ਜਗਜੀਤ ਸਿੰਘ ਕੰਡਾ
‘ਚਰਖਾ’ ਫ਼ਾਰਸੀ ਭਾਸ਼ਾ ਦੇ ਸ਼ਬਦ ‘ਚਰਖ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਗੋਲ ਚੱਕਰ। ਚਰਖਾ ਪੰਜਾਬੀ ਸੱਭਿਆਚਾਰ ਤੇ ਸਾਡੇ ਲੋਕ ਗੀਤਾਂ ਦਾ ਸ਼ਿੰਗਾਰ ਤੇ ਅਨਿੱਖੜਵਾਂ ਅੰਗ ਹੈ। ਇਸੇ ਲਈ ਤਾਂ ਸ਼ੌਕੀਨ ਗੱਭਰੂ ਕਹਿੰਦਾ ਹੈ ‘ਕੂਕੇ ਚਰਖਾ ਬਿਸ਼ਨੀਏ ਤੇਰਾ, ਨੀਂ ਲੋਕਾਂ ਭਾਣੇ ਮੋਰ ਕੂਕਦਾ’। ਆਪਣੀ ਪ੍ਰੇਮਿਕਾ ਤੋਂ ਦੂਰ ਗਿਆ ਗੱਭਰੂ ਵੀ ਚਰਖੇ ਨੂੰ ਆਪਣੀਆਂ ਭਾਵਨਾਵਾਂ ਵਿਚ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ ‘ਜੋਗੀ ਉੱਤਰ ਪਹਾੜੋਂ ਆਇਆ, ਨੀਂ ਚਰਖੇ ਦੀ ਘੂਕ ਸੁਣਕੇ’। ਇਸੇ ਹੀ ਤਰ੍ਹਾਂ ਇਕ ਸੱਜ ਵਿਆਹੀ ਮੁਟਿਆਰ ਆਪਣੇ ਕੰਤ ਨੂੰ ਮਿਹਣਾ ਮਾਰਦੀ ਹੋਈ ਨਵਾਂ ਚਰਖਾ ਲੈਣ ਵਾਸਤੇ ਤਰਲਾ ਕਰਦੀ ਹੋਈ ਕਹਿੰਦੀ ਹੈ ‘ਮੈਨੂੰ ਲੈ ਦੇ ਚੰਦਨ ਦਾ ਚਰਖਾ, ਵੇ ਕੱਤਦੀ ਦਾ ਚੂੜਾ ਛਣਕੇ’। ਵਿਆਹੀ ਮੁਟਿਆਰ ਆਪਣੇ ਪੇਕਿਆਂ ਨੂੰ ਯਾਦ ਕਰਦੀ ਹੋਈ ਆਪਣੀਆਂ ਸਹੇਲੀਆਂ ਵਿਚ ਬੈਠੀ ਚਰਖਾ ਕੱਤਦੀ ਹੋਈ ਆਪਣੇ ਦਿਲ ਦੇ ਵਲਵਲਿਆਂ ਨੂੰ ਗੀਤ ਦੇ ਰੂਪ ਵਿਚ ਗਾਉਂਦੀ ਹੋਈ ਕਹਿੰਦੀ ਹੈ ‘ਨੀਂ ਮੈਂ ਕੱਤਾਂ ਪ੍ਰੀਤਾਂ ਨਾਲ, ਚਰਖਾ ਚੰਨਣ ਦਾ, ਸ਼ਾਵਾ ਚਰਖਾ ਚੰਨਣ ਦਾ।’
ਚਰਖਾ ਲੱਕੜ ਤੋਂ ਤਿਆਰ ਕੀਤੀ ਗਈ ਦੇਸੀ ਮਸ਼ੀਨ ਹੈ। ਜਿਸ ਨੂੰ ਹੱਥ ਨਾਲ ਘੁਮਾ ਕੇ ਚਲਾਇਆ ਜਾਂਦਾ ਹੈ। ਇਸ ਨਾਲ ਕਪਾਹ ਜਾਂ ਨਰਮੇ ਆਦਿ ਤੋਂ ਤਿਆਰ ਕੀਤੀ ਰੂੰ ਨੂੰ ਕੱਤ ਕੇ ਸੂਤ ਬਣਾਇਆ ਜਾਂਦਾ ਹੈ। ‘ਚਰਖਾ’ ਫੱਟ, ਮਝੇਰੂ, ਹੱਥੀ, ਮੁੰਨੇ, ਮੁੰਨੀਆਂ, ਮਾਹਲ, ਤੱਕਲਾ, ਚਰਮਖਾ, ਦਮਕੜਾ, ਕਸਣ, ਬੀੜੀ ਆਦਿ ਨੂੰ ਮਿਲਾ ਕੇ ਲੱਕੜੀ ਦੇ ਕਾਰੀਗਰ ਵੱਲੋਂ ਤਿਆਰ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਬਗਦਾਦ (1270) ਅਤੇ ਫਿਰ ਚੀਨ (1280) ਵਿਚ ਇਸ ਦੇ ਚਿੱਤਰ ਮਿਲਦੇ ਹਨ ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ 11ਵੀਂ ਸਦੀ ਵਿਚ ਇਹ ਚੀਨ ਤੇ ਇਸਲਾਮੀ ਦੁਨੀਆਂ ਵਿਚ ਵਰਤਿਆ ਜਾਣਾ ਸ਼ੁਰੂ ਹੋ ਚੁੱਕਾ ਸੀ। ਇਰਫਾਨ ਹਬੀਬ ਅਨੁਸਾਰ ਭਾਰਤ ਵਿਚ ਚਰਖਾ ਇਰਾਨ ਵਿਚੋਂ 13ਵੀਂ ਸਦੀ ਵਿਚ ਆਇਆ ਸੀ। ਅੰਗਰੇਜ਼ਾਂ ਦੇ ਭਾਰਤ ਵਿਚ ਆਉਣ ਤੋਂ ਪਹਿਲਾਂ ਇੱਥੇ ਚਰਖੇ ਅਤੇ ਹੱਥ ਖੱਡੀ ਦੀ ਵਰਤੋਂ ਆਮ ਹੋ ਚੁੱਕੀ ਸੀ। 1500 ਤਕ ਖਾਦੀ ਤੇ ਦਸਤਕਾਰੀ ਉਦਯੋਗ ਪੂਰੀ ਤਰ੍ਹਾਂ ਵਿਕਸਤ ਹੋ ਕੇ ਪੂਰੇ ਜੋਬਨ ’ਤੇ ਸੀ। ਭਾਵੇਂ ਭਾਰਤ ਵਿਚ ਚਰਖੇ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ, ਪਰ ਫਿਰ ਵੀ ਮਹਾਤਮਾ ਗਾਂਧੀ ਨੇ ਚਰਖੇ ਨੂੰ ਜੋ ਵੱਖਰੀ ਪਹਿਚਾਣ ਦਿਵਾਈ ਹੈ ਉਹ ਕਾਬਿਲੇ ਤਾਰੀਫ਼ ਹੈ।
ਪੰਜਾਬੀ ਲੋਕਾਂ ਦਾ ਜੀਵਨ ਬਹੁਤ ਸਾਦਾ, ਖੁੱਲ੍ਹਾ ਡੁੱਲ੍ਹਾ ਤੇ ਸਹਿਣਸ਼ੀਲਤਾ ਭਰਪੂਰ ਰਿਹਾ ਹੈ। ਅਜੇ ਮਸ਼ੀਨੀਕਰਨ ਦਾ ਪ੍ਰਭਾਵ ਨਹੀਂ ਸੀ ਤੇ ਪੇਟ ਦੀ ਅੱਗ ਬੁਝਾਉਣ ਲਈ ਹੀ ਅਨਾਜ ਪੈਦਾ ਕੀਤਾ ਜਾਂਦਾ ਸੀ। ਤਨ ਢੱਕਣ ਲਈ ਕੱਪੜਾ ਵੀ ਹੱਥੀਂ ਬੁਣ ਕੇ ਹੀ ਪਾਇਆ ਜਾਂਦਾ ਸੀ। ਕੱਪੜੇ ਲਈ ਦੇਸੀ ਕਪਾਹ ਬੀਜੀ ਜਾਂਦੀ ਸੀ ਤੇ ਸਮਾਂ ਬਦਲਣ ਕਾਰਨ ਹੌਲੀ ਹੌਲੀ ਕਪਾਹ ਦੇ ਨਾਲ-ਨਾਲ ਨਰਮਾ ਵੀ ਵਰਤਿਆ ਜਾਣ ਲੱਗਾ। ਕਪਾਹ ਨੂੰ ਵੇਲਣੇ ਵਿਚ ਵੇਲ ਕੇ ਰੂੰ ਤੋਂ ਵੜੇਵੇਂ ਵੱਖ ਕਰ ਲਏ ਜਾਂਦੇ ਸਨ। ਵੜੇਵੇਂ ਪਸ਼ੂਆਂ ਨੂੰ ਪਾਉਣ ਲਈ ਜਾਂ ਵੜੇਵਿਆਂ ਦਾ ਤੇਲ ਕੱਢ ਕੇ ਖਲ਼ ਬਣਾ ਲਈ ਜਾਂਦੀ ਸੀ। ਰੂੰ ਨੂੰ ਕਾਨੇ ਦੀਆਂ ਤੀਲਾਂ ’ਤੇ ਹੱਥਾਂ ਨਾਲ ਵੇਲ ਕੇ ਪੂਣੀਆਂ ਬਣਾ ਕੇ ਚਰਖੇ ’ਤੇ ਕੱਤ ਕੇ ਗਲੋਟੇ ਬਣਾ ਲਏ ਜਾਂਦੇ ਸਨ। ਫਿਰ ਇਸ ਤੋਂ ਅਲੱਗ ਅਲੱਗ ਤਰ੍ਹਾਂ ਦੇ ਕੱਪੜੇ ਬੁਣਨ ਲਈ ਸੂਤ ਨੂੰ ਵਰਤਿਆ ਜਾਂਦਾ ਸੀ। ਜਿਸ ਕਰਕੇ ਕਪਾਹ ਬੀਜਣ ਤੋਂ ਲੈ ਕੇ ਕੱਪੜਾ ਬੁਣਨ ਤਕ ਦਾ ਸਫ਼ਰ ਰੁਮਾਂਚ ਭਰਿਆ ਰਹਿੰਦਾ ਸੀ। ਔਰਤਾਂ ਚਰਖਾ ਚਲਾਉਣ ਵਾਲੇ ਸਮੇਂ ਨੂੰ ਵਿਭਿੰਨ ਪ੍ਰਕਾਰ ਦੇ ਗੀਤ ਗਾ ਕੇ ਜਵਾਨ ਕੁੜੀਆਂ ਨੂੰ ਆਹਰੇ ਲਾਈ ਰੱਖਦੀਆਂ ਸਨ। ਪੁਰਾਣੇ ਸਮਿਆਂ ਵਿਚ ਤਾਂ ਰਿਸ਼ਤਾ ਕਰਨ ਵੇਲੇ ਇਹ ਪੁੱਛਿਆ ਜਾਂਦਾ ਸੀ ਕਿ ਕੁੜੀ ਨੂੰ ਚੁੱਲ੍ਹੇ-ਚੌਕੇ ਦੇ ਕੰਮ ਨਾਲ ਕੱਤਣਾ ਵੀ ਆਉਂਦਾ ਹੈ।
ਬੀਤੇ ਸਮਿਆਂ ਵਿਚ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ, ਬਸ ਘਰ ਦੇ ਕੰਮ-ਕਾਜ ਵਿਚ ਸੁਚੱਜੀ ਬਣਾਉਣਾ, ਚਰਖਾ ਕੱਤਣਾ ਸਿਖਾਉਣਾ, ਦਰੀਆ, ਖੇਸ ਬੁਣਨੇ ਸਿਖਾਉਣੇ ਆਦਿ ਵਿਚ ਨਿਪੁੰਨ ਬਣਾਉਣਾ ਹੀ ਕੁੜੀ ਦਾ ਸਹੁਰਿਆਂ ਵਿਚ ਮਾਣ ਵਧਾਉਂਦਾ ਸੀ। ਇਨ੍ਹਾਂ ਵਿਚ ਸਭ ਤੋਂ ਵੱਡਾ ਕੰਮ ਚਰਖਾ ਕੱਤਣਾ ਹੀ ਹੁੰਦਾ ਸੀ। ਜਿੱਥੇ ਮੁਟਿਆਰਾਂ ਇਕੱਠੀਆਂ ਬੈਠ ਕੇ ਚਰਖੇ ਕੱਤਦੀਆਂ, ਕਢਾਈ ਜਾਂ ਬੁਣਾਈ ਕਰਦੀਆਂ ਉਸ ਥਾਂ ਨੂੰ ਤ੍ਰਿੰਝਣ ਕਿਹਾ ਜਾਂਦਾ। ਇਸ ਦੌਰਾਨ ਉੱਥੇ ਕੁੜੀਆਂ ਬੋਲੀ ਪਾਉਂਦੀਆਂ ਸਨ:
ਜੋ ਪਾਣੀ ਅੱਜ ਪੱਤਣੋਂ ਲੰਘਿਆ,
ਫੇਰ ਨਾ ਲੰਘਣਾ ਭਲਕੇ
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ,
ਫੇਰ ਨਾ ਬੈਠਣ ਰਲਕੇ
ਇਹ ਦਿਲ ਦੇ ਵਲਵਲੇ ਤਾਂ ਹੀ ਗੀਤਾਂ ਰਾਹੀਂ ਗਾਏ ਜਾਂਦੇ ਸਨ ਕਿ ਮੁਟਿਆਰ ਕੁੜੀਆਂ ਵਿਆਹ ਤੋਂ ਮਗਰੋਂ ਆਪੋ-ਆਪਣੇ ਸਹੁਰਿਆਂ ਤੋਂ ਬਾਅਦ ਕਿਤੇ ਸਬੱਬ ਨਾਲ ਹੀ ’ਕੱਠੀਆਂ ਹੁੰਦੀਆਂ ਸਨ। ਇਨ੍ਹਾਂ ਵਿਚ ਹੀ ਚਰਖਾ ਕੱਤਦੀ ਵਿਆਹੀ ਮੁਟਿਆਰ ਆਪਣੇ ਜੀਵਨ ਸਾਥੀ ਦੀ ਯਾਦ ਵਿਚ ਆਪਣੇ ਪਿਆਰ ਦੀ ਡੋਰੀ ਨੂੰ ਚਰਖੇ ਦੀ ਘੂਕ ਨਾਲ ਜੋੜਦੀ ਹੋਈ ਕਹਿੰਦੀ:
ਸੁਣ ਚਰਖੇ ਦੀ ਮਿੱਠੀ-ਮਿੱਠੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ।
ਛੋਪ ਪਾ ਕੇ ਕੱਤਣਾ ਚਰਖਾ ਕੱਤਣ ਦਾ ਇਕ ਵੱਖਰਾ ਢੰਗ ਸੀ। ਇਸ ਵਿਚ ਕੱਤਣ ਦੇ ਮੁਕਾਬਲੇ ਹੁੰਦੇ ਸੀ। ਜਿਸ ਘਰ ਵਿਚ ਮੁਟਿਆਰਾਂ ਵੱਧ ਤੇ ਮਰਦ ਮੈਂਬਰ ਘੱਟ ਹੁੰਦੇ ਸਨ, ਉਸ ਘਰ ਵਿਚ ਰਾਤ ਸਮੇਂ ਆਂਢ-ਗੁਆਂਢ ਦੀਆਂ ਸਾਰੀਆਂ ਕੁੜੀਆਂ ਆਪੋ-ਆਪਣੇ ਚਰਖੇ ਤੇ ਦੀਵਿਆਂ ਵਿਚ ਪਾਉਣ ਲਈ ਤੇਲ, ਚਾਹ ਪਾਣੀ ਲਈ ਗੁੜ ਪੱਤੀ ਨਾਲ ਲੈ ਕੇ ਆ ਜਾਂਦੀਆਂ, ਮਰਦ ਮੈਂਬਰਾਂ ਨੂੰ ਬਾਹਰਲੇ ਘਰ ਸੌਣ ਲਈ ਭੇਜ ਦਿੱਤਾ ਜਾਂਦਾ ਸੀ ਤੇ ਸਾਰੀਆਂ ਰਲ ਮਿਲ ਕੇ ਚਰਖੇ ਕੱਤਦੀਆਂ ਸਨ। ਇਕ ਮੁਰੈਲਣ ਕੁੜੀ ਵਿਚਕਾਰ ਤੇ ਬਾਕੀ ਸਾਰੀਆਂ ਚਾਰ-ਚੁਫੇਰੇ ਗੋਲਾਕਾਰ ਚੱਕਰ ਬਣਾ ਕੇ ਵਾਰੀ-ਵਾਰੀ ਆਪਣੀਆਂ ਪੂਣੀਆਂ ਮੁਰੈਲਣ ਕੁੜੀ ਦੇ ਬੋਟੇ ਵਿਚ ਰੱਖ ਦਿੰਦੀਆਂ ਤੇ ਫਿਰ ਉਹ ਸਾਰੀਆਂ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਬਰਾਬਰ ਦੀਆਂ ਪੂਣੀਆਂ ਵੰਡ ਦਿੰਦੀ। ਇਸ ਤਰ੍ਹਾਂ ਲਗਾਤਾਰ ਕੱਤਦੇ ਹੋਏ ਕਈ ਮੁਟਿਆਰਾਂ ਕੋਲ ਕੱਤਣ ਦੀ ਸਪੀਡ ਘੱਟ ਹੋਣ ਕਾਰਨ ਪੂਣੀਆਂ ਜੁੜ ਜਾਂਦੀਆਂ ਤੇ ਬਾਕੀ ਮੁਟਿਆਰਾਂ ਆਪਣਾ ਸੂਤ ਕੱਤ ਛੇਤੀ ਵਿਹਲੀਆਂ ਹੋ ਜਾਂਦੀਆਂ। ਇਸ ਨੂੰ ਛੋਪ ਪਾਉਣਾ ਕਿਹਾ ਜਾਂਦਾ ਹੈ। ਛੋਪ ਪਾ ਕੇ ਸਾਰੀ ਰਾਤ ਕੱਤਣ ਨੂੰ ‘ਰਾਤ ਕੱਤਣੀ’ ਵੀ ਕਿਹਾ ਜਾਂਦਾ ਹੈ। ਬਾਕੀਆਂ ਤੋਂ ਕੱਤਣ ਵਿਚ ਪਿੱਛੇ ਰਹਿ ਗਈ ਮੁਟਿਆਰ ਆਪਣੀ ਮਾਂ ਨੂੰ ਇੰਜ ਉਲਾਂਭਾ ਦਿੰਦੀ:
ਕਿੱਕਰ ਦਾ ਮੇਰਾ ਚਰਖਾ ਮਾਏ,
ਟਾਹਲੀ ਦਾ ਕਢਵਾਦੇ,
ਇਹ ਚਰਖੇ ਦਾ ਹੱਲੇ ਮਝੇਰੂ,
ਮਾਲ੍ਹ ਗੋਤੀਆਂ ਖਾਵੇ।
ਮੇਰੇ ਨਾਲ ਦੀਆਂ ਕੱਤ ਕੇ ਸੌਂ ਗਈਆਂ,
ਮੈਥੋਂ ਕੱਤਿਆ ਨਾ ਜਾਵੇੇ।
ਚਰਖਾ ਬੂ ਚੰਦਰਾ, ਮੇਰੀ ਨੀਂਦ ਗਵਾਵੇ।
