ਦਰਸ਼ਨ ਸਿੰਘ ਆਸ਼ਟ (ਡਾ.)
ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਲ 2022 ਲਈ ਭਾਰਤ ਦੀਆਂ 24 ਜ਼ੁਬਾਨਾਂ ਵਿੱਚ ਦਿੱਤੇ ਜਾਣ ਵਾਲੇ ‘ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰਾਂ’ ਦਾ ਐਲਾਨ ਕਰ ਦਿੱਤਾ ਗਿਆ ਹੈ। ਅਸਮੀ, ਬੰਗਾਲੀ, ਬੋਡੋ, ਡੋਗਰੀ, ਹਿੰਦੀ, ਕੰਨੜ, ਕਸ਼ਮੀਰੀ, ਮੈਥਿਲੀ, ਸਿੰਧੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਉੜੀਆ, ਰਾਜਸਥਾਨੀ, ਤੈਲਗੂ ਅਤੇ ਤਮਿਲ ਆਦਿ ਸੂਬਾਈ ਭਾਸ਼ਾਵਾਂ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਲਿਖੀਆਂ ਗਈਆਂ ਸਰਬੋਤਮ ਬਾਲ ਸਾਹਿਤ ਪੁਸਤਕਾਂ ਨੂੰ ਇਨਾਮ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਸੰਦਰਭ ਵਿੱਚ ਜੇਕਰ ਕੋਈ ਅਹਿਮ ਮੁੱਦਾ ਸਾਡਾ ਧਿਆਨ ਖਿੱਚਦਾ ਹੈ ਤਾਂ ਉਹ ਹੈ ਪੰਜਾਬੀ ਬਾਲ ਸਾਹਿਤ। ਇਸ ਸਾਲ ਵੀ ਪੰਜਾਬੀ ਬਾਲ ਸਾਹਿਤ ਨੂੰ ਇਸ ਕੌਮੀ ਇਨਾਮ ਦੀ ਸ਼੍ਰੇਣੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਅਜਿਹਾ ਪਹਿਲੀ ਵਾਰੀ ਨਹੀਂ ਹੋਇਆ, ਸਾਲ 2021 ਦੇ ਸਾਹਿਤ ਅਕਾਦਮੀ ਪੁਰਸਕਾਰਾਂ ਦੌਰਾਨ ਵੀ ਪੰਜਾਬੀ ਭਾਸ਼ਾ ਦੇ ਹਿੱਸੇ ਇਹ ਇਨਾਮ ਨਹੀਂ ਸੀ ਆਇਆ। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਨਿਰੰਤਰ ਕੋਈ ਵੀ ਪੁਸਤਕ ਪੰਜਾਬੀ ਬਾਲ ਸਾਹਿਤ ਅਕਾਦਮੀ ਦੇ ਮਿਆਰ ਅਤੇ ਕਸਵੱਟੀ ਉੱਪਰ ਖਰੀ ਨਹੀਂ ਉਤਰ ਰਹੀ ਜਿਸ ਕਾਰਨ ਇਸ ਅਰਸੇ ਦੌਰਾਨ ਛਪੀਆਂ ‘ਸੈਂਕੜੇ’ ਪੰਜਾਬੀ ਬਾਲ ਸਾਹਿਤ ਪੁਸਤਕਾਂ ਇਨਾਮਯਾਫ਼ਤਾ ਖ਼ਿਤਾਬ ਹਾਸਿਲ ਕਰਨ ਦੀ ਦੌੜ ਵਿੱਚ ਫਾਡੀ ਹੋ ਕੇ ਰਹਿ ਗਈਆਂ ਹਨ।
