ਮਦਨ ਬੰਗੜ
ਸਾਉਣ ਮਹੀਨਾ ਹਰ ਮਨੁੱਖ, ਪਸ਼ੂ-ਪੰਛੀਆਂ, ਜੀਵ-ਜੰਤੂਆਂ ਅਤੇ ਪੂਰੀ ਕਾਇਨਾਤ ਲਈ ਅਹਿਮ ਗਿਣਿਆ ਗਿਆ ਹੈ। ਸਾਉਣ ਮਹੀਨਾ ਅੰਤਾਂ ਦੀ ਗਰਮੀ ਵਿਚ ਠੰਢੀਆਂ ਫੁਹਾਰਾਂ ਲੈ ਕੇ ਆਉਂਦਾ ਹੈ ਜੋ ਮਨੁੱਖੀ ਅਤੇ ਜੀਵ ਜੰਤੂਆਂ ਦੀ ਜ਼ਿੰਦਗੀ ਵਿਚ ਨਵੀਂ ਉਮੰਗ ਅਤੇ ਤਰੰਗ ਭਰ ਦਿੰਦੀਆਂ ਹਨ। ਆਸਮਾਨ ਵਿਚ ਛਾਏ ਕਾਲੇ ਬੱਦਲ ਜਦੋਂ ਤਪਦੀ ਧਰਤੀ ਨੂੰ ਠਾਰਦੇ ਹਨ ਤਾਂ ਮਿੱਟੀ ਦੀ ਮਹਿਕ ਚਾਰੇ ਪਾਸੇ ਫੈਲ ਜਾਂਦੀ ਹੈ। ਪਿੰਡਾ ਲੂੰਹਦੀ ਗਰਮੀ ਵਿਚ ਸ਼ੁਰੂ ਹੁੰਦੀ ਬੂੰਦਾ-ਬਾਂਦੀ ਜਿੱਥੇ ਮਨੁੱਖੀ ਹਿਰਦਿਆਂ ਨੂੰ ਠਾਰਦੀ ਹੈ, ਉੱਥੇ ਉਹ ਧਰਤੀ ਉੱਪਰ ਚਾਰੇ ਪਾਸੇ ਹਰਿਆਲੀ ਦੀ ਨਵੀਂ ਪਰਤ ਨੂੰ ਜਨਮ ਵੀ ਦਿੰਦੀ ਹੈ। ਇਸ ਮੌਸਮ ਵਿਚ ਮਨ ਝੂਮਣ ਲੱਗ ਜਾਂਦਾ ਹੈ ਅਤੇ ਮਨੁੱਖੀ ਜ਼ਿੰਦਗੀ ਲਈ ਸਾਉਣ ਦਾ ਮਹੀਨਾ ਅਹਿਮ ਹੋ ਨਿੱਬੜਦਾ ਹੈ।
ਇਹੋ ਕਾਰਨ ਹੈ ਕਿ ਸਾਡੇ ਫ਼ਿਲਮੀ ਸੰਗੀਤ ਵਿਚ ਵੀ ਸਾਉਣ ਦੀ ਅਹਿਮੀਅਤ ਵਾਲੇ ਗੀਤ ਜਿੱਥੇ ਮਨੁੱਖੀ ਜ਼ਿੰਦਗੀ ਨੂੰ ਝੂਮਣ ਲਾ ਦਿੰਦੇ ਹਨ, ਉੱਥੇ ਹੀ ਉਹ ਫ਼ਿਲਮ ਸੰਗੀਤ ਵਿਚ ਮੀਲ ਦਾ ਪੱਥਰ ਵੀ ਸਾਬਤ ਹੋਏ ਹਨ। ਬੇਸ਼ੱਕ ਅੱਜ ਦੇ ਦੌਰ ਵਿਚ ਬੌਲੀਵੁੱਡ ਦੇ ਗੀਤਾਂ ਵਿਚ ਸਾਉਣ ਦੇ ਗੀਤਾਂ ਦੀ ਮਹੱਤਤਾ ਘਟਦੀ ਜਾ ਰਹੀ ਹੈ। ਅੱਜ ਦੇ ਤੜਕ ਭੜਕ ਵਾਲੇ ਸੰਗੀਤ ਵਿਚ ਸਾਉਣ ਨੂੰ ਦਰਸਾਉਂਦੇ ਗੀਤਾਂ ਦੀ ਘਾਟ ਰੜਕਦੀ ਨਜ਼ਰ ਆਉਂਦੀ ਹੈ। ਦੂਜੇ ਪਾਸੇ ਵੇਖਿਆ ਜਾਵੇ ਤਾਂ ਬੌਲੀਵੁੱਡ ਵਿਚ ਹੁਣ ਤਕ ਸਾਉਣ ਦੇ ਗੀਤਾਂ ਨਾਲ ਸ਼ਿੰਗਾਰੇ ਸੰਗੀਤ ਦੀ ਜੋ ਮਹੱਤਤਾ ਉਸ ਵੇਲੇ ਹੋਇਆ ਕਰਦੀ ਸੀ, ਉਸ ਦੀ ਅਹਿਮੀਅਤ ਅੱਜ ਵੀ ਲੋਕ ਮਨਾਂ ਵਿਚ ਤਰੰਗਾਂ ਛੇੜ ਜਾਂਦੀ ਹੈ।
ਸਾਉਣ ਦੇ ਮਹੀਨੇ ਦੀ ਤਰਜਮਾਨੀ ਕਰਦਾ ਫ਼ਿਲਮ ‘ਮਿਲਨ’ (1967) ਦਾ ਗੀਤ ਜੋ ਲਤਾ ਮੰਗੇਸ਼ਕਰ ਅਤੇ ਮੁਕੇਸ਼ ਨੇ ਗਾਇਆ, ਨੂੰ ਸੁਨੀਲ ਦੱਤ ਅਤੇ ਨੂਤਨ ’ਤੇ ਫ਼ਿਲਮਾਇਆ ਗਿਆ ਤਾਂ ਇਹ ਫ਼ਿਲਮ ਦਾ ਇਕ ਯਾਦਗਾਰੀ ਗੀਤ ਹੋ ਨਿੱਬੜਿਆ ਜਿਸ ਦੇ ਬੋਲ ਸਨ ‘ਸਾਵਨ ਕਾ ਮਹੀਨਾ ਪਵਨ ਕਰੇ ਸ਼ੋਰ ਜੀਅਰਰਾ ਐਸੇੇ ਝੂਮੇ ਜੈਸੇ ਮੰਨਵਾ ਨਾਚੇ ਮੋਰ’। ਫ਼ਿਲਮ ‘ਕਾਲੀ ਘਟਾ’ (1980) ਦਾ ਟਾਈਟਲ ਗੀਤ ‘ਕਾਲੀ ਘਟਾ ਛਾਈ ਪ੍ਰੇਮ ਰੁੱਤ ਆਈ, ਆਈ ਆਈ ਆਈ ਤੇਰੀ ਯਾਦ ਆਈ’ ਜਿਸ ਨੂੰ ਗਾਇਆ ਸੀ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਨੇ ਜੋ ਅੱਸੀ ਦੇ ਦਹਾਕੇ ਵਿਚ ਸੰਗੀਤਕ ਫ਼ਿਲਮਾਂ ਦਾ ਯਾਦਗਾਰੀ ਗੀਤ ਸੀ। ਇਸ ਨੂੰ ਸ਼ਸ਼ੀ ਕਪੂਰ ਅਤੇ ਰੇਖਾ ਉੱਪਰ ਬਾਖ਼ੂਬੀ ਫ਼ਿਲਮਾਇਆ ਗਿਆ।
ਫ਼ਿਲਮ ‘ਆਇਆ ਸਾਵਨ ਝੂਮ ਕੇ’ (1989) ਵਿਚ ਲਤਾ ਮੰਗੇਸ਼ਕਰ ਤੇ ਮੁਹੰਮਦ ਰਫ਼ੀ ਵੱਲੋਂ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਫ਼ਿਲਮ ਦੇ ਟਾਈਟਲ ਗੀਤ ਨੂੰ ਧਰਮਿੰਦਰ ਅਤੇ ਆਸ਼ਾ ਪਾਰਿਖ ਉੱਪਰ ਫ਼ਿਲਮਾਇਆ ਗਿਆ ਤਾਂ ਇਹ ਗੀਤ ਫ਼ਿਲਮ ਦਾ ਹਿੱਟ ਗੀਤ ਸਾਬਤ ਹੋਇਆ। ਫ਼ਿਲਮ ‘ਚਾਂਦਨੀ’ ਵਿਚ ‘ਲਗੀ ਆਜ ਸਾਵਨ ਕੀ ਫਿਰ ਵੋ ਝੜੀ ਹੈ’ ਨੂੰ ਸੁਰੀਲੇ ਗਾਇਕ ਸੁਰੇਸ਼ ਵਾਡੇਕਰ ਤੇ ਅਨੁਰਾਧਾ ਦੇਸ਼ਮੁਖ ਵੱਲੋਂ ਆਪਣੀਆਂ ਆਵਾਜ਼ਾਂ ਪ੍ਰਦਾਨ ਕੀਤੀਆਂ ਤਾਂ ਫ਼ਿਲਮ ਵਿਚ ਸ੍ਰੀਦੇਵੀ ਅਤੇ ਵਿਨੋਦ ਖੰਨਾ ’ਤੇ ਫ਼ਿਲਮਾਇਆ ਗਿਆ ਇਹ ਗੀਤ ਉਸ ਵਕਤ ਦੀਆਂ ਫ਼ਿਲਮਾਂ ਦਾ ਸਿਰਕੱਢ ਗੀਤ ਸਾਬਤ ਹੋਇਆ। ਫ਼ਿਲਮ ‘ਬੰਧਨ’ (1969) ਵਿਚ ‘ਆਇਓ ਰੇ ਸਾਵਨ ਆਇਓ ਰੇ’ ਮਹਿੰਦਰ ਕਪੂਰ ਵੱਲੋਂ ਗਾਇਆ ਇਹ ਗੀਤ ਰਾਜੇਸ਼ ਖੰਨਾ ਉੱਪਰ ਫ਼ਿਲਮਾਇਆ ਗਿਆ ਤਾਂ ਫ਼ਿਲਮ ਦਾ ਹਿੱਟ ਗੀਤ ਸਾਬਤ ਹੋਇਆ। ਫ਼ਿਲਮ ‘ਦਹਿਕ’ ਵਿਚਲਾ ‘ਸਾਵਨ ਬਰਸੇ ਤਰਸੇ ਦਿਲ’ ਹਰੀਹਰਨ ਅਤੇ ਸਾਧਨਾ ਸਰਗਮ ਵੱਲੋਂ ਗਾਇਆ ਗਿਆ ਸੀ। ਇਸ ਨੂੰ ਅਕਸ਼ੈ ਖੰਨਾ ਅਤੇ ਸੋਨਾਲੀ ਬੇਂਦਰੇ ਨੇ ਆਪਣੀ ਅਦਾਕਾਰੀ ਨਾਲ ਯਾਦਗਾਰੀ ਬਣਾ ਦਿੱਤਾ।
ਫ਼ਿਲਮ ‘ਰੋਟੀ ਕੱਪੜਾ ਔਰ ਮਕਾਨ’ (1974) ਦਾ ਸੁਪਰਹਿੱਟ ਗੀਤ ‘ਹਾਏ ਹਾਏ ਯੇਹ ਮਜਬੂਰੀ ਯੇਹ ਮੌਸਮ ਔਰ ਯੇਹ ਦੂਰੀ… ਮੁਝੇ ਪਲ ਪਲ ਹੈ ਤੜਪਾਏ ਤੇਰੀ ਦੋ ਟਕਿਆਂ ਦੀ ਨੌਕਰੀ ਵੇ ਮੇਰਾ ਲਾਖੋਂ ਕਾ ਸਾਵਨ ਜਾਏ’’ ਨੂੰ ਲਤਾ ਮੰਗੇਸ਼ਕਰ ਨੇ ਗਾਇਆ ਅਤੇ ਇਸ ਨੂੰ ਜ਼ੀਨਤ ਅਮਾਨ ਅਤੇ ਮਨੋਜ ਕੁਮਾਰ ਉੱਪਰ ਫ਼ਿਲਮਾਇਆ ਗਿਆ ਸੀ। ਫ਼ਿਲਮ ‘ਚੁਪਕੇ ਚੁਪਕੇ’ (1975) ਦਾ ਗੀਤ ‘ਅਬ ਕੇ ਸਜਨ ਸਾਵਨ ਮੇਂ ਆਗ ਲਗੇਗੀ ਮਨ ਮੇਂ’ ਨੂੰ ਲਤਾ ਮੰਗੇਸ਼ਕਰ ਨੇ ਗਾਇਆ ਅਤੇ ਇਸ ਨੂੰ ਧਰਮਿੰਦਰ ਅਤੇ ਸ਼ਰਮੀਲਾ ਟੈਗੋਰ ਉੱਪਰ ਫ਼ਿਲਮਾਇਆ ਗਿਆ। ਇਹ ਫ਼ਿਲਮ ਦਾ ਸੁਪਰਹਿੱਟ ਗੀਤ ਹੋ ਨਿੱਬੜਿਆ।
ਫ਼ਿਲਮ ‘ਮਹਬਿੂਬਾ’ (1976) ਦਾ ਇਕ ਗੀਤ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਵੱਲੋਂ ਗਾਇਆ ਗਿਆ ਜਿਸ ਨੂੰ ਰਾਜੇਸ਼ ਖੰਨਾ ਤੇ ਹੇਮਾ ਮਾਲਿਨੀ ਉੱਪਰ ਫ਼ਿਲਮਾਇਆ ਗਿਆ। ਉਸ ਦੇ ਬੋਲ ਸਨ ‘ਮੇਰੇ ਨੈਨਾ ਸਾਵਨ ਭਾਦੋਂ ਫਿਰ ਵੀ ਮੇਰਾ ਮਨ ਪਿਆਸਾ’ ਬੇਸ਼ੱਕ ਇਕ ਉਦਾਸ ਗੀਤ ਸੀ ਜੋ ਸਾਉਣ ਮਹੀਨੇ ਵਿਚ ਵੀ ਰੂਹ ਦੀ ਗੱਲ ਕਰਦਾ ਸੀ।
ਫ਼ਿਲਮ ‘ਸਾਵਨ ਕੋ ਆਨੇ ਦੋ’ (1979) ਦਾ ਟਾਈਟਲ ਗੀਤ ‘ਤੁਝੇ ਗੀਤੋਂ ਮੇਂ ਡਾਲੂੰਗਾ ਸਾਵਨ ਕੋ ਆਨੇ ਦੋ’ ਨੂੰ ਗਾਇਕ ਜਸਪਾਲ ਸਿੰਘ ਵੱਲੋਂ ਬਾਖੂਬੀ ਗਾਇਆ ਗਿਆ। ਇਸ ਨੂੰ ਫ਼ਿਲਮ ਵਿਚ ਅਰੁਣ ਗੋਇਲ ਅਤੇ ਜ਼ਰੀਨਾ ਵਹਾਬ ਉੱਪਰ ਫ਼ਿਲਮਾਇਆ ਗਿਆ। ਇਹ ਉਸ ਦਹਾਕੇ ਦਾ ਸੁਪਰਹਿੱਟ ਗੀਤ ਸਾਬਤ ਹੋਇਆ। ਫ਼ਿਲਮ ‘ਅਲੱਗ ਅਲੱਗ’ (1985) ਦਾ ਗੀਤ ‘ਦਿਲ ਮੇਂ ਆਗ ਲਗਾਏ ਸਾਵਨ ਕਾ ਮਹੀਨਾ ਨਹੀਂ ਜੀਨਾ ਨਹੀਂ ਜੀਨਾ ਤੇਰੇ ਬਿਨ ਨਹੀਂ ਜੀਨਾ’ ਨੂੰ ਲਤਾ ਮੰਗੇਸ਼ਕਰ ਤੇ ਕਿਸ਼ੋਰ ਨੇ ਬਾਖੂਬੀ ਗਾਇਆ ਜਿਸ ਨੂੰ ਰਾਜੇਸ਼ ਖੰਨਾ ਤੇ ਟੀਨਾ ਮੁਨੀਮ ਉੱਪਰ ਫ਼ਿਲਮਾਇਆ ਗਿਆ। ਫ਼ਿਲਮ ‘ਹਲਚਲ’ (1995) ਦਾ ਗੀਤ ‘ਸਾਵਨ ਕਾ ਮਹੀਨਾ ਸ਼ਾਦੀ ਬਿਨਾਂ ਮੁਸ਼ਕਿਲ ਹੈ ਜੀਨਾ’ ਨੂੰ ਅਲੀਸ਼ਾ ਚਿਨਾਏ ਅਤੇ ਵਿਨੋਦ ਰਾਠੌਰ ਵੱਲੋਂ ਸੁਰੀਲੀ ਆਵਾਜ਼ ਦਿੱਤੀ ਗਈ ਜਿਸ ਨੂੰ ਅਜੇ ਦੇਵਗਨ ਤੇ ਕਾਜੋਲ ਉੱਪਰ ਫ਼ਿਲਮਾਇਆ ਗਿਆ। ਫ਼ਿਲਮ ‘ਆਈ ਮਿਲਨ ਕੀ ਰਾਤ’ (1991) ਦਾ ਹਿੱਟ ਗੀਤ ‘ਸਾਵਨ ਕਾ ਮਹੀਨਾ ਆਇਆ ਹੈ ਘਟਾ ਸੇ ਬਰਸਾ ਹੈ ਪਾਨੀ ਓ ਮਾਹੀਆ ਬੁਝਾ ਦੇ ਪਿਆਸ ਜੀਆ ਕੀ ਹੋ’ ਨੂੰ ਅਨੁਰਾਧਾ ਪੌਡਵਾਲ ਅਤੇ ਮੁਹੰਮਦ ਅਜ਼ੀਜ਼ ਨੇ ਗਾਇਆ ਜਿਸ ਨੂੰ ਅਦਾਕਾਰ ਅਵਿਨਾਸ਼ ਵਧਾਵਨ ਅਤੇ ਸ਼ਾਹੀਨ ਉੱਪਰ ਫ਼ਿਲਮਾਇਆ ਗਿਆ। ਫ਼ਿਲਮ ‘ਨਿਗਾਹੇਂ’ (1989) ਦਾ ਸੁਪਰਹਿੱਟ ਗੀਤ ‘ਸਾਵਨ ਕੇ ਝੁੂਲੋ ਨੇ ਮੁਝ ਕੋ ਬੁਲਾਇਆ ਮੈਂ ਪਰਦੇਸੀ ਘਰ ਵਾਪਸ ਆਇਆ’ ਨੂੰ ਸੁਰੀਲੀ ਆਵਾਜ਼ ਮੁਹੰਮਦ ਅਜ਼ੀਜ਼ ਵੱਲੋਂ ਦਿੱਤੀ ਗਈ ਅਤੇ ਇਸ ਨੂੰ ਅਦਾਕਾਰ ਸੰਨੀ ਦਿਓਲ ਅਤੇ ਸ੍ਰੀਦੇਵੀ ਉੱਪਰ ਫ਼ਿਲਮਾਇਆ ਗਿਆ। ਇਨ੍ਹਾਂ ਤੋਂ ਇਲਾਵਾ ਵੀ ਬੌਲੀਬੁੱਡ ਵਿਚ ਸਾਉਣ ਦੇ ਗੀਤਾਂ ਦਾ ਹਮੇਸ਼ਾਂ ਬੋਲਬਾਲਾ ਰਿਹਾ ਹੈ ਜਿਵੇਂ ‘ਸਾਵਨ ਕੇ ਝੂਲੇ ਪੜੇ ਤੁਮ ਚਲੇ ਆਓ’, ‘ਰਿਮਝਿਮ ਕੇ ਗੀਤ ਸਾਵਨ ਗਾਏ’, ‘ਰਿਮਝਿਮ ਗਿਰੇ ਸਾਵਨ ਸੁਲਗ ਸੁਲਗ ਜਾਏ ਮਨ’, ‘ਰੂਮਝੂਮ ਬਰਸੇ ਬਦਰਵਾ ਮਸਤ ਹਵਾਏਂ ਆਈ ਪੀਯਾ ਘਰ ਆਜਾ ਨਾ.’, ‘ਸਾਵਨ ਆਏ ਯਾ ਨਾ ਆਏ ਜੀਆ ਜਬ ਝੂਮੇ ਸਾਵਨ ਹੈ’, ‘ਆਜ ਨਾ ਆਏ ਬਾਲਮਾ ਸਾਵਨ ਬੀਤਾ ਜਾਏ ਰੇ’ ਆਦਿ ਅਨੇਕਾਂ ਗੀਤ ਹਨ ਜੋ ਸਾਵਨ ਦੇ ਮਹੀਨੇ ਵਿਚ ਲੋਕ ਮਨਾਂ ’ਤੇ ਅੱਜ ਵੀ ਰਾਜ ਕਰਦੇ ਹਨ।
|ਸੰਪਰਕ: 79731-14660