ਡਾ. ਪ੍ਰਿਆ ਸਰੀਨ
ਅਸੀਂ ਹਰ ਸਾਲ 1 ਅਕਤੂਬਰ ਨੂੰ ਬਜ਼ੁਰਗਾਂ ਦੇ ਅੰਤਰਰਾਸ਼ਟਰੀ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ। ਇਹ ਦਿਨ ਸਾਨੂੰ ਬਜ਼ੁਰਗਾਂ ਦੀ ਸਾਂਭ ਸੰਭਾਲ ਪ੍ਰਤੀ ਵਿਚਾਰ ਕਰਨ ਅਤੇ ਇਸ ਦਿਨ ਦੇ ਉਤਸਵ ਪਿੱਛੇ ਲੁਕੇ ਗੰਭੀਰ ਅਰਥਾਂ ਦਾ ਅਹਿਸਾਸ ਕਰਾਉਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਸ਼ਵ ਦੇ ਬਜ਼ੁਰਗਾਂ ਨੂੰ ਸਤਿਕਾਰ ਦੇਣਾ ਅਤੇ ਉਨ੍ਹਾਂ ਦੀਆਂ ਮੌਜੂਦਾ ਮੁਸ਼ਕਲਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਸਵਾਲ ਇਹ ਹੈ ਕਿ ਵਿਸ਼ਵ ਵਿਚ ਬਜ਼ੁਰਗਾਂ ਲਈ ਇਕ ਦਿਨ ਮਨਾਉਣ ਦੀ ਕਿਉਂ ਲੋੜ ਪਈ? ਬਜ਼ੁਰਗਾਂ ਨੂੰ ਅਣਦੇਖਿਆ ਕਿਉਂ ਕੀਤਾ ਜਾਂਦਾ ਹੈ? ਬਜ਼ੁਰਗ ਅਵਸਥਾ ਦੀ ਅਣਦੇਖੀ ਦੇ ਇਸ ਗ਼ਲਤ ਪਰਵਾਹ ਨੂੰ ਰੋਕਣਾ ਸੋਚਣ ਦਾ ਮਹੱਤਵਪੂਰਣ ਪਹਿਲੂ ਹੈ।
ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਨੂੰ ਬਜ਼ੁਰਗਾਂ ਜੋ ਇਸ ਉਮਰ ਵਿਚ ਵਿਭਿੰਨ ਪ੍ਰਕਾਰ ਦੀਆਂ ਸਿਹਤ ਨਾਲ ਸਬੰਧਿਤ ਅਤੇ ਹੋਰ ਸਮੱਸਿਆਵਾਂ ਤੋਂ ਪੀੜਤ ਹਨ, ਉਨ੍ਹਾਂ ਦੇ ਜੀਵਨ ਵਿਚ ਉਤਸ਼ਾਹ ਅਤੇ ਖੁਸ਼ੀ ਦੇ ਰੰਗਾਂ ਨੂੰ ਕਿਵੇਂ ਭਰਨਾ ਹੈ। ਸਾਡੀ ਬਜ਼ੁਰਗ ਆਬਾਦੀ ਦੀ ਸਭ ਤੋਂ ਵੱਡੀ ਸਮੱਸਿਆ ਇਕੱਲਤਾ ਦੀ ਹੈ। ਸਾਨੂੰ ਇਸ ਨੂੰ ਦੂਰ ਕਰਨ ਲਈ ਜਿੰਨੇ ਹੋ ਸਕਣ ਯਤਨ ਕਰਨੇ ਜ਼ਰੂਰੀ ਹਨ ਕਿਉਂਕਿ ਇਹ ਉਹ ਵਿਸ਼ਾਲ ਦਰੱਖਤ ਹਨ ਜਿਨ੍ਹਾਂ ਦੀ ਠੰਢੀ ਛਾਂ ਹੇਠ ਅਸੀਂ ਆਪਣਾ ਬਚਪਨ ਬਿਤਾਉਂਦੇ ਹਾਂ, ਪਰ ਇਕ ਵਾਰ ਜਦੋਂ ਅਸੀਂ ਜਵਾਨ ਅਤੇ ਆਜ਼ਾਦ ਹੋ ਜਾਂਦੇ ਹਾਂ ਤਾਂ ਅਸੀਂ ਇੰਨੇ ਰੁੱਝ ਜਾਂਦੇ ਹਾਂ ਅਤੇ ਖ਼ੁਦ ਦੇ ਕਾਰਜਾਂ ਵਿਚ ਕੇਂਦਰਿਤ ਹੁੰਦੇ ਹਾਂ ਕਿ ਅਸੀਂ ਉਸ ਦਰੱਖਤ ਨੂੰ ਭੁੱਲ ਜਾਂਦੇ ਹਾਂ ਜੋ ਸਾਨੂੰ ਜੀਵਨ ਦੀ ਯਾਤਰਾ ਵਿਚ ਤੂਫ਼ਾਨ ਅਤੇ ਗਰਮੀ ਤੋਂ ਬਚਾ ਕੇ ਰੱਖਦਾ ਹੈ। ਇਹ ਅਜਿਹਾ ਦਰੱਖਤ ਹੈ ਜੋ ਕਦੇ ਸ਼ਿਕਾਇਤ ਨਹੀਂ ਕਰੇਗਾ ਕਿਉਂਕਿ ਉਸ ਦਾ ਸੁਭਾਅ ਹਮੇਸ਼ਾਂ ਨਿਰਸਵਾਰਥ ਹੁੰਦਾ ਹੈ। ਨਿਰਸਵਾਰਥ, ਸੁਰੱਖਿਆ ਦੇਣਾ ਅਤੇ ਮੁਆਫ਼ ਕਰਨਾ ਉਨ੍ਹਾਂ ਦੇ ਸੁਭਾਵਿਕ ਲੱਛਣ ਹਨ, ਪਰ ਥੋੜ੍ਹੀ ਦੇਰ ਲਈ ਰੁਕੋ ਅਤੇ ਵਿਚਾਰ ਕਰੋ ਕਿ ਕਿਵੇਂ ਅਸੀਂ ਆਪਣੇ ਬਜ਼ੁਰਗਾਂ ਲਈ ਇਸ ਦੁਨੀਆਂ ਨੂੰ ਜ਼ਿਆਦਾ ਆਰਾਮਦਾਇਕ ਅਤੇ ਸਾਰਥਿਕ ਬਣਾ ਸਕਦੇ ਹਾਂ।
ਇਹ ਸੱਚ ਹੈ ਕਿ ਅੱਜ ਦੀ ਇੰਨੀ ਮਸ਼ਰੂਫ਼ ਅਤੇ ਮੁਕਾਬਲੇਬਾਜ਼ੀ ਦੀ ਦੁਨੀਆਂ ਵਿਚ ਅਸੀਂ ਆਪਣੀਆਂ ਨਿੱਜੀ ਅਤੇ ਵਪਾਰਕ ਵਚਨਬੱਧਤਾਵਾਂ ਵਿਚ ਇਸ ਕਦਰ ਫਸ ਜਾਂਦੇ ਹਾਂ ਕਿ ਸਾਨੂੰ ਜੀਵਨ ਜਿਉਣ ਦੇ ਸਾਧਨ ਜੁਟਾਉਣ ਤੋਂ ਹੀ ਫੁਰਸਤ ਨਹੀਂ ਮਿਲਦੀ। ਜੇਕਰ ਅਸੀਂ ਚਾਹੀਏ ਤਾਂ ਅਸੀਂ ਅਜਿਹੇ ਰੁਝੇਵਿਆਂ ਵਿਚੋਂ ਵੀ ਕੁਝ ਪਲ ਆਪਣੇ ਬਜ਼ੁਰਗਾਂ ਨਾਲ ਬਿਤਾਉਣ ਲਈ ਕੱਢ ਸਕਦੇ ਹਾਂ।
ਬਜ਼ੁਰਗ ਗਿਆਨ ਦਾ ਖ਼ਜ਼ਾਨਾ ਹਨ, ਅਸੀਂ ਉਨ੍ਹਾਂ ਦੇ ਅਨੁਭਵ ਤੋਂ ਬਹੁਤ ਕੁੱਝ ਸਿੱਖ ਸਕਦੇ ਹਾਂ। ਫਿਰ ਉਨ੍ਹਾਂ ਨਾਲ ਸਮਾਂ ਬਿਤਾਉਣ ਨਾਲ ਅਸੀਂ ਹਰ ਸਮੇਂ ਕੁਝ ਪ੍ਰਾਪਤ ਹੀ ਕਰ ਰਹੇ ਹਾਂ। ਉਨ੍ਹਾਂ ਕੋਲ ਜੀਵਨ ਦਾ ਤਜਰਬਾ ਹੈ ਅਤੇ ਤਜਰਬਾ ਅਕਸਰ ਸਭ ਤੋਂ ਵਧੀਆ ਅਧਿਆਪਕ ਹੁੰਦਾ ਹੈ। ਉਹ ਅੱਜ ਸਭ ਕੁਝ ਹੁੰਦੇ ਹੋਏ ਵੀ ਇਕੱਲਤਾ ਹੰਢਾਉਣ ਲਈ ਮਜਬੂਰ ਹਨ। ਤੁਸੀਂ ਉਨ੍ਹਾਂ ਨਾਲ ਕੁਝ ਪਲ ਬਿਤਾ ਕੇ ਤਾਂ ਦੇਖੋ ਕਿਵੇਂ ਇਕਦਮ ਉਨ੍ਹਾਂ ਦੇ ਚਿਹਰੇ ’ਤੇ ਰੰਗਤ ਆਉਂਦੀ ਹੈ। ਉਨ੍ਹਾਂ ਕੋਲ ਬੈਠੋ, ਉਨ੍ਹਾਂ ਨਾਲ ਗੱਲਾਂ ਕਰੋ, ਉਨ੍ਹਾਂ ਦੀਆਂ ਗੱਲਾਂ ਸੁਣੋ।
ਬਜ਼ੁਰਗਾਂ ਦਾ ਆਪਣੇ ਤਜਰਬਿਆਂ ਰਾਹੀਂ ਮੰਨਣਾ ਹੈ ਕਿ ਜੀਵਨ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਚੱਲਦਾ ਰਹਿੰਦਾ ਹੈ। ਨਵੀਂ ਪੀੜ੍ਹੀ ਅਕਸਰ ਆਪਣੇ ਬਜ਼ੁਰਗਾਂ ਦੀ ਇਹ ਸਲਾਹ ਮੰਨਣ ਤੋਂ ਭੱਜਦੀ ਹੈ। ਇਕ ਵਾਰ ਜਦੋਂ ਅਸੀਂ ਬਾਲਗ ਹੋ ਜਾਂਦੇ ਹਾਂ ਅਤੇ ਬਾਅਦ ਵਿਚ ਮਾਤਾ-ਪਿਤਾ ਬਣ ਜਾਂਦੇ ਹਾਂ ਉਦੋਂ ਸਾਨੂੰ ਇਹ ਜ਼ਰੂਰ ਅਹਿਸਾਸ ਹੁੰਦਾ ਹੈ ਕਿ ਅਸੀਂ ਉਨ੍ਹਾਂ ਤੋਂ ਕਿੰਨੀਆਂ ਮਹੱਤਵਪੂਰਨ ਗੱਲਾਂ ਸਿੱਖੀਆਂ ਹਨ।
ਬਜ਼ੁਰਗਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਉਹ ਇਕੱਲੇ ਨਹੀਂ ਹਨ, ਇਹ ਉਨ੍ਹਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ। ਉਨ੍ਹਾਂ ਨੂੰ ਦੱਸੋ ਕਿ ਤੁਹਾਨੂੰ ਉਨ੍ਹਾਂ ਦੀ ਪਰਵਾਹ ਹੈ, ਉਨ੍ਹਾਂ ਦੇ ਇਕ ਇਕ ਸ਼ਬਦ ਦਾ ਸਨਮਾਨ ਹੈ। ਇਹ ਤੁਹਾਡੇ ਉਨ੍ਹਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰੇਗਾ। ਸਾਨੂੰ ਉਨ੍ਹਾਂ ਨਾਲ ਛੋਟੇ ਛੋਟੇ ਸਮਾਰੋਹ ਮਨਾਉਣੇ ਚਾਹੀਦੇ ਹਨ, ਉਨ੍ਹਾਂ ਨਾਲ ਗੁਣਵੱਤਾਪੂਰਨ ਸਮਾਂ ਬਿਤਾਉਣਾ ਚਾਹੀਦਾ ਹੈ। ਬਜ਼ੁਰਗਾਂ ਕੋਲ ਆਸ਼ਿਰਵਾਦ ਦਾ ਖ਼ਜ਼ਾਨਾ ਹੈ ਜੋ ਸਾਡੇ ਸਮੁੱਚੇ ਜੀਵਨ ਦਾ ਪੋਸ਼ਣ ਕਰਦਾ ਹੈ। ਸਾਨੂੰ ਸਿਰਫ਼ ਵਿਵਹਾਰਕਤਾ ਲਈ ਹੀ ਉਨ੍ਹਾਂ ਦਾ ਸਨਮਾਨ ਨਹੀਂ ਕਰਨਾ ਚਾਹੀਦਾ, ਬਲਕਿ ਇਸ ਲਈ ਕਰਨਾ ਚਾਹੀਦਾ ਹੈ ਕਿ ਅਸੀਂ ਇਹ ਮਨ ਤੋਂ ਚਾਹੁੰਦੇ ਹਾਂ। ਸਪੱਸ਼ਟ ਹੈ ਕਿ ਜੋ ਅਸੀਂ ਬੀਜਾਂਗੇ, ਉਹ ਹੀ ਕੱਟਾਂਗੇ। ਜੀਵਨ ਵਿਚ ਅੱਜ ਅਸੀਂ ਸਤਿਕਾਰ ਨਿਵੇਸ਼ ਕਰਾਂਗੇ ਤਾਂ ਅੱਗੇ ਜਾ ਕੇ ਸਤਿਕਾਰ ਪ੍ਰਾਪਤ ਕਰਾਂਗੇ। ਜੇਕਰ ਅਸੀਂ ਉਨ੍ਹਾਂ ਨਾਲ ਬਦਸਲੂਕੀ ਕਰਾਂਗੇ ਤਾਂ ਸਾਡੇ ਬੱਚੇ ਸਾਡੇ ਤੋਂ ਇਹੀ ਸਿੱਖਣਗੇ ਅਤੇ ਅੰਤ ਸਾਡੇ ਨਾਲ ਵੀ ਬਦਸਲੂਕੀ ਹੋਵੇਗੀ। ਇਸ ਲਈ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ। ਮਾਨਵਤਾ ਦੀ ਕਦਰ ਕਰੋ। ਅਸੀਂ ਸਾਰੇ ਮਨੁੱਖ ਦੇ ਰੂਪ ਵਿਚ ਇਕ ਰਿਸ਼ਤੇ ਦਾ ਹਿੱਸਾ ਹਾਂ। ਇਕ ਬੱਚੇ ਦੇ ਰੂਪ ਵਿਚ ਅਸੀਂ ਉਨ੍ਹਾਂ ਵੱਲੋਂ ਹਰ ਪੱਧਰ ’ਤੇ ਮਦਦ ਪ੍ਰਾਪਤ ਕੀਤੀ ਹੈ। ਉਸੀ ਤਰ੍ਹਾਂ ਜਦੋਂ ਬਜ਼ੁਰਗ ਆਪਣੀ ਸਿਹਤ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ ਤਾਂ ਸਾਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਜੋ ਸਭ ਤੋਂ ਅਨੁਭਵੀ ਖਿਡਾਰੀ ਹੁੰਦਾ ਹੈ, ਉਹ ਨਵੇਂ ਖਿਡਾਰੀਆਂ ਨੂੰ ਮਾਰਗ ਦਿਖਾਉਂਦਾ ਹੈ ਕਿ ਉਹ ਸਹੀ ਪ੍ਰਕਾਰ ਨਾਲ ਕਦਮ ਰੱਖੇ ਅਤੇ ਖੁਦ ਨੂੰ ਕੋਈ ਸੱਟ ਨਾ ਲੱਗਣ ਦੇਵੇ। ਬਜ਼ੁਰਗ ਸਾਡੇ ਨਾਲ ਪ੍ਰੇਮ ਕਰਦੇ ਹਨ। ਉਹ ਸਾਡੇ ਲਈ ਸਰਵੋਤਮ ਚਾਹੁੰਦੇ ਹਨ।