ਇਸ ਸੰਦਰਭ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ ਕਿ ਨਿਰੰਤਰ ਦੋ ਸਾਲਾਂ ਤੋਂ ਪੰਜਾਬੀ ਬਾਲ ਸਾਹਿਤ ਦੀ ਕੋਈ ਪੁਸਤਕ ਆਪਣਾ ਮਿਆਰ ਸਥਾਪਿਤ ਕਰਨ ਦੇ ਸਮਰੱਥ ਕਿਉਂ ਨਹੀਂ ਹੋ ਸਕੀ? ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹਨ? ਪੰਜਾਬੀ ਦੇ ਪ੍ਰੋੜ੍ਹ ਅਤੇ ਸਥਾਪਿਤ ਲੇਖਕ ਵਰਗ ਦਾ ਇਸ ਖੇਤਰ ਪ੍ਰਤੀ ਨਜ਼ਰਅੰਦਾਜ਼ੀ ਵਾਲਾ ਦ੍ਰਿਸ਼ਟੀਕੋਣ ਕਿਉਂ ਹੈ? ਵਰਤਮਾਨ ਸਮੇਂ ਵਿੱਚ ਵੱਡੀ ਤਾਦਾਦ ਵਿੱਚ ਛਪ ਕੇ ਆ ਰਹੀਆਂ ਪੰਜਾਬੀ ਬਾਲ ਸਾਹਿਤ ਪੁਸਤਕਾਂ ਬਾਲ-ਮਨਾਂ ਦੀਆਂ ਹਾਣੀ ਕਿਉਂ ਨਹੀਂ ਬਣ ਰਹੀਆਂ ? ਸਾਹਿਤ ਨਾਲੋਂ ਟੁੱਟ ਕੇ ਨਵੀਂ ਪੀੜ੍ਹੀ ਦੀ ਸੋਸ਼ਲ ਮੀਡੀਆ ਪ੍ਰਤੀ ਵਧ ਰਹੀ ਨੇੜਤਾ ਦੇ ਕੀ ਕਾਰਨ ਹਨ ? ਅਜਿਹੇ ਹੋਰ ਕਈ ਸੁਆਲਾਂ ਪ੍ਰਤੀ ਸ਼ਿੱਦਤ ਅਤੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ।
ਬੱਚਾ ਮਨੁੱਖੀ ਸਮਾਜ ਦੀ ਸਭ ਤੋਂ ਵੱਧ ਕੀਮਤੀ ਸੰਪਤੀ ਹੈ। ਇਸ ‘ਸੰਪਤੀ’ ਦੀ ਸਾਂਭ-ਸੰਭਾਲ ਭਾਵ ਬੱਚੇ ਦੀਆਂ ਸਿਰਜਣਾਤਮਕ, ਕਲਾਤਮਕ, ਸਦਾਚਾਰਕ, ਸਭਿਆਚਾਰਕ ਅਤੇ ਭਾਸ਼ਾਈ ਜ਼ਰੂਰਤਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਜਦੋਂ ਬੱਚੇ ਦੀ ਵੱਖਰੀ ਹੋਂਦ ਨੂੰ ਵਿਸ਼ਵ ਪੱਧਰ ’ਤੇ ਸਵੀਕ੍ਰਿਤੀ ਮਿਲ ਚੁੱਕੀ ਹੈ ਤਾਂ ਉਸ ਲਈ ਵੱਖਰੇ ਸਾਹਿਤ ਦੀ ਜ਼ਰੂਰਤ ਵੀ ਅਹਿਮ ਬਣ ਚੁੱਕੀ ਹੈ। ਜਿਵੇਂ ਪ੍ਰੋੜ੍ਹ ਸਾਹਿਤ ਦੀ ਉਪਜ ਦਾ ਉਸਾਰ ਤਿੰਨ ਧਿਰਾਂ-ਅਰਥਾਤ ਸਾਹਿਤਕਾਰ, ਰਚਨਾ ਅਤੇ ਪਾਠਕ ਉੱਪਰ ਖੜ੍ਹਾ ਹੁੰਦਾ ਹੈ, ਇਸ ਤਰ੍ਹਾਂ ਹੀ ਬਾਲ ਸਾਹਿਤ ਵੀ ਇਸੇ ਤਿਕੋਣ ਦੇ ਦਾਇਰੇ ਵਿੱਚ ਆਉਂਦਾ ਹੈ ਜਿਸ ਪ੍ਰਤੀ ਪੱਛਮ ਦੇ ਵਿਕਸਤ ਮੁਲਕਾਂ ਨੇ ਹਮੇਸ਼ਾਂ ਤਵੱਜੋ ਦਿੱਤੀ ਹੈ। ਇਸ ਸੰਦਰਭ ਵਿੱਚ ਮੈਕਸਿਮ ਗੋਰਕੀ, ਲਿਉ ਟਾਲਸਟਾਇ, ਓ ਹੈਨਰੀ ਅਤੇ ਜੇ.