ਹੈਦਰਾਬਾਦ: ਦੱਖਣ ਦੇ ਸੁਪਰਸਟਾਰ ਚਿਰੰਜੀਵੀ ਨੇ ਆਪਣੀ ਫ਼ਿਲਮ ‘ਗੌਡਫਾਦਰ’ ਦਾ ਸਮਰਥਨ ਕਰਨ ਲਈ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦਾ ਧੰਨਵਾਦ ਕੀਤਾ ਹੈ। ਇਸ ਫਿਲਮ ਵਿੱਚ ਸਲਮਾਨ ਨੇ ਮਹਿਮਾਨ ਭੂਮਿਕਾ ਨਿਭਾਈ ਹੈ। ਸਾਲ 2019 ਵਿੱਚ ਆਈ ਮਲਿਆਲਮ ਫ਼ਿਲਮ ‘ਲੂਸੀਫਰ’ ਦੀ ਰੀਮੇਕ ਇਹ ਫਿਲਮ ਸਿਆਸੀ ਪਿੱਠਭੂਮੀ ’ਤੇ ਆਧਾਰਿਤ ਹੈ, ਜੋ 5 ਅਕਤੂਬਰ ਨੂੰ ਰਿਲੀਜ਼ ਹੋਈ ਹੈ। ਫਿਲਮ ਨੇ ਪਹਿਲੇ ਹੀ ਦਿਨ ਵਿਸ਼ਵ ਪੱਧਰ ’ਤੇ 38 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਗੌਡਫਾਦਰ’ ਵਿੱਚ ਸਲਮਾਨ ਖ਼ਾਨ ਨੇ ਮਕਸੂਦ ਭਾਈ ਤੇ ਚਿਰੰਜੀਵੀ ਨੇ ਸਿਆਸੀ ਆਗੂ ਬ੍ਰਹਮਾ/ਅਬਰਾਮ ਕੁਰੈਸ਼ੀ ਦਾ ਕਿਰਦਾਰ ਨਿਭਾਇਆ ਹੈ। ਇਸ ਪ੍ਰਾਜੈਕਟ ਰਾਹੀਂ ਸਲਮਾਨ ਨੇ ਤੇਲਗੂ ਫ਼ਿਲਮ ਜਗਤ ਵਿੱਚ ਪੈਰ ਧਰਿਆ ਹੈ। ਫ਼ਿਲਮ ਬਾਰੇ ਗੱਲਬਾਤ ਕਰਦਿਆਂ ਚਿਰੰਜੀਵੀ ਨੇ ਫ਼ਿਲਮ ਦੀ ਸਫ਼ਲਤਾ ਵਿੱਚ ਮਕਸੂਦ ਭਾਈ ਦੇ ਕਿਰਦਾਰ ਦੀ ਅਹਿਮ ਭੂਮਿਕਾ ਦੱਸਦਿਆਂ ਸਲਮਾਨ ਦੇ ਕੰਮ ਦੀ ਸ਼ਲਾਘਾ ਕੀਤੀ। ਚਿਰੰਜੀਵੀ ਨੇ ਇੱਕ ਵੀਡੀਓ ਵਿੱਚ ਕਿਹਾ, ‘ਧੰਨਵਾਦ ਮੇਰੇ ਸੱਲੂ ਭਾਈ ਅਤੇ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਕਿਉਂਕਿ ‘ਗੌਡਫਾਦਰ’ ਦੀ ਕਾਮਯਾਬੀ ਵਿੱਚ ਮਕਸੂਦ ਭਾਈ ਦੇ ਕਿਰਦਾਰ ਦੀ ਅਹਿਮ ਭੂਮਿਕਾ ਰਹੀ ਹੈ। ਧੰਨਵਾਦ ਅਤੇ ਬਹੁਤ ਸਾਰਾ ਪਿਆਰ।’ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਲਮਾਨ ਨੇ ਫਿਲਮ ਦੀ ਕਾਮਯਾਬੀ ’ਤੇ ਇੰਸਟਾਗ੍ਰਾਮ ਰਾਹੀਂ ਅਦਾਕਾਰ ਚਿਰੰਜੀਵੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਸੀ, ‘ਮੇਰੇ ਪਿਆਰੇ ਚਿਰੂ ਗੁਰੂ। ਬਹੁਤ ਸਾਰਾ ਪਿਆਰ। ਮੈਂ ਸੁਣਿਆ ਹੈ ਕਿ ਫਿਲਮ ‘ਗੌਡਫਾਦਰ’ ਨੇ ਬਹੁਤ ਚੰਗੀ ਕਮਾਈ ਕੀਤੀ ਹੈ। ਬਹੁਤ-ਬਹੁਤ ਮੁਬਾਰਕਾਂ, ਰੱਬ ਤੁਹਾਡੇ ’ਤੇ ਮਿਹਰ ਕਰੇ।’ -ਪੀਟੀਆਈ