ਗੁਰਮੀਤ ਸਿੰਘ*
ਉੱਲੂ ਉਜਾੜ, ਬੀਆਬਾਨ ਅਤੇ ਘੁੱਪ ਹਨੇਰੀਆਂ ਰਾਤਾਂ ਵਿੱਚ ਜ਼ਿੰਦਗੀ ਬਸਰ ਕਰਨ ਵਾਲਾ ਪੰਛੀ ਹੈ। ਉਸ ਲਈ ਦਿਨ ਵੇਲੇ ਵੇਖਣਾ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਕਦੇ-ਕਦਾਈਂ ਇਹ ਛੋਟੇ ਪੰਛੀਆਂ ਵਿਚਕਾਰ ਆ ਕੇ ਦਰੱਖਤ ’ਤੇ ਬੈਠ ਜਾਂਦਾ ਹੈ। ਪੰਜਾਬ ਵਿੱਚ ਮਿਲਣ ਵਾਲੀ ਉੱਲੂ ਦੀ ਇਸ ਪ੍ਰਜਾਤੀ ਨੂੰ ਕਾਲਰ ਵਾਲਾ ਉੱਲੂ, ਅੰਗਰੇਜ਼ੀ ਵਿੱਚ ਕੌਲਰਡ ਸਕੂਪਸ ਆਉਲ (Collard scoops owl) ਅਤੇ ਹਿੰਦੀ ਵਿੱਚ ਕਾਲਰਦਾਰ ਸਕੂਪਸ ਉੱਲੂ ਕਹਿੰਦੇ ਹਨ। ਇਹ ਰਾਤ ਦਾ ਸ਼ਿਕਾਰ ਕਰਨ ਵਾਲਾ ਪੰਛੀ ਹੈ, ਭਾਵ ਇਹ ਰਾਤ ਨੂੰ ਸਭ ਤੋਂ ਵੱਧ ਸਰਗਰਮ ਰਹਿੰਦਾ ਹੈ। ਦਿਨ ਵਿੱਚ ਇਹ ਰੁੱਖਾਂ ਦੀਆਂ ਮੋਰੀਆਂ ਵਿੱਚ ਸੌਂਦਾ ਹੈ ਜਾਂ ਆਰਾਮ ਕਰਦਾ ਹੈ। ਇਹ ਰੁੱਖਾਂ ਦੇ ਸੰਘਣੇ ਪੱਤਿਆਂ ਵਿੱਚ ਚੰਗੀ ਤਰ੍ਹਾਂ ਢਕੀ ਹੋਈ ਟਾਹਣੀ ਨੂੰ ਚੁਣਦਾ ਹੈ। ਇਹ 23 ਤੋਂ 25 ਸੈਂਟੀਮੀਟਰ ਵੱਡਾ ਉੱਲੂ ਹੈ। ਦੂਸਰੇ ਉੱਲੂਆਂ ਦੀ ਤਰ੍ਹਾਂ ਇਸ ਦੇ ਸਿਰ ਦੇ ਦੋਵੇਂ ਪਾਸੇ ਛੋਟੇ ਕੰਨ ਹੁੰਦੇ ਹਨ। ਉੱਪਰਲੇ ਹਿੱਸੇ ਸਲੇਟੀ ਜਾਂ ਭੂਰੇ ਹੁੰਦੇ ਹਨ। ਹੇਠਲਾ ਹਿੱਸਾ ਗੂੜ੍ਹਾ ਸਲੇਟੀ ਰੰਗਾ ਅਤੇ ਲਾਈਨਾਂ ਅਤੇ ਚਿੱਟੇ ਧੱਬਿਆਂ ਵਾਲਾ ਹੁੰਦਾ ਹੈ। ਅੱਖਾਂ ਸੰਤਰੀ ਜਾਂ ਭੂਰੀਆਂ ਹੁੰਦੀਆਂ ਹਨ।
ਉੱਲੂ ਦੀ ਇਹ ਕਿਸਮ ਇੱਕ ਨਿਸ਼ਚਤ ਖੇਤਰ ਵਿੱਚ ਰਹਿਣਾ ਅਤੇ ਵੱਖੋ-ਵੱਖਰੇ ਸਮੇਂ ਲਈ ਇੱਕੋ ਸੌਣ ਦੀ ਥਾਂ ਦੀ ਵਰਤੋਂ ਕਰਨਾ ਪਸੰਦ ਕਰਦੀ ਹੈ। ਇਹ ਜ਼ਿਆਦਾਤਰ ਕੀੜੇ, ਟਿੱਡੇ ਅਤੇ ਬੀਂਡੇ ਦਾ ਸ਼ਿਕਾਰ ਕਰਦੇ ਹਨ। ਉੱਲੂ ਦੀ ਖੁਰਾਕ ਵਿੱਚ ਛੋਟੇ ਪੰਛੀਆਂ ਦਾ ਹਿੱਸਾ ਸਿਰਫ਼ ਇੱਕ ਪ੍ਰਤੀਸ਼ਤ ਬਣਦਾ ਹੈ।
ਇਸ ਦੀ ਜੋੜੀ ਸਥਿਰ ਹੁੰਦੀ ਹੈ। ਇਹ ਆਮ ਤੌਰ ’ਤੇ ਰੁੱਖਾਂ ਦੀਆਂ ਖੱਡਾਂ ਵਿੱਚ ਆਲ੍ਹਣਾ ਬਣਾਉਂਦੇ ਹਨ। ਇਸ ਵਿੱਚ ਮਾਦਾ ਆਮਤੌਰ ’ਤੇ 3 ਤੋਂ 4 ਆਂਡੇ ਦਿੰਦੀ ਹੈ ਜੋ ਗੋਲਾਕਾਰ ਅਤੇ ਚਮਕਦਾਰ ਹੁੰਦੇ ਹਨ। ਮਾਦਾ ਆਂਡਿਆਂ ਦੀ ਦੇਖਭਾਲ ਕਰਦੀ ਹੈ। ਇਨ੍ਹਾਂ ਵਿੱਚੋਂ ਲਗਭਗ 25 ਤੋਂ 27 ਦਿਨਾਂ ਬਾਅਦ ਚੂਚੇ ਨਿਕਲਦੇ ਹਨ। ਚੂਚੇ 4-5 ਹਫ਼ਤਿਆਂ ਬਾਅਦ ਵੱਡੇ ਹੋਣ ’ਤੇ ਉੱਡਦੇ ਹਨ। ਉਹ 3-4 ਹਫ਼ਤਿਆਂ ਤੱਕ ਭੋਜਨ ਲਈ ਮਾਪਿਆਂ ’ਤੇ ਨਿਰਭਰ ਕਰਦੇ ਹਨ। ਉੱਲੂ ਦੀ ਇਹ ਪ੍ਰਜਾਤੀ 11 ਤੋਂ 12 ਸਾਲ ਤੱਕ ਜਿਉਂਦੀ ਰਹਿ ਕੇ ਵਾਤਾਵਰਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ।
ਉੱਲੂ ਆਪਣੀਆਂ ਅੱਖਾਂ ਨੂੰ ਆਲੇ-ਦੁਆਲੇ ਘੁੰਮਾ ਨਹੀਂ ਸਕਦਾ, ਪਰ ਇਹ ਸਿਰ ਨੂੰ 180 ਡਿਗਰੀ ’ਤੇ ਘੁੰਮਾ ਕੇ ਸ਼ਿਕਾਰ ਨੂੰ ਕਾਬੂ ਕਰ ਲੈਂਦਾ ਹੈ। ਇਸ ਦੀਆਂ ਅੱਖਾਂ ਰਾਤ ਨੂੰ ਚੂਹੇ ਤੇ ਕਿਰਲੀਆਂ ਨਜ਼ਰ ਪੈਂਦੇ ਹੀ ਸਕੈਨ ਕਰ ਲੈਂਦੀਆਂ ਹਨ।
ਭਾਰਤ ਸਰਕਾਰ ਨੇ ਕਾਲਰ ਵਾਲੇ ਉੱਲੂ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਅਧੀਨ ਪੂਰੀ ਸੁਰੱਖਿਆ ਦਿੱਤੀ ਹੈ, ਪਰ ਮਿਥਿਹਾਸਕ ਦ੍ਰਿਸ਼ਟੀਕੋਣ ਤੋਂ ਸਤਿਕਾਰੇ ਜਾਣ ਦੇ ਬਾਵਜੂਦ, ਉੱਲੂ ਦਾ ਗ਼ੈਰ-ਕਾਨੂੰਨੀ ਵਪਾਰ ਲਈ ਸ਼ਿਕਾਰ ਕੀਤਾ ਜਾਂਦਾ ਹੈ ਅਤੇ ਇਹ ਕਾਲੇ ਜਾਦੂ ਦੇ ਅਭਿਆਸਾਂ ਅਤੇ ਅੰਧਵਿਸ਼ਵਾਸੀ ਗਤੀਵਿਧੀਆਂ ਦਾ ਅਕਸਰ ਸ਼ਿਕਾਰ ਹੁੰਦੇ ਹਨ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ।
ਸੰਪਰਕ: 98884-56910