ਗੁਰਮੀਤ ਸਿੰਘ*
ਸੁਨੱਖਾ ਟੀਸਾ ਇੱਕ ਸ਼ਿਕਾਰੀ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਵ੍ਹਾਈਟ ਆਈਡ ਬਜ਼ਰਡ’ (White eyed Buzzard) ਅਤੇ ਹਿੰਦੀ ਵਿੱਚ ਤੀਸਾ ਬਜ਼ਰਡ ਕਹਿੰਦੇ ਹਨ। ਇਹ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਵਿੱਚ ਪਾਇਆ ਜਾਂਦਾ ਹੈ। ਵੇਖਣ ਵਿੱਚ ਇਹ ਛੋਟਾ ਸਲੇਟੀ-ਭੂਰੇ ਬਾਜ਼ ਵਰਗਾ ਲੱਗਦਾ ਹੈ। ਇਸ ਦੀ ਗਰਦਨ ’ਤੇ ਅਗਲੇ ਪਾਸੇ ਇੱਕ ਚਿੱਟਾ ਨਿਸ਼ਾਨ ਇਸ ਦੀ ਪਛਾਣ ਨੂੰ ਸੌਖੀ ਬਣਾਉਂਦਾ ਹੈ। ਇਸ ਦੀਆਂ ਅੱਖਾਂ ਤੇ ਚੁੰਝ ਦੇ ਵਿਚਾਲੇ ਇੱਕ ਗੂੜ੍ਹੀ ਭੂਰੀ/ਕਾਲੀ ਧਾਰੀ ਹੁੰਦੀ ਹੈ। ਇਸ ਦੀਆਂ ਅੱਖਾਂ ਦੀਆਂ ਪੁਤਲੀਆਂ ਸਫ਼ੈਦ/ਪੀਲੀ ਭਾਅ ਮਾਰਦੀਆਂ ਹਨ। ਸ਼ਾਇਦ ਅੱਖਾਂ ਦੀ ਸੁੰਦਰਤਾ ਕਰ ਕੇ ਇਸ ਦਾ ਨਾਮ ਸੁਨੱਖਾ ਟੀਸਾ ਰੱਖ ਦਿੱਤਾ ਗਿਆ ਹੈ। ਸੁਨੱਖਾ ਟੀਸਾ ਸੁੱਕੀ ਖੁੱਲ੍ਹੀ ਜ਼ਮੀਨ, ਖੁੱਲ੍ਹੇ ਜੰਗਲ ਅਤੇ ਕਾਸ਼ਤ ਵਾਲੀਆਂ ਜ਼ਮੀਨਾਂ ਵਿੱਚ ਰਹਿੰਦਾ ਹੈ।
ਇਸ ਦਾ ਸਿਰ ਅਤੇ ਪਿੱਠ ਗੂੜ੍ਹੀ ਭੂਰੀ ਹੁੰਦੀ ਹੈ। ਇਹ ਸ਼ਿਕਰੇ ਨਾਲੋਂ 2 ਸੈਂਟੀਮੀਟਰ ਲੰਬਾ ਹੁੰਦਾ ਹੈ ਭਾਵ ਕਿ 43 ਸੈਂਟੀਮੀਟਰ ਲੰਬਾ ਹੁੰਦਾ ਹੈ। ਇਹ ਉੱਡਣ ਵਿੱਚ ਸੁਸਤ ਹੁੰਦੇ ਹਨ ਅਤੇ ਕਾਫ਼ੀ ਲੰਬੇ ਸਮੇਂ ਤੱਕ ਟੈਲੀਫੋਨ ਜਾਂ ਬਿਜਲੀ ਦੇ ਖੰਭਿਆਂ ਦੀਆਂ ਤਾਰਾਂ ’ਤੇ ਕੀੜੇ-ਮਕੌੜਿਆਂ ਦੇ ਸ਼ਿਕਾਰ ਦੀ ਭਾਲ ਵਿੱਚ ਬੈਠੇ ਰਹਿੰਦੇ ਹਨ ਤੇ ਸ਼ਿਕਾਰ ਵੇਖਦਿਆਂ ਹੀ ਉਸ ਉੱਪਰ ਝਪਟ ਪੈਂਦੇ ਹਨ। ਇਹ ਟਿੱਡੀਆਂ ਅਤੇ ਹੋਰ ਵੱਡੇ ਕੀੜੇ- ਮਕੌੜਿਆਂ, ਚੂਹੇ, ਕਿਰਲੀਆਂ ਅਤੇ ਡੱਡੂ ਅਤੇ ਝੀਲਾਂ ਦੇ ਨੇੜੇ ਕੇਕੜਿਆਂ ਅਤੇ ਛੋਟੇ ਸਹਿਆਂ ਦਾ ਸ਼ਿਕਾਰ ਵੀ ਕਰ ਲੈਂਦੇ ਹਨ। ਇਹ ਪੰਛੀ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਵਾਂ ਨੂੰ ਨਸ਼ਟ ਕਰਕੇ ਕਿਸਾਨਾਂ ਦਾ ਮਿੱਤਰ ਹੋਣ ਵਿੱਚ ਆਪਣਾ ਫ਼ਰਜ਼ ਨਿਭਾਉਂਦੇ ਹਨ।
ਪ੍ਰਜਣਨ ਰੁੱਤੇ ਭਾਵ ਕਿ ਫਰਵਰੀ ਤੋਂ ਜੂਨ ਤੱਕ ਇਹ ਕਾਫ਼ੀ ਤਿੱਖੀ ਸੁਰ ਵਿੱਚ ਰੌਲਾ ਪਾਉਂਦੇ ਹਨ। ਇਨ੍ਹਾਂ ਵੱਲੋਂ ਆਲ੍ਹਣਾ ਇੱਕ ਰੁੱਖ ਉੱਤੇ ਟਾਹਣੀਆਂ ਜਾਂ ਛੋਟੀਆਂ ਛਿਟੀਆਂ ਨਾਲ ਬਣਾਇਆ ਜਾਂਦਾ ਹੈ। ਨਰ ਮਾਦਾ ਦੋਵੇਂ ਮਿਲ ਕੇ ਆਲ੍ਹਣਾ ਬਣਾਉਂਦੇ ਹਨ। ਮਾਦਾ ਵੱਲੋਂ ਤਿੰਨ ਆਂਡੇ ਦਿੱਤੇ ਜਾਂਦੇ ਹਨ। ਇਨ੍ਹਾਂ ਦੇ ਪ੍ਰਫੁੱਲਿਤ ਹੋਣ ਦੀ ਮਿਆਦ 19 ਦਿਨ ਹੁੰਦੀ ਹੈ। ਦੋਵੇਂ ਨਰ ਮਾਦਾ ਵੱਲੋਂ ਮਿਲ ਕੇ ਚੂਚਿਆਂ ਦਾ ਪਾਲਣ- ਪੋਸ਼ਣ ਕੀਤਾ ਜਾਂਦਾ ਹੈ।
ਸੁਨੱਖੇ ਟੀਸੇ ਦੀਆਂ ਤਸਵੀਰਾਂ ਪੰਜਾਬ ਦੇ ਪੰਛੀ ਪ੍ਰੇਮੀਆਂ ਨੇ ਹਰਸਾ ਛੀਨਾ (ਅੰਮ੍ਰਿਤਸਰ), ਭਰਤਗੜ੍ਹ (ਰੋਪੜ), ਲੁਧਿਆਣਾ, ਪਟਿਆਲਾ, ਕਪੂਰਥਲਾ, ਗੁਰਦਾਸਪੁਰ, ਡੇਰਾਬਸੀ ਨੇੜੇ ਪੀਰਮੁਸ਼ਾਲਾ, ਸੀਸਵਾਂ, ਮਿਰਜ਼ਾਪੁਰ, ਫਾਜ਼ਿਲਕਾ, ਪਠਾਨਕੋਟ ਅਤੇ ਬਠਿੰਡਾ ਆਦਿ ਤੋਂ ਖਿੱਚੀਆਂ ਹਨ। ਜਿਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਕੋਸ਼ਿਸ ਕਰਨ ’ਤੇ ਇਨ੍ਹਾਂ ਥਾਵਾਂ ’ਤੇ ਇਸ ਦੀ ਗਿਣਤੀ ਨੂੰ ਵਧਾਇਆ ਵੀ ਜਾ ਸਕਦਾ ਹੈ।
ਸੁਨੱਖੇ ਟੀਸੇ ਵਰਗੇ ਸ਼ਿਕਾਰੀ ਪੰਛੀ ਬਹੁਤ ਵੱਡੀ ਸੀਮਾ ਅਤੇ ਆਬਾਦੀ ਵਿੱਚ ਆਪਣੀ ਥਾਂ ਰੱਖਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਬਾਜ਼ ਸਮਝ ਕੇ ਫੜਨ ਦੀ ਕੋਸ਼ਿਸ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਕੋਈ ਵੀ ਵਿਅਕਤੀ ਸੁਨੱਖੇ ਟੀਸੇ ਵਰਗੇ ਪੰਛੀ ਨੂੰ ਨਾ ਤਾਂ ਫੜ ਸਕਦਾ ਹੈ ਅਤੇ ਨਾ ਹੀ ਰੱਖ ਸਕਦਾ ਹੈ। ਸਾਨੂੰ ਕਿਸਾਨਾਂ ਦੇ ਇਨ੍ਹਾਂ ਮਿੱਤਰ ਪੰਛੀਆਂ ਦੇ ਵਾਸ ਨੂੰ ਹਰ ਕਿਸਮ ਦੇ ਨੁਕਸਾਨ ਤੋਂ ਬਚਾਉਣਾ ਚਾਹੀਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910