ਸੁਰਜੀਤ ਜੱਸਲ
ਬੌਲੀਵੁੱਡ ਵਿੱਚ ਬਾਇਓਪਿਕਸ ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਪੰਜਾਬੀ ਸਿਨਮਾ ਵਿੱਚ ਵੀ ਅਸਲ ਜ਼ਿੰਦਗੀ ਦੀਆਂ ਕਹਾਣੀਆਂ ’ਤੇ ਫਿਲਮਾਂ ਬਣ ਰਹੀਆਂ ਹਨ। ‘ਹਰਜੀਤਾ’, ‘ਸੱਜਣ ਸਿੰਘ ਰੰਗਰੂਟ’, ‘ਸੂਬੇਦਾਰ ਜੋਗਿੰਦਰ ਸਿੰਘ’ ਤੇ ‘ਡਾਕੂਆਂ ਦਾ ਮੁੰਡਾ’ ਜਿਹੀਆਂ ਫ਼ਿਲਮਾਂ ਤੋਂ ਬਾਅਦ ਇੱਕ ਹੋਰ ਬਾਇਓਪਿਕ ‘ਪਦਮ ਸ਼੍ਰੀ ਕੌਰ ਸਿੰਘ’ ਪੰਜਾਬੀ ਸਿਨਮਾ ਦੀ ਦਹਿਲੀਜ਼ ’ਤੇ ਦਸਤਕ ਦੇਣ ਜਾ ਰਹੀ ਹੈ।
ਕੌਰ ਸਿੰਘ ਇਕਲੌਤਾ ਪੰਜਾਬੀ ਮੁੱਕੇਬਾਜ਼ ਹੈ, ਜਿਸ ਨੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਵੀ ਮੈਚ ਖੇਡਿਆ ਸੀ। ਇਸ ਫਿਲਮ ਰਾਹੀਂ ‘ਪਦਮ ਸ਼੍ਰੀ’ ਅਤੇ ‘ਅਰਜੁਨ ਐਵਾਰਡ’ ਜਿਹੇ ਦੇਸ਼ ਦੇ ਵੱਕਾਰੀ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਮੁੱਕੇਬਾਜ਼ ਵੱਲੋਂ ਜੀਵਨ ਵਿੱਚ ਘਾਲੀ ਘਾਲਣਾ ਨੂੰ ਪਰਦੇ ’ਤੇ ਦਿਖਾਇਆ ਜਾਵੇਗਾ।
ਬਿਨ੍ਹਾਂ ਸ਼ੱਕ ਪੰਜਾਬੀ ਸਿਨਮਾ ਦੇ ਵਪਾਰਕ ਪੱਖ ਨੂੰ ਵੇਖਦਿਆਂ ਸਾਡੇ ਫਿਲਮ ਨਿਰਮਾਤਾਵਾਂ ਵੱਲੋਂ ਬਹੁਤਾ ਧਿਆਨ ਗਾਇਕੀ ਪ੍ਰਧਾਨ ਸਿਨਮਾ ਵੱਲ ਦਿੱਤਾ ਜਾਂਦਾ ਹੈ ਤਾਂ ਜੋ ਇੱਕ ਗਾਇਕ ਦੇ ਵੱਡੇ ਪ੍ਰਸ਼ੰਸਕ ਵਰਗ ਨੂੰ ਪੰਜਾਬੀ ਸਿਨਮਾ ਲਈ ਕੈਸ਼ ਕੀਤਾ ਜਾ ਸਕੇ। ਅਜਿਹੇ ਹਾਲਾਤ ਵਿੱਚ ਇੱਕ ਆਮ ਕਿਰਦਾਰ ਦਾ ਫਿਲਮ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਭਾਵੇਂ ਅਜਿਹੇ ਵਿਸ਼ੇ ’ਤੇ ਫਿਲਮ ਬਣਾਉਣਾ ਚੁਣੌਤੀ ਭਰਿਆ ਕਾਰਜ ਹੁੰਦਾ ਹੈ, ਪਰ ਇਸ ਦੇ ਬਾਵਜੂਦ ਵਿਸ਼ਵ ਪ੍ਰਸਿੱਧੀ ਖੱਟਣ ਵਾਲੇ ਅਣਗੌਲੇ ਮੁੱਕੇਬਾਜ਼ ਕੌਰ ਸਿੰਘ ਦੀ ਜ਼ਿੰਦਗੀ ਨੂੰ ਫਿਲਮੀ ਪਰਦੇ ’ਤੇ ਵਿਖਾਉਣ ਦਾ ਜ਼ਿੰਮਾ ਕਰਮ ਬਾਠ ਨੇ ਲਿਆ ਹੈ। ਕਰਮ ਬਾਠ ਇਸ ਫਿਲਮ ਦਾ ਨਾਇਕ ਵੀ ਹੈ ਤੇ ਨਿਰਮਾਤਾ ਵੀ।
ਸੂਬੇਦਾਰ ਕੌਰ ਸਿੰਘ ਨੇ ਦੇਸ਼ ਲਈ ਜੰਗਾਂ ਹੀ ਨਹੀਂ ਲੜੀਆਂ ਬਲਕਿ ਮੁੱਕੇਬਾਜ਼ੀ ਦੇ ‘ਰਿੰਗ’ ਵਿੱਚ ਲੜਦਿਆਂ ਪਦਮ ਸ਼੍ਰੀ ਵਰਗੇ ਵੱਡੇ ਇਨਾਮ ਵੀ ਦੇਸ਼ ਦੀ ਝੋਲੀ ਪਾਏ, ਪਰ ਫਿਰ ਵੀ ਉਹ ਕਈ ਮਾਅਨਿਆਂ ਵਿੱਚ ਅਣਗੌਲਿਆ ਹੀ ਰਿਹਾ। ਆਪਣੇ ਹੱਕਾਂ ਲਈ ਉਹ ਸਰਕਾਰੇ -ਦਰਬਾਰੇ ਜੁੱਤੀਆਂ ਘਸਾ-ਘਸਾ ਹੰਭ ਗਿਆ। ਇੱਕ ਸਮਾਂ ਉਸ ’ਤੇ ਕਾਫ਼ੀ ਤੰਗੀ ਤੁਰਸ਼ੀ ਵਾਲਾ ਵੀ ਆਇਆ, ਹਾਲਾਂਕਿ ਸ਼ਾਹੁਰਖ਼ ਖਾਨ ਵਰਗੇ ਬੌਲੀਵੁੱਡ ਸਟਾਰ ਨੇ ਉਸ ਦੀ ਮਦਦ ਕੀਤੀ। ਅਮਿਤਾਬ ਬਚਨ ਨੇ ਵੀ ਉਸ ਦੇ ਗਲ ਵਿੱਚ ਮੈਡਲ ਪਾ ਕੇ ਸਨਮਾਨਤ ਕੀਤਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਵਿਦੇਸ਼ ਵਿੱਚ ਇਸ ਹੀਰੇ ਦੀ ਕਦਰ ਪਾਉਣ ਵਾਲੇ ਤਾਂ ਜ਼ਰੂਰ ਬੈਠੇ ਹਨ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਛੋਟੀ ਖਨਾਲ ਵਿੱਚ ਆਰਥਿਕ ਮੰਦੀ ਨਾਲ ਜੂਝ ਰਹੇ ਸੱਤਰ ਸਾਲਾ ਸੂਬੇਦਾਰ ਕੌਰ ਸਿੰਘ ਨੇ ਦੱਸਿਆ ਕਿ ਉਹ 1970 ’ਚ ਫ਼ੌਜ ਵਿੱਚ ਭਰਤੀ ਹੋਇਆ ਸੀ ਜਿੱਥੇ ਦੇਸ਼ ਦੀ ਸੇਵਾ ਕਰਦਿਆਂ ਉਸ ਅੰਦਰ ਮੁੱਕੇਬਾਜ਼ੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਦੀ ਜਗਿਆਸਾ ਪੈਦਾ ਹੋਈ। ਉਸ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਕਰਨਲ ਬਲਜੀਤ ਸਿੰਘ ਜੌਹਲ ਨੇ ਭਰਪੂਰ ਯੋਗਦਾਨ ਪਾਉਂਦਿਆਂ ਪੂਨਾ ਇੰਸਟੀਚਿਊਟ ਵਿੱਚ ਟਰੇਨਿੰਗ ਕੈਂਪ ਲਾਉਣ ਲਈ ਪ੍ਰੇਰਿਤ ਕੀਤਾ। ਜਿੱਥੋਂ ਉਸ ਨੇ ਮੁੱਕੇਬਾਜ਼ੀ ਦੀ ਸਿਖਲਾਈ ਲੈ ਕੇ ਨਿਪੁੰਨਤਾ ਹਾਸਲ ਕੀਤੀ। ਆਪਣੀ ਮਿਹਨਤ ਅਤੇ ਲਗਨ ਨਾਲ ਉਸ ਨੇ ਨੈਸ਼ਨਲ ਖੇਡਦਿਆਂ ਪਹਿਲੀ ਵਾਰ ਸਿੰਕਦਾਰਾਬਾਦ ਵਿਖੇ ਗੋਲਡ ਮੈਡਲ ਜਿੱਤਿਆ। ਫਿਰ ਉਹ ਇੰਡੀਆ ਕੱਪ ਲਈ ਚੁਣਿਆ ਗਿਆ। ਇਸ ਦੇ ਨਾਲ ਹੀ ਉਸ ਨੇ ਕਾਮਨਵੈਲਥ ਖੇਡਾਂ ਅਤੇ ਕਿੰਗ ਕੱਪ ਵਿੱਚ ਖੇਡਦਿਆਂ ਵੀ ਗੋਲਡ ਮੈਡਲ ਜਿੱਤੇ। ਨੌਵੀਂ ਏਸ਼ੀਅਨ ਚੈਂਪੀਅਨਸ਼ਿਪ, ਮੁੰਬਈ ਵਿਖੇ ਵੀ ਗੋਲਡ ਮੈਡਲ ਜਿੱਤਣ ਵਾਲਾ ਉਹ ਇਕੱਲਾ ਹੀ ਸੀ। ਉਹ ਵਿਸ਼ਵ ਦੇ ਇੱਕ ਨੰਬਰ ਦੇ ਮੁੱਕੇਬਾਜ਼ ਮੁਹੰਮਦ ਅਲੀ ਨਾਲ ਵੀ ਖੇਡਿਆ। ਉਸ ਨੂੰ 1982 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਫਿਰ 1983 ਵਿੱਚ ਪਦਮ ਸ਼੍ਰੀ ਐਵਾਰਡ ਵੀ ਮਿਲਿਆ। ਉਸ ਨੇ 1984 ਵਿੱਚ ਅਮਰੀਕਾ ਦੇ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ ਜਿੱਥੇ ਹੋਈ ਇੱਕ ਘਟਨਾ ਨੇ ਉਸ ਦਾ ਮਨ ਖੱਟਾ ਕਰ ਦਿੱਤਾ ਤੇ ਉਸ ਨੇ ਮੁੱਕੇਬਾਜ਼ੀ ਖੇਡਣੀ ਛੱਡ ਦਿੱਤੀ।
ਫਿਲਮ ਵਿੱਚ ਕੌਰ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਕਰਮ ਬਾਠ ਨੇ ਦੱਸਿਆ ਕਿ ਫਿਲਮੀ ਪਰਦੇ ’ਤੇ ਕੌਰ ਸਿੰਘ ਨੂੰ ਹੁਬਹੂ ਪੇਸ਼ ਕਰਨ ਲਈ ਉਸ ਨੇ ਬਹੁਤ ਮਿਹਨਤ ਕੀਤੀ ਹੈ। ਜਿੰਮ ਜਾ ਕੇ ਆਪਣੇ ਸਰੀਰ ਨੂੰ ਇੱਕ ਵੱਖਰੀ ਸ਼ੇਪ ਦਿੱਤੀ ਹੈ, ਮੁੱਕੇਬਾਜ਼ੀ ਦੇ ਦਾਅ-ਪੇਚ ਸਿੱਖੇ ਹਨ। ਉਸ ਨਾਲ ਰਹਿ ਕੇ ਉਸ ਨੂੰ ‘ਪੜ੍ਹਨ’ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਉਸ ਨੂੰ ਕੁਝ ਗੰਭੀਰ ਸੱਟਾਂ ਵੀ ਲੱਗੀਆਂ। ਫਿਰ ਲੌਕਡਾਊਨ ਕਰਕੇ ਵੀ ਫਿਲਮ ਦਾ ਕੰਮ ਰੁਕਿਆ ਰਿਹਾ, ਪਰ ਉਸ ਨੇ ਹੌਸਲਾ ਨਹੀਂ ਛੱਡਿਆ। ਹੁਣ 22 ਜੁਲਾਈ ਨੂੰ ਇਹ ਫਿਲਮ ਸਿਨਮਿਆਂ ਵਿੱਚ ਵੇਖਣ ਨੂੰ ਮਿਲੇਗੀ। ਇਹ ਫਿਲਮ ਨਾ ਸਿਰਫ਼ ਇੱਕ ਮੁੱਕੇਬਾਜ਼ ਦੇ ਜੀਵਨ ’ਤੇ ਆਧਾਰਿਤ ਹੈ ਬਲਕਿ ਫ਼ੌਜੀ ਜੀਵਨ ਦੀਆਂ ਭਾਵੁਕ ਯਾਦਾਂ ਅਤੇ ਕਾਮੇਡੀ ਭਰਪੂਰ ਪਰਿਵਾਰਕ ਡਰਾਮੇ ਦੀ ਵੀ ਪੇਸ਼ਕਾਰੀ ਹੈ। ਇਹ ਫਿਲਮ ਸਿਰਫ਼ ਇੱਕ ਪੱਖ ਦੀ ਗੱਲ ਨਹੀਂ ਕਰਦੀ ਬਲਕਿ ਨੌਜਵਾਨਾਂ ਨੂੰ ਨਸ਼ਿਆਂ, ਹਥਿਆਰਾਂ ਤੋਂ ਪਾਸੇ ਕਰਕੇ ਖੇਡਾਂ ਨਾਲ ਜੋੜਦੀ ਹੋਈ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੀ ਹੈ।
ਫਿਲਮ ਦਾ ਨਿਰਮਾਣ ਕਰਮ ਬਾਠ ਵੱਲੋਂ ਸਲੇਅ ਰਿਕਾਰਡਜ਼ ਨਾਲ ਮਿਲ ਕੇ ਕੀਤਾ ਗਿਆ ਹੈ। ਵਿਕਰਮ ਪ੍ਰਧਾਨ ਫਿਲਮ ਲੇਖਕ ਤੇ ਨਿਰਦੇਸ਼ਕ ਹਨ। ਫਿਲਮ ਵਿੱਚ ਕਰਮ ਬਾਠ, ਪ੍ਰਭ ਗਰੇਵਾਲ, ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ, ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਰਾਜ ਕਾਕੜਾ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ। ਜੀਆ ਠੱਕਰ ਫਿਲਮ ਦੇ ਸਹਿ ਲੇਖਕ ਤੇ ਸਹਿ ਨਿਰਦੇਸ਼ਕ ਹਨ। ਕਰਮ ਬਾਠ ਤੇ ਵਿੱਕੀ ਮਾਨ ਫਿਲਮ ਦੇ ਮੁੱਖ ਨਿਰਮਾਤਾ ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸ ਦੇ ਸਹਿ ਨਿਰਮਾਤਾ ਹਨ।
ਸੰਪਰਕ: 98146-07737