ਕੇ. ਰੋਲਿੰਗ ਆਦਿ ਲਿਖਾਰੀਆਂ ਨੇ ਹੀ ਬਾਲ ਸਾਹਿਤ ਦੇ ਮਹੱਤਵ ਨੂੰ ਵਿਸ਼ੇਸ਼ ਤੌਰ ’ਤੇ ਪਛਾਣਿਆ ਅਤੇ ਉਨ੍ਹਾਂ ਦਾ ਬਾਲ ਸਾਹਿਤ ਦੁਨੀਆ ਦੀਆਂ ਤਮਾਮ ਜ਼ੁਬਾਨਾਂ ਵਿੱਚ ਵੀ ਅਨੁਵਾਦ ਹੋਇਆ। ਪੰਜਾਬੀ ਵਿੱਚ ਇਸ ਦੇ ਮਹੱਤਵ ਨੂੰ ਪਹਿਲੀ ਪੀੜ੍ਹੀ ਦੇ ਕੁਝ ਕੁ ਬਾਲ ਸਾਹਿਤ ਲਿਖਾਰੀਆਂ ਵਿੱਚੋਂ ਗਿਆਨੀ ਲਾਲ ਸਿੰਘ ਗੁਜਰਾਂਵਾਲੀਆ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਗਿਆਨੀ ਧਨਵੰਤ ਸਿੰਘ ਸੀਤਲ, ਅਜਾਇਬ ਚਿੱਤਰਕਾਰ ਅਤੇ ਗੁਰਦਿਆਲ ਸਿੰਘ ਨੇ ਅਨੁਭਵ ਕੀਤਾ। ਵਰਤਮਾਨ ਦੌਰ ਵਿੱਚ ਵੱਡੀ ਗਿਣਤੀ ਵਿੱਚ ਬਾਲ ਸਾਹਿਤ ਰਚਨਾਕਾਰ ਸਾਡੇ ਸਾਹਮਣੇ ਆ ਰਹੇ ਹਨ।
ਸਿਖਰਾਂ ਛੂਹ ਰਹੇ ਗਿਆਨ-ਵਿਗਿਆਨ ਦੇ ਵਰਤਮਾਨ ਦੌਰ ਵਿੱਚ ਲਿਖਾਰੀ ਆਪਣੇ ਬਾਲ ਸਾਹਿਤ ਵਿੱਚ ਅੱਜ ਵੀ ਭੂਤ-ਪ੍ਰੇਤ, ਜਿੰਨ-ਰਾਖ਼ਸ਼, ਛਲੇਡਿਆਂ ਜਾਂ ਪਰੀਜ਼ਾਦਿਆਂ, ਗੈਬੀ-ਸ਼ਕਤੀਆਂ ਅਤੇ ਹੋਰ ਪ੍ਰਾਸਰੀਰਕ ਪਾਤਰਾਂ ਦੇ ਡਰਾਉਣੇ ਬਿਰਤਾਂਤ ਰਾਹੀਂ ਅੰਧਵਿਸ਼ਵਾਸੀ ਵਰਤਾਰੇ ਦੀ ਤਾਈਦ ਕਰਦੇ ਨਜ਼ਰ ਆਉਂਦੇ ਹਨ। ਸਾਮੰਤਵਾਦੀ ਜਾਂ ਭੂਪਵਾਦੀ ਦ੍ਰਿਸ਼ਟੀਕੋਣ ਵਿੱਚੋਂ ਬਾਹਰ ਹੀ ਨਹੀਂ ਨਿਕਲ ਰਹੇ। ਕਰੂਰਾਨਾ ਅਤੇ ਅਮਾਨਵੀ ਕਹਾਣੀ ਵਾਲਾ ਸਾਹਿਤ ਬੱਚੇ ਦੀ ਮਾਨਸਿਕਤਾ ਨੂੰ ਕੇਵਲ ਦਹਿਸ਼ਤਜ਼ਦਾ ਮਾਹੌਲ ਵਿੱਚ ਹੀ ਨਹੀਂ ਲਿਜਾਂਦਾ ਸਗੋਂ ਉਸ ਨੂੰ ਕਮਜ਼ੋਰ ਮਨੋਬਿਰਤੀ ਵਾਲਾ ਬਣਾਉਣ ਵਿੱਚ ਵੀ ਜ਼ਿੰਮੇਵਾਰ ਹੁੰਦਾ ਹੈ। ਬੱਚਿਆਂ ਨੂੰ ਬਾਲ ਸਾਹਿਤ ਰਾਹੀਂ ਜ਼ਬਰੀ ਉਪਦੇਸ਼ ਜਾਂ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇੱਥੇ ‘ਦੁੱਧ ਘਿਉ ਦੀਆਂ ਨਦੀਆਂ ਵਗਦੀਆਂ’, ‘ਸਾਡਾ ਪੰਜਾਬ ਸੁਰਗ ਤੋਂ ਸੋਹਣਾ’ ਅਤੇ ‘ਦੇਸ਼ ਮੇਰਾ ਸੋਨੇ ਦੀ ਚਿੜੀ’ ਵਰਗੀਆਂ ਕਾਵਿਮਈ ਟੁਕੜੀਆਂ ਦੀ ਥਾਂ ਬੱਚਿਆਂ ਨੂੰ ਅਜੋਕੇ ਪੰਜਾਬ ਦੀ ਸਥਿਤੀ ਦੇ ਹਕੀਕੀ ਦਰਸ਼ਨ ਕਰਵਾਉਣੇ ਬੇਹੱਦ ਜ਼ਰੂਰੀ ਹਨ। ਬਾਲ ਸਾਹਿਤ ਵਿੱਚ ਫੜ੍ਹਾਂ ਲਈ ਕੋਈ ਸਥਾਨ ਨਹੀਂ ਹੁੰਦਾ। ਪੰਜਾਬ ਕਿਸ ਅਵਸਥਾ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇਸ ਨੂੰ ਦਰਪੇਸ਼ ਸੰਕਟਾਂ ਜਾਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਕਿਹੜੇ ਅਤੇ ਕਿਸ ਪ੍ਰਕਾਰ ਦੇ ਯਤਨਾਂ ਨੂੰ ਅਮਲ ਵਿੱਚ ਲਿਆਉਣਾ ਜ਼ਰੂਰੀ ਹੈ? ਇੱਕੀਵੀਂ ਸਦੀ ਦੇ ਦੋ ਦਹਾਕੇ ਪਾਰ ਕਰ ਲੈਣ ਦੇ ਬਾਵਜੂਦ ਸਾਡਾ ਬਾਲ ਸਾਹਿਤ ਬਾਲਾਂ ਲਈ ਅਜਿਹੇ ਪ੍ਰਦੂਸ਼ਣ ਮੁਕਤ ਵਰਤਾਰੇ ਤੋਂ ਨਿਜ਼ਾਤ ਕਿਉਂ ਨਹੀਂ ਦਿਵਾ ਸਕਿਆ? ਇਹ ਸੰਕਟ ਵੀ ਸਾਡੀ ਚਿੰਤਾ ਦਾ ਵਿਸ਼ਾ ਹੈ।
ਸਮੇਂ ਸਮੇਂ ’ਤੇ ਸਿੱਖਿਆ ਜਾਂ ਹੋਰ ਵਿਭਾਗਾਂ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਬਾਲ ਸਾਹਿਤ ਪੁਸਤਕਾਂ ਦੀ ਚੋਣ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਮੈਨੂੰ ਪੁਸਤਕ ਚੋਣ ਪ੍ਰਕਿਰਿਆ ਵਿਚੋਂ ਗੁਜ਼ਰਨ ਦਾ ਅਵਸਰ ਮਿਲਦਾ ਰਹਿੰਦਾ ਹੈ। ਕੁਝ ਅਰਸਾ ਪਹਿਲਾਂ ਸਕੂਲਾਂ ਲਈ ਜਿਹੜੀਆਂ ਪੰਜਾਬੀ ਬਾਲ ਪੁਸਤਕਾਂ ਦੀ ਚੋਣ ਕੀਤੀ ਜਾਣੀ ਸੀ, ਉਨ੍ਹਾਂ ਦੇ ਪ੍ਰਕਾਸ਼ਕਾਂ ਨੂੰ ਪੰਜਾਬ ਦੇ ਸਭਿਆਚਾਰ ਬਾਰੇ ਬਹੁਤੀ ਵਾਕਫ਼ੀਅਤ ਨਹੀਂ ਸੀ। ਮਿਸਾਲ ਵਜੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮੁੱਖ ਟਾਈਟਲ ਉੱਪਰ ਛਪੀ ਤਸਵੀਰ ’ਤੇ ਭਗਤ ਸਿੰਘ ਦੀ ਪੱਗ ਪੁੱਠੀ ਬੰਨ੍ਹੀ ਵਿਖਾਈ ਗਈ, ਜਿਸ ਨੂੰ ਰੱਦ ਕਰਨਾ ਬਹੁਤ ਜ਼ਰੂਰੀ ਸੀ। ਬਾਲ ਸਾਹਿਤ ਵਿੱਚ ਚਿੱਤਰਕਲਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਚਿੱਤਰਕਾਰ ਵੱਲੋਂ ਜਿਸ ਬਾਲ ਪਾਤਰ ਦਾ ਚਿੱਤਰ ਬਣਾਇਆ ਜਾਂਦਾ ਹੈ, ਉਸ ਦਾ ਜੂੜਾ ਸਿਰ ਦੇ ਵਿਚਕਾਰ ਹੁੰਦਾ ਹੈ। ‘ਲੱਡੂ’ ਅਤੇ ‘ਟਮਾਟਰ’ ਵਿੱਚ ਕੋਈ ਅੰਤਰ ਨਹੀਂ ਵਿਖਾਈ ਦਿੰਦਾ। ਸਰਲ ਤੇ ਦਿਲਚਸਪ ਭਾਸ਼ਾ ਵਿੱਚ ਲਿਖੇ ਨਰਸਰੀ ਗੀਤ ਬੱਚਿਆਂ ਨੂੰ ਕਿਉਂ ਪਸੰਦ ਨਹੀਂ ਆਉਣਗੇ? ‘ਟਵਿੰਕਲ ਟਵਿੰਕਲ ਲਿਟਲ ਸਟਾਰ’ ਜਾਂ ‘ਬਾ…ਬਾ… ਬਲੈਕ ਸ਼ੀਪ’ ਵਰਗੇ ਨਰਸਰੀ ਗੀਤਾਂ ਨੇ ਪੰਜਾਬੀ ਭਾਸ਼ਾ ਦੇ ਸਭਿਆਚਾਰਕ ਤਾਣੇ ਬਾਣੇ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ‘ਰੱਬਾ ਰੱਬਾ ਮੀਂਹ ਵਰਸਾ’ ਜਾਂ ਪੰਜਾਬੀ ਬਾਲ ਖੇਡਾਂ ਨਾਲ ਜੁੜੇ ਕਿੱਕਲੀ, ਥਾਲ ਦੇ ਗੀਤ ਅੱਜ ਕਿੰਨੇ ਕੁ ਬੱਚੇ ਗਾਉਂਦੇ ਹੋਏ ਖੇਡਦੇ ਹਨ? ਲੱਗਦੇ ਹੱਥ ਬਾਲ ਸਾਹਿਤ ਵਿੱਚ ਬੱਚਿਆਂ ਲਈ ਵਰਤੀ ਜਾਣ ਵਾਲੀ ਭਾਸ਼ਾ-ਸ਼ੈਲੀ ਦੀ ਗੱਲ ਕਰੀਏ ਤਾਂ ਪੰਜ ਤੋਂ ਅੱਠ ਸਾਲਾਂ ਦੇ ਬੱਚਿਆਂ ਲਈ ਜਟਿਲ ਸ਼ਬਦਾਵਲੀ ਦੀ ਭਰਮਾਰ ਹੁੰਦੀ ਹੈ। ‘ਨਾਕਾਬਲ-ਇ-ਫ਼ਰਾਮੋਸ਼’, ‘ਪ੍ਰਵਿਰਤੀ’, ‘ਪ੍ਰਾਸਰੀਰਕ’, ‘ਬ੍ਰਹਿਮੰਡ’, ‘ਬਾਮੁਲਾਹਿਜ਼ਾ’, ‘ਫ਼ਿਤਰਤ’, ‘ਅਠਖੇਲੀਆਂ’, ‘ਸਾਰਥਿਕ’, ‘ਰੂੜ੍ਹੀਵਾਦੀ’ ਆਦਿ ਸ਼ਬਦ ਬਾਰਾਂ ਤੋਂ ਸੋਲਾਂ ਸਾਲ ਦਾ ਪਾਠਕ ਵਰਗ ਵੀ ਆਸਾਨੀ ਨਾਲ ਨਹੀਂ ਸਮਝ ਸਕਦਾ, ਫਿਰ ਪਤਾ ਨਹੀਂ ਸਾਡੇ ‘ਬਾਲ ਸਾਹਿਤ ਲਿਖਾਰੀ’ ਪੰਜ ਤੋਂ ਅੱਠ ਸਾਲ ਦੇ ਉਮਰ ਗੁੱਟ ਦੇ ਮਾਸੂਮਾਂ ਉੱਪਰ ਅਜਿਹੇ ਔਖੇ ਤੇ ਭਾਰੇ ਲਫਜ਼ਾਂ ਦਾ ਇਸਤੇਮਾਲ ਕਰਕੇ ਉਨ੍ਹਾਂ ਉੱਪਰ ਇਹ ਭਾਸ਼ਾਈ ਜਬਰ ਕਿਉਂ ਕਰਦੇ ਹਨ ? ਕੀ ਅਜਿਹਾ ਬਾਲ ਸਾਹਿਤ ਬਾਲ ਮਨਾਂ ਅੰਦਰ ਛੁਪੀ ਹੋਈ ਪ੍ਰਤਿਭਾ ਦਾ ਗਲ ਨਹੀਂ ਘੁੱਟ ਰਿਹਾ?
