ਹਰਿੰਦਰ ਸਿੰਘ ਗੋਗਨਾ
ਬਸੰਤ ਰੁੱਤ ਆਉਂਦਿਆਂ ਹੀ ਆਸਮਾਨ ਵਿਚ ਅਨੇਕਾਂ ਰੰਗ ਬਰੰਗੀਆਂ ਪਤੰਗਾਂ ਚੜ੍ਹਨ ਲੱਗੀਆਂ ਸਨ। ਹੈਰੀ ਦਾ ਮਨ ਵੀ ਹੋਇਆ ਕਿ ਮੰਮੀ ਤੋਂ ਪੈਸੇ ਲੈ ਕੇ ਲਾਗੇ ਦੀ ਦੁਕਾਨ ਤੋਂ ਕੋਈ ਵਧੀਆ ਜਿਹੀ ਪਤੰਗ ਲੈ ਆਵੇ ਤੇ ਹੋਰਾਂ ਪਤੰਗਾਂ ਨਾਲ ਪੇਚ ਲੜਾਵੇ। ਉਸ ਨੇ ਮੰਮੀ ਤੋਂ ਪੈਸੇ ਮੰਗੇ। “ਬੇਟਾ, ਤੂੰ ਪਤੰਗ ਤਾਂ ਲੈ ਆ ਪਰ ਵਾਅਦਾ ਕਰ ਕਿ ਇਕ ਤਾਂ ਕੋਠੇ ‘ਤੇ ਪਤੰਗ ਨਹੀਂ ਚੜ੍ਹਾਵੇਂਗਾ ਤੇ ਦੂਜਾ ਚਾਈਨਾ ਡੋਰ ਨਹੀਂ ਲਿਆਵੇਂਗਾ।’’ ਹੈਰੀ ਦੇ ਮੰਮੀ ਨੇ ਆਪਣਾ ਪਰਸ ਚੁੱਕਦਿਆਂ ਪਹਿਲਾਂ ਹੈਰੀ ਕੋਲੋਂ ਵਾਅਦਾ ਲੈਂਦੇ ਕਿਹਾ।
ਹੈਰੀ ਨੇ ਸਿਰ ਹਿਲਾ ਕੇ ਵਾਅਦਾ ਨਿਭਾਉਣ ਦੀ ਹਾਮੀ ਭਰਦਿਆਂ ਸਵਾਲ ਵੀ ਕੀਤਾ, “ਮੰਮੀ, ਚਾਈਨਾ ਡੋਰ ਵਿੱਚ ਕੋਈ ਭੂਤ ਹੁੰਦਾ ਏ…? ਇਕ ਦਿਨ ਪਾਪਾ ਵੀ ਕੁਝ ਇੰਝ ਹੀ ਕਹਿ ਰਹੇ ਸੀ ਕਿ ਚਾਈਨਾ ਡੋਰ ਖਤਰਨਾਕ ਹੁੰਦੀ ਹੈ।’’
“ਵੱਡੇ ਜੋ ਕਹਿੰਦੇ ਨੇ ਸਹੀ ਆਖਦੇ ਨੇ। ਤੈਨੂੰ ਜੋ ਸਮਝਾਇਆ ਹੈ ਉਹ ਕਰ…।’’ ਕਹਿ ਕੇ ਹੈਰੀ ਦੇ ਮੰਮੀ ਨੇ ਉਸ ਨੂੰ ਪੈਸੇ ਦੇ ਦਿੱਤੇ ਤੇ ਆਪ ਕਿਸੇ ਕੰਮ ਵਿੱਚ ਰੁਝ ਗਏ। ਉਹ ਲਾਗੇ ਦੀ ਦੁਕਾਨ ਤੋਂ ਪਤੰਗ ਤੇ ਡੋਰ ਲੈ ਆਇਆ। ਪਰ ਉਸ ਨੇ ਮੰਮੀ ਦੀ ਗੱਲ ਨਹੀਂ ਸੀ ਮੰਨੀ। ਸਮਝਾਉਣ ਦੇ ਬਾਵਜੂਦ ਚਾਈਨਾ ਡੋਰ ਲੈ ਆਇਆ ਤੇ ਮੰਮੀ ਕੋਲੋਂ ਅੱਖ ਬਚਾ ਕੇ ਘਰ ਦੀ ਛੱਤ ‘ਤੇ ਚੜ੍ਹ ਗਿਆ ਸੀ।
ਉਸ ਨੇ ਛੇਤੀ ਛੇਤੀ ਤਲਾਵਾਂ ਪਾਈਆਂ ਤੇ ਫਿਰ ਕਾਫੀ ਮੁਸ਼ੱਕਤ ਮਗਰੋਂ ਪਤੰਗ ਨੂੰ ਕਾਫੀ ਉੱਚੀ ਚੜ੍ਹਾ ਲਿਆ। ਅਸਲ ਵਿਚ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਦੋਸਤ ਰਿੰਕੂ ਤੇ ਚਿੰਕੀ ਆਪਣੇ ਘਰ ਦੇ ਚੁਬਾਰੇ ਦੀ ਛੱਤ ‘ਤੇ ਚੜ੍ਹ ਕੇ ਪਤੰਗ ਚੜ੍ਹਾ ਰਹੇ ਹਨ ਤਾਂ ਉਸ ਨੇ ਸੋਚਿਆ ਕਿ ਉਨ੍ਹਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਚੜ੍ਹਾਈ ਪਤੰਗ ਮੇਰੀ ਹੈ। ਘੱਟੋ ਘੱਟ ਘਰ ਦੀ ਛੱਤ ‘ਤੇ ਪਤੰਗ ਉਡਾਉਂਦੇ ਹੋਏ ਉਨ੍ਹਾਂ ਦੀ ਨਜ਼ਰ ਤਾਂ ਉਸ ‘ਤੇ ਪਏਗੀ। ਹੈਰੀ ਨੂੰ ਇਹ ਵੀ ਵਿਸ਼ਵਾਸ ਸੀ ਕਿ ਉਸ ਦੀ ਚਾਈਨਾ ਡੋਰ ਕਾਫੀ ਪੱਕੀ ਹੈ, ਜਿਸ ਨੂੰ ਰਿੰਕੂ ਤੇ ਚਿੰਕੀ ਦੀ ਡੋਰ ਨਹੀਂ ਕੱਟ ਸਕੇਗੀ ਤੇ ਉਸ ਕੋਲੋਂ ਮਾਤ ਖਾਵੇਗੀ।
ਅਚਾਨਕ ਹੀ ਹੈਰੀ ਦੇ ਮੰਮੀ ਘਰ ਦੀ ਛੱਤ ‘ਤੇ ਚੜ੍ਹ ਆਏ ਤੇ ਕਹਿਣ ਲੱਗੇ, “ਓਏ ਨਲਾਇਕ, ਮੈਂ ਤੈਨੂੰ ਕਿਹਾ ਸੀ ਕਿ ਹੇਠਾਂ ਖੁੱਲ੍ਹੇ ਵਿਹੜੇ ਵਿਚ ਮੇਰੀ ਨਿਗਰਾਨੀ ਵਿਚ ਪਤੰਗ ਚੜਾਵੀਂ। ਤੂੰ ਕਦੇ ਮੇਰਾ ਆਖਾ ਨਹੀਂ ਮੰਨਦਾ…।’’
“ਮੰਮੀ, ਬਸ ਪੰਜ ਕੁ ਮਿੰਟ ਦੀ ਤਾਂ ਗੱਲ ਹੈ। ਮੈਂ ਹੁਣੇ ਆਪਣੀ ਪਤੰਗ ਉਤਾਰ ਕੇ ਹੇਠਾਂ ਆਉਂਦਾ ਹਾਂ। ਲਗਦੈ ਹੇਠਾਂ ਮੋਬਾਈਲ ਦੀ ਘੰਟੀ ਵੱਜ ਰਹੀ ਹੈ। ਜ਼ਰੂਰ ਪਾਪਾ ਦਾ ਫੋਨ ਹੋਣਾ। ਤੁਸੀਂ ਹੇਠਾਂ ਜਾਓ ਮੈਂ ਆਉਂਦਾ ਹਾਂ।’’ ਹੈਰੀ ਨੇ ਚਲਾਕੀ ਨਾਲ ਮੰਮੀ ਨੂੰ ਟਾਲਦਿਆਂ ਕਿਹਾ। ਹੈਰੀ ਦੇ ਮੰਮੀ ਜਿਵੇਂ ਹੀ ਹੇਠਾਂ ਆਏ ਤਾਂ ਹੈਰੀ ਨੇ ਦੇਖਿਆ ਕਿ ਰਿੰਕੂ ਦੀ ਪਤੰਗ ਉਸ ਦੀ ਪਤੰਗ ਦੇ ਕਾਫੀ ਕਰੀਬ ਸੀ। ਫਿਰ ਦੋਹਾਂ ਪਤੰਗਾਂ ਦਾ ਪੇਚਾ ਪੈ ਗਿਆ। ਹੈਰੀ ਨੂੰ ਆਪਣੀ ਚਾਈਨਾ ਡੋਰ ‘ਤੇ ਪੂਰਾ ਵਿਸ਼ਵਾਸ ਸੀ ਇਸ ਲਈ ਉਸ ਨੇ ਬੇਫ਼ਿਕਰ ਹੋ ਕੇ ਚਾਈਨਾ ਡੋਰ ਖਿੱਚਣੀ ਸ਼ੁਰੂ ਕੀਤੀ ਤਾਂ ਅਚਾਨਕ ਚਾਈਨਾ ਡੋਰ ਨਾਲ ਹੈਰੀ ਦੀ ਉਂਗਲ ਕੱਟ ਗਈ ਤੇ ਲਹੂ ਲੁਹਾਣ ਹੋ ਗਈ। ਉਹ ਡੋਰ ਛੱਡ ਕੇ ਚੀਕਣ ਲੱਗਾ ਤੇ ਇਸੇ ਪਰੇਸ਼ਾਨੀ ਵਿੱਚ ਉਹ ਘਰ ਦੀ ਛੱਤ ਤੋਂ ਹੇਠਾਂ ਡਿੱਗ ਪਿਆ। ਸ਼ੁਕਰ ਸੀ ਕਿ ਉਹ ਨਾਲ ਦੇ ਖਾਲੀ ਪਏ ਪਲਾਟ ਵਿੱਚ ਸੁੱਟੀ ਰੇਤਲੀ ਮਿੱਟੀ ‘ਤੇ ਡਿੱਗਿਆ ਸੀ ਤੇ ਉਸ ਨੂੰ ਬਹੁਤੀ ਸੱਟ ਨਹੀਂ ਲੱਗੀ ਸੀ। ਪਰ ਉਹ ਘਬਰਾਹਟ ਵਿੱਚ ਬੇਹੋਸ਼ ਹੋ ਗਿਆ ਸੀ। ਉਸ ਦੇ ਮੰਮੀ ਨੇ ਉਸ ਨੂੰ ਗੁਆਂਢੀਆਂ ਦੀ ਮਦਦ ਨਾਲ ਚੁੱਕਿਆ ਤੇ ਨੇੜੇ ਦੇ ਡਾਕਟਰ ਕੋਲ ਲੈ ਗਏ। ਹੈਰੀ ਨੂੰ ਹੋਸ਼ ਆ ਗਿਆ ਸੀ। ਉਸ ਦੇ ਹੱਥ ‘ਤੇ ਪੱਟੀ ਬੰਨ੍ਹੀ ਹੋਈ ਸੀ। ਉਸ ਦੇ ਮੰਮੀ-ਪਾਪਾ ਤੇ ਗੁਆਂਢੀ ਅੰਕਲ ਕੋਲ ਬੈਠੇ ਉਸ ਵੱਲ ਦੇਖ ਰਹੇ ਸਨ। ਡਾਕਟਰ ਅਨੁਸਾਰ ਘਬਰਾਉਣ ਦੀ ਕੋਈ ਲੋੜ ਨਹੀਂ ਸੀ।
ਹੈਰੀ ਨੇ ਸਭ ਵੱਲ ਦੇਖਿਆ ਤਾਂ ਅੱਖਾਂ ਝੁਕਾ ਲਈਆਂ। ਉਸ ਦੇ ਮੰਮੀ ਨੇ ਉਸ ਦੇ ਸਿਰ ‘ਤੇ ਹੱਥ ਫੇਰਿਆ ਤਾਂ ਹੈਰੀ ਰੋਣ ਲੱਗ ਪਿਆ ਤੇ ਕਹਿਣ ਲੱਗਾ, ‘‘ਮੰਮੀ, ਮੈਂ ਤੁਹਾਡੀ ਗੱਲ ਨਹੀਂ ਮੰਨੀ। ਇਸੇ ਲਈ ਮੇਰਾ ਇਹ ਹਾਲ ਹੋਇਆ ਹੈ। ਤੁਹਾਡੀ ਗੱਲ ਨਾ ਮੰਨਣ ਦਾ ਫਲ ਮੈਨੂੰ ਮਿਲ ਗਿਆ।’’
ਉਸ ਦੇ ਮੰਮੀ ਨੇ ਉਸ ਨੂੰ ਨਾ ਬੋਲਣ ਲਈ ਕਿਹਾ ਤੇ ਪਿਆਰ ਨਾਲ ਸਮਝਾਉਂਦੇ ਹੋਏ ਬੋਲੇ, “ਬੇਟਾ, ਮਾਂ ਬਾਪ ਹਮੇਸ਼ਾ ਆਪਣੇ ਬੱਚਿਆਂ ਦੇ ਹਿਤ ਦੀ ਗੱਲ ਸਮਝਾਉੁਂਦੇ ਹਨ, ਕਿਉਂਕਿ ਉਹ ਆਪ ਚੰਗੇ ਮਾੜੇ ਦੌਰ ਵਿਚੋਂ ਲੰਘ ਚੁੱਕੇ ਹੁੰਦੇ ਹਨ। ਜਿਹੜਾ ਬੱਚਾ ਸਦਾ ਆਪਣੇ ਵੱਡਿਆਂ ਦੀ ਗੱਲ ਮੰਨਦਾ ਹੈ ਸੁਖ ਪਾਉਂਦਾ ਹੈ।’’ ਹੈਰੀ ਦੇ ਮੰਮੀ ਦੀ ਨਸੀਹਤ ਕੋਲ ਖੜ੍ਹੇ ਉਸ ਦੇ ਦੋਸਤਾਂ ਰਿੰਕੂ ਤੇ ਚਿੰਕੀ ਨੇ ਵੀ ਮਨ ਹੀ ਮਨ ਮੰਨ ਲਈ ਸੀ।
ਸੰਪਰਕ: 98723-25960