ਸਾਡੇ ਪਰਿਵਾਰ ਦੀ ਵਿਰਾਸਤ ਇਨ੍ਹਾਂ ਵੱਲੋਂ ਹੀ ਵਧਾਈ ਜਾਂਦੀ ਹੈ। ਇਸ ਲਈ ਉਹ ਹਮੇਸ਼ਾਂ ਸਾਡੇ ਸਤਿਕਾਰਯੋਗ ਹਨ। ਇਹ ਉਹੀ ਹਨ ਜਿਨ੍ਹਾਂ ਦੀ ਬਦੌਲਤ ਅਸੀਂ ਦੁਨੀਆਂ ਵਿਚ ਆਏ ਅਤੇ ਆਪਣੀ ਪਛਾਣ ਕਾਇਮ ਕੀਤੀ। ਦੁਨੀਆਂ ਵਿਚ ਆਮ ਤੌਰ ’ਤੇ ਜ਼ਿਆਦਾ ਸਮਾਂ ਵੱਡੇ, ਛੋਟਿਆਂ ਨੂੰ ਸਿਖਾਉਣ ਵਿਚ ਲਗਾਉਂਦੇ ਹਨ। ਜੇਕਰ ਤੁਹਾਡੀਆਂ ਕਦਰਾਂ ਕੀਮਤਾਂ ਸਹੀ ਹਨ ਅਤੇ ਨੈਤਿਕਤਾ ਮੌਜੂਦ ਹੈ ਤਾਂ ਗ਼ਲਤ ਕੀ ਹੈ ਅਤੇ ਸਹੀ ਕੀ ਹੈ, ਵਿਚਕਾਰ ਅੰਤਰ ਸਿਖਾਉਣ ਲਈ ਆਪਣੇ ਵੱਡਿਆਂ ਦਾ ਧੰਨਵਾਦ ਕਰੋ। ਨੌਜਵਾਨ ਉਮਰ ਦੇ ਸੰਘਰਸ਼ ਵਿਚ ਜੇਕਰ ਸਾਨੂੰ ਤਜਰਬੇਕਾਰ ਵਿਅਕਤੀ ਤੋਂ ਮਾਰਗ ਦਰਸ਼ਨ ਨਾ ਮਿਲੇ ਤਾਂ ਸੋਚੋ ਕੀ ਹੋਵੇਗਾ? ਇਹ ਉਹੀ ਹਨ ਜੋ ਸਾਨੂੰ ਉਂਗਲ ਫੜ ਕੇ ਸਹੀ ਰਾਹ ’ਤੇ ਚੱਲਣਾ ਸਿਖਾਉਂਦੇ ਹਨ। ਜੀਵਨ ਇਕ ਪਹੇਲੀ ਹੈ ਅਤੇ ਬਜ਼ੁਰਗ ਇਕ ਕੁੰਜੀ ਹਨ ਜੋ ਸਾਰੀਆਂ ਪਹੇਲੀਆਂ ਨੂੰ ਹੱਲ ਕਰਦੇ ਹਨ। ਇਸ ਮਦਦ ਲਈ ਸਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਜੇਕਰ ਸਾਡੇ ਸੰਘਰਸ਼ ਦੌਰਾਨ ਉਹ ਸਾਡੇ ਪੱਖ ਵਿਚ ਹੋਣ ਤਾਂ ਸਾਡੇ ਜੀਵਨ ਦਾ ਮਾਰਗ ਆਸਾਨ ਹੋ ਜਾਂਦਾ ਹੈ। ਸਿੱਟਾ ਇਹ ਹੈ ਕਿ ਉਨ੍ਹਾਂ ਦਾ ਮਾਰਗ ਦਰਸ਼ਨ ਸਾਡਾ ਜੀਵਨ ਬਣਾਉਂਦਾ ਹੈ, ਹਾਲਾਂਕਿ ਸਾਨੂੰ ਖ਼ੁਦ ਆਪਣੀ ਇਸ ਯਾਤਰਾ ਵਿਚ ਚੱਲਣਾ ਹੈ। ਜੇਕਰ ਤੁਸੀਂ ਸਫਲਤਾ ਦੇ ਮੌਕਿਆਂ ਵਿਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਅਨੁਭਵੀ ਬਜ਼ੁਰਗਾਂ ਤੋਂ ਅਗਵਾਈ ਪ੍ਰਾਪਤ ਕਰੋ, ਉਹ ਤੁਹਾਨੂੰ ਤੁਹਾਡੀ ਮੰਜ਼ਿਲ ’ਤੇ ਪਹੁੰਚਾਉਣਗੇ। ਜੇ ਇਹ ਸਿਲਸਿਲਾ ਇਸ ਤਰ੍ਹਾਂ ਹੀ ਸੁਚਾਰੂ ਢੰਗ ਨਾਲ ਚੱਲਦਾ ਰਹੇ ਤਾਂ ਸਾਡਾ ਸਮਾਜ ਖੂਬਸੂਰਤ ਬਣ ਜਾਵੇਗਾ।
ਸੰਪਰਕ: 95017-55778