ਡਾ. ਬਲਜੀਤ ਸਿੰਘ ਢਿੱਲੋਂ
ਪਤਾ ਨਹੀਂ ਸਾਡੇ ਪਿੰਡ ਦਾ ਕੀ ਰਿਵਾਜ ਸੀ ਕਿ ਉੱਥੇੇ ਜ਼ਨਾਨੀਆਂ ਆਪਸ ਵਿੱਚ ਅਕਸਰ ਲੜ ਪੈਂਦੀਆਂ ਸਨ। ਕਦੇ ਰੂੜੀ ਸੁੱਟਣ ਤੋਂ, ਕਦੇ ਪਥਕਣ ਵਿੱਚ ਪਾਥੀਆਂ ਪੱਥਣ ਤੋਂ, ਕਦੇ ਅੰਜਾਣਿਆਂ ਤੋਂ, ਕਦੇ ਗੁਆਂਢ-ਮੱਥੇ ਦੀ ਕਿਸੇ ਗੱਲ ਕਰਕੇ, ਨਿੱਕੇ ਬੱਚਿਆਂ ਦੀ ਲੜਾਈ ਵੀ ਕਈ ਵਾਰ ਕਾਰਨ ਬਣਦੀ ਸੀ। ਸਾਡੇ ਘਰ ਦੇ ਸਾਹਮਣੇ ਗਲੀਓਂ ਪਾਰ ਆਤਮਾ ਸਿੰਘ ਅਤੇ ਉਸ ਦੇ ਵੱਡੇ ਭਰਾ ਨਿਧਾਨ ਸਿੰਘ ਦਾ ਘਰ ਸੀ। ਪਹਿਲਾਂ ਘਰ ਸਾਂਝਾ ਸੀ ਤੇ ਵਧੀਆ ਪੱਕਾ ਘਰ ਸੀ। ਫਿਰ ਵੰਡ-ਵੰਡਾਈ ਵੇਲੇ ਵਿਹੜੇ ਦੇ ਵਿਚਕਾਰ ਚਾਰ ਫੁੱਟ ਉੱਚੀ ਕੱਚੀ ਕੰਧ ਕਰ ਦਿੱਤੀ ਗਈ ਸੀ ਅਤੇ ਕੰਧ ਦੇ ਦੋਹੀਂ ਪਾਸੀਂ ਦੋਹਾਂ ਘਰਾਂ ਨੇ ਪਸ਼ੂਆਂ ਲਈ ਲੰਮੀਆਂ ਖੁਰਲੀਆਂ ਬਣਾ ਲਈਆਂ ਸਨ। ਆਤਮਾ ਸਿੰਘ ਅਤੇ ਨਿਧਾਨ ਸਿੰਘ ਦੋਹਾਂ ਦੀਆਂ ਪਤਨੀਆਂ ਦਰਾਣੀ-ਜੇਠਾਣੀ ਸਨ। ਆਤਮਾ ਸਿੰਘ ਛੋਟਾ ਸੀ। ਇਨ੍ਹਾਂ ਦੋਹਾਂ ਦਰਾਣੀ-ਜੇਠਾਣੀ ਦੀ ਲੜਾਈ ਅਕਸਰ ਹੁੰਦੀ ਹੀ ਰਹਿੰਦੀ ਸੀ। ਇਨ੍ਹਾਂ ਦੀ ਲੜਾਈ ਬੜੀ ਖ਼ਾਸ ਕਿਸਮ ਦੀ ਸੀ ਅਤੇ ਪਿੰਡ ਵਿੱਚ ਇਸ ਦੀ ਚਰਚਾ ਆਮ ਹੁੰਦੀ ਰਹਿੰਦੀ ਸੀ। ਕਈ ਵਾਰ ਤਾਂ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਇਹ ਲੜ ਕਿਉਂ ਰਹੀਆਂ ਹਨ।
ਅਕਸਰ ਲੜਾਈ ਸ਼ਾਹ ਵੇਲੇ ਤੋਂ ਬਾਅਦ ਸ਼ੁਰੂ ਹੁੰਦੀ ਸੀ। ਦੋਵੇਂ ਜਣੀਆਂ ਜਦੋਂ ਖੂਹ ’ਤੇ ਹਾਲੀਆਂ ਦੀ ਰੋਟੀ ਆਦਿ ਦੇ ਕੇ ਆਉਂਦੀਆਂ, ਆ ਕੇ ਪਾਣੀ ਆਦਿ ਪੀ ਕੇ ਵਿਹਲੀਆਂ ਹੋ ਕੇ ਲੜਾਈ ਸ਼ੁਰੂ ਕਰ ਦਿੰਦੀਆਂ। ਇਨ੍ਹਾਂ ਨੇ ਵਿਹੜੇ ਵਿੱਚ ਵੱਡੇ-ਵੱਡੇ ਟੋਕਰੇ ਰੱਖੇ ਸਨ, ਜਿਨ੍ਹਾਂ ਥੱਲੇ ਰਾਤ ਨੂੰ ਕੁੱਕੜ-ਕੁੱਕੜੀਆਂ ਤਾੜਦੇ ਸਨ। ਜਦੋਂ ਲੜਾਈ ਸ਼ੁਰੂ ਕਰਦੀਆਂ ਤਾਂ ਵਿਹੜੇ ਵਾਲੇ ਮੂਧੇ ਸਾਰੇ ਟੋਕਰੇ ਜਾਂ ਟੋਕਰੀਆਂ ਨੂੰ ਚੁੱਕ ਕੇ ਵਗਾਹ ਮਾਰਦੀਆਂ ਤੇ ਫਿਰ ‘ਆ ਮੇਰੀਏ ਸੌਂਕਣੇ ਤੈਨੂੰ ਮੈਂ ਮਜ਼ਾ ਚਖਾਵਾਂ’ ਟੋਕਰੇ ਥੱਲੇ ਤਾੜੀ ਹੋਈ ਲੜਾਈ ਨੂੰ ਬਾਹਰ ਕੱਢ ਲੈਂਦੀਆਂ ਅਤੇ ਫਿਰ ਸ਼ੁਰੂ ਹੋ ਜਾਂਦੀਆਂ, ਬਾਹਵਾਂ ਮਾਰਨ ਲੱਗਦੀਆਂ। ਪਹਿਲਾਂ ਮਿਹਣੇ ਦੇ ਕੇ ਲੜਦੀਆਂ, ਬਾਹਾਂ ਮਾਰ-ਮਾਰ ਕੇ, ਉੱਚੀ-ਉੱਚੀ, ਫਿਰ ਉਹ ਡੰਗਰਾਂ ਦੀ ਖੁਰਲੀ ਵਿੱਚ ਚੜ੍ਹ ਜਾਂਦੀਆਂ ਅਤੇ ਕੰਧ ਉੱਤੋਂ ਦੀ ਮੂੰਹ ਨੂੰ ਛਿੱਬੀਆਂ ਦੇ-ਦੇ ਕੇ ਲੜਾਈ ਕਰਦੀਆਂ। ਪੇਕਿਆਂ ਤੱਕ ਚਲੀਆਂ ਜਾਂਦੀਆਂ। ਫਿਰ ਪਿਛਲਿਆਂ ਨੂੰ ਨੌਲਦੀਆਂ, ਇੱਧਰਲਿਆਂ ਨੂੰ ਸਹੁਰਿਆਂ ਨੂੰ ਗਾਲ੍ਹਾਂ ਕੱਢਦੀਆਂ, ਭੈਣਾਂ-ਭਰਾਵਾਂ ਨੂੰ ਗਾਲ੍ਹਾਂ ਕੱਢਦੀਆਂ, ਵਿਆਹ ਦੇ ਦਾਜ ਦੇਣ ਦੀਆਂ ਗੱਲਾਂ, ਦੇਣ-ਲੈਣ ਦੀਆਂ ਗੱਲਾਂ, ਫਿਰ ਉਹ ਇੱਕ-ਦੂਜੀ ਨੂੰ ਫੜਨ ਤੱਕ ਜਾਂਦੀਆਂ। ਇੱਕ-ਦੂਜੀ ਦੇ ਕੱਪੜੇ ਪਾੜਨ ਤੱਕ ਜਾਂਦੀਆਂ, ਪਰ ਕੰਧ ਨਾ ਟੱਪਦੀਆਂ। ਕਈ ਵਾਰ ਗੁੱਸੇ ਵਿੱਚ ਇੱਕ-ਦੂਜੀ ਦੇ ਸਿਰ ਦੇ ਵਾਲ ਵੀ ਨੋਚ ਛੱਡਦੀਆਂ ਸਨ। ਇਸ ਪਰਿਵਾਰ ਦੀ ਅੱਲ ‘ਘੁਰਕੇ’ ਪਈ ਹੋਈ ਸੀ। ਕਿਉਂ ਪਈ, ਅਖੇ ਇਹ ਨੱਕ ’ਚੋਂ ਫੁਰਰ-ਫੁਰਰ, ਘੁਰ-ਘੁਰ ਕਰਦੇ ਹਨ, ਇਸ ਕਰਕੇ ਇਨ੍ਹਾਂ ਨੂੰ ਘੁਰਕੇ ਕਹਿਣ ਲੱਗੇ। ਗਲਾ ਸਾਫ਼ ਕਰਨ ਲਈ ਵੀ ਘੁਰ-ਘੁਰ ਕਰਦੇ ਹਨ। ਇਹ ਸਾਰੇ ਟੱਬਰ ਦੀ ਆਦਤ ਸੀ। ਇਸ ਕਰਕੇ ਸ਼ਾਇਦ ਇਹ ‘ਅੱਲ’ ਪਈ ਸੀ।
ਜਦੋਂ ਲੜਾਈ ਸ਼ੁਰੂ ਹੁੰਦੀ ਤਾਂ ਸਾਰੀਆਂ ਬੀਬੀਆਂ-ਭੈਣਾਂ, ਕੁੜੀਆਂ-ਚਿੜੀਆਂ ਕੋਠਿਆਂ ’ਤੇ ਚੜ੍ਹ ਜਾਂਦੀਆਂ ਸਨ ਅਤੇ ਲੜਾਈ ਸੁਣਦੀਆਂ ਸਨ। ਕਈ ਵਾਰ ਇਹ ਦੋਵੇਂ ਬੰਦਿਆਂ ਵਰਗੀਆਂ ਗੰਦੀਆਂ-ਗੰਦੀਆਂ ਗਾਲ੍ਹਾਂ ਵੀ ਕੱਢਦੀਆਂ। ਇਹ ਬਿਲਕੁਲ ਕੋਈ ਸ਼ਰਮ ਨਹੀਂ ਸਨ ਕਰਦੀਆਂ। ਹਾਂ, ਵਿੱਚੋਂ-ਵਿੱਚੋਂ ਸਾਹ ਲੈਣ ਲਈ ਪਾਣੀ ਦਾ ਗਲਾਸ ਵੀ ਪੀ ਲੈਂਦੀਆਂ ਸਨ। ਵਿਹੜੇ ਵਿੱਚ ਤੁਰਦੀਆਂ-ਫਿਰਦੀਆਂ, ਡੰਗਰ-ਵੱਛੇ ਨੂੰ ਪਾਣੀ ਪਿਆਉਂਦੀਆਂ, ਪੱਠੇ ਪਾਉਂਦੀਆਂ ਵੀ ਇੱਕ-ਦੂਜੀ ਨੂੰ ਗਾਲ੍ਹਾਂ ਕੱਢੀ ਜਾਂਦੀਆਂ। ਇੱਕ-ਦੂਜੀ ਨੂੰ ਸਾਨ੍ਹਾਂ, ਝੋਟਿਆਂ ਦੀਆਂ ਗਾਲ੍ਹਾਂ ਵੀ ਦਿੰਦੀਆਂ।
ਜਦੋਂ ਦੁਪਹਿਰ ਢਲ ਜਾਂਦੀ ਸੀ ਤਾਂ ਦਾਲ-ਸਬਜ਼ੀ ਧਰਨ ਦਾ ਵੇਲਾ ਹੋ ਜਾਂਦਾ ਸੀ। ਬਾਹਰੋਂ ਬੰਦਿਆਂ ਦੇ ਆਉਣ ਦਾ ਸਮਾਂ ਹੋ ਜਾਂਦਾ ਸੀ ਤਾਂ ਇੱਕ-ਦੂਸਰੀ ਨੂੰ ਕਹਿੰਦੀਆਂ ਅੱਜ ਦੀ ਲੜਾਈ ਬੰਦ ਅਤੇ ਫਿਰ ਉਹ ਲੜਾਈ ਟੋਕਰਾ ਮੂਧਾ ਮਾਰ ਕੇ ਤਾੜ ਦਿੰਦੀਆਂ ‘ਲੈ ਭੈਣੇ ਅੱਜ ਦੀ ਲੜਾਈ ਟੋਕਰੇ ਥੱਲੇ ਤਾੜ ਦਿੱਤੀਓ, ਕੱਲ੍ਹ ਫਿਰ ਵੇਖਾਂਗੇ।’ ਇਸ ਤਰ੍ਹਾਂ ਲੜਾਈ ਹਫ਼ਤਾ-ਹਫ਼ਤਾ ਚੱਲਦੀ ਰਹਿੰਦੀ। ਸਵੇਰੇ ਉੱਠ ਕੇ ਟੋਕਰੇ ਥੱਲਿਓਂ ਤਾੜੀ ਹੋਈ ਲੜਾਈ ਬਾਹਰ ਕੱਢ ਲੈਂਦੀਆਂ ਅਤੇ ਲੜਾਈ ਸ਼ੁਰੂ ਹੋ ਜਾਂਦੀ ਸੀ ਅਤੇ ਲੋਢੇ ਵੇਲੇ ਲੜਾਈ ਫਿਰ ਟੋਕਰੇ ਥੱਲੇ ਤਾੜ ਦਿੰਦੀਆਂ, ਅਗਲੇ ਦਿਨ ਵਾਸਤੇ, ਇਹ ਆਪਣੇ ਆਪ ਵਿੱਚ ਬੜੀ ਵੱਖਰੀ ਤਰ੍ਹਾਂ ਦੀ ਲੜਾਈ ਸੀ।
ਤਾਇਆ ਜੀ ਜਦੋਂ ਸਰਪੰਚ ਬਣੇ ਤਾਂ ਇੱਕ ਦਿਨ ਲੜਾਈ ਹੁੰਦੇ ਤੋਂ ਹੀ ਉਨ੍ਹਾਂ ਦੇ ਘਰ ਚਲੇ ਗਏ। ਉਹ ਆਪਣੇ ਨਾਲ ਦੋ ਮੋਟੀਆਂ ਡਾਂਗਾਂ ਲੈ ਗਏ। ਸੁੱਚਾ ਸਿੰਘ ਆਥੜੀ ਅਤੇ ਬੱਚੇ ਨਾਲ ਚਲੇ ਗਏ। ‘ਬੀਬੀ ਜੀ, ਸੁਣੋਂ ਮੇਰੀ ਗੱਲ ਲੜਾਈ ਬੰਦ ਕਰ ਦਿਓ ਤਾਂ ਅੱਗੋਂ ਕਹਿੰਦੀਆਂ, ‘ਨਹੀਂ ਭਾਅ ਜੀ ਅਸੀਂ ਹੁਣ ਲੜਾਈ ਟੋਕਰੇ ਥੱਲਿਓਂ ਕੱਢ ਲਈ ਏ। ਹੁਣ ਇਹ ਸ਼ਾਮ ਨੂੰ ਹੀ ਬੰਦ ਹੋਵੇਗੀ, ਇਸ ਤਰ੍ਹਾਂ ਵਿੱਚੋਂ ਬੰਦ ਨਹੀਂ ਹੋਵੇਗੀ।’
‘ਅੱਛਾ! ਇਹ ਗੱਲ ਹੈ ਐਹ ਲਓ ਫਿਰ ਡਾਂਗਾਂ, ਦੋਹਾਂ ਨੂੰ ਇੱਕ-ਇੱਕ ਫੜਾ ਦਿੱਤੀ, ਤੁਸੀਂ ਲੜਾਈ ਚਾਲੂ ਰੱਖਣੀ ਹੈ। ਚਾਲੂ ਰੱਖੋ, ਡਾਂਗਾਂ ਨਾਲ ਦੋਵੇਂ ਇੱਕ-ਦੂਸਰੀ ਦਾ ਸਿਰ ਪਾੜੋ, ਖੂਨ ਕੱਢੋ ਤਾਂ ਕਿ ਤੁਹਾਡਾ ਜਰਲਾਉਂਦਾ ਖੂਨ ਵਗ ਜਾਵੇ। ਦੂਸਰਾ ਸੁਣੋ ਅੱਜ ਤੋਂ ਬਾਅਦ ਜੇ ਤੁਸੀਂ ਪੇਕਿਆਂ ਨੂੰ ਨੌਲਿਆਂ, ਗੰਦੀਆਂ ਗਾਲ੍ਹਾਂ ਕੱਢੀਆਂ ਤਾਂ ਜੁਰਮਾਨਾ ਵੀ ਹੋਵੇਗਾ। ਤੁਸੀਂ ਇਹ ਕੀ ਪਖੰਡ ਫੜਿਆ ਹੈ। ਜੇ ਅੱਜ ਤੋਂ ਬਾਅਦ ਲੜੀਆਂ ਤਾਂ ਦੋਹਾਂ ਨੂੰ ਸੱਦ ਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਸਾਹਮਣੇ ਇੱਕ-ਦੂਜੀ ਨੂੰ ਬੰਦਿਆਂ ਵਾਲੀਆਂ ਗਾਲ੍ਹਾਂ ਕਢਵਾਈਆਂ ਜਾਣਗੀਆਂ। ਦੋ-ਤਿੰਨ ਘੰਟੇ ਸਭ ਤੋਂ ਵੱਧ ਗੰਦੀਆਂ ਗਾਲ੍ਹਾਂ ਕੱਢਣ ਵਾਲੀ ਨੂੰ ਇਨਾਮ ਵੀ ਦਿੱਤਾ ਜਾਵੇਗਾ।’
ਜਦੋਂ ਉਨ੍ਹਾਂ ਨੇ ਫ਼ੈਸਲਾ ਸੁਣਿਆ ਤਾਂ ਉਨ੍ਹਾਂ ਨੇ ਲੜਾਈ ਬੰਦ ਕਰ ਦਿੱਤੀ। ਵਿਹੜੇ ਵਿੱਚ ਮੂਧੇ ਟੋਕਰੇ ਵਗਾਹ ਮਾਰੇ ਅਤੇ ਖੁਰਲੀਆਂ ਵਿੱਚ ਚੜ੍ਹ ਕੇ ਇੱਕ-ਦੂਜੀ ਨੂੰ ਕੰਧ ਉਤੋਂ ਹੀ ‘ਜੱਫੀ’ ਪਾ ਕੇ ਮਿਲੀਆਂ। ਉਸ ਦਿਨ ਤੋਂ ਬਾਅਦ ਅਸੀਂ ਕਦੇ ਲੜਾਈ ਹੁੰਦੀ ਨਹੀਂ ਵੇਖੀ। ਅਕਸਰ ਲੜਾਈ ਪੇਕਿਆਂ ਦੇ ਅਮੀਰ-ਗ਼ਰੀਬ ਹੋਣ ਤੋਂ ਤੁਰਦੀ ਸੀ ਅਤੇ ਸਾਰਾ ਦਿਨ ਚੱਲਦੀ ਰਹਿੰਦੀ ਸੀ।
ਤਾਇਆ ਜੀ ਨੇ ਫਿਰ ਕਿਹਾ, ‘ਤੁਸੀਂ ਬਹੁਤ ਗੰਦੀਆਂ ਗਾਲ੍ਹਾਂ ਕੱਢਦੀਆਂ ਹੋ, ਸਾਰੇ ਪਿੰਡ ਦੇ ਬੱਚਿਆਂ ਅਤੇ ਕੁੜੀਆਂ ਨੂੰ ਤੁਸੀਂ ਇਹ ਗਾਲ੍ਹਾਂ ਸਿਖਾ ਛੱਡੀਆਂ ਹਨ। ਅੱਜ ਤੋਂ ਬਾਅਦ ਨਾ ਕੋਈ ਲੜਾਈ, ਨਾ ਗਾਲ੍ਹ, ਬਸ, ਅੱਜ ਤੋਂ ਬਾਅਦ ਇਹ ਕੁਝ ਨਹੀਂ ਚੱਲੇਗਾ।’ ਉਨ੍ਹਾਂ ਦੋਹਾਂ ਨੇ ਕੰਨਾਂ ਨੂੰ ਹੱਥ ਲਾ ਕੇ ਸਦਾ ਲਈ ਲੜਾਈ ਤੋਂ ਤੌਬਾ ਕੀਤੀ।
ਸੰਪਰਕ: 98768-01309