ਤ੍ਰਿੰਝਣਾਂ ਵਿਚ ਬੈਠ ਮੁਟਿਆਰਾਂ ਚਰਖਾ ਕੱਤਦੀਆਂ, ਬਾਗ਼ ਤੇ ਫੁਲਕਾਰੀਆਂ ਕੱਢਦੀਆਂ, ਦਰੀਆਂ ਖੇਸ ਬੁਣਦੀਆਂ, ਚਾਦਰਾਂ ਤੇ ਝੋਲਿਆਂ ’ਤੇ ਮੋਰ, ਘੁੱਗੀਆਂ ਪਾਉਂਦੀਆਂ ਕੱਚੀਆਂ ਕੰਧੋਲੀਆਂ ’ਤੇ ਮਿੱਟੀ ਨਾਲ ਮੋਰ-ਘੁੱਗੀਆਂ ਬਣਾਉਂਦੀਆਂ, ਹੱਥ ਚੱਕੀਆਂ ਨਾਲ ਆਟਾ ਪੀਂਹਦੀਆਂ, ਦੁੱਧ ਰਿੜਕਦੀਆਂ ਖੂਹ ’ਤੇ ਪਾਣੀ ਭਰਨ ਜਾਂਦੀਆਂ। ਜਿਸ ਨਾਲ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦੀਆਂ ਗੰਢਾ ਹੋਰ ਮਜ਼ਬੂਤ ਹੁੰਦੀਆਂ ਸਨ ਤੇ ਹੱਥੀਂ ਕਿਰਤ ਕਰਨ ਦੀ ਸੇਧ ਮਿਲਦੀ ਸੀ। ਪਰ ਅੱਜ ਸਾਡੇ ਸਮਾਜਿਕ ਰਿਸ਼ਤਿਆਂ ਵਿਚ ਇਕ ਦੂਸਰੇ ਦੀ ਤਰੱਕੀ ਦੇਖ ਰੰਜ਼ਿਸ਼ ਦੀਆਂ ਤਰੇੜਾਂ ਨੇ ਦੂਰੀਆਂ ਵਧਾ ਦਿੱਤੀਆਂ ਹਨ ਜਿਸ ਨਾਲ ਸਾਡੀ ਭਾਈਚਾਰਕ ਸਾਂਝ ਲਗਭਗ ਖ਼ਤਮ ਹੋਣ ਕਿਨਾਰੇ ਹੀ ਹੈ। ਪਰ ਪੁਰਾਣੇ ਸਮਿਆਂ ਵਿਚ ਚਰਖੇ ਦੇ ਗਲੋਟੇ ਦੀਆਂ ਕਮਜ਼ੋਰ ਤੰਦਾਂ ਵੀ ਸਾਰੇ ਪਿੰਡ ਨੂੰ ਆਪਸ ਵਿਚ ਜੋੜ ਕੇ ਰੱਖਣ ਲਈ ਮਜ਼ਬੂਤੀ ਦਾ ਕੰਮ ਕਰਦੀਆਂ ਸਨ। ਇਕ ਸਮਾਂ ਅਜਿਹਾ ਸੀ ਜਦੋਂ ਪੰਜਾਬ ਦੇ ਪਿੰਡਾਂ ਵਿਚ ਹਰੇਕ ਘਰ ਅੰਦਰ ਚਰਖੇ ਦੀ ਘੂਕ ਸੁਣਾਈ ਦਿੰਦੀ ਸੀ। ਕੁੜੀਆਂ-ਚਿੜੀਆਂ ਆਪਣੇ ਹੱਥੀਂ ਕੱਤ ਕੇ ਆਪਣਾ ਸਾਰਾ ਦਾਜ ਦਾ ਸਾਮਾਨ ਆਪ ਹੀ ਤਿਆਰ ਕਰਦੀਆਂ ਸਨ ਤੇ ਉਸ ਸਮੇਂ ਦਾਜ ਵਿਚ ਚਰਖਾ ਦੇਣ ਦਾ ਰਿਵਾਜ ਵੀ ਆਮ ਹੀ ਪ੍ਰਚੱਲਿਤ ਸੀ। ਸਰਦੇ ਪੁੱਜਦੇ ਘਰ ਆਪਣੀ ਧੀ ਨੂੰ ਸਪੈਸ਼ਲ ਸ਼ੀਸ਼ਿਆਂ ਤੇ ਪਿੱਤਲ ਦੀਆਂ ਮੇਖਾਂ ਤੇ ਕੋਕਿਆਂ ਨਾਲ ਜੜੇ ਚਰਖੇ ਦਿੰਦੇ ਸਨ।
