀਅਨ ਸ਼ਿਆਮ ਸੁੰਦਰ ਦੀ ਚਲਾਕ ਪਤਨੀ ਦਾ ਰੋਲ ਕੀਤਾ। ਸ਼ੋਰੀ ਫ਼ਿਲਮਜ਼, ਬੰਬੇ ਦੀ ਰੂਪ. ਕੇ. ਸ਼ੋਰੀ ਨਿਰਦੇਸ਼ਿਤ ਫ਼ਿਲਮ ‘ਏਕ ਦੋ ਤੀਨ’ (1953) ’ਚ ਇੰਦਰਾ ਨੇ ਰੰਗਮੰਚ ਅਦਾਕਾਰਾ ਦਾ ਪਾਰਟ ਕੀਤਾ। ਕਿਸ਼ੋਰ ਸਾਹੂ ਦੇ ਫ਼ਿਲਮਸਾਜ਼ ਅਦਾਰੇ ਸਾਹੂ ਫ਼ਿਲਮਜ਼, ਬੰਬੇ ਦੀ ਕਿਸ਼ੋਰ ਸਾਹੂ ਨਿਰਦੇਸ਼ਿਤ ਰੰਗੀਨ ਫ਼ਿਲਮ ‘ਮਯੂਰ ਪੰਖ’ (1953) ’ਚ ਉਸ ਨੇ ‘ਮਿਸਿਜ਼ ਦਯਾ ਦੇਸਾਈ’ ਦਾ ਪਾਤਰ ਨਿਭਾਇਆ। ਬਾਸੂ ਚਿੱਤਰ ਮੰਦਿਰ, ਬੰਬੇ ਦੀ ਸਤਯਨ ਬੋਸ ਨਿਰਦੇਸ਼ਿਤ ਫ਼ਿਲਮ ‘ਬੰਦਿਸ਼’ (1955) ’ਚ ਉਸ ਨੇ ‘ਲਤਾ’ ਦਾ ਰੋਲ ਅਦਾ ਕੀਤਾ। ਏ. ਵੀ. ਐੱਮ. ਪ੍ਰੋਡਕਸ਼ਨਜ਼, ਮਦਰਾਸ ਦੀ ਅਨੰਤ ਠਾਕੁਰ ਨਿਰਦੇਸ਼ਿਤ ਫ਼ਿਲਮ ‘ਚੋਰੀ ਚੋਰੀ’ (1956) ’ਚ ਇੰਦਰਾ ਨੇ ਜੌਨੀ ਵਾਕਰ ਦੀ ਪਤਨੀ ਦਾ ਕਿਰਦਾਰ ਨਿਭਾਇਆ। ਸ਼ੰਕਰ-ਜਯਕਿਸ਼ਨ ਦੇ ਸੰਗੀਤ ’ਚ ਹਸਰਤ ਜੈਪੁਰੀ ਦਾ ਲਿਖਿਆ ਮਜ਼ਾਹੀਆ ਗੀਤ ‘ਆਲ ਲਾਈਨ ਕਲੀਅਰ…ਸਾਥ ਹੈ ਮੇਰੇ ਤੋਪ ਕਾ ਗੋਲਾ’ (ਮੁਹੰਮਦ ਰਫ਼ੀ) ਜੌਨੀ ਵਾਕਰ ਤੇ ਇੰਦਰਾ ’ਤੇ ਫ਼ਿਲਮਾਇਆ ਗਿਆ। ਫ਼ਿਲਮੀਸਤਾਨ ਲਿਮਟਿਡ, ਬੰਬੇ ਦੀ ਮਹੇਸ਼ ਕੌਲ ਨਿਰਦੇਸ਼ਿਤ ਫ਼ਿਲਮ ‘ਅਭਿਮਾਨ’ (1957) ’ਚ ਇੰਦਰਾ ਨੇ ਦਯਾ ਰਾਮ ਦਾ ਪਾਰਟ ਅਦਾ ਕਰ ਰਹੇ ਯਾਕੂਬ ਦੀ ਪਤਨੀ ‘ਸਵਿੱਤਰੀ’ ਦਾ ਪਾਤਰ ਨਿਭਾਇਆ। ਐੱਮ. ਸਾਦਿਕ ਦੇ ਫ਼ਿਲਮਸਾਜ਼ ਅਦਾਰੇ ਸਾਦਿਕ ਪ੍ਰੋਡਕਸ਼ਨਜ਼, ਬੰਬੇ ਦੀ ਐੱਮ. ਸਾਦਿਕ ਨਿਰਦੇਸ਼ਿਤ ਫ਼ਿਲਮ ‘ਖੋਟਾ ਪੈਸਾ’ (1958) ’ਚ ਉਸ ਨੇ ‘ਪੰਡਤ’ ਦਾ ਪਾਰਟ ਕਰ ਰਹੇ ਕਾਮੇਡੀਅਨ ਧੂਮਲ ਦੀ ਪਤਨੀ ‘ਰਾਣੀ ਪਦਮਨੀ’ ਦਾ ਪਾਤਰ ਅਦਾ ਕੀਤਾ।
1960ਵਿਆਂ ਦੇ ਦਹਾਕੇ ’ਚ ਆਈਆਂ ਇੰਦਰਾ ਬਾਂਸਲ ਦੀਆਂ ਕੁਝ ਮਸ਼ਹੂਰ ਫ਼ਿਲਮਾਂ ‘ਨਾਚੇ ਨਾਗਿਨ ਬਾਜੇ ਬੀਨ’ (1960/ਚਾਚੀ ਪੰਡਤੈਣ ਛੱਮਕ ਛੱਲੋ), ‘ਸਾਰੰਗਾ’ (1960/ਧੋਬਣ), ‘ਦੋ ਭਾਈ’ (1961/ਲਾਜਵੰਤੀ), ‘ਪਿਆਰ ਕਾ ਬੰਧਨ’ (1963/ਮਾਲਤੀ), ‘ਮੈਂ ਸੁਹਾਗਨ ਹੂੰ’ (1964/ਰਾਨੀ), ‘ਏਕ ਸਪੇਰਾ ਏਕ ਲੁਟੇਰਾ’ (1965/ਇੰਦੂ ਚੌਧਰੀ), ‘ਕੰਨਯਾਦਾਨ’ (1968/ਅਮੀਰ ਔਰਤ), ‘ਗੁਸਤਾਖ਼ੀ ਮਾਫ਼’ (1969/ਬੇਬੀ) ਆਦਿ ’ਚ ਯਾਦਗਾਰੀ ਮਜ਼ਾਹੀਆ ਕਿਰਦਾਰ ਨਿਭਾਏ।
1970ਵਿਆਂ ਅਤੇ 80ਵਿਆਂ ਦੇ ਦਹਾਕੇ ਵਿੱਚ ਇੰਦਰਾ ਬਾਂਸਲ ਦੀਆਂ ਚਰਿੱਤਰ ਅਦਾਕਾਰੀ ਵਾਲੀਆਂ ਕੁਝ ਯਾਦਗਾਰੀ ਫ਼ਿਲਮਾਂ ‘ਅਧਿਕਾਰ’ (1971/ਰਾਧਾ ਕੀ ਮਾਂ), ‘ਰਾਖੀ ਔਰ ਹੱਥਕੜੀ’ (1972/ਪੰਨਾ ਬਾਈ), ‘ਮਹਿਮਾਨ’ (1973/ਸ੍ਰੀਮਤੀ ਵਰਮਾ), ‘ਮਜ਼ਦੂਰ ਜ਼ਿੰਦਾਬਾਦ’ (1974/ਸ੍ਰੀਮਤੀ ਹੰਸਰਾਜ), ‘ਸੋਲ੍ਹਾਂ ਸ਼ੁੱਕਰਵਾਰ’ (1977/ਰੂਪ ਕੁਮਾਰੀ ਦੀ ਭੂਆ) ਆਦਿ ਫ਼ਿਲਮਾਂ ਤੋਂ ਇਲਾਵਾ ਇੰਦਰਾ ਬਾਂਸਲ ਨੇ ਦਿਵਿਯਾ ਫ਼ਿਲਮਜ਼, ਬੰਬੇ ਦੀ ਸੁਰਿੰਦਰ ਐੱਸ. ਕਪੂਰ ਨਿਰਦੇਸ਼ਿਤ ਫ਼ਿਲਮ ‘ਮੈਲ਼ਾ ਆਚਲ’ (1981) ’ਚ ‘ਜਯੋਤੀ’ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਨੰਦਿਤਾ ਠਾਕੁਰ ਦੀ ਲੜਾਕੀ ਮਾਂ ਦਾ ਰੋਲ ਕੀਤਾ। ਇੰਦਰਾ ਬਾਂਸਲ ਦੀ ਚਰਿੱਤਰ ਅਦਾਕਾਰਾ ਵਜੋਂ ਆਖ਼ਰੀ ਹਿੰਦੀ ਫ਼ਿਲਮ ਵੈਭਵ ਫ਼ਿਲਮਜ਼, ਬੰਬੇ ਦੀ ਸਤੀਸ਼ ਨਿਰਦੇਸ਼ਿਤ ‘ਰਚਨਾ’ (1982) ਸੀ। ਇਸ ਫ਼ਿਲਮ ਵਿੱਚ ਉਸ ਨੇ ‘ਅੰਟੀ’ ਦਾ ਛੋਟਾ ਜਿਹਾ ਪਾਰਟ ਅਦਾ ਕੀਤਾ।
ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਉਸ ਨੇ ਮਜ਼ਾਹੀਆ ਅਦਾਕਾਰਾ ਵਜੋਂ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਜਦੋਂ ਮਲਿਕਾ ਕਵਾਤੜਾ ਤੇ ਐੱਨ. ਐੱਸ. ਕਵਾਤੜਾ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਵਾਤੜਾ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਕੌਡੇ ਸ਼ਾਹ’ (1953) ਬਣਾਈ ਤਾਂ ਇੰਦਰਾ ਬਾਂਸਲ ਨੇ ਦੂਜੀ ਹੀਰੋਇਨ ਮਿਸ ਮੰਜੂ ਦੀ ਸਹੇਲੀ ਦਾ ਰੋਲ ਕੀਤਾ। ਸਰਦੂਲ ਕਵਾਤੜਾ ਦੇ ਸੰਗੀਤ ਵਿੱਚ ਵਰਮਾ ਮਲਿਕ ਦਾ ਲਿਖਿਆ ਗੀਤ ‘ਤੁਣਕਾ ਮਾਰ ਦੇ ਤੁਣਕਾ…ਮੇਰੀ ਪਤਲੀ ਤੇਰਾ ਪੀਲਾ-ਪੀਲਾ ਰੰਗ’ (ਸ਼ਮਸ਼ਾਦ ਬੇਗ਼ਮ, ਸਾਥਣਾਂ) ਇੰਦਰਾ ਬਾਂਸਲ, ਮਿਸ ਮੰਜੂ ਤੇ ਸਹੇਲੀਆਂ ’ਤੇ ਫ਼ਿਲਮਾਇਆ ਹਿੱਟ ਗੀਤ ਸੀ। ਫ਼ਿਲਮੀਸਤਾਨ ਪ੍ਰਾਈਵੇਟ ਲਿਮਟਿਡ, ਬੰਬੇ ਦੀ ਓ. ਪੀ. ਦੱਤਾ ਨਿਰਦੇਸ਼ਿਤ ਫ਼ਿਲਮ ‘ਹੁਲਾਰੇ’ (1957) ’ਚ ਉਸ ਨੇ ਅਦਾਕਾਰਾ ਮਿਸ ਮੰਜੂ ਦੀ ਸਹੇਲੀ ਦਾ ਮਜ਼ਾਹੀਆ ਰੋਲ ਕੀਤਾ। ਐੱਸ. ਡੀ. ਬਾਤਿਸ਼ ਦੇ ਸੰਗੀਤ ’ਚ ਵਰਮਾ ਮਲਿਕ ਦਾ ਲਿਖਿਆ ਮਜ਼ਾਹੀਆ ਗੀਤ ‘ਇਲ ਪੋਪੋ ਇਲ…ਆਪ ਖਾਂਦੀ ਗਾਜਰਾਂ’ (ਕੁਮਾਰੀ ਯਸੋਧਰਾ, ਸਾਥਣਾਂ) ਮਿਸ ਮੰਜੂ, ਇੰਦਰਾ ਤੇ ਸਹੇਲੀਆਂ ’ਤੇ ਫ਼ਿਲਮਾਇਆ ਗਿਆ ਸੀ। ਇਹ ਫ਼ਿਲਮ 13 ਦਸੰਬਰ 1957 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਫ਼ਿਲਮੀਸਤਾਨ ਪ੍ਰਾਈਵੇਟ ਲਿਮਟਿਡ ਦੀ ਹੀ ਮਜਨੂੰ (ਹੈਰੋਲਡ ਲੂਈਸ) ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮੁਕਲਾਵਾ’ (1957) ’ਚ ਇੱਕ ਵਾਰ ਫਿਰ ਇੰਦਰਾ ਬਾਂਸਲ ਅਦਾਕਾਰਾ ਮਿਸ ਮੰਜੂ ਨਾਲ ਆਪਣੇ ਮਜ਼ਾਹੀਆ ਫ਼ਨ ਦੀ ਪੇਸ਼ਕਾਰੀ ਕਰ ਰਹੀ ਸੀ। ਇਹ ਫ਼ਿਲਮ 20 ਅਕਤੂਬਰ 1957 ਨੂੰ ਸੁਸਾਇਟੀ ਥੀਏਟਰ, ਲੁਧਿਆਣਾ ਵਿਖੇ ਰਿਲੀਜ਼ ਹੋਈ। ਇੰਦਰਾਪੁਰੀ ਸਟੂਡੀਓਜ਼ ਪ੍ਰਾਈਵੇਟ ਲਿਮਟਿਡ, ਕਲਕੱਤਾ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਨਿੱਕੀ’ (1958) ’ਚ ਉਸ ਨੇ ਓਮ ਪ੍ਰਕਾਸ਼, ਕੁਲਦੀਪ ਕੌਰ ਤੇ ਮਜਨੂੰ ਨਾਲ ਫ਼ਿਲਮ-ਮੱਦਾਹਾਂ ਨੂੰ ਖ਼ੂਬ ਹਸਾਇਆ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਪ੍ਰੇਮ ਨਾਥ ਤੇ ਬੀਨਾ ਚਾਂਦ ਮੌਜੂਦ ਸਨ। ਇਹ ਫ਼ਿਲਮ 11 ਅਪਰੈਲ 1958 ਨੂੰ ਸਿਟੀਲਾਈਟ ਸਿਨਮਾ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਮਨੋਹਰ ਦੀਪਕ ਦੇ ਫ਼ਿਲਮਸਾਜ਼ ਅਦਾਰੇ ਸੰਗੀਤ ਪਿਕਚਰਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਖੇਡਣ ਦੇ ਦਿਨ ਚਾਰ’ (1962) ’ਚ ਇੰਦਰਾ ਨੇ ਸਿਰਫ਼ ਭੰਗੜਾ ਗੀਤ ’ਚ ਹੀ ਸ਼ਿਰਕਤ ਕੀਤੀ। ਹੰਸਰਾਜ ਬਹਿਲ ਦੇ ਸੰਗੀਤ ’ਚ ਵਰਮਾ ਮਲਿਕ ਦੀਆਂ ਲਿਖੀਆਂ ਭੰਗੜਾ ਬੋਲੀਆਂ ’ਚੋਂ ਇੱਕ ਟੱਪਾ ‘ਸੁੱਕ-ਸੁੱਕ ਕੇ ਮੈਂ ਤੀਲ੍ਹਾ ਹੋ ਗਈ…ਮਿੱਤਰਾਂ ਦਾ ਦਰਦ ਬੁਰਾ ਚੂੰਡ-ਚੂੰਡ ਹੱਡੀਆਂ ਨੂੰ ਖਾਵੇ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ, ਸਾਥੀ) ਇੰਦਰਾ ਬਾਂਸਲ ਤੇ ਹਰਬੰਸ ਭਾਪੇ (ਡਾਂਸ ਡਾਇਰੈਕਟਰ) ਉੱਤੇ ਫ਼ਿਲਮਾਇਆ ਗਿਆ ਸੀ। ਵੰਡ ਦੇ ਮੌਜ਼ੂ ’ਤੇ ਬਣੀ ਇਹ ਫ਼ਿਲਮ 2 ਨਵੰਬਰ 1962 ਨੂੰ ਇੰਦਰ ਪੈਲੇਸ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਕਰੁਣੇਸ਼ ਠਾਕੁਰ ਦੇ ਫ਼ਿਲਮਸਾਜ਼ ਅਦਾਰੇ ਚਿੱਤਰਕਾਰ, ਬੰਬੇ ਦੀ ਕਰੁਣੇਸ਼ ਠਾਕੁਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸੱਤ ਸਾਲੀਆਂ’ (1964) ’ਚ ਇੰਦਰਾ ਬਾਂਸਲ ਨੇ ‘ਪੰਡਤ ਸਿੱਧਾ ਰਾਮ’ ਦਾ ਪਾਰਟ ਅਦਾ ਕਰ ਰਹੇ ਕਾਮੇਡੀਅਨ ਮਜਨੂੰ ਦੀ ਪਤਨੀ ‘ਲਾਲੀ’ ਦਾ ਕਿਰਦਾਰ ਨਿਭਾਇਆ। ਐੱਮ. ਐਂਡ. ਜੇ. ਪ੍ਰੋਡਕਸ਼ਨਜ਼, ਬੰਬੇ ਦੀ ਬੀ. ਐੱਸ. ਗਲਾਡ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਚੰਬੇ ਦੀ ਕਲੀ’ (1965) ’ਚ ਉਸ ਨੇ ‘ਰਾਣੀ’/‘ਰਾਣੋ’ ਦਾ ਪਾਤਰ ਨਿਭਾਇਆ ਜਿਸ ਦੇ ਰੂਬਰੂ ਕਾਮੇਡੀਅਨ ਖਰੈਤੀ ਭੈਂਗਾ ‘ਚਾਣਨ’ ਦਾ ਰੋਲ ਕਰ ਰਿਹਾ ਸੀ। ਡੀ. ਸੋਹਨਾ ਦੇ ਫ਼ਿਲਮਸਾਜ਼ ਅਦਾਰੇ ਨੀਲਮ ਪ੍ਰੋਡਕਸ਼ਨਜ਼, ਬੰਬੇ ਦੀ ਡੀ. ਸੋਹਨਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗੱਭਰੂ ਦੇਸ਼ ਪੰਜਾਬ ਦੇ’ (1966) ’ਚ ਇੰਦਰਾ ਬਾਂਸਲ ਨੇ ਅਦਾਕਾਰਾ ਇੰਦਰਾ ਬਿੱਲੀ ਤੇ ਉਮਾ ਖੋਸਲਾ ਨਾਲ ਸੋਹਣੀ ਅਦਾਕਾਰੀ ਕੀਤੀ। ਐੱਸ. ਪੀ. ਘਈ ਦੇ ਫ਼ਿਲਮਸਾਜ਼ ਅਦਾਰੇ ਜਮੁਨਾ ਪ੍ਰੋਡਕਸ਼ਨਜ਼, ਬੰਬੇ ਦੀ ਜੇ. ਡੀ. ਭਾਂਬਰੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸ਼ਹਿਰ ਦੀ ਕੁੜੀ’ (1968) ’ਚ ਉਸ ਨੇ ‘ਭਾਗੋ’ ਦਾ ਪਾਰਟ ਨਿਭਾਇਆ, ਜਿਸ ਦੇ ਸਨਮੁੱਖ ਕਾਮੇਡੀਅਨ ਬੂਟਾ ‘ਮਾਮਾ’ ਦੇ ਰੋਲ ’ਚ ਮੌਜੂਦ ਸੀ। ਹਰਬੰਸ ਦੇ ਸੰਗੀਤ ’ਚ ਮਜ਼ਾਹੀਆ ਗੀਤ ‘ਦਿਲ ਨੂੰ ਬਰੇਕ ਲੱਗ ਗਈ’ (ਐੱਸ. ਬਲਬੀਰ) ਬੂਟੇ ਤੇ ਇੰਦਰਾ ਬਾਂਸਲ ’ਤੇ ਫ਼ਿਲਮਾਇਆ ਗਿਆ। ਬੂਟਾ ਸਿੰਘ ਸ਼ਾਦ ਦੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਵੇਦ ਮਹਿਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਕੁੱਲੀ ਯਾਰ ਦੀ’ (1970) ’ਚ ਵੀ ਇੰਦਰਾ ਬਾਂਸਲ ਨੇ ਮਜ਼ਾਹੀਆ ਰੋਲ ਕੀਤਾ। ਸੁਰਿੰਦਰ ਕੌਰ ਦੇ ਫ਼ਿਲਮਸਾਜ਼ ਅਦਾਰੇ ਵਿਸ਼ਾਲ ਰਾਜ ਪ੍ਰੋਡਕਸ਼ਨਜ਼, ਬੰਬੇ ਦੀ ਦਲਜੀਤ (ਅਦਾਕਾਰ) ਨਿਰਦੇਸ਼ਿਤ ਭਗਤੀ ਪ੍ਰਧਾਨ ਪੰਜਾਬੀ ਫ਼ਿਲਮ ‘ਜੈ ਮਾਤਾ ਦੀ’ (1977) ’ਚ ਇੰਦਰਾ ਬਾਂਸਲ ਨੇ ‘ਬਿਸ਼ਨੀ’ ਦਾ ਕਿਰਦਾਰ ਤੇ ਉਸ ਦੇ ਹਮਰਾਹ ਗੁਲਸ਼ਨ ਬਾਵਰਾ (ਗੀਤਕਾਰ) ‘ਰੁਲਦੂ ਰਾਮ’ ਦਾ ਪਾਰਟ ਨਿਭਾ ਰਿਹਾ ਸੀ। ਸੀ. ਆਰ. ਤ੍ਰਿਵੇਦੀ ਦੇ ਫ਼ਿਲਮਸਾਜ਼ ਅਦਾਰੇ ਵਿਨਾਇਕ ਫ਼ਿਲਮਜ਼, ਬੰਬੇ ਦੀ ਸੋਮ ਹਕਸਰ ਨਿਰਦੇਸ਼ਿਤ ਫ਼ਿਲਮ ‘ਨੱਚਦੀ ਜਵਾਨੀ’ (1977) ਇੰਦਰਾ ਬਾਂਸਲ ਦੀ ਆਖ਼ਰੀ ਪੰਜਾਬੀ ਫ਼ਿਲਮ ਕਰਾਰ ਪਾਈ। ਫ਼ਿਲਮ ਵਿੱਚ ਉਸ ਨੇ ‘ਸ਼ੀਲਾ’ ਦਾ ਮਜ਼ਾਹੀਆ ਪਾਤਰ ਅਦਾ ਕੀਤਾ।
ਪੰਜਾਬੀ ਤੇ ਹਿੰਦੀ ਫ਼ਿਲਮਾਂ ਦਾ ਮਜ਼ਾਹੀਆ ਅਦਾਕਾਰ ਪੋਲਸਨ ਅਦਾਕਾਰਾ ਇੰਦਰਾ ਬਾਂਸਲ ਦਾ ਸਕਾ ਭਰਾ ਸੀ। ਇੰਦਰਾ ਦਾ ਵਿਆਹ ਸੁਲੇਖ ਚੰਦ ਬਾਂਸਲ ਨਾਲ ਹੋਇਆ। ਇੰਦਰਾ ਦੇ 6 ਬੱਚੇ ਸਨ। 20 ਮਈ 1986 ਨੂੰ 54 ਸਾਲਾਂ ਦੀ ਉਮਰ ਵਿੱਚ ਇੰਦਰਾ ਬਾਂਸਲ ਬੰਬਈ ਵਿਖੇ ਫੌਤ ਹੋ ਗਈ।
ਸੰਪਰਕ: 97805-09545