ਪਿਛਲੇ ਦਹਾਕੇ ਤੋਂ ਸਕੂਲੀ ਵਿਦਿਆਰਥੀਆਂ ਦੀਆਂ ਅਨੇਕ ਪੁਸਤਕਾਂ ਛਪ ਕੇ ਆਈਆਂ ਹਨ। ਨੌਵੀਂ- ਦਸਵੀਂ ਦੇ ਵਿਦਿਆਰਥੀ ਨੇ ਆਪਣੀ ਛਪੀ ਕਾਵਿ ਪੁਸਤਕ ਵਿੱਚ ‘ਕਿਸੇ ਸੋਹਣੀ ਰਕਾਨ ’ਤੇ ਦਿਲ ਆਉਣ’, ਸ਼ਿਵ ਕੁਮਾਰ ਬਟਾਲਵੀ ਰਚਿਤ ਰੋਮਾਂਸਵਾਦੀ ਜਾਂ ਮੁਹੱਬਤੀ ਕਵਿਤਾਵਾਂ ਅਤੇ ਹੀਰ ਰਾਂਝੇ ਦੇ ਇਸ਼ਕੀਆ ਬਿਰਤਾਂਤ ਦੀਆਂ ਗੱਲਾਂ ਕੀਤੀਆਂ ਹਨ, ਜਿਨ੍ਹਾਂ ਨੂੰ ਉਸ ਨੇ ‘ਬਾਲ ਸਾਹਿਤ’ ਆਖਿਆ ਹੈ। ਉਸ ਵਿਦਿਆਰਥੀ ਲੇਖਕ ਦੇ ਇਸ ‘ਬਾਲ ਸਾਹਿਤ ਪੁਸਤਕ’ ਦੇ ਖਰੜੇ ਨੂੰ ਕਿਸੇ ਅਧਿਆਪਕ ਜਾਂ ਅਨੁਭਵੀ ਲੇਖਕ ਦੇ ਹੱਥਾਂ ਦੀ ਛੋਹ ਜ਼ਰੂਰੀ ਸੀ। ਅੱਗੋਂ ਪ੍ਰਕਾਸ਼ਕ ਨੇ ਵੀ ਹੂਬਹੂ ਉਸ ਦੀ ਪੁਸਤਕ ਛਾਪ ਦਿੱਤੀ। ਖ਼ੈਰ…।
ਪੰਜਾਬੀ ਵਿੱਚ ਬਾਲ ਰਸਾਲਿਆਂ ਉੱਪਰ ਵੀ ਆਰਥਿਕਤਾ ਦੇ ਬੱਦਲ ਛਾਏ ਰਹਿੰਦੇ ਹਨ। ਇਨ੍ਹਾਂ ਆਰਥਿਕ ਸੰਕਟਾਂ ਜਾਂ ਆਪਣੀਆਂ ਹੋਰ ਮਜਬੂਰੀਆਂ ਕਾਰਨ ਹੀ ‘ਬਾਲਕ’, ‘ਬਾਲ ਸੰਦੇਸ਼’, ‘ਬੀਬਾ ਰਾਣਾ’, ‘ਬਾਲ ਦਰਬਾਰ’, ‘ਅੱਲੜ੍ਹ ਬੱਲੜ੍ਹ’ ਅਤੇ ‘ਬਾਲ ਪ੍ਰੀਤ’ ਵਰਗੇ ਦਿਲਚਸਪ ਰਸਾਲਿਆਂ ਨੂੰ ਬਾਲ ਪਾਠਕਾਂ ਨਾਲੋਂ ਆਪਣੀ ਸਾਂਝ ਤੋੜਨੀ ਪਈ। ਅੱਜ ਬੱਚਿਆਂ ਲਈ ਕੇਵਲ ‘ਪੰਖੜੀਆਂ’, ‘ਪ੍ਰਾਇਮਰੀ ਸਿੱਖਿਆ’, ‘ਹੰਸਤੀ ਦੁਨੀਆ’, ‘ਨਿੱਕੀਆਂ ਕਰੂੰਬਲਾਂ’, ‘ਤਨਿਸ਼ਾ’, ‘ਆੜੀ’ ਆਦਿ ਵਰਗੇ ਬਾਲ ਰਸਾਲੇ ਹੀ ਬਚੇ ਹਨ। ਇਹ ਤ੍ਰਾਸਦਿਕ ਅਵਸਥਾ ਕੇਵਲ ਪੰਜਾਬੀ ਬਾਲ ਰਸਾਲਿਆਂ ਦੀ ਹੀ ਨਹੀਂ ਲੱਖਾਂ ਦੀ ਗਿਣਤੀ ਵਿੱਚ ਛਪਣ ਵਾਲੇ ‘ਨੰਦਨ’ ਅਤੇ ‘ਚੰਦਾਮਾਮਾ’ ਵਰਗੇ ਹਿੰਦੀ ਰਸਾਲੇ ਬੰਦ ਹੋ ਚੁੱਕੇ ਹਨ। ਚੰਗੇ ਅਤੇ ਮਿਆਰੀ ਬਾਲ ਰਸਾਲਿਆਂ ਅਤੇ ਪੁਸਤਕਾਂ ਦੀ ਘਾਟ ਨੇ ਨਵੀਂ ਪੀੜ੍ਹੀ ਨੂੰ ਬਲੂ ਵੇਲ੍ਹ ਅਤੇ ਪਬਜੀ ਵਰਗੀਆਂ ਖ਼ਤਰਨਾਕ ਇੰਟਰਨੈੱਟੀ ਖੇਡਾਂ ਵੱਲ ਧੱਕ ਦਿੱਤਾ ਹੈ ਜਿਸ ਦਾ ਖ਼ਮਿਆਜ਼ਾ ਕਈ ਬੱਚਿਆਂ ਨੂੰ ਆਪਣੀਆਂ ਜਾਨਾਂ ਦੇ ਕੇ ਭੁਗਤਣਾ ਪਿਆ ਹੈ।
ਚੰਗਾ ਸਾਹਿਤ ਪੜ੍ਹ ਕੇ ਵਿਦਿਆਰਥੀ ਵਰਗ ਸ਼ਨਿਚਰਵਾਰ ਨੂੰ ਬਾਲ ਸਭਾਵਾਂ ਰਾਹੀਂ ਸਿਰਜਣਾਤਮਕਤਾ ਦਾ ਮੁਜ਼ਾਹਰਾ ਕਰਦਾ ਰਿਹਾ ਹੈ, ਪਰ ਬਾਲ ਸਭਾਵਾਂ ਦੀ ਪ੍ਰਵਿਰਤੀ ਠੱਪ ਹੋਣ ਕਾਰਨ ਬੱਚਿਆਂ ਦੇ ਅੰਦਰ ਛੁਪੀ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਦੇ ਸੁਨਹਿਰੀ ਅਵਸਰ ਖੁੱਸ ਗਏ ਹਨ। ਇਸ ਕਿਨਾਰਾਕਸ਼ੀ ਨੇ ਬੱਚਿਆਂ ਨੂੰ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਵੱਲ ਧੱਕ ਦਿੱਤਾ ਹੈ। ਪੀ.ਜੀ.ਆਈ. ਚੰਡੀਗੜ੍ਹ ਦੇ ਸਪੀਚ ਐਂਡ ਹੀਅਰਿੰਗ ਯੂਨਿਟ ਦੇ ਡਾਕਟਰ ਸੰਜੇ ਮੰਜਾਲ ਨੇ ਇਸ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅੱਜਕੱਲ੍ਹ ਮਾਪਿਆਂ ਕੋਲ ਬੱਚਿਆਂ ਨਾਲ ਬਿਤਾਉਣ ਲਈ ਸਮਾਂ ਨਾ ਹੋਣ ਕਾਰਨ ਉਹ ਮੋਬਾਈਲਾਂ ਦੇ ਜਾਲ ਵਿੱਚ ਫਸ ਗਏ। ਡਾਕਟਰੀ ਖੋਜ ਦੱਸਦੀ ਹੈ ਕਿ ਦੋ ਤੋਂ ਤਿੰਨ ਸਾਲਾਂ ਦੀ ਉਮਰ ਦੇ ਬੱਚਿਆਂ ਦੇ ਬੋਲ ਨਾ ਸਕਣ ਦੇ ਮਾਮਲਿਆਂ ਵਿੱਚ ਨਿਰੰਤਰ ਵਾਧੇ ਦਾ ਕਾਰਨ ਮੋਬਾਈਲ ’ਤੇ ਕਾਫ਼ੀ ਸਮਾਂ ਵੀਡੀਓ ਗੇਮਾਂ ਅਤੇ ਕਾਰਟੂਨ ਫਿਲਮਾਂ ਦੀ ਅੰਨ੍ਹੇਵਾਹ ਵਰਤੋਂ ਹੈ। ਰੁੱਝੀਆਂ ਹੋਈਆਂ ਵਰਤਮਾਨ ਮਾਵਾਂ ਬੱਚਿਆਂ ਨੂੰ ਲੋਰੀਆਂ ਅਤੇ ਬਾਤਾਂ-ਬੁਝਾਰਤਾਂ ਸੁਣਾਉਣ ਦੀ ਪਰੰਪਰਾ ਭੁੱਲ ਰਹੀਆਂ ਹਨ। ਬੱਚਿਆਂ ਨੂੰ ਕਹਾਣੀ ਸੁਣਾਉਣ ਦੀ ਕਲਾ ਵਿੱਚ ਮਾਪਿਆਂ ਕੋਲ ਹੁਨਰ ਅਤੇ ਸਮੇਂ ਦੀ ਘਾਟ ਵੀ ਇੱਕ ਸੰਕਟ ਹੀ ਕਿਹਾ ਜਾ ਸਕਦਾ ਹੈ।
ਵਰਤਮਾਨ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਵੱਖ ਵੱਖ ਉਮਰ ਗੁੱਟਾਂ ਦੇ ਬਾਲ ਪਾਠਕਾਂ ਲਈ ਅਜਿਹਾ ਬਾਲ ਸਾਹਿਤ ਸਿਰਜਿਆ ਜਾਣਾ ਬੇਹੱਦ ਜ਼ਰੂਰੀ ਹੈ ਜਿਸ ਦਾ ਨਾਇਕ ਬਾਲ ਪਾਠਕ ਨੂੰ ਮੁਸੀਬਤਾਂ ਅਤੇ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦੀ ਪ੍ਰੇਰਨਾ ਦੇਵੇ, ਉਸ ਦੇ ਜ਼ਿਹਨ ਵਿੱਚ ਵਿਰੋਧੀ ਸ਼ਕਤੀਆਂ ਨੂੰ ਵੰਗਾਰਨ ਦਾ ਜੋਸ਼ ਭਰੇ ਅਤੇ ਆਪਣੀ ਮਾਂ ਬੋਲੀ ਅਤੇ ਸਭਿਆਚਾਰ ਨਾਲ ਸਾਂਝ ਬਰਕਰਾਰ ਰੱਖਦਾ ਹੋਇਆ ਹਰ ਪ੍ਰਕਾਰ ਦੀ ਮਾਨਸਿਕ ਵਲਗਣ ਵਿੱਚੋਂ ਮੁਕਤੀ ਹਾਸਲ ਕਰਨ ਦੀ ਹੱਲਾਸ਼ੇਰੀ ਦੇਵੇ। ਮਿਆਰੀ ਸਾਹਿਤ ਹਮੇਸ਼ਾਂ ਬੁਰਾਈ ਦੀ ਮੁਖ਼ਾਲਫ਼ਤ ਕਰਦਾ ਹੈ ਅਤੇ ਅੰਤ ਵਿੱਚ ਮੰਜ਼ਿਲ ਪ੍ਰਾਪਤੀ ’ਤੇ ਪਹੁੰਚ ਕੇ ਜੇਤੂ ਅੰਦਾਜ਼ ਵਿੱਚ ਮੁਸਕਰਾਉਂਦਾ ਵਿਖਾਈ ਦਿੰਦਾ ਹੈ।
ਸੋ ਪੰਜਾਬੀ ਬਾਲਾਂ ਨੂੰ ਅਜੋਕੇ ਸਮੇਂ ਦੇ ਹਾਣ ਦਾ ਗਿਆਨ ਵਿਗਿਆਨ ਭਰਪੂਰ ਕੁਦਰਤੀ ਵਰਤਾਰਿਆਂ ਦਾ ਖੋਜੀ ਬਣਾਉਣ ਵਾਲੇ ਬਾਲ ਸਾਹਿਤ ਦੀ ਜ਼ਰੂਰਤ ਹੈ, ਪਰ ਬਾਲ ਸਾਹਿਤ ਲੇਖਕ ਦਾ ਇਸ ਪੱਖੋਂ ਸਜਗ ਰਹਿਣਾ ਵੀ ਬਹੁਤ ਜ਼ਰੂਰੀ ਹੈ ਕਿ ਉਸ ਦੀ ਰਚਨਾ ਦਾ ਮਕਸਦ ਬੱਚੇ ਅੰਦਰ ਕੇਵਲ ਵਿਗਿਆਨਕ ਜਾਂ ਹਿਸਾਬੀ ਕਿਤਾਬੀ ਅਮਲ ਵਾਲੀ ਸਮੱਗਰੀ ਹੀ ਨਾ ਪੇਸ਼ ਕਰੇ ਸਗੋਂ ਆਪਣੀ ਲਿਖਤ ਨੂੰ ਦਿਲਚਸਪ ਬਣਾਉਣ ਲਈ ਉਸ ਵਿੱਚ ਕਲਪਨਾ ਦਾ ਮਿਸ਼ਰਣ ਵੀ ਕਰੇ ਤਾਂ ਹੀ ਉਸ ਦੀ ਰਚਨਾ ਪ੍ਰਭਾਵਿਤ ਕਰ ਸਕਦੀ ਹੈ। ਅੱਜ ਦਾ ਬੱਚਾ ਚੇਤੰਨ ਹੈ। ਸ਼ਰਤ ਇਹੀ ਹੈ ਕਿ ਉਸ ਦੇ ਮਨੋਵਿਗਿਆਨ ਨੂੰ ਸਮਝਦੇ ਹੋਏ, ਉਸ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਅਜਿਹਾ ਸਾਹਿਤ ਪ੍ਰਦਾਨ ਕੀਤਾ ਜਾਵੇ ਜਿਸ ਰਾਹੀਂ ਸਾਰੀ ਗੱਲ ਸਪੱਸ਼ਟ ਅਤੇ ਦਿਲਚਸਪ ਰੂਪ ਵਿੱਚ ਉਸ ਦੇ ਪੱਲੇ ਪਵੇ। ਲੇਖਕ ਦੇ ਹਸਾਇਆਂ ਬੱਚਾ ਹੱਸ ਪਏ, ਸੰਕਟ ਦੀ ਘੜੀ ਵਿੱਚ ਮੁੜ ਆਪਣੇ ਅੰਦਰ ਊਰਜਾ ਪੈਦਾ ਕਰਕੇ ਖੜ੍ਹਾ ਹੋਣ ਦੇ ਸਮਰੱਥ ਹੋ ਸਕੇ।
ਸੰਪਰਕ : 98144-23703