ਜਿੱਥੇ ਪਿਆਰ ਕਰਨ ਵਾਲਿਆਂ ਲਈ ਚਰਖਾ ਆਪਸੀ ਮੋਹ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ, ਉੱਥੇ ਛੜਿਆਂ ਲਈ ਵੀ ਚਰਖਾ ਖ਼ਾਸ ਥਾਂ ਰੱਖਦਾ ਹੈ ਤੇ ਛੜਾ ਜੇਠ ਆਪਣੀ ਭਰਜਾਈ ਨੁੂੰ ਪਿਆਰ ਨਾਲ ਕੁਝ ਇਉਂ ਮਜ਼ਾਕ ਕਰਦਾ ਹੈ :
ਚੱਕ ਚਰਖਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾ।
ਚਰਖਾ ਪੰਜਾਬੀ ਮੁਟਿਆਰਾਂ ਦੀ ਜ਼ਿੰਦਗੀ ਦਾ ਅਟੁੱਟ ਅੰਗ ਸੀ। ਉਹ ਚਰਖੇ ਨੂੰ ਆਪਣੇ ਸਾਕ-ਸਬੰਧੀਆਂ ਨਾਲ ਜੋੜ ਕੇ ਦਿਲੋਂ ਪਿਆਰ ਕਰਦੀਆਂ ਹੋਈਆਂ ਦਿਲ ਦੇ ਵਹਿਣਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀਆਂ ਸਨ :
ਚਰਖਾ ਮੇਰਾ ਰੰਗ ਰੰਗੀਲਾ, ਮੁੰਨੇ ਮੇਰੇ ਭਾਈ,
ਗੁੱਡੀਆਂ ਮੇਰੀਆਂ ਸਕੀਆਂ ਭੈਣਾਂ, ਮਾਲ੍ਹ ਵੱਡੀ ਭਰਜਾਈ।
ਸੋਹਣੇ ਚਰਖੇ ਤੋਂ, ਨੀਂ ਮੈਂ ਜਿੰਦੜੀ ਘੋਲ ਘੁਮਾਈ।
ਚਰਖੇ ’ਤੇ ਲੰਮੇ ਤੰਦ ਪਾਉਂਦੀ ਪਤਨੀ ਆਪਣੇ ਪ੍ਰਦੇਸੀ ਢੋਲ ਦੇ ਵਿਯੋਗ ਵਿਚ ਦਿਲ ਹੌਲਾ ਕਰਨ ਲਈ ਬਿਰਹਾ ਵਿਚ ਹੂਕਾਂ ਲਾਉਂਦੀ ਹੋਈ ਕਹਿੰਦੀ ਹੈ:
ਲੰਬੇ-ਲੰਬੇ ਤੰਦ ਵੇ ਮੈਂ ਤੱਕਲੇ ’ਤੇ ਪਾਉਨੀ ਆਂ,
ਤੱਕ-ਤੱਕ ਰਾਹਾਂ ਸਾਰਾ ਦਿਨ ਮੈਂ ਲੰਘਾਉਨੀ ਆਂ,
ਚਰਖਾ ਲੱਕੜ ਦੇ ਕਾਰੀਗਰ ਵੱਲੋਂ ਬਣਾਇਆ ਕਾਰੀਗਰੀ ਦਾ ਬੇਮਿਸਾਲ ਨਮੂਨਾ ਹੈ, ਪਰ ਨਿੱਤ ਨਵੀਆਂ ਖੋਜਾਂ ਹੋਣ ਨਾਲ ਅਸੀਂ ਆਪਣੇ-ਆਪ ਨੂੰ ਅਗਾਂਹਵਧੂ ਕਰਨ ਲਈ ਬਦਲਦੇ ਜ਼ਮਾਨੇ ਨਾਲ ਆਪਣੇ ਸੱਭਿਆਚਾਰ ਤੋਂ ਲਗਾਤਾਰ ਟੁੱਟ ਰਹੇ ਹਾਂ। ਅੱਜ ਚਰਖਾ ਸਾਡੇ ਪਿੰਡਾਂ ਵਿਚੋਂ ਖ਼ਤਮ ਹੋਣ ਕਿਨਾਰੇ ਹੀ ਹੈ। ਕੋਈ ਵਿਰਲੇ ਘਰ ਹੀ ਬੇਬੇ ਕਿਤੇ ਚਰਖਾ ਕੱਤਦੀ ਹੋਵੇਗੀ। ਕਿਸੇ ਸਮੇਂ ਚਰਖਾ ਪੰਜਾਬੀਆਂ ਨੁੂੰ ਜੰਮਣ ਤੋਂ ਲੈ ਕੇ ਮਰਨ ਤਕ ਨੰਗ ਢੱਕਣ ਦਾ ਜ਼ਿੰਮੇਵਾਰ ਸੀ। ਕਿਉਂਕਿ ਪੋਤੜੇ ਤੇ ਕੱਫਣ ਦਾ ਸੂਤ ਚਰਖੇ ਨਾਲ ਕੱਤ ਕੇ ਹੀ ਕੱਪੜਾ ਤਿਆਰ ਹੁੰਦਾ ਸੀ। ਇਸ ਤੋਂ ਇਲਾਵਾ ਖੇਸ, ਚਾਦਰਾਂ, ਦਰੀਆਂ, ਕੋਰਿਆਂ, ਪੋਣਿਆਂ, ਤਾਣੀਆਂ ਦੇ ਸੂਤ ਦਾ ਜਨਮ ਦਾਤਾ ਵੀ ਚਰਖਾ ਹੀ ਹੁੰਦਾ ਸੀ, ਜਿਸ ਨੂੰ ਕੱਤਦੇ ਸਮੇਂ ਬਜ਼ੁਰਗ ਔਰਤਾਂ, ਕੁਆਰੀਆਂ, ਵਿਆਹੀਆਂ, ਪੇਕੇ ਆਈਆਂ ਜਾਂ ਸੱਜ ਵਿਆਹੀਆਂ ਸਹੁਰੇ ਘਰ ਤ੍ਰਿੰਝਣ ਵਿਚ ਆਪਣੇ ਦੁੱਖ-ਸੁੱਖ ਸਾਂਝੇ ਕਰਦੀਆਂ ਸਨ, ਪਰ ਅੱਜ ਤਾਂ ਚਰਖਾ ਡੀ.ਜੇ. ਵਾਲਿਆਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ ਜਾਂ ਫਿਰ ਕਿਧਰੇ-ਕਿਧਰੇ ਪੰਜਾਬੀ ਫ਼ਿਲਮਾਂ ਜਾਂ ਗੀਤਾਂ ਦੀਆਂ ਵੀਡੀਓ’ਜ਼ ਵਿਚ ਦੇਖਣ ਨੂੰ ਮਿਲਦਾ ਹੈ। ਕਈ ਪੰਜਾਬੀ ਗਾਇਕਾਂ ਨੇ ‘ਚਰਖੇ’ ਦੀ ਹੋਂਦ ਨੂੰ ਬਚਾਉਣ ਲਈ ਗੀਤ ਗਾਏ ਹਨ, ਪਰ ਅੱਜ ਅਸੀਂ ਆਪਣੇ ਪੁਰਾਤਨ ਵਿਰਸੇ ਨਾਲੋਂ ਬਿਲਕੁਲ ਟੁੱਟ ਕੇ ਪੱਛਮੀ ਮੁਲਕਾਂ ਦੀ ਚਕਾਚੌਂਧ ਰੌਸ਼ਨੀ ਵਿਚ ਪੁੱਜ ਗਏ ਹਾਂ, ਜਿੱਥੇ ਜਾ ਕੇ ਅਸੀਂ ਸੱਭਿਆਚਾਰ ਤਾਂ ਇਕ ਪਾਸੇ, ਅਸੀਂ ਤਾਂ ਆਪਣੇ ਆਪ ਨੂੰ ਵੀ ਭੁੱਲਣ ਦੇ ਕਿਨਾਰੇ ਖੜ੍ਹੇ ਹਾਂ।
ਸੰਪਰਕ: 